Latest News
ਨਿਊ ਜ਼ੀਲੈਂਡ ਦੀਆਂ ਦੋ ਮਸਜਿਦਾਂ 'ਚ ਗੋਲੀਬਾਰੀ, 49 ਮੌਤਾਂ

Published on 15 Mar, 2019 09:26 AM.

ਵੇਲਿੰਗਟਨ (ਨਵਾਂ ਜ਼ਮਾਨਾ ਸਰਵਿਸ)
ਨਿਊਜ਼ੀਲੈਂਡ ਦੇ ਕ੍ਰਾਇਸਟ ਚਰਚ ਦੀਆਂ ਦੋ ਮਸਜਿਦਾਂ 'ਚ ਅਣਪਛਾਤੇ ਹਮਲਾਵਰਾਂ ਦੀ ਗੋਲੀਬਾਰੀ 'ਚ 49 ਲੋਕਾਂ ਦੀ ਮੌਤ ਹੋ ਗਈ ਹੈ। ਹਸਪਤਾਲ 'ਚ ਭਰਤੀ 20 ਗੰਭੀਰ ਲੋਕਾਂ 'ਚੋਂ 9 ਦੀ ਮੌਤ ਹੋ ਗਈ। ਪਹਿਲਾ ਹਮਲਾ ਅਲ ਨੂਰ ਮਸਜਿਦ 'ਚ ਹੋਇਆ। ਕ੍ਰਾਇਸਟ ਚਰਚ ਦੇ ਉਪ ਨਗਰ ਇਲਾਕੇ ਲਿਨਵੁੱਡ 'ਚ ਵੀ ਇੱਕ ਮਸਜਿਦ 'ਚ ਗੋਲੀਬਾਰੀ ਹੋਈ ਸੀ। ਹਮਲੇ ਦੇ ਸਮੇਂ ਅਲ ਨੂਰ ਮਸਜਿਦ 'ਚ ਗੋਲੀਬਾਰੀ ਦੇ ਸਮੇਂ ਬੰਗਲਾਦੇਸ਼ ਦੀ ਕ੍ਰਿਕਟ ਟੀਮ ਮਸਜਿਦ 'ਚ ਮੌਜੂਦ ਸੀ, ਪਰ ਉਹ ਸੁਰੱਖਿਅਤ ਬਚ ਨਿਕਲਣ 'ਚ ਕਾਮਯਾਬ ਰਹੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਦੱਸਿਆ ਕਿ ਅਲ ਨੂਰ ਮਸਜਿਦ 'ਚ 30 ਲੋਕਾਂ ਦੀ ਮੌਤ ਹੋਈ ਹੈ, ਜਦਕਿ ਲਿਨਵੁੱਡ ਮਸਜਿਦ 'ਚ 10 ਲੋਕ ਮਾਰੇ ਗਏ ਹਨ, ਪਰ ਹੁਣ ਪੁਲਸ ਕਮਿਸ਼ਨਰ ਮਾਇਕ ਬੁਸ਼ ਅਨੁਸਾਰ ਮ੍ਰਿਤਕਾਂ ਦਾ ਅੰਕੜਾ 49 ਤੱਕ ਪਹੁੰਚ ਗਿਆ ਹੈ।
ਮੌਕੇ 'ਤੇ ਦੇਖਣ ਵਾਲਿਆਂ ਦੀ ਮੰਨੀਏ ਤਾਂ ਹਮਲਾਵਰ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਸ ਨੇ ਸਿਰ 'ਤੇ ਹੈਲਮੇਟ ਪਾਇਆ ਹੋਇਆ ਸੀ। ਉਸ ਦੇ ਕੋਲ ਆਟੋਮੈਟਿਕ ਹਥਿਆਰ ਸਨ, ਜਿਸ 'ਚ ਉਹ ਗੋਲੀਬਾਰੀ ਕਰ ਰਿਹਾ ਸੀ। ਨਿਊਜ਼ੀਲੈਂਡ ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਰਿਪੋਟਰਾਂ ਮੁਤਾਬਿਕ ਹਮਲੇ ਦੌਰਾਨ ਬੰਗਲਾਦੇਸ਼ ਦੀ ਕ੍ਰਿਕਟ ਟੀਮ ਉਥੇ ਸੀ। ਮਸਜਿਦ 'ਚ ਗੋਲੀਬਾਰੀ ਦੀ ਜਾਣਕਾਰੀ ਮਿਲਦੇ ਹੀ ਸਾਰੇ ਖਿਡਾਰੀ ਬਾਕੀ ਲੋਕਾਂ ਦੇ ਨਾਲ ਕਿਸੇ ਤਰ੍ਹਾਂ ਮਸਜਿਦ 'ਚੋਂ ਨਿਕਲ ਆਏ। ਸਾਰਿਆਂ ਨੂੰ ਨੇੜੇ ਦੇ ਪਾਰਕ ਦੇ ਨਾਲ ਵਾਲੇ ਰਸਤੇ ਤੋਂ ਵਾਪਸ ਓਵਲ ਮੈਦਾਨ ਵੱਲ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਕ੍ਰਿਕਟ ਟੀਮ ਇਸ ਸਮੇਂ ਨਿਊਜ਼ੀਲੈਂਡ ਦੌਰੇ 'ਤੇ ਹੈ। ਸ਼ਨੀਵਾਰ ਨੂੰ ਦੋਵਾਂ ਦੇ ਵਿਚਕਾਰ ਤੀਜਾ ਟੈਸਟ ਮੈਚ ਕ੍ਰਾਇਸਟ ਚਰਚ 'ਚ ਹੀ ਖੇਡਿਆ ਜਾਣਾ ਸੀ।
ਆਰਡਰਨ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਧਮਾਕਾਖੇਜ਼ ਸਮਗਰੀ ਨੂੰ ਨਸ਼ਟ ਕੀਤਾ ਗਿਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਇਸ ਨੂੰ 'ਪਹਿਲਾ ਆਯੋਜਿਤ' ਹਮਲਾ ਦੱਸਿਆ। ਉਨ੍ਹਾਂ ਹਮਲੇ ਨੂੰ ਨਿਊਜ਼ੀਲੈਂਡ ਦੇ ਸਭ ਤੋਂ ਕਾਲੇ ਦਿਨਾਂ 'ਚੋਂ ਇੱਕ ਦੱਸਿਆ।
ਆਰਡਰਨ ਨੇ ਕਿਹਾ ਕਿ ਕ੍ਰਾਇਸਟ ਚਰਚ 'ਚ ਹੋਏ ਘਟਨਾਚੱਕਰ 'ਹਿੰਸਾ ਦੀ ਆਸਾਧਾਰਨ ਕਰਤੂਤ' ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਪੀੜਤਾਂ 'ਚ ਕਈ ਪ੍ਰਵਾਸੀ ਅਤੇ ਸ਼ਰਨਾਰਥੀ ਹੋ ਸਕਦੇ ਹਨ। ਮ੍ਰਿਤਕਾਂ ਤੋਂ ਇਲਾਵਾ 20 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਉਨ੍ਹਾ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਸ ਨੂੰ ਹੁਣ ਕੇਵਲ ਅੱਤਵਾਦੀ ਹਮਲਾ ਹੀ ਕਰਾਰ ਦਿੱਤਾ ਜਾ ਸਕਦਾ ਹੈ। ਅਸੀਂ ਜਿੰਨਾ ਜਾਣਦੇ ਹਾਂ, ਇਸ ਤਰ੍ਹਾਂ ਲੱਗਦਾ ਹੈ ਕਿ ਇਹ ਪਹਿਲਾਂ ਤਿਆਰ ਪਲਾਨ ਸੀ। ਉਨ੍ਹਾਂ ਕਿਹਾ, ਸ਼ੱਕੀ ਵਾਹਨਾਂ ਨਾਲ ਜੁੜੇ ਦੋ ਧਮਾਕਾਖੇਜ਼ ਉਪਕਰਨ ਬਰਾਮਦ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਪੁਲਸ ਨੇ ਗੋਲੀਬਾਰੀ ਦੇ ਸੰਬੰਧ 'ਚ ਚਾਰ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ 'ਚ ਇੱਕ ਔਰਤ ਵੀ ਹੈ। ਪੁਲਸ ਨੇ ਹਿਰਾਸਤ 'ਚ ਲਏ ਗਏ ਲੋਕਾਂ ਦੀ ਵਧੇਰੇ ਜਾਣਕਾਰੀ ਨਹੀਂ ਦਿੱਤੀ, ਪਰ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਇੱਕ ਵਿਅਕਤੀ ਨੇ 74 ਸਫਿਆਂ ਦਾ ਪ੍ਰਵਾਸੀ ਵਿਰੋਧੀ ਘੋਸ਼ਣਾ ਪੱਤਰ ਛੱਡਿਆ ਹੈ, ਜਿਸ 'ਚ ਉਸ ਨੇ ਇਹ ਦੱਸਿਆ ਕਿ ਉਹ ਕੌਣ ਹੈ ਅਤੇ ਉਸ ਨੇ ਹਮਲੇ ਨੂੰ ਕਿਉਂ ਅੰਜਾਮ ਦਿੱਤਾ। ਉਸ ਨੇ ਦੱਸਿਆ ਕਿ ਉਹ 28 ਸਾਲਾ ਚਿੱਟਾ ਆਸਟ੍ਰੇਲੀਆਈ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਪੁਸ਼ਟੀ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਚਾਰ ਲੋਕਾਂ 'ਚ ਇੱਕ ਆਸਟ੍ਰੇਲੀਆਈ ਨਾਗਰਿਕ ਹੈ। ਮਾਰੀਸਨ ਨੇ ਕਿਹਾ ਕਿ ਕ੍ਰਾਇਸਟ ਚਰਚ 'ਚ ਇੱਕ ਦੱਖਣਪੰਥੀ, ਹਿੰਸਕ ਅੱਤਵਾਦੀ ਨੇ ਗੋਲੀਬਾਰੀ ਕੀਤੀ। ਉਹ ਆਸਟ੍ਰੇਲੀਆ 'ਚ ਜਨਮਿਆ ਨਾਗਰਿਕ ਹੈ। ਉਨ੍ਹਾਂ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਨਿਊਜ਼ੀਲੈਂਡ ਦੇ ਉਚ ਅਧਿਕਾਰੀਆਂ ਦੀ ਅਗਵਾਈ 'ਚ ਜਾਂਚ ਕੀਤੀ ਜਾ ਰਹੀ ਹੈ। ਆਰਡਰਨ ਨੇ ਇੱਕ ਪੱਤਰਕਾਰ ਸੰਮੇਲਨ 'ਚ ਹਮਲੇ ਦੇ ਸੰਭਾਵਿਤ ਮਕਸਦ ਦੇ ਤੌਰ 'ਤੇ ਪ੍ਰਵਾਸੀ ਵਿਰੋਧੀ ਭਾਵਨਾ ਹੋਣ ਦਾ ਇਸ਼ਾਰਾ ਕੀਤਾ ਅਤੇ ਕਿਹਾ ਕਿ ਗੋਲੀਬਾਰੀ 'ਚ ਪ੍ਰਭਾਵਿਤ ਕਈ ਲੋਕ ਪ੍ਰਵਾਸੀ ਜਾਂ ਸ਼ਰਨਾਰਥੀ ਹੋ ਸਕਦੇ ਹਨ।

360 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper