ਪੁਲਵਾਮਾ ਵਿਖੇ ਹੋਏ ਆਤਮਘਾਤੀ ਅੱਤਵਾਦੀ ਹਮਲੇ ਤੇ ਫਿਰ ਪਾਕਿਸਤਾਨ ਦੇ ਬਾਲਾਕੋਟ ਵਿਖੇ ਹਵਾਈ ਫ਼ੌਜ ਵੱਲੋਂ ਕੀਤੀ ਗਈ ਏਅਰ ਸਟਰਾਈਕ ਤੋਂ ਬਾਅਦ ਭਾਜਪਾ ਨੇ ਇਨ੍ਹਾਂ ਘਟਨਾਵਾਂ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਨ ਲਈ ਆਪਣੇ ਪੱਖ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਸੀ। ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਜਾਣ ਉੱਤੇ ਚੋਣ ਕਮਿਸ਼ਨ ਵੱਲੋਂ ਆਦੇਸ਼ ਦਿੱਤਾ ਗਿਆ ਸੀ ਕਿ ਕੋਈ ਵੀ ਪਾਰਟੀ ਚੋਣਾਂ ਦੌਰਾਨ ਫ਼ੌਜ ਨਾਲ ਸੰਬੰਧਤ ਕਿਸੇ ਵੀ ਕਾਰਵਾਈ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਨਹੀਂ ਬਣਾਏਗੀ। ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਉਹ ਸਾਰੇ ਹੋਰਡਿੰਗ ਤੇ ਇਸ਼ਤਿਹਾਰ ਹਟਾ ਦਿੱਤੇ ਗਏ, ਜਿਨ੍ਹਾਂ ਵਿੱਚ ਫ਼ੌਜ ਨਾਲ ਸੰਬੰਧਤ ਸਮਗਰੀ ਵਰਤੀ ਗਈ ਸੀ।
ਪਰ ਭਾਜਪਾ ਆਗੂਆਂ ਵੱਲੋਂ ਵਿੰਗੇ-ਟੇਡੇ ਢੰਗ ਨਾਲ ਬਾਲਾਕੋਟ ਏਅਰ ੋਸਟਰਾਈਕ ਨਾਲ ਸੰਬੰਧਤ ਮੁੱਦੇ ਲਗਾਤਾਰ ਉਠਾਏ ਜਾ ਰਹੇ ਹਨ, ਤਾਂ ਕਿ ਵੋਟਰਾਂ ਦੇ ਮਨਾਂ ਅੰਦਰ ਅੰਧ-ਰਾਸ਼ਟਰਵਾਦ ਦੀ ਜਾਗ ਲੱਗੀ ਰਹੇ ਤੇ ਉਹ ਮੋਦੀ ਸਰਕਾਰ ਦੀਆਂ ਪੰਜ ਸਾਲਾਂ ਦੀਆਂ ਨਾਕਾਮੀਆਂ ਵੱਲੋਂ ਅੱਖਾਂ ਮੀਟੀ ਰੱਖਣ। 14 ਮਾਰਚ ਨੂੰ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਭਾਜਪਾ ਦੇ ਕੇਂਦਰੀ ਦਫ਼ਤਰ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਰਾਹੁਲ ਗਾਂਧੀ ਉੱਤੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਦਾ ਸਮੱਰਥਨ ਨਹੀਂ ਕੀਤਾ। ਇਸ ਦੌਰਾਨ ਉਨ੍ਹਾ ਇੱਕ ਵੀਡੀਓ ਦਾ ਹਵਾਲਾ ਦੇ ਕੇ ਕਿਹਾ ਕਿ ਪਾਕਿਸਤਾਨ ਦੇ ਇਸ ਵੀਡੀਓ ਵਿੱਚ ਕੁਝ ਲੋਕ ਬਾਲਾਕੋਟ ਹਮਲੇ ਵਿੱਚ 200 ਲੋਕਾਂ ਦੇ ਮਾਰੇ ਜਾਣ ਨੂੰ ਕਬੂਲ ਕਰਦੇ ਹਨ। ਕਾਨੂੰਨ ਮੰਤਰੀ ਨੇ ਕਿਹਾ, ''ਮੈਂ ਇੱਕ ਵੀਡੀਓ ਨੂੰ ਸੁਣਿਆ ਅਤੇ ਦੇਖਿਆ ਹੈ, ਜਿਸ ਵਿੱਚ ਪਾਕਿਸਤਾਨੀ ਫ਼ੌਜੀ ਰੋ ਰਹੇ ਲੋਕਾਂ ਨੂੰ ਢਾਰਸ ਦੇ ਰਹੇ ਹਨ।'' ਇਹ ਵੀਡੀਓ ਲਗਾਤਾਰ ਵੱਡੀ ਪੱਧਰ ਉਤੇ ਵਾਇਰਲ ਹੁੰਦਾ ਰਿਹਾ। ਹੁਣ ਇਹ ਗੱਲ ਸਾਹਮਣੇ ਆ ਗਈ ਹੈ ਕਿ ਇਹ ਵੀਡੀਓ ਜਾਲ੍ਹੀ ਸੀ ਤੇ ਉਹ ਇਨ੍ਹਾਂ ਖ਼ਬਰਾਂ ਨੂੰ ਝੂਠਾ ਸਾਬਤ ਕਰਨ ਲਈ ਜਾਰੀ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਇਹ ਕਿਹਾ ਗਿਆ ਸੀ ਕਿ ਬਾਲਾਕੋਟ ਹਮਲੇ ਵਿੱਚ ਇੱਕ ਵੀ ਵਿਅਕਤੀ ਨਹੀਂ ਸੀ ਮਰਿਆ।
ਅਜਿਹੇ ਵੀਡੀਓਜ਼ ਦੀ ਸੱਚਾਈ ਸਾਹਮਣੇ ਲਿਆਉਣ ਵਾਲੀ ਫੈਕਟ ਚੈੱਕ ਵੈੱਬਸਾਈਟ 'ਆਲਟ ਨਿਊਜ਼' ਨੇ ਕਿਹਾ ਹੈ ਕਿ ਇਹ ਵੀਡੀਓ ਬਾਲਾਕੋਟ ਨਾਲ ਸੰਬੰਧਤ ਨਹੀਂ ਹੈ। 'ਆਲਟ ਨਿਊਜ਼' ਅਨੁਸਾਰ ਵੀਡੀਓ ਕਲਿੱਪ ਦੇ ਆਡਿਓ ਨੂੰ ਸੁਣਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਹਾਜ਼ਰ ਲੋਕ 200 ਅੱਤਵਾਦੀਆਂ ਦੇ ਨਹੀਂ, ਇੱਕ ਵਿਅਕਤੀ ਦੇ ਮਾਰੇ ਜਾਣ ਦੀ ਗੱਲ ਕਰ ਰਹੇ ਹਨ। 'ਆਲਟ ਨਿਊਜ਼' ਨੇ ਮਾਰੇ ਗਏ ਵਿਅਕਤੀ ਨੂੰ ਦਫ਼ਨਾਏ ਜਾਣ ਦਾ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿੱਚ ਉਹੀ ਵਿਅਕਤੀ ਦਿਸਦੇ ਹਨ, ਜਿਹੜੇ ਕੇਂਦਰੀ ਮੰਤਰੀ ਵੱਲੋਂ ਦੱਸੇ ਗਏ ਵੀਡੀਓ ਵਿੱਚ ਦਿਖਾਈ ਦਿੰਦੇ ਹਨ। ਇਹ ਵੀਡੀਓ ਖੈਬਰ ਪਖਤੂਨਖਵਾ ਦੇ ਇੱਕ ਜ਼ਿਲ੍ਹੇ ਦਾ ਹੈ, ਜਿਹੜਾ ਬਾਲਾਕੋਟ ਤੋਂ 300 ਕਿਲੋਮੀਟਰ ਦੀ ਦੂਰੀ ਉੱਤੇ ਹੈ। ਮੀਡੀਆ ਰਿਪੋਰਟ ਅਨੁਸਾਰ ਮਾਰੇ ਗਏ ਵਿਅਕਤੀ ਦਾ ਨਾਂਅ ਅਹਿਸਾਨ ਉੱਲਾ ਸੀ ਤੇ ਉਹ ਫ਼ੌਜ ਨਾਲ ਕੁੱਲੀ ਦਾ ਕੰਮ ਕਰਦਾ ਸੀ। ਉਸ ਨੂੰ ਪਹਾੜ 'ਤੇ ਚੜ੍ਹਦਿਆਂ 28 ਫ਼ਰਵਰੀ ਨੂੰ ਦਿਲ ਦਾ ਦੌਰਾ ਪਿਆ ਸੀ, ਪਰ ਭਾਜਪਾ ਆਗੂਆਂ ਨੂੰ ਸੱਚਾਈ ਨਾਲ ਕੋਈ ਵਾਸਤਾ ਨਹੀਂ। ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਇਸ ਉੱਤੇ ਕੋਈ ਕਿੰਤੂ ਕਰੇਗਾ ਤਾਂ ਉਨ੍ਹਾਂ ਦੇ ਭਗਤ ਝੱਟ ਉਸ ਨੂੰ ਦੇਸ਼-ਧਰੋਹੀ ਗਰਦਾਨ ਦੇਣਗੇ।
ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਦੀ ਇਸ ਪ੍ਰੈੱਸ ਕਾਨਫ਼ਰੰਸ ਦੇ ਦੋ ਦਿਨ ਬਾਅਦ ਹੀ ਕੁਝ ਸਮਾਚਾਰ ਏਜੰਸੀਆਂ ਨੇ ਇਹ ਖ਼ਬਰ ਜਾਰੀ ਕਰ ਦਿੱਤੀ ਕਿ ਜਦੋਂ ਭਾਰਤੀ ਹਵਾਈ ਫ਼ੌਜ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟਰਾਈਕ ਨੂੰ ਅੰਜ਼ਾਮ ਦੇ ਰਹੀ ਸੀ ਤਾਂ ਉਸੇ ਸਮੇਂ ਭਾਰਤੀ ਫ਼ੌਜ ਮਿਆਂਮਾਰ ਬਾਰਡਰ 'ਤੇ ਅੱਤਵਾਦੀ ਕੈਂਪਾਂ ਦਾ ਖਾਤਮਾ ਕਰ ਰਹੀ ਸੀ। ਜ਼ਿਕਰਯੋਗ ਹੈ ਕੁਝ ਦਿਨ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤਿੰਨ ਸਰਜੀਕਲ ਸਟਰਾਈਕਾਂ ਦੀ ਗੱਲ ਕੀਤੀ ਸੀ। ਇਸੇ ਨੂੰ ਅਧਾਰ ਬਣਾ ਕੇ ਏਜੰਸੀਆਂ ਨੇ ਇਹ ਸ਼ੋਸ਼ਾ ਛੱਡ ਦਿੱਤਾ। ਆਖਰ ਭਾਰਤੀ ਫ਼ੌਜ ਨੂੰ ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕਰਨਾ ਪਿਆ। ਫ਼ੌਜ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ 17 ਫ਼ਰਵਰੀ ਤੋਂ 2 ਮਾਰਚ ਤੱਕ ਮਿਆਂਮਾਰ ਸਰਹੱਦ ਉਤੇ ਕੁਝ ਵਾਧੂ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਸੀ, ਪਰ ਸਰਹੱਦ ਪਾਰ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਫ਼ੌਜ ਨੇ ਕਿਹਾ ਹੈ ਕਿ ਮਿਆਂਮਾਰ ਨਾਲ ਸਾਡੇ ਚੰਗੇ ਸੰਬੰਧ ਹਨ, ਅਜਿਹੀ ਸਥਿਤੀ ਵਿੱਚ ਸਾਨੂੰ ਕਰਾਸ ਬਾਰਡਰ ਕਾਰਵਾਈ ਦੀ ਕੋਈ ਜ਼ਰੂਰਤ ਨਹੀਂ ਹੈ।
ਇਨ੍ਹਾਂ ਦੋ ਘਟਨਾਵਾਂ ਤੋਂ ਸਾਫ਼ ਹੈ ਕਿ ਭਾਜਪਾ ਆਗੂ ਲੋਕਾਂ ਦਾ ਧਿਆਨ ਭਖਦੇ ਮਸਲਿਆਂ ਤੋਂ ਹਟਾਉਣ ਲਈ ਕੋਈ ਨਾ ਕੋਈ ਸ਼ਗੂਫ਼ਾ ਛੱਡਦੇ ਰਹਿਣਗੇ। ਹੁਣ ਇਹ ਵਿਰੋਧੀ ਧਿਰਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਭਾਜਪਾ ਦੇ ਇਸ ਅੰਧ-ਰਾਸ਼ਟਰਵਾਦੀ ਜਾਲ ਵਿੱਚ ਫਸਦੇ ਰਹਿਣਗੇ ਜਾਂ ਫਿਰ ਕਿਸਾਨਾਂ, ਬੇਰੁਜ਼ਗਾਰਾਂ, ਮਜ਼ਦੂਰਾਂ ਤੇ ਹੋਰ ਪੀੜਤ ਵਰਗਾਂ ਦੇ ਮੁੱਦੇ ਉਠਾ ਕੇ ਫਾਸ਼ੀਵਾਦੀ ਵਿਚਾਰਧਾਰਾ ਵਾਲੀ ਭਾਜਪਾ ਨੂੰ ਲੋਕ ਕਚਹਿਰੀ ਵਿੱਚ ਨੰਗਾ ਕਰਨਗੇ।