Latest News
ਕਾਂਗਰਸ ਬਾਰੇ ਬਸਪਾ-ਸਪਾ ਦੀ ਬੇਚੈਨੀ

Published on 19 Mar, 2019 09:40 AM.


ਉੱਤਰ ਪ੍ਰਦੇਸ਼ ਵਿੱਚ ਪ੍ਰਿਅੰਕਾ ਗਾਂਧੀ ਦੇ ਦਾਖਲੇ ਤੋਂ ਬਾਅਦ ਭਾਜਪਾ ਤੇ ਸਪਾ-ਬਸਪਾ-ਰਾਲੋਦ ਦੇ ਗਠਜੋੜ ਵਿੱਚ ਬੇਚੈਨੀ ਸ਼ੁਰੂ ਹੋ ਗਈ ਹੈ। ਕਾਂਗਰਸ ਵੱਲੋਂ ਬਰੇਲੀ ਤੇ ਅਮੇਠੀ ਸੀਟਾਂ ਛੱਡੇ ਜਾਣ ਦੇ ਇਵਜ਼ ਵਜੋਂ ਸਪਾ-ਬਸਪਾ-ਰਾਲੋਦ ਗੱਠਜੋੜ ਲਈ 7 ਸੀਟਾਂ ਛੱਡਣ ਦੇ ਐਲਾਨ ਦਾ ਸੁਆਗਤ ਕਰਨ ਦੀ ਥਾਂ ਜਿਸ ਤਰ੍ਹਾਂ ਮਾਇਆਵਤੀ ਤੇ ਅਖਿਲੇਸ਼ ਨੇ ਇਸ ਦੀ ਖਿੱਲੀ ਉਡਾਈ ਹੈ, ਉਸ ਤੋਂ ਇਹੋ ਭਾਸਦਾ ਹੈ ਕਿ ਉਹ ਕਾਂਗਰਸ ਦੀ ਵਧ ਰਹੀ ਸਰਗਰਮੀ ਤੋਂ ਚਿੜੇ ਹੋਏ ਹਨ। ਸਪਾ-ਬਸਪਾ-ਰਾਲੋਦ ਗੱਠਜੋੜ ਦੇ ਆਗੂਆਂ ਨੂੰ ਪਹਿਲਾਂ ਇਹ ਲੱਗਦਾ ਸੀ ਕਿ ਕਾਂਗਰਸ ਤੇ ਭਾਜਪਾ ਦਾ ਵੋਟ ਬੈਂਕ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਹੈ ਇਸ ਲਈ ਉਹ ਭਾਜਪਾ ਦੇ ਵੋਟ ਤੋੜੇਗੀ, ਜਿਸ ਦਾ ਉਨ੍ਹਾਂ ਨੂੰ ਲਾਭ ਹੋਵੇਗਾ। ਸ਼ੁਰੂ ਵਿੱਚ ਕਾਂਗਰਸ ਦੇ ਵੋਟ ਬੈਂਕ 'ਚ ਬ੍ਰਾਹਮਣ, ਮੁਸਲਿਮ, ਜਾਟਵ ਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕ ਹੁੰਦੇ ਸਨ, ਬਾਬਰੀ ਮਸਜਿਦ ਦੇ ਢਾਹੇ ਜਾਣ ਬਾਅਦ ਮੁਸਲਮਾਨ ਸਮਾਜਵਾਦੀ ਪਾਰਟੀ ਵੱਲ ਮੁੜ ਗਏ। ਸਮਾਜਵਾਦੀ ਪਾਰਟੀ ਕੋਲ ਯਾਦਵਾਂ ਦਾ ਵੱਡਾ ਵੋਟ ਬੈਂਕ ਪਹਿਲਾਂ ਹੀ ਸੀ। ਇਸ ਨਾਲ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵੱਡੇ ਹਿੱਸੇ ਵੀ ਸਮਾਜਵਾਦੀ ਪਾਰਟੀ ਨਾਲ ਆ ਜੁੜੇ। ਕਾਂਸ਼ੀ ਰਾਮ ਵੱਲੋਂ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤੇ ਜਾਣ ਤੋਂ ਬਾਅਦ ਜਾਟਵ ਵੀ ਕਾਂਗਰਸ ਨੂੰ ਛੱਡ ਕੇ ਬਸਪਾ ਨਾਲ ਵੱਲ ਚਲੇ ਗਏ। ਬਸਪਾ ਦੇ ਉਭਾਰ ਨੇ ਹੋਰ ਪੱਛੜੀਆਂ ਜਾਤਾਂ ਦੇ ਆਗੂਆਂ ਨੂੰ ਵੀ ਉਤਸ਼ਾਹਤ ਕੀਤਾ, ਜਿਸ ਨਾਲ ਪਟੇਲ, ਕੁਰਮੀ, ਰਾਜਭਰ, ਚੌਹਾਨ, ਨਿਸ਼ਾਦ ਤੇ ਕੁਸ਼ਵਾਹਾ ਦੀਆਂ ਆਪਣੀਆਂ ਪਾਰਟੀਆਂ ਹੋਂਦ ਵਿੱਚ ਆ ਗਈਆਂ। ਇਸ ਤਰ੍ਹਾਂ ਕਾਂਗਰਸ ਕੋਲ ਮੁੱਖ ਵੋਟ ਬੈਂਕ ਬ੍ਰਾਹਮਣ ਤੇ ਸ਼ਹਿਰੀ ਹਿੰਦੂ ਹੀ ਰਹਿ ਗਏ। ਜਿੱਥੋਂ ਤੱਕ ਭਾਜਪਾ ਦਾ ਸੰਬੰਧ ਹੈ, ਉਸ ਦਾ ਵੀ ਮੁੱਖ ਵੋਟ ਬੈਂਕ ਵੀ ਇਹੋ ਹੀ ਹੈ। ਭਾਜਪਾ ਪਾਸ ਇਸ ਤੋਂ ਵਾਧੂ ਵੋਟ ਠਾਕੁਰਾਂ ਦਾ ਹੈ। ਯੂ ਪੀ ਵਿੱਚ ਠਾਕੁਰ ਧੜਵੈਲ ਜਾਤੀ ਸਮਝੀ ਜਾਂਦੀ ਹੈ। ਲੰਮਾ ਸਮਾਂ ਰਾਜ ਭਾਗ ਵਿੱਚ ਇਨ੍ਹਾਂ ਦਾ ਹੀ ਬੋਲਬਾਲਾ ਰਿਹਾ ਹੈ। ਯਾਦਵ, ਜਾਟਵ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਇਨ੍ਹਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ। ਪਹਿਲਾਂ ਬਸਪਾ ਤੇ ਫਿਰ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਠਾਕੁਰਾਂ ਦੀ ਚੜ੍ਹਤ ਕਮਜ਼ੋਰ ਹੋ ਗਈ। ਯੋਗੀ ਆਦਿੱਤਿਆ ਨਾਥ, ਜੋ ਖੁਦ ਠਾਕੁਰ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਸਾਰੀ ਬਰਾਦਰੀ ਭਾਜਪਾ ਨਾਲ ਜੁੜ ਗਈ। ਮਾਇਆਵਤੀ ਤੇ ਅਖਿਲੇਸ਼ ਨੂੰ ਲੱਗਦਾ ਸੀ ਕਿ ਕਾਂਗਰਸ ਪਾਰਟੀ ਜਿੰਨੇ ਵੋਟ ਤੋੜੇਗੀ, ਉਸ ਦਾ ਭਾਜਪਾ ਨੂੰ ਨੁਕਸਾਨ ਹੋਵੇਗਾ, ਪਰ ਪ੍ਰਿਅੰਕਾ ਗਾਂਧੀ ਦੀ ਐਂਟਰੀ ਨੇ ਹਾਲਾਤ ਬਦਲ ਦਿੱਤੇ ਹਨ।
1989 ਤੋਂ ਬਾਅਦ ਕਾਂਗਰਸ ਉੱਤਰ ਪ੍ਰਦੇਸ਼ ਵਿੱਚ ਹਾਸ਼ੀਏ ਉੱਤੇ ਚਲੀ ਗਈ ਸੀ। ਕਾਂਗਰਸ ਦੀ ਹਾਲਤ ਵਿੱਚ 2009 ਵਿੱਚ ਕੁਝ ਮੋੜਾ ਪਿਆ ਸੀ, ਜਦੋਂ ਇਸ ਨੇ 21 ਸੀਟਾਂ ਜਿੱਤ ਲਈਆਂ ਸਨ। ਇਨ੍ਹਾਂ 21 ਸੀਟਾਂ ਵਿੱਚੋਂ 90 ਫ਼ੀਸਦੀ ਪੂਰਬੀ ਯੂ ਪੀ ਦੀਆਂ ਸਨ। ਇਸੇ ਕਾਰਨ ਹੀ ਕਾਂਗਰਸ ਪਾਰਟੀ ਨੇ ਪ੍ਰਿਅੰਕਾ ਗਾਂਧੀ ਨੂੰ ਪੂਰਬੀ ਯੂ ਪੀ ਸਮੇਤ ਕੁਝ ਮੱਧ ਯੂ ਪੀ ਦੀਆਂ 40 ਸੀਟਾਂ ਦੀ ਜ਼ਿੰਮੇਵਾਰੀ ਸੌਂਪੀ ਹੈ। ਸੰਨ 2009 ਵਿੱਚ ਕਾਂਗਰਸ ਨੇ ਬਰੇਲੀ, ਖੀਰੀ, ਧੋਰਹਰਾ, ਉਨਾਵ, ਰਾਏਬਰੇਲੀ, ਅਮੇਠੀ, ਸੁਲਤਾਨਪੁਰ, ਪ੍ਰਤਾਪਗੜ੍ਹ, ਫਰੂਖਾਬਾਦ, ਕਾਨਪੁਰ, ਅਕਬਰਪੁਰ, ਝਾਂਸੀ, ਬਾਰਾਬੰਕੀ, ਫੈਜ਼ਾਬਾਦ, ਬਹਿਰਾਈਚ, ਸ਼ਰਾਬਸਤੀ, ਗੌਂਡਾ, ਡੁਮਰੀਆਗੰਜ, ਮਹਿਰਾਜਗੰਜ ਤੇ ਕੁਸ਼ੀਨਗਰ ਦੀਆਂ ਸੀਟਾਂ ਜਿੱਤੀਆਂ ਸਨ।
ਪ੍ਰਿਅੰਕਾ ਗਾਂਧੀ ਲਈ ਸਭ ਤੋਂ ਵੱਡੀ ਮੁਸ਼ਕਲ ਪਾਰਟੀ ਜਥੇਬੰਦੀ ਦੀ ਹੈ। ਪੂਰਬੀ ਯੂ ਪੀ ਵਿੱਚ ਕਾਂਗਰਸ ਕੋਲ ਆਗੂਆਂ ਦੀ ਤਾਂ ਵੱਡੀ ਫ਼ੌਜ ਹੈ, ਪਰ ਸੰਗਠਨ ਕਮਜ਼ੋਰ ਹੈ। ਅਜਿਹੀ ਹਾਲਤ ਵਿੱਚ ਕਾਂਗਰਸ ਨੇ ਦਲਿਤ, ਬ੍ਰਾਹਮਣ ਤੇ ਮੁਸਲਿਮ ਭਾਈਚਾਰੇ ਦੇ ਆਪਣੇ ਪੁਰਾਣੇ ਵੋਟ ਬੈਂਕ ਨੂੰ ਮੁੜ ਹਾਸਲ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਉਸ ਨੇ ਛੋਟੀਆਂ ਜਾਤੀ ਪਾਰਟੀਆਂ ਨੂੰ ਆਪਣੇ ਨਾਲ ਜੋੜਨ ਦਾ ਕੰਮ ਵਿਢਿਆ ਹੋਇਆ ਹੈ। ਪਟੇਲਾਂ ਦੀ ਪਾਰਟੀ 'ਅਪਨਾ ਦਲ' ਨੂੰ ਦੋ ਸੀਟਾਂ ਦੇ ਕੇ ਆਪਣੇ ਫਰੰਟ ਵਿੱਚ ਸ਼ਾਮਲ ਕਰ ਲਿਆ ਹੈ। ਮੁਸਲਮਾਨ ਭਾਈਚਾਰੇ ਵਿੱਚ ਚੰਗਾ ਪ੍ਰਭਾਵ ਰੱਖਣ ਵਾਲੀ 'ਪੀਸ ਪਾਰਟੀ' ਨਾਲ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ। ਮੌਰੀਆ ਫਿਰਕੇ ਨਾਲ ਸੰਬੰਧ ਰੱਖਦੀ ਪਾਰਟੀ 'ਮਹਾਨ ਦਲ' ਨਾਲ ਵੀ ਕਾਂਗਰਸ ਦਾ ਗਠਜੋੜ ਹੋ ਚੁੱਕਾ ਹੈ। ਮੋਰੀਆ ਫਿਰਕਾ ਕਾਸ਼ੀ, ਸ਼ਾਕਿਆ, ਕੁਸ਼ਵਾਹਾ ਆਦਿ ਬਹੁਤ ਸਾਰੀਆਂ ਜਾਤੀਆਂ ਦਾ ਸਮੂਹ ਹੈ। ਇਸ ਦਾ ਪੱਛਮੀ ਯੂ ਪੀ ਦੀਆਂ ਕਈ ਸੀਟਾਂ ਦੇ ਦਲਿਤਾਂ ਅੰਦਰ ਚੰਗਾ ਪ੍ਰਭਾਵ ਹੈ। ਪਿਛਲੇ ਦਿਨੀਂ ਪ੍ਰਿਯੰਕਾ ਗਾਂਧੀ ਵੱਲੋਂ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਨਾਲ ਹਸਪਤਾਲ ਵਿੱਚ ਕੀਤੀ ਮੁਲਾਕਾਤ ਤੋਂ ਵੀ ਇਹੋ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਖਰ ਉਹ ਵੀ ਇਸ ਨਵੇਂ ਗੱਠਜੋੜ ਦਾ ਹਿੱਸਾ ਬਣ ਜਾਵੇਗਾ। ਪ੍ਰਿਯੰਕਾ ਗਾਂਧੀ ਦੀ ਆਮਦ ਉੱਤੇ ਯੂ ਪੀ ਵਿੱਚ ਜੁੜ ਰਹੀਆਂ ਭੀੜਾਂ ਤੋਂ ਹੁਣ ਸਿਰਫ਼ ਭਾਜਪਾ ਹੀ ਬੇਚੈਨ ਨਹੀਂ, ਸਪਾ-ਬਸਪਾ ਗੱਠਜੋੜ ਦੇ ਆਗੂਆਂ ਨੂੰ ਵੀ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਖਾਸ ਤੌਰ ਉੱਤੇ ਬਸਪਾ ਨੂੰ ਲੱਗਦਾ ਹੈ ਕਿ ਕਾਂਗਰਸ ਉਸ ਦੇ ਮੁਸਲਿਮ ਤੇ ਜਾਟਵ ਵੋਟ ਬੈਂਕ ਵਿੱਚ ਜ਼ਰੂਰ ਸੰਨ੍ਹ ਲਾ ਲਵੇਗੀ। ਹਾਲੇ ਚੋਣ ਸਰਗਰਮੀਆਂ ਦਾ ਮੁਢਲਾ ਦੌਰ ਹੈ, ਆਉਂਦੇ ਦਿਨਾਂ ਵਿੱਚ ਸਥਿਤੀ ਹੋਰ ਸਪੱਸ਼ਟ ਹੁੰਦੀ ਜਾਵੇਗੀ।

1192 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper