Latest News
ਪਰਚਿਆਂ ਦਾ ਸੱਭਿਆਚਾਰ ਤੇ ਬੜਾ ਬਾਦਲ

Published on 24 Mar, 2019 10:36 AM.


ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਜ ਦੀ ਪੰਜਾਬ ਦੀ ਰਾਜਨੀਤੀ ਵਿੱਚ ਸਭ ਤੋਂ ਪੁਰਾਣੇ ਆਗੂ ਹਨ। ਬਾਰਾਂ ਵਾਰ ਉਹ ਇਸ ਰਾਜ ਦੀ ਵਿਧਾਨ ਸਭਾ ਦੇ ਮੈਂਬਰ ਅਤੇ ਪੰਜ ਵਾਰ ਇਸ ਰਾਜ ਦੇ ਮੁੱਖ ਮੰਤਰੀ ਰਹਿ ਚੁੱਕੇ ਹੋਣ ਕਾਰਨ ਉਨ੍ਹਾ ਕੋਲੋਂ ਆਸ ਰੱਖੀ ਜਾ ਸਕਦੀ ਹੈ ਕਿ ਉਹ ਜ਼ਿੰਦਗੀ ਦੇ ਤਜਰਬੇ ਦੇ ਆਧਾਰ ਉੱਤੇ ਰਾਜ ਦੇ ਸਿਆਸੀ ਸੱਭਿਆਚਾਰ ਨੂੰ ਨਰੋਈ ਸੇਧ ਦੇਣ ਵਾਸਤੇ ਆਪਣਾ ਯੋਗਦਾਨ ਪਾਉਣਗੇ। ਉਹ ਇਸ ਲੋੜ ਬਾਰੇ ਸੋਚਦੇ ਵੀ ਨਹੀਂ ਜਾਪਦੇ। ਸਾਰੀ ਉਮਰ ਕੁਰਸੀ ਦੀ ਜੰਗ ਵਿੱਚ ਰੁੱਝੇ ਰਹੇ ਹੋਣ ਕਾਰਨ ਉਹ ਅਗਲੀ ਪੀੜ੍ਹੀ ਨੂੰ ਵੀ ਨਰੋਈ ਸੇਧ ਦੇਣ ਦੀ ਥਾਂ ਇਹ ਦੱਸਣ ਵਿੱਚ ਮਾਣ ਮਹਿਸੂਸ ਕਰਦੇ ਹਨ ਕਿ ਕਾਨੂੰਨ ਦਾ ਡੰਡਾ ਕਦੇ ਉਨ੍ਹਾਂ ਵੱਲ ਉੱਠੇਗਾ ਵੀ ਤਾਂ ਉਹ ਪ੍ਰਵਾਹ ਨਾ ਕਰਨ। ਬੜੇ ਬਾਦਲ ਦਾ ਤਾਜ਼ਾ ਬਿਆਨ ਅਸਲੋਂ ਹੈਰਾਨ ਕਰਨ ਵਾਲਾ ਹੈ, ਜਿਸ ਵਿੱਚ ਅਕਾਲੀ ਦਲ ਦੇ ਵਰਕਰਾਂ ਨੂੰ ਉਨ੍ਹਾਂ ਨੇ ਇਹ ਕਿਹਾ ਹੈ ਕਿ ਕੇਸਾਂ ਦੀ ਪਰਵਾਹ ਨਾ ਕਰੋ, ਇਨ੍ਹਾਂ ਨਾਲ ਵੱਡੇ ਆਗੂ ਬਣੀਦਾ ਹੈ। ਇਹ ਸਿਆਸੀ ਗੁਰ ਨਵੇਂ ਸਿਖਾਂਦਰੂ ਵਰਕਰਾਂ ਨੂੰ ਕਿਸ ਰਾਹੇ ਪਾ ਸਕਦਾ ਹੈ, ਕਹਿਣ ਦੀ ਲੋੜ ਨਹੀਂ ਰਹਿ ਜਾਂਦੀ।
ਅਕਾਲੀ ਦਲ ਇਸ ਵਕਤ ਕਈ ਪੱਖਾਂ ਤੋਂ ਮੁਸ਼ਕਲਾਂ ਵਿੱਚ ਹੈ। ਇਹ ਮੁਸ਼ਕਲਾਂ ਬਹੁਤਾ ਕਰ ਕੇ ਅਕਾਲੀ ਦਲ ਦੇ ਅੱਜ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੈਰ ਗੰਭੀਰ ਕਦਮਾਂ ਕਾਰਨ ਬਣੀਆਂ ਹਨ। ਕਾਰਨ ਕੋਈ ਵੀ ਹੋਵੇ, ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਉੱਤੇ ਕੇਸ ਬਣੇ ਹਨ ਤਾਂ ਇਸ ਮਾਹੌਲ ਵਿੱਚ ਉਨ੍ਹਾਂ ਨੂੰ ਇਸ ਦਾ ਟਾਕਰਾ ਕਰਨ ਦੇ ਲਈ ਹੱਲਾਸ਼ੇਰੀ ਦੇਣਾ ਗਲਤ ਨਹੀਂ, ਹਰ ਪਾਰਟੀ ਦਾ ਹਰ ਆਗੂ ਏਸੇ ਤਰ੍ਹਾਂ ਕਰੇਗਾ। ਇਹ ਵੀ ਉਹ ਕਹਿੰਦੇ ਤਾਂ ਸਮਝ ਪੈਣਾ ਸੀ ਕਿ ਖੁਦ ਉਨ੍ਹਾਂ ਉੱਤੇ ਕੇਸ ਬਣਦੇ ਰਹੇ ਹਨ, ਪਰ ਨਾਲ ਉਹ ਇਹ ਕਹਿ ਸਕਦੇ ਹਨ ਕਿ ਕਾਨੂੰਨ ਇਨਸਾਫ ਕਰੇਗਾ। ਇਸ ਦੀ ਥਾਂ ਏਡੇ ਵੱਡੇ ਕੱਦ ਵਾਲੇ ਨੇਤਾ ਨੇ ਇਹ ਗੱਲ ਕਹਿ ਦਿੱਤੀ ਕਿ ਪਰਚਿਆਂ ਨਾਲ ਆਗੂ ਬਣੀਦਾ ਹੈ, ਮੈਂ ਕਿਹੜੀ ਐੱਲ ਐੱਲ ਬੀ ਕੀਤੀ ਸੀ, ਪਰਚੇ ਹੋਣ ਕਾਰਨ ਹੀ ਮੁੱਖ ਮੰਤਰੀ ਬਣਦਾ ਰਿਹਾ ਹਾਂ। ਨਵੇਂ ਸਿਖਾਂਦਰੂ ਇਹ ਸਮਝਣਗੇ ਕਿ ਜਿੰਨੇ ਵੱਧ ਕਿਸੇ ਉੱਤੇ ਪਰਚੇ ਦਰਜ ਹੋ ਜਾਣਗੇ, ਓਨਾ ਹੀ ਵੱਡਾ ਉਹ ਲੀਡਰ ਬਣ ਜਾਵੇਗਾ। ਇਹ ਉਨ੍ਹਾਂ ਨੂੰ ਸਿੱਧਾ ਕੁਰਾਹੇ ਪਾਉਣ ਵਾਲਾ ਭਾਸ਼ਣ ਹੈ।
ਭਾਰਤ ਦੇ ਲੋਕ ਜਾਣਦੇ ਹਨ ਕਿ ਕਈ ਆਗੂਆਂ ਦੇ ਖਿਲਾਫ ਕੇਸ ਝੂਠੇ ਵੀ ਬਣਾਏ ਜਾਂਦੇ ਰਹੇ ਤੇ ਫਿਰ ਉਹ ਬਰੀ ਹੋਣ ਦੇ ਬਾਅਦ ਲੀਡਰ ਵਜੋਂ ਉੱਭਰਦੇ ਰਹੇ ਸਨ। ਇੰਦਰਾ ਗਾਂਧੀ ਉੱਤੇ ਆਸਾਮ ਵਿੱਚ ਇਹੋ ਜਿਹਾ ਕੇਸ ਵੀ ਬਣਿਆ ਸੀ ਕਿ ਕਾਂਗਰਸ ਦੇ ਜਿਹੜੇ ਵਰਕਰਾਂ ਨੇ ਰੈਲੀ ਤੋਂ ਮੁੜਦਿਆਂ ਰਾਹ ਵਿੱਚ ਰੇੜ੍ਹੀ ਵਾਲੇ ਤੋਂ ਛੋਲੇ-ਕੁਲਚੇ ਖੋਹ ਕੇ ਖਾਧੇ ਸਨ, ਉਸ ਭੀੜ ਦੀ ਅਗਵਾਈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਰਦੀ ਸੀ। ਏਦਾਂ ਦੇ ਕੇਸ ਰੱਦ ਹੋ ਜਾਇਆ ਕਰਦੇ ਹਨ। ਅਕਾਲੀ ਆਗੂਆਂ ਉੱਤੇ ਏਦਾਂ ਦਾ ਕੋਈ ਕੇਸ ਬਣਿਆ ਹੋਵੇ ਤਾਂ ਉਹ ਰੱਦ ਹੋ ਜਾਵੇਗਾ ਅਤੇ ਰੱਦ ਕੀਤਾ ਜਾਣਾ ਵੀ ਬਣਦਾ ਹੈ, ਪਰ ਜਿਹੜੇ ਆਗੂਆਂ ਦੇ ਖਿਲਾਫ ਭ੍ਰਿਸ਼ਟਾਚਾਰ ਜਾਂ ਕਿਸੇ ਹੋਰ ਕਿਸਮ ਦੇ ਅਪਰਾਧਾਂ ਦੇ ਕੇਸ ਬਣ ਰਹੇ ਹਨ, ਉਨ੍ਹਾਂ ਨੂੰ ਲੀਡਰੀ ਮਿਲਣੀ ਸੌਖੀ ਨਹੀਂ ਰਹਿਣੀ।
ਇਸ ਬਾਰੇ ਪਿਛਲਾ ਤਜਰਬਾ ਚੇਤੇ ਰੱਖਣਾ ਚਾਹੀਦਾ ਹੈ। ਚਾਰਾ ਘੋਟਾਲੇ ਬਾਰੇ ਜਦੋਂ ਲਾਲੂ ਪ੍ਰਸਾਦ ਉੱਤੇ ਕੇਸ ਬਣਨੇ ਸ਼ੁਰੂ ਹੋਏ ਤਾਂ ਉਹ ਆਖਦਾ ਹੁੰਦਾ ਸੀ ਕਿ ਮੇਰੇ ਉੱਤੇ ਸਿਰਫ ਕੇਸ ਦਰਜ ਹੋਏ ਹਨ, ਭਗਵਾਨ ਕ੍ਰਿਸ਼ਨ ਪੈਦਾ ਹੀ ਜੇਲ੍ਹ ਵਿੱਚ ਹੋਏ ਸਨ ਤੇ ਲੋਕ ਅੱਜ ਤੱਕ ਉਨ੍ਹਾਂ ਨੂੰ ਪੂਜਦੇ ਹਨ। ਓਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲਾ ਲਾਲੂ ਪ੍ਰਸਾਦ ਅੱਜ ਜੇਲ੍ਹ ਵਿੱਚ ਬੈਠਾ ਘਪਲੇ ਦੀ ਸਜ਼ਾ ਭੁਗਤ ਰਿਹਾ ਹੈ। ਗਵਾਂਢ ਹਰਿਆਣੇ ਦਾ ਸਾਬਕਾ ਮੁੱਖ ਮੰਤਰੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪੱਗ-ਵੱਟ ਭਰਾ ਦੇਵੀ ਲਾਲ ਦਾ ਪੁੱਤਰ ਓਮ ਪ੍ਰਕਾਸ਼ ਚੌਟਾਲਾ ਵੀ ਭ੍ਰਿਸ਼ਟਾਚਾਰ ਦੇ ਕੇਸ ਦਰਜ ਹੋਣ ਵੇਲੇ ਆਖਦਾ ਸੀ ਕਿ ਇਸ ਦੀ ਪ੍ਰਵਾਹ ਨਹੀਂ, ਇਹੋ ਜਿਹੇ ਕੇਸਾਂ ਨਾਲ ਮੈਂ ਹੋਰ ਵੱਡਾ ਲੀਡਰ ਬਣਾਂਗਾ ਅਤੇ ਇਸ ਰਾਜ ਵਿੱਚ ਫਿਰ ਮੁੱਖ ਮੰਤਰੀ ਬਣ ਕੇ ਵਿਖਾਵਾਂਗਾ। ਬਾਅਦ ਵਿੱਚ ਉਸ ਨੂੰ ਦਸ ਸਾਲ ਸਜ਼ਾ ਹੋਈ ਤੇ ਅਜੇ ਤੱਕ ਜੇਲ੍ਹ ਵਿੱਚ ਬੈਠਾ ਹੋਇਆ ਆਪਣੀ ਵੱਡੀ ਉਮਰ ਦੇ ਵਾਸਤੇ ਨਾਲ ਅਗੇਤੀ ਰਿਹਾਈ ਦੇ ਲਈ ਸਰਕਾਰ ਨੂੰ ਤਰਲੇ ਮਾਰਦਾ ਪਿਆ ਹੈ। ਜੈਲਲਿਤਾ ਤਾਮਿਲ ਨਾਡੂ ਦੀ ਬੜੀ ਧੜੱਲੇਦਾਰ ਮੁੱਖ ਮੰਤਰੀ ਸੀ। ਇੱਕ ਵਾਰੀ ਸਜ਼ਾ ਹੋਈ ਤਾਂ ਉੱਪਰਲੀ ਅਦਾਲਤ ਤੋਂ ਛੁੱਟ ਗਈ, ਪਰ ਜਦੋਂ ਦੂਸਰੀ ਵਾਰੀ ਸਜ਼ਾ ਹੋ ਗਈ ਤਾਂ ਉਹ ਕੇਸ ਭੁਗਤਦੀ ਹੋਈ ਆਪਣੇ ਰਾਜ ਦੀ ਥਾਂ ਗਵਾਂਢੀ ਕਰਨਾਟਕਾ ਰਾਜ ਦੀ ਜੇਲ੍ਹ ਵਿੱਚ ਤਾੜ ਦਿੱਤੀ ਗਈ ਸੀ। ਉਹ ਸਜ਼ਾ ਹੀ ਉਸ ਦੀ ਮੌਤ ਦਾ ਕਾਰਨ ਬਣੀ ਸੀ।
ਅਸੀਂ ਫਿਰ ਇਹ ਗੱਲ ਕਹਾਂਗੇ ਕਿ ਸਾਡੇ ਦੇਸ਼ ਦੇ ਸਿਆਸੀ ਸੱਭਿਆਚਾਰ ਵਿੱਚ ਸਰਕਾਰਾਂ ਆਪਣੇ ਵਿਰੋਧੀਆਂ ਦੇ ਖਿਲਾਫ ਕੇਸ ਦਰਜ ਕਰਨ ਤੋਂ ਗੁਰੇਜ਼ ਨਹੀਂ ਕਰਦੀਆਂ, ਕਈ ਵਾਰ ਝੂਠੇ ਕੇਸ ਵੀ ਬਣਾਏ ਜਾਂਦੇ ਹਨ, ਪਰ ਹਰ ਕੇਸ ਝੂਠਾ ਨਹੀਂ ਹੁੰਦਾ ਤੇ ਹਰ ਕੇਸ ਲੀਡਰੀ ਚਮਕਾਉਣ ਵਾਲੀ ਪੌੜੀ ਨਹੀਂ ਬਣ ਸਕਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਅਕਾਲੀ ਵਰਕਰਾਂ ਦੀ ਡਿੱਗਦੀ ਮਾਨਸਿਕਤਾ ਨੂੰ ਸੰਭਾਲਣ ਦਾ ਯਤਨ ਕਰਦੇ ਹਨ ਤਾਂ ਕੋਈ ਗਲਤ ਨਹੀਂ ਕਰਦੇ। ਪਾਰਟੀ ਦਾ ਸਰਪ੍ਰਸਤ ਬਾਬਾ ਇਹ ਕੰਮ ਕਰ ਰਿਹਾ ਹੈ ਤਾਂ ਆਪਣੀ ਪਾਰਟੀ ਪ੍ਰਤੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਫਿਰ ਵੀ ਜਿਹੜੀ ਗੱਲ ਉਨ੍ਹਾਂ ਨੇ ਪਰਚਿਆਂ ਦੇ ਸੱਭਿਆਚਾਰ ਨਾਲ ਜੋੜ ਕੇ ਆਪਣੇ ਵਰਕਰਾਂ ਨੂੰ ਕਹੀ ਹੈ, ਉਹ ਸਾਊ ਪ੍ਰਭਾਵ ਨਹੀਂ ਦੇਵੇਗੀ। ਉਨ੍ਹਾਂ ਦੀ ਤਕਰੀਰ ਵਾਲੀ ਜਿਹੜੀ ਵੀਡੀਓ ਦੇਸ਼ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਤੱਕ ਵਾਇਰਲ ਹੋਈ ਪਈ ਹੈ, ਉਸ ਨੇ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨੂੰ ਇਸ ਦਾ ਜਵਾਬ ਦੇਣ ਜੋਗੇ ਵੀ ਨਹੀਂ ਛੱਡਿਆ। ਬੜੇ ਬਾਦਲ ਨੂੰ ਕੁਝ ਤਾਂ ਸੰਭਲ ਕੇ ਬੋਲਣਾ ਚਾਹੀਦਾ।
-ਜਤਿੰਦਰ ਪਨੂੰ

1046 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper