Latest News
ਵਿਕਾਸ ਨਹੀਂ ਵਿਨਾਸ਼

Published on 25 Mar, 2019 11:46 AM.


ਹੋਲੀ ਦੇ ਤਿਉਹਾਰ ਉੱਤੇ ਜਦੋਂ ਸਾਰੇ ਦੇਸ਼ ਵਿੱਚ ਏਕਤਾ ਤੇ ਆਪਸੀ ਪ੍ਰੇਮ ਨਾਲ ਹੋਲੀ ਮਨਾਈ ਜਾ ਰਹੀ ਸੀ, ਉਸ ਸਮੇਂ ਗੁਰੂਗ੍ਰਾਮ ਵਿੱਚ ਇੱਕ ਮੁਸਲਿਮ ਪਰਵਾਰ ਦੇ ਘਰ ਉੱਤੇ ਅਖੌਤੀ ਰਾਸ਼ਟਰਵਾਦੀ ਗੁੰਡਿਆਂ ਵੱਲੋਂ ਹਮਲਾ ਕੀਤਾ ਜਾ ਰਿਹਾ ਸੀ। ਭੀੜਤੰਤਰੀ ਹਿੰਸਾ ਦਾ ਜੋ ਤਾਂਡਵ ਉੱਤਰ ਪ੍ਰਦੇਸ਼ ਦੇ ਦਾਦਰੀ ਤੋਂ ਸ਼ੁਰੂ ਹੋਇਆ ਸੀ, ਉਹ ਹੌਲੀ-ਹੌਲੀ ਸਾਰੇ ਦੇਸ ਵਿੱਚ ਫੈਲਾਇਆ ਗਿਆ। ਅਖੌਤੀ ਗਊ ਰਾਖਿਆਂ ਵੱਲੋਂ ਦਾਦਰੀ ਵਿੱਚ ਗਊ ਮਾਸ ਰੱਖਣ ਦੇ ਦੋਸ਼ ਹੇਠ ਮੁਹੰਮਦ ਅਖਲਾਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਰਿਆਣਾ ਦੇ ਬਲਬਗੜ੍ਹ ਵਿੱਚ ਅਜਿਹਾ ਦੋਸ਼ ਲਾ ਕੇ 18 ਸਾਲਾ ਜੁਨੈਦ ਖਾਂ ਦੀ ਜਾਨ ਲੈ ਲਈ ਗਈ। ਰਾਜਸਥਾਨ ਵਿੱਚ ਇੱਕ ਗਊ ਪਾਲਕ ਕਿਸਾਨ ਪਹਿਲੂ ਖਾਨ ਨੂੰ ਉਸ ਵੇਲੇ ਘੇਰ ਕੇ ਮਾਰ ਦਿੱਤਾ ਗਿਆ, ਜਦੋਂ ਉਹ ਇੱਕ ਪਸ਼ੂ ਮੇਲੇ ਉੱਤੋਂ ਦੁਧਾਰੂ ਗਾਂ ਖਰੀਦ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਮੋਦੀ ਰਾਜ ਦੌਰਾਨ ਅਜਿਹੀਆਂ ਅਣਮਨੁੱਖੀ ਕਾਰਵਾਈਆਂ ਦੀ ਤਫ਼ਸੀਲ ਬੜੀ ਲੰਮੀ ਹੈ।
ਗੁਰੂਗ੍ਰਾਮ ਦੀ ਤਾਜ਼ਾ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪੀੜਤ ਪਰਵਾਰ ਦੀ ਇੱਕ ਲੜਕੀ ਦਾਨਿਸ਼ਤਾ ਨੇ ਆਪਣੇ ਮੋਬਾਇਲ ਰਾਹੀਂ ਰਿਕਾਰਡ ਕੀਤਾ ਸੀ। ਇਸ ਵੀਡੀਓ ਵਿੱਚ ਛੱਤ ਉੱਤੇ ਖੜੀਆਂ ਲੜਕੀਆਂ ਚੀਕ-ਚਿਹਾੜਾ ਪਾ ਰਹੀਆਂ ਹਨ। ਮਕਾਨ ਦੀ ਹੇਠਲੀ ਮੰਜ਼ਲ ਉੱਤੇ ਕੁਝ ਗੁੰਡੇ ਇੱਕ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟ ਰਹੇ ਹਨ। ਘਰ ਦੀਆਂ ਬੁੱਢੀਆਂ ਔਰਤਾਂ ਗੁੰਡਿਆਂ ਤੋਂ ਦਯਾ ਦੀ ਭੀਖ ਮੰਗ ਰਹੀਆਂ ਹਨ, ਪ੍ਰੰਤੂ ਉਹ ਉਨ੍ਹਾਂ ਚਿਰ ਮੁਹੰਮਦ ਦਿਲਸ਼ਾਦ ਨਾਂਅ ਦੇ ਵਿਅਕਤੀ ਨੂੰ ਕੁੱਟਦੇ ਰਹਿੰਦੇ ਹਨ, ਜਦੋਂ ਤੱਕ ਡੰਡਾ ਟੁੱਟ ਨਹੀਂ ਜਾਂਦਾ ਤੇ ਦਿਲਸ਼ਾਦ ਬੇਹੋਸ਼ ਨਹੀਂ ਹੋ ਜਾਂਦਾ। ਦਿਲਸ਼ਾਦ ਉਤਰ ਪ੍ਰਦੇਸ਼ ਦੇ ਬਾਗਪਤ ਦਾ ਰਹਿਣ ਵਾਲਾ ਹੈ, ਉਹ ਗੁਰੂਗ੍ਰਾਮ ਦੇ ਭੋਂਡਸੀ ਵਿੱਚ ਕੂਲਰ ਬਣਾ ਕੇ ਵੇਚਣ ਦਾ ਕੰਮ ਕਰਦਾ ਹੈ। ਚਾਰ ਸਾਲ ਪਹਿਲਾਂ ਉਸ ਨੇ ਇੱਥੇ ਮਕਾਨ ਬਣਾ ਕੇ ਆਪਣਾ ਪਰਵਾਰ ਵੀ ਲੈ ਆਂਦਾ ਸੀ।
ਇਸ ਘਟਨਾ ਸੰਬੰਧੀ ਪੁਲਸ ਦਾ ਕਹਿਣਾ ਹੈ ਕਿ ਸ਼ਾਮ 3 ਵਜੇ ਦੇ ਕਰੀਬ ਦਿਲਸ਼ਾਦ ਆਪਣੇ ਗੁਆਂਢੀਆਂ ਨਾਲ ਪਾਸ ਦੇ ਇੱਕ ਮੈਦਾਨ ਵਿੱਚ ਕ੍ਰਿਕਟ ਖੇਡ ਰਿਹਾ ਸੀ। ਅਚਾਨਕ 9-10 ਮੁੰਡੇ ਮੋਟਰ ਸਾਈਕਲਾਂ ਉੱਤੇ ਆਏ ਅਤੇ ਰੌਲਾ ਪਾਉਣ ਲੱਗੇ, ''ਤੂੰ ਇਥੇ ਕੀ ਕਰ ਰਿਹਾ ਹੈਂ। ਜਾਓ ਪਾਕਿਸਤਾਨ ਜਾਓ।'' ਉਹ ਖੇਡਣੋਂ ਹਟ ਕੇ ਜਦੋਂ ਘਰ ਆਇਆ ਤਾਂ ਉਨ੍ਹਾਂ ਘਰ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਪਾਸ ਹਾਕੀਆਂ ਸਨ। ਘਰ ਦੀ ਲੜਕੀ, ਜੋ ਲਗਾਤਾਰ ਵੀਡੀਓ ਬਣਾ ਰਹੀ ਸੀ, ਨੇ ਦੱਸਿਆ ਕਿ ਹਮਲਾ ਕਰ ਰਹੇ ਮੁੰਡਿਆਂ ਵਿੱਚੋਂ ਇੱਕ ਨੇ ਮੈਨੂੰ ਵੀਡੀਓ ਬਣਾਉਂਦਿਆਂ ਦੇਖ ਲਿਆ। ਉਸ ਤੋਂ ਬਾਅਦ ਉਹ ਮੈਨੂੰ ਪਕੜਨ ਲਈ ਉਤਲੀ ਮੰਜ਼ਲ ਉੱਤੇ ਆ ਗਏ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਮੈਂ ਫ਼ੋਨ ਨੂੰ ਛੁਪਾ ਦਿੱਤਾ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਔਰਤਾਂ ਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। ਉਸ ਨੇ ਦੱਸਿਆ ਕਿ ਗੁੰਡੇ ਜਾਂਦੇ ਹੋਏ ਸਾਡੀ ਅਲਮਾਰੀ ਵਿੱਚੋਂ 25 ਹਜ਼ਾਰ ਰੁਪਏ, ਇੱਕ ਸੋਨੇ ਦੀ ਚੇਨ ਤੇ ਇੱਕ ਜੋੜੀ ਕੰਨਾਂ ਦੇ ਰਿੰਗ ਵੀ ਨਾਲ ਗਏ। ਜਾਂਦੇ ਹੋਏ ਉਹ ਘਰ ਵਿੱਚ ਖੜੀਆਂ ਗੱਡੀਆਂ ਵੀ ਭੰਨ ਗਏ।
ਇਸ ਘਟਨਾ ਨੇ ਇਹ ਦਿਖਾ ਦਿੱਤਾ ਹੈ ਕਿ ਅਸੀਂ ਬੀਤੇ ਪੰਜ ਸਾਲਾਂ ਦੌਰਾਨ ਮੋਦੀ ਦੇ, 'ਸਭ ਕਾ ਸਾਥ ਸਭ ਕਾ ਵਿਕਾਸ' ਨੇ ਸਾਡੇ ਦੇਸ਼ ਨੂੰ ਕਿੱਥੇ ਪੁਚਾ ਦਿੱਤਾ ਹੈ। ਬਹੁਗਿਣਤੀ ਭਾਈਚਾਰੇ ਦੇ ਇੱਕ ਤਬਕੇ ਦੇ ਲੋਕਾਂ ਵਿੱਚ ਇਹ ਹੰਕਾਰ ਸਿਖਰ ਉੱਤੇ ਪੁੱਜ ਚੁੱਕਾ ਹੈ ਕਿ ਉਹ ਕੁਝ ਵੀ ਕਰਨ ਉਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ। ਉਨ੍ਹਾਂ ਪਾਸ ਘੜੇ-ਘੜਾਏ ਮੁੱਦੇ ਹਨ। ਇਹ ਮੁੱਦਾ ਗਾਂ ਦਾ ਹੋ ਸਕਦਾ ਹੈ, ਮੁਸਲਮਾਨ ਦਾ ਹੋ ਸਕਦਾ ਹੈ, ਕਸ਼ਮੀਰੀਆਂ ਦਾ ਹੋ ਸਕਦਾ ਹੈ, ਭਾਰਤ ਮਾਤਾ ਦੀ ਜੈ ਦਾ ਹੋ ਸਕਦਾ ਹੈ ਤੇ ਸਭ ਤੋਂ ਵੱਧ ਮੋਦੀ ਵਿਰੁੱਧ ਕੁਝ ਵੀ ਕਹਿਣ ਦਾ ਹੋ ਸਕਦਾ ਹੈ, ਇਨ੍ਹਾਂ ਸਵਾਲਾਂ ਉੱਤੇ ਉਹ ਸੜਕ ਦੇ ਜਾਂ ਘਰ ਵਿੱਚ ਵੜ ਕੇ ਕਿਸੇ ਨੂੰ ਕੁੱਟ ਸਕਦੇ ਹਨ, ਮਾਰ ਸਕਦੇ ਹਨ।
ਇਹ ਲੋਕ ਹਨ ਕੌਣ? ਪਿਛਲੇ ਸਾਢੇ ਚਾਰ ਸਾਲ ਦੀਆਂ ਘਟਨਾਵਾਂ ਦੀ ਜਾਂਚ ਤੋਂ ਬਾਅਦ ਸਪੱਸ਼ਟ ਸਾਹਮਣੇ ਆਉਂਦਾ ਹੈ ਕਿ ਹਰ ਥਾਂ ਇੱਕੋ ਜਿਹੀਆਂ ਸੰਸਥਾਂਵਾਂ ਦੇ ਮੈਂਬਰ ਹੀ ਦੋਸ਼ੀਆਂ ਦੀ ਕਤਾਰ ਵਿੱਚ ਖੜੇ ਦਿਖਾਈ ਦਿੰਦੇ ਹਨ। ਇਹ ਹਨ: ਬਜਰੰਗ ਦਲ, ਹਿੰਦੂ ਸੁਰੱਖਿਆ ਸੰਮਤੀ, ਹਿੰਦੂ ਵਾਹਿਨੀ, ਸੰਯੁਕਤ ਹਿੰਦੂ ਸੰਘਰਸ਼ ਸੰਮਤੀ ਤੇ ਅਖਿਲ ਭਾਰਤੀ ਹਿੰਦੂ ਕ੍ਰਾਂਤੀ ਦਲ। ਗੁਰੂਗ੍ਰਾਮ ਵਿੱਚ ਵਾਪਰੀ ਤਾਜ਼ਾ ਘਟਨਾ ਹਰਿਆਣਾ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਹਿੰਦੂ ਵੋਟਾਂ ਦੇ ਧਰੁਵੀਕਰਨ ਦੀ ਨੀਚ ਕੋਸ਼ਿਸ਼ ਹੈ। ਆਉਣ ਵਾਲੇ ਦਿਨੀਂ ਅਜਿਹੀਆਂ ਘਟਨਾਵਾਂ ਹੋਰ ਥਾਈਂ ਵਾਪਰਨ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਦੇਸ਼ ਭਗਤ, ਸੈਕੂਲਰ ਤੇ ਜਮਹੂਰੀਅਤ ਪਸੰਦ ਲੋਕਾਂ ਦੀ ਹੈ ਕਿ ਉਹ ਇਨ੍ਹਾਂ ਕਾਰਵਾਈਆਂ ਦਾ ਡਟ ਕੇ ਵਿਰੋਧ ਕਰਨ। ਇਹ ਗੱਲ ਉਸ ਸਮੇਂ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ, ਜਦੋਂ ਅਜਿਹੇ ਅਨਸਰਾਂ ਨੂੰ ਸੱਤਾ 'ਤੇ ਬੈਠੇ ਲੋਕਾਂ ਦੀ ਸਰਪ੍ਰਸਤੀ ਹਾਸਲ ਹੋਵੇ।

1242 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper