Latest News
ਮੋਦੀ ਦੇ ਪੱਲੇ ਸਿਰਫ਼ ਰਾਸ਼ਟਰਵਾਦ

Published on 31 Mar, 2019 11:24 AM.


ਭਾਰਤੀ ਖੁਫ਼ੀਆ ਏਜੰਸੀ ਰਿਸਰਚ ਐਂਡ ਏਨਾਲਿਸਿਸ ਵਿੰਗ ਯਾਨੀ ਰਾਅ ਦੇ ਸਾਬਕਾ ਅਧਿਕਾਰੀ ਏ ਐੱਸ ਦੁਲਤ ਨੇ ਠੀਕ ਹੀ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਬੀਤੇ ਫ਼ਰਵਰੀ ਮਹੀਨੇ ਸੀ ਆਰ ਪੀ ਐੱਫ਼ ਦੇ ਕਾਫ਼ਲੇ ਉਤੇ ਹੋਇਆ ਆਤਮਘਾਤੀ ਹਮਲਾ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਇੱਕ ਤੋਹਫ਼ਾ ਸੀ। ਇਸ ਹਮਲੇ ਵਿੱਚ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ।
ਹੈਦਰਾਬਾਦ 'ਚ ਇੰਡੀਅਨ ਇਕਨਾਮਿਕ ਟਰੇਡ ਆਰਗੇਨਾਈਜ਼ੇਸ਼ਨ ਵੱਲੋਂ ਆਯੋਜਿਤ ਏਸ਼ੀਅਨ ਅਰਥ ਐਵਾਰਡਜ਼ 2019 ਮੌਕੇ ਦੁਲਤ ਨੇ ਕਿਹਾ ਕਿ ਮੈਂ ਪਹਿਲਾਂ ਵੀ ਇਹ ਕਹਿ ਚੁੱਕਾ ਹਾਂ ਕਿ ਪੁਲਵਾਮਾ ਆਤੰਕੀ ਹਮਲਾ ਜੈਸ਼-ਏ-ਮੁਹੰਮਦ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਇੱਕ ਉਪਹਾਰ ਸੀ। ਚੋਣਾਂ ਸਿਰ ਉੱਤੇ ਸਨ, ਇਸ ਲਈ ਲੱਗਣ ਲੱਗ ਪਿਆ ਸੀ ਕਿ ਬਦਲਾ ਲਿਆ ਜਾਵੇਗਾ। ਇਸੇ ਦਾ ਸਿੱਟਾ ਸੀ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਵਿੱਚ ਕੀਤੀ ਗਈ ਏਅਰ ਸਟਰਾਈਕ।
ਦੁਲਤ ਨੇ ਰਾਸ਼ਟਰਵਾਦ ਬਾਰੇ ਬੋਲਦਿਆਂ ਕਿਹਾ ਕਿ ਇਸ ਨੂੰ ਵਿਸ਼ਾਲ ਚੌਖਟੇ ਵਿੱਚ ਰੱਖ ਕੇ ਦੇਖਣਾ ਚਾਹੀਦਾ ਹੈ ਅਤੇ ਜਿੱਥੇ ਦੇਸ਼ ਭਗਤੀ ਮੌਜੂਦ ਹੋਵੇ, ਉਥੇ ਰਾਸ਼ਟਰਵਾਦ 'ਤੇ ਜ਼ੋਰ ਨਹੀਂ ਦੇਣਾ ਚਾਹੀਦਾ। ਰਾਸ਼ਟਰਵਾਦ ਸਦਾ ਯੁੱਧ ਵੱਲ ਲਿਜਾਂਦਾ ਹੈ। ਸਾਨੂੰ ਆਪਣੀਆਂ ਸੌੜੀਆਂ ਸੋਚਾਂ ਨੂੰ ਪਰੇ ਰੱਖਣਾ ਚਾਹੀਦਾ ਹੈ, ਨਹੀਂ ਤਾਂ ਇਹ ਰਾਸ਼ਟਰਵਾਦ ਵੱਲ ਲੈ ਜਾਵੇਗਾ, ਜਿਸ ਦਾ ਮਤਲਬ ਹੈ ਯੁੱਧ। ਉਨ੍ਹਾ ਕਿਹਾ ਕਿ ਰਾਸ਼ਟਰਵਾਦ ਨੂੰ ਜੇਕਰ ਅਸੀਂ ਵਿਆਪਕ ਤੌਰ ਉੱਤੇ ਲਈਏ ਤਾਂ ਇਹ ਠੀਕ ਹੈ, ਪਰ ਜੇਕਰ ਇਸ ਨੂੰ ਸੰਕੀਰਨ ਰੂਪ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਤਾਂ ਇਹ ਲੋਕਾਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੰਦਾ ਹੈ। ਉਨ੍ਹਾਂ ਕਸ਼ਮੀਰ ਮਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੱਲਬਾਤ ਤੋਂ ਬਿਨਾਂ ਕੋਈ ਵੀ ਰਾਹ ਨਹੀਂ। ਸਾਨੂੰ ਕਸ਼ਮੀਰੀਆ ਨਾਲ ਵੀ ਗੱਲ ਕਰਨੀ ਚਾਹੀਦੀ ਹੈ ਤੇ ਪਾਕਿਸਤਾਨ ਨਾਲ ਵੀ।
ਪਰ ਸਾਡੇ ਹਾਕਮਾਂ ਦੇ ਸਿਰ ਨੂੰ ਤਾਂ ਚੋਣ ਜਿੱਤਣ ਦਾ ਜਾਨੂੰਨ ਚੜ੍ਹਿਆ ਹੋਇਆ ਹੈ। ਇਸ ਲਈ ਉਹ ਰਾਸ਼ਟਰਵਾਦ ਦੇ ਨਾਂਅ ਉੱਤੇ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਭਰਨ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁੱਲ੍ਹੇਆਮ ਲੋਕਾਂ ਨੂੰ ਕਹਿ ਰਹੇ ਹਨ ਕਿ ਦੇਖੋ ਜੇਕਰ ਮੈਂ ਪ੍ਰਧਾਨ ਮੰਤਰੀ ਨਾ ਬਣਿਆ ਤਾਂ ਦੇਸ਼ ਨੂੰ ਬਚਾਉਣ ਵਾਲਾ ਕੋਈ ਨਹੀਂ ਰਹਿਣਾ। ਉਨ੍ਹਾ ਦਾ ਜੋ ਵੀ ਵਿਰੋਧ ਕਰਦਾ ਹੈ, ਉਸ ਉੱਤੇ ਪਾਕਿਸਤਾਨ ਨਾਲ ਮਿਲੀਭੁਗਤ ਦਾ ਦੋਸ਼ ਮੜ੍ਹ ਦਿੱਤਾ ਜਾਂਦਾ ਹੈ। ਮੋਦੀ ਕਹਿੰਦੇ ਹਨ ਕਿ ਸਿਰਫ਼ ਅੱਤਵਾਦੀ ਤੇ ਪਾਕਿਸਤਾਨੀ ਹੀ ਉਸ ਦੀ ਹਾਰ ਚਾਹੁੰਦੇ ਹਨ। ਭਾਜਪਾ ਦੇ ਕੁਝ ਆਗੂ ਤਾਂ ਇੱਥੋਂ ਤੱਕ ਚਲੇ ਜਾਂਦੇ ਹਨ ਕਿ ਮੋਦੀ ਦੀ ਹਾਰ ਉੱਤੇ ਪਾਕਿਸਤਾਨ ਵਿੱਚ ਮਿਠਾਈਆਂ ਵੰਡੀਆਂ ਜਾਣਗੀਆਂ।
ਅਸਲ ਵਿੱਚ ਮੋਦੀ ਰਾਜ ਦੇ ਪੰਜ ਸਾਲਾਂ ਦੌਰਾਨ ਭਾਜਪਾ ਦੇ ਪੱਲੇ ਅਜਿਹੀ ਕੋਈ ਪ੍ਰਾਪਤੀ ਨਹੀਂ, ਜਿਸ ਦੇ ਅਧਾਰ ਉੱਤੇ ਉਹ ਵੋਟਰਾਂ ਪਾਸ ਜਾ ਸਕੇ। ਭਾਜਪਾ ਨੂੰ ਪਤਾ ਹੈ ਕਿ ਵਾਜਪਾਈ ਦੇ ਰਾਜ ਸਮੇਂ 2004 ਵਿੱਚ ਉਨ੍ਹਾ ਦੀ 'ਇੰਡੀਆ ਸ਼ਾਈਨਿੰਗ' ਮੁਹਿੰਮ ਦਾ ਕੀ ਹਸ਼ਰ ਹੋਇਆ ਸੀ। ਇਸ ਲਈ ਭਾਜਪਾ ਆਗੂ ਦੋਬਾਰਾ ਉਹੋ ਜਿਹਾ ਜੋਖ਼ਮ ਨਹੀਂ ਲੈਣਾ ਚਾਹੁੰਦੇ।
ਇਸ ਲਈ ਸਭ ਤੋਂ ਸੌਖਾ ਤਰੀਕਾ ਹੈ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਭਰ ਦੇਵੋ। ਇਸੇ ਲਈ ਮੋਦੀ ਦੀ ਚੋਣ ਮੁਹਿੰਮ ਦੇ ਮੁੱਖ ਮੁੱਦੇ ਹਨ, ਪਾਕਿਸਤਾਨ, ਆਤੰਕਵਾਦ, ਭ੍ਰਿਸ਼ਟਾਚਾਰ ਤੇ ਵਿਰੋਧੀਆਂ ਵਿੱਚ ਰਾਸ਼ਟਰਵਾਦ ਦੀ ਕਮੀ ਦਾ ਦੋਸ਼। ਇਸੇ ਲਈ ਹੁਣ ਤੱਕ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਸਭ ਚੋਟੀ ਦੇ ਆਗੂਆਂ ਦੇ ਭਾਸ਼ਣਾਂ ਵਿੱਚੋਂ ਰੋਜ਼ਗਾਰ, ਵਿਕਾਸ, ਕਿਸਾਨੀ ਸੰਕਟ ਸਭ ਗਾਇਬ ਹਨ। ਉਹ ਅਜਿਹੀ ਚੋਣ ਲੜਾਈ ਲੜ ਰਹੇ ਹਨ, ਜਿਸ ਵਿੱਚ ਉਨ੍ਹਾਂ ਨੂੰ ਵਿਰੋਧੀਆਂ ਦੇ ਇਲਜ਼ਾਮਾਂ ਦਾ ਜਵਾਬ ਨਾ ਦੇਣਾ ਪਵੇ। ਉਲਟਾ ਉਹ ਵਿਰੋਧੀਆਂ ਉੱਤੇ ਹਮਲੇ ਕਰਦੇ ਹਨ। ਮੋਦੀ ਕਹਿੰਦੇ ਹਨ ਦੇਖੋ ਅੱਤਵਾਦੀ ਤੇ ਪਾਕਿਸਤਾਨ ਮੈਨੂੰ ਹਾਰਦਾ ਦੇਖਣਾ ਚਾਹੁੰਦਾ ਹੈ ਤੇ ਵਿਰੋਧੀ ਪਾਰਟੀਆਂ ਵੀ ਇਹੋ ਚਾਹੁੰਦੀਆਂ ਹਨ। ਉਹ ਕਹਿੰਦੇ ਹਨ ਕਿ ਦੇਖੋ ਤੁਸੀਂ ਮੈਨੂੰ ਚੁਣ ਕੇ ਵਧੀਆ ਫ਼ੈਸਲਾ ਕੀਤਾ। ਮੈਥੋਂ ਪਹਿਲਾਂ ਜਿਹੜੇ ਹਾਕਮ ਸਨ, ਸਾਰੇ ਮੂਰਖ ਸਨ। ਇਤਿਹਾਸ ਤਾਂ ਮੈਥੋਂ ਸ਼ੁਰੂ ਹੋ ਰਿਹਾ ਹੈ, ਪਰ ਤੁਸੀਂ ਹਾਲੇ ਮੇਰੇ ਹੱਥ ਦੇਖੇ ਹੀ ਨਹੀਂ। ਇੱਕ ਵਾਰ ਫਿਰ ਜਿਤਾ ਦਿਓ, ਫਿਰ ਦੇਖਿਓ ਭਾਰਤ ਕਿੱਥੇ ਪਹੁੰਚਦਾ ਹੈ।
ਬਹੁ-ਗਿਣਤੀ ਦੇ ਮਨਾਂ ਵਿੱਚ ਡਰ ਦੀ ਭਾਵਨਾ ਪੈਦਾ ਕਰਨ ਵਾਲੀ ਇਹ ਰਣਨੀਤੀ ਸਿਰਫ਼ ਮੋਦੀ ਦੀ ਨਹੀਂ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਹੋ ਰਣਨੀਤੀ ਅਪਣਾਈ ਸੀ। ਟਰੰਪ ਨੇ ਆਪਣੇ ਦੇਸ਼ ਵਾਸੀਆਂ ਨੂੰ ਡਰਾਉਣ ਲਈ ਅਵੈਧ ਪ੍ਰਵਾਸੀਆਂ ਨੂੰ ਮੁੱਦਾ ਬਣਾਇਆ ਸੀ। ਨਰਿੰਦਰ ਮੋਦੀ ਬਹੁ-ਗਿਣਤੀ ਹਿੰਦੂ ਭਾਈਚਾਰੇ ਨੂੰ ਅੱਤਵਾਦ ਤੇ ਪਾਕਿਸਤਾਨ ਤੋਂ ਡਰਾ ਰਹੇ ਹਨ। ਅਸਲ ਵਿੱਚ ਇਸ ਤਰ੍ਹਾਂ ਕਰ ਕੇ ਉਹ ਅਸਿੱਧੇ ਰੂਪ ਵਿੱਚ ਦੇਸ਼ ਦੇ ਮੁਸਲਮਾਨਾਂ ਵਿਰੁੱਧ ਬਹੁ-ਗਿਣਤੀ ਭਾਈਚਾਰੇ ਨੂੰ ਲਾਮਬੰਦ ਕਰ ਰਹੇ ਹਨ।
ਹੁਣ ਤੱਕ ਕਾਂਗਰਸ ਦੀ ਘੱਟੋ ਘੱਟ ਆਮਦਨ ਗਰੰਟੀ ਯੋਜਨਾ ਦੇ ਬਾਵਜੂਦ ਕੋਈ ਪਾਰਟੀ ਮੋਦੀ ਦੀ ਇਸ ਰਣਨੀਤੀ ਦਾ ਤੋੜ ਨਹੀਂ ਲੱਭ ਸਕੀ। ਚੋਣ ਮੁਹਿੰਮ ਦੇ ਹਾਲੇ ਮੁੱਢਲੇ ਦਿਨ ਹਨ, ਇਸ ਦੌਰਾਨ ਵਿਰੋਧੀ ਪਾਰਟੀਆਂ ਜੇਕਰ ਆਰਥਿਕ ਮੁੱਦਿਆਂ ਨੂੰ ਚੋਣਾਂ ਦਾ ਕੇਂਦਰ ਬਿੰਦੂ ਬਣਾਉਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਉਹ ਭਾਜਪਾ ਨੂੰ ਪਿਛਾੜਨ ਵਿੱਚ ਕਾਮਯਾਬ ਹੋ ਸਕਦੀਆਂ ਹਨ। ਰਾਸ਼ਟਰਵਾਦ ਦਾ ਬੁਖਾਰ ਤਾਂ ਸਿਰਫ਼ ਸ਼ਹਿਰੀ ਮੱਧ ਵਰਗ ਨੂੰ ਹੀ ਚੜ੍ਹਿਆ ਹੋਇਆ, ਅਸਲੀ ਹਿੰਦੋਸਤਾਨ ਤਾਂ ਪਿੰਡਾਂ ਵਿੱਚ ਵਸਦਾ ਹੈ।

1052 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper