Latest News
ਕਾਰ ਸੇਵਾ ਬਹਾਨੇ ਵਿਰਾਸਤ ਉੱਤੇ ਕੁਹਾੜਾ

Published on 02 Apr, 2019 11:46 AM.


ਪਿਛਲੇ ਦੋ ਦਿਨ ਲਗਾਤਾਰ ਇਸ ਗੱਲ ਉੱਤੇ ਕਾਫੀ ਵਿਵਾਦ ਬਣਿਆ ਰਿਹਾ ਹੈ ਕਿ ਤਰਨ ਤਾਰਨ ਦਰਬਾਰ ਸਾਹਿਬ ਅੱਗੇ ਇੱਕ ਸੌ ਅੱਸੀ ਸਾਲ ਪਹਿਲਾਂ ਦੀ ਬਣੀ ਹੋਈ ਦਰਸ਼ਨੀ ਡਿਉੜੀ ਢਾਹ ਦੇਣ ਦਾ ਦੋਸ਼ੀ ਕੌਣ ਹੈ? ਇੱਕ ਕਾਰ ਸੇਵਾ ਵਾਲੇ ਬਾਬੇ ਦੇ ਸੇਵਕਾਂ ਨੇ ਅੱਧੀ ਰਾਤ ਨੂੰ ਆਣ ਕੇ ਇਸ ਨੂੰ ਢਾਹੁਣਾ ਸ਼ੁਰੂ ਕੀਤਾ ਅਤੇ ਜਦੋਂ ਕੁਝ ਲੋਕ ਰੋਕਣ ਆਏ ਤਾਂ ਉਨ੍ਹਾਂ ਦੀ ਕੁੱਟ-ਮਾਰ ਕਰ ਦਿੱਤੀ ਤਾਂ ਇਸ ਨਾਲ ਸ਼ਹਿਰ ਵਿੱਚ ਰੌਲਾ ਪੈ ਗਿਆ ਸੀ। ਅਗਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲੋਕਾਂ ਅੰਦਰ ਉਪਜੇ ਰੋਹ ਦੀ ਸਮਝ ਆਈ ਤਾਂ ਉਸ ਨੇ ਝੱਟਪੱਟ ਇਸ ਦਰਬਾਰ ਸਾਹਿਬ ਦੇ ਮੈਨੇਜਰ ਦੀ ਬਦਲੀ ਹਰਿਆਣੇ ਵਿਚਲੇ ਜੀਂਦ ਦੇ ਗੁਰਦੁਆਰਾ ਸਾਹਿਬ ਦੀ ਕਰ ਕੇ ਇਹ ਪ੍ਰਭਾਵ ਦਿੱਤਾ ਕਿ ਉਹ ਇਸ ਗੱਲੋਂ ਬੜਾ ਨਾਰਾਜ਼ ਹੈ। ਸਥਿਤੀ ਦੀ ਕੁੜੱਤਣ ਤੋਂ ਬਚਣ ਲਈ ਪੁੱਟਿਆ ਗਿਆ ਏਦਾਂ ਦਾ ਕੋਈ ਵੀ ਕਦਮ ਉਸ ਗੁਨਾਹ ਦੀ ਭਰਪਾਈ ਨਹੀਂ ਕਰ ਸਕਦਾ, ਜਿਹੜਾ ਇਸ ਦਰਸ਼ਨੀ ਡਿਉੜੀ ਉਤੇ ਟੱਕ ਵੱਜਣ ਨਾਲ ਹੋ ਚੁੱਕਾ ਹੈ। ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜਦੋਂ ਇਸ ਘਟਨਾ ਦੀ ਜਾਂਚ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਇਹ ਜਾਂਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਜਾਂ ਕਾਰਿੰਦਿਆਂ ਦੇ ਰਾਹੀਂ ਕੀਤੀ ਜਾਣ ਨਾਲ ਲੋਕਾਂ ਦੀ ਤਸੱਲੀ ਸ਼ਾਇਦ ਨਹੀਂ ਹੋ ਸਕਣੀ, ਕੋਈ ਨਿਰਪੱਖ ਕਮੇਟੀ ਇਸ ਦੀ ਜਾਂਚ ਕਰੇ ਤਾਂ ਜ਼ਿਆਦਾ ਠੀਕ ਸਮਝੀ ਜਾਵੇਗੀ।
ਹੋਇਆ ਅਸਲ ਵਿੱਚ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਾਲ ਕੋਈ ਮਤਾ ਪਾਸ ਕਰ ਦਿੱਤਾ ਕਿ ਤਰਨ ਤਾਰਨ ਵਾਲੇ ਦਰਬਾਰ ਸਾਹਿਬ ਦੇ ਅੱਗੇ ਬਣੀ ਦਰਸ਼ਨੀ ਡਿਉੜੀ ਢਾਹ ਕੇ ਨਵੀਂ ਉਸਾਰੀ ਕਰਵਾਈ ਜਾਵੇ ਤੇ ਇਹ ਕੰਮ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਸੀ। ਜਦੋਂ ਇਸ ਨੂੰ ਢਾਹੇ ਜਾਣ ਦਾ ਰੌਲਾ ਪਿਆ ਤਾਂ ਸ਼੍ਰੌਮਣੀ ਕਮੇਟੀ ਦੇ ਮੁਖੀ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਕਹਿ ਕੇ ਪੱਲਾ ਛੁਡਾਉਣ ਦਾ ਯਤਨ ਕੀਤਾ ਕਿ ਮਤਾ ਪਾਸ ਕਰਨ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ। ਉਹ ਮਤਾ ਵਾਪਸ ਕਦੋਂ ਲਿਆ ਸੀ, ਇਸ ਦਾ ਕਿਸੇ ਨੂੰ ਪਤਾ ਨਹੀਂ। ਕਾਰ ਸੇਵਾ ਵਾਲੇ ਬਾਬੇ ਦੇ ਪ੍ਰਤੀਨਿਧ ਇਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਸ਼੍ਰੋਮਣੀ ਕਮੇਟੀ ਦਾ ਮਤਾ ਹੈ ਤੇ ਇਹ ਕੰਮ ਕਰਨ ਲਈ ਜਦੋਂ ਉਹ ਓਥੇ ਲੋੜੀਂਦਾ ਸਾਮਾਨ ਲੈ ਕੇ ਗਏ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਏਸੇ ਲਈ ਰੋਕਿਆ ਨਹੀਂ ਸੀ। ਇਹੀ ਗੱਲ ਸਾਬਤ ਕਰਦੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਠੀਕ ਨਹੀਂ ਬੋਲ ਰਿਹਾ, ਸਿਰਫ ਪਰਦਾ-ਪੋਸ਼ੀ ਕਰਨ ਦਾ ਯਤਨ ਕਰਦਾ ਪਿਆ ਹੈ।
ਮਾਮਲਾ ਧਾਰਮਿਕ ਸਥਾਨ ਦਾ ਹੈ ਅਤੇ ਧਾਰਮਿਕ ਸਥਾਨ ਵੀ ਉਹ, ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ, ਇਸ ਲਈ ਕਿਸੇ ਹੋਰ ਦਾ ਦਖਲ ਵਾਜਬ ਨਹੀਂ ਲੱਗਦਾ, ਪਰ ਇੱਕ ਹੋਰ ਵੱਡਾ ਕਾਰਨ ਹੈ, ਜਿਹੜਾ ਦਰਸ਼ਨੀ ਡਿਉੜੀ ਨੂੰ ਢਾਹੇ ਜਾਣ ਦਾ ਵਿਰੋਧ ਕਰਨ ਲਈ ਹਰ ਪੰਜਾਬੀ ਨੂੰ ਹੱਕ ਦੇਂਦਾ ਹੈ। ਇਹ ਦਰਸ਼ਨੀ ਡਿਉੜੀ ਕਿਸੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਨਾਲ ਨਹੀਂ ਸੀ ਬਣਾਈ ਗਈ, ਇੱਕ ਸੌ ਅੱਸੀ ਸਾਲ ਦੇ ਕਰੀਬ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਹਾਰਾਜਾ ਦੇ ਪੋਤਰੇ ਦੀ ਅਗਵਾਈ ਵਿੱਚ ਉਸਾਰੀ ਗਈ ਸੀ। ਇਸ ਤਰ੍ਹਾਂ ਇਹ ਇੱਕ ਆਮ ਉਸਾਰੀ ਨਾ ਰਹਿ ਕੇ ਇੱਕ ਵਿਰਾਸਤ ਵਾਲਾ ਦਰਜਾ ਅਖਤਿਆਰ ਕਰ ਚੁੱਕੀ ਸੀ। ਬਦਕਿਸਮਤੀ ਨਾਲ ਸਾਡੇ ਧਾਰਮਿਕ ਆਗੂਆਂ ਨੂੰ ਵਿਰਾਸਤ ਵਰਗੀ ਗੱਲ ਦਾ ਪਤਾ ਹੀ ਨਹੀਂ।
ਅਸੀਂ ਜਾਣਦੇ ਹਾਂ ਕਿ ਸਿੱਖ ਧਰਮ ਵਿੱਚ ਕਾਰ ਸੇਵਾ ਬਾਰੇ ਬੜੇ ਸਤਿਕਾਰ ਦੀ ਭਾਵਨਾ ਹੈ, ਪਰ ਇਹ ਕੰਮ ਆਮ ਕਰ ਕੇ ਉਨ੍ਹਾਂ ਸੰਤਾਂ ਦੇ ਹਵਾਲੇ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਗੁਰੂ ਘਰਾਂ ਵਿੱਚ ਹਰ ਥਾਂ ਸੰਗਮਰਮਰ ਭਾਵੇਂ ਬੜਾ ਲਾਇਆ ਹੈ, ਪਰ ਕਿਸੇ ਵੀ ਥਾਂ ਜਿਹੜੀ ਬਚੀ-ਖੁਚੀ ਵਿਰਾਸਤ ਦਿਖਾਈ ਦੇਂਦੀ ਸੀ, ਉਸ ਨੂੰ ਸੰਭਾਲਣ ਦਾ ਯਤਨ ਨਹੀਂ ਕੀਤਾ। ਸੰਸਾਰ ਇਸ ਵੇਲੇ ਹਰ ਦੇਸ਼ ਤੇ ਹਰ ਸਮਾਜ ਵਿੱਚ ਵਿਰਾਸਤ ਦੇ ਚਿੰਨ੍ਹਾਂ ਨੂੰ ਸੰਭਾਲਣ ਬਾਰੇ ਜਾਗਰੂਕ ਹੋ ਰਿਹਾ ਹੈ ਤੇ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਅਤੇ ਉਸ ਨਾਲ ਜੁੜੇ ਹੋਏ ਸੰਤ ਬਾਬੇ ਵਿਰਾਸਤ ਦਾ ਘਾਣ ਕਰੀ ਜਾਂਦੇ ਹਨ। ਜਿਹੜੇ ਗੁਰੂ ਘਰਾਂ ਵਿੱਚ ਕਦੇ ਨਾਨਕਸ਼ਾਹੀ ਇੱਟਾਂ ਦੀ ਨਾਲ ਬਣੇ ਬੁੰਗੇ ਤੇ ਪ੍ਰਕਰਮਾ ਹੋਇਆ ਕਰਦੀਆਂ ਸਨ, ਉਨ੍ਹਾਂ ਸਭਨਾਂ ਵਿੱਚ ਪੁਰਾਤਨਤਾ ਦੀ ਸਾਰੀ ਝਲਕ ਮਿਟਾ ਕੇ ਸਿਰਫ ਇੱਟਾਂ ਦੇ ਬਜਾਏ ਸੰਗਮਰਮਰ ਨਹੀਂ ਲਾਇਆ ਗਿਆ, ਇਤਹਾਸ ਨਾਲ ਜੁੜੇ ਹੋਏ ਉਹ ਬੁੰਗੇ ਵੀ ਮਿਟਾ ਦਿੱਤੇ ਗਏ ਹਨ। ਇਹ ਰਿਵਾਜ ਪੈ ਗਿਆ ਹੈ ਕਿ ਹਰ ਕਿਸੇ ਗੁਰੂ ਘਰ ਦੇ ਦੁਆਲੇ ਦੋ-ਢਾਈ ਫੁੱਟ ਚੌੜਾਈ ਵਾਲੀ ਕੰਕਰੀਟ ਦੀ ਦੀਵਾਰ ਬਣਾਈ ਜਾਵੇ ਤੇ ਇਸ ਕੰਮ ਦੇ ਲਈ ਓਥੇ ਬਣੇ ਹੋਏ ਕਿਸੇ ਵੀ ਪੁਰਾਤਨ ਢਾਂਚੇ ਨੂੰ ਬੇਲੋੜਾ ਸਮਝ ਕੇ ਢੇਰੀ ਕਰ ਦਿੱਤਾ ਜਾਵੇ। ਇਸ ਤਰ੍ਹਾਂ ਹੁੰਦਾ ਕਿਉਂ ਹੈ, ਇਸ ਬਾਰੇ ਸ਼ਾਇਦ ਕੋਈ ਵੀ ਨਹੀਂ ਜਾਣਦਾ ਅਤੇ ਸ਼ਾਇਦ ਬਣਾਉਣ ਵਾਲੇ ਖੁਦ ਵੀ ਨਹੀਂ ਜਾਣਦੇ ਹੋਣਗੇ।
ਇਹੀ ਨਹੀਂ, ਇਹ ਗੱਲ ਵੀ ਆਮ ਚਰਚਾ ਵਿੱਚ ਹੈ ਕਿ ਕਾਰ ਸੇਵਾ ਕਿਸੇ ਸੰਤ ਬਾਬੇ ਨੂੰ ਸੌਂਪਣ ਦੇ ਪਿੱਛੇ ਵੀ ਕਈ ਕਿਸਮ ਦੀ ਗੰਢ-ਤੁੱਪ ਕੀਤੀ ਜਾਂਦੀ ਹੈ, ਜਿਸ ਵਿੱਚ ਏਥੋਂ ਤੱਕ ਤੈਅ ਕੀਤਾ ਜਾਂਦਾ ਹੈ ਕਿ ਇਹ ਬਾਬਾ ਗੁਰੂ-ਘਰ ਵਿੱਚ ਗੋਲਕਾਂ ਕਿੰਨੀਆਂ ਅਤੇ ਕਿੱਥੇ-ਕਿੱਥੇ ਰੱਖ ਸਕੇਗਾ? ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਹਨ ਕਿ ਅਸਲ ਵਿੱਚ ਕਾਰ ਸੇਵਾ ਨਾਲੋਂ ਵੱਧ ਗੋਲਕਾਂ ਵਾਲੇ ਮਾਮਲੇ ਦਾ ਧਿਆਨ ਰੱਖਿਆ ਜਾਂਦਾ ਹੈ। ਜਦੋਂ ਗੋਲਕਾਂ ਭਾਰੂ ਹੋ ਜਾਣ ਅਤੇ ਇਸ ਕੰਮ ਲਈ ਗੰਢ-ਤੁੱਪ ਦੇ ਬਾਅਦ ਮਤੇ ਪਾਸੇ ਹੋਣ ਅਤੇ ਮੱਤਭੇਦਾਂ ਕਾਰਨ ਰੱਦ ਹੋਣ ਲੱਗ ਜਾਣ ਤਾਂ ਵਿਰਾਸਤ ਯਾਦ ਕਿਸ ਨੂੰ ਰਹਿੰਦੀ ਹੈ? ਫਿਰ ਇਹੋ ਕੰਮ ਹੁੰਦਾ ਹੈ। ਮਿਸਾਲ ਲੈਣੀ ਹੋਵੇ ਤਾਂ ਹਰ ਗੁਰਦੁਆਰੇ ਦੀ ਪ੍ਰਕਰਮਾ ਵਿੱਚ ਲੱਗੇ ਹੋਏ ਰੁੱਖ ਪੁੱਟੇ ਜਾਣ ਤੋਂ ਲੈ ਕੇ ਕਈ ਗੱਲਾਂ ਵਿੱਚ ਸਭ ਦਿੱਸ ਪੈਂਦਾ ਹੈ।
ਤਰਨ ਤਾਰਨ ਵਿੱਚ ਦਰਸ਼ਨੀ ਡਿਉੜੀ ਦੇ ਮਾਮਲੇ ਵਿੱਚ ਜੋ ਵੀ ਹੋਇਆ, ਉਸ ਦਾ ਬੜਾ ਮਾੜਾ ਪ੍ਰਭਾਵ ਪਿਆ ਹੈ ਤੇ ਇਸ ਮਾੜੇ ਪ੍ਰਭਾਵ ਦੀ ਜ਼ਿੰਮੇਵਾਰੀ ਉਸ ਕਾਰ ਸੇਵਾ ਵਾਲੇ ਬਾਬੇ ਉੱਤੇ ਹੀ ਨਹੀਂ ਆਉਂਦੀ, ਜਿਸ ਨੇ ਪਹਿਲਾਂ ਬੜ੍ਹਕ ਮਾਰੀ ਸੀ ਤੇ ਫਿਰ ਮੁਆਫੀ ਮੰਗ ਲਈ ਹੈ। ਇਹ ਜ਼ਿੰਮੇਵਾਰੀ ਕਿਸੇ ਉਸ ਮੈਨੇਜਰ ਉੱਤੇ ਵੀ ਨਹੀਂ ਖਤਮ ਹੁੰਦੀ, ਜਿਸ ਨੂੰ ਪਹਿਲਾਂ ਥਾਪੜੇ ਨਾਲ ਇਹ ਕੰਮ ਕਰ ਦੇਣ ਨੂੰ ਕਿਹਾ ਗਿਆ ਤੇ ਫਿਰ ਬਲੀ ਦਾ ਬੱਕਰਾ ਬਣਾ ਕੇ ਹਰਿਆਣੇ ਨੂੰ ਤੋਰ ਦਿੱਤਾ ਹੈ। ਜ਼ਿੰਮੇਵਾਰੀ ਸਮੁੱਚੇ ਗੁਰਦੁਆਰਾ ਪ੍ਰਬੰਧ ਦੀ ਦੇਖ-ਰੇਖ ਕਰਨ ਵਾਲੀ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਮੌਜੂਦਾ ਪ੍ਰਧਾਨ ਦੀ ਬਣਦੀ ਹੈ, ਜਿਸ ਨੇ ਕਿਸੇ ਦੇ ਕਹਿਣ ਉੱਤੇ ਪਹਿਲਾਂ ਇਹ ਕੰਮ ਹੋਣ ਦਿੱਤਾ ਤੇ ਫਿਰ ਪੋਚੇ ਮਾਰਨ ਦਾ ਯਤਨ ਕਰਦਾ ਪਿਆ ਹੈ। ਉਸ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਪਿੱਛੇ ਜੋ ਕੁਝ ਵੀ ਹੋਇਆ ਹੋਵੇ, ਅੱਗੋਂ ਲਈ ਇਸ ਤਰ੍ਹਾਂ ਦਾ ਕੋਈ ਕੰਮ ਕਰਨ ਦੇ ਲਈ ਕਿਸੇ ਵੀ ਵੱਡੀ ਹਸਤੀ ਦੇ ਕਹਿਣ ਉੱਤੇ ਹਾਮੀ ਭਰਨ ਤੋਂ ਗੁਰੇਜ਼ ਕਰੇ। ਵਿਰਾਸਤ ਦੇ ਮਾਮਲੇ ਵਿੱਚ ਉਸ ਦੀ ਕੋਤਾਹੀ ਇਤਹਾਸ ਵਿੱਚ ਦਰਜ ਹੋ ਸਕਦੀ ਹੈ।
-ਜਤਿੰਦਰ ਪਨੂੰ

1239 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper