Latest News
ਕਲਾਕਾਰਾਂ, ਵਿਗਿਆਨਕਾਂ ਤੇ ਲੇਖਕਾਂ ਦੀ ਅਪੀਲ

Published on 09 Apr, 2019 11:18 AM.


ਪਿਛਲੇ ਪੌਣੇ ਪੰਜ ਸਾਲ ਦੇ ਮੋਦੀ ਰਾਜ ਦੌਰਾਨ ਦੇਸ਼ ਦੇ ਬੁੱਧੀਜੀਵੀ ਵਰਗ, ਲੇਖਕਾਂ, ਪੱਤਰਕਾਰਾਂ ਤੇ ਹੋਰ ਅਸਹਿਮਤੀ ਦੀ ਅਵਾਜ਼ ਉਠਾਉਣ ਵਾਲਿਆਂ ਨੇ ਸਭ ਤੋਂ ਵੱਧ ਸੰਤਾਪ ਹੰਢਾਇਆ ਹੈ। ਗਊ ਰੱਖਿਆ ਦੇ ਨਾਂਅ ਉੱਤੇ ਭੀੜ ਤੰਤਰੀ ਹਤਿਆਵਾਂ ਵਿਰੁੱਧ ਅਵਾਜ਼ ਚੁੱਕਣ ਵਾਲੇ ਤਰਕਵਾਦੀਆਂ ਨੂੰ 'ਟੁਕੜੇ-ਟੁਕੜੇ ਗੈਂਗ ਅਤੇ ਅਰਬਨ ਨਕਸਲਵਾਦੀਏ ਜਿਹੇ ਨਾਵਾਂ ਨਾਲ ਛੁਟਿਆਉਣ ਦੀ ਕੋਸ਼ਿਸ਼ ਕੀਤੀ ਗਈ। ਕੱਟੜਵਾਦੀ ਹਿੰਦੂਤਵੀ ਵਿਚਾਰਧਾਰਾ ਵਿਰੁੱਧ ਅਵਾਜ਼ ਚੁੱਕਣ ਵਾਲਿਆਂ ਦੀਆਂ ਹਤਿਆਵਾਂ ਤੱਕ ਕਰ ਦਿੱਤੀਆਂ ਗਈਆਂ।
ਉਨ੍ਹਾਂ ਸਭ ਅਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹੜੀਆਂ ਸਰਕਾਰ ਦੇ ਵਿਰੁੱਧ ਉੱਠਦੀਆਂ ਸਨ। ਮੋਦੀ ਸਰਕਾਰ ਦੇ ਵਿਰੋਧ ਨੂੰ ਦੇਸ਼ ਦਾ ਵਿਰੋਧ ਕਰਾਰ ਦਿੱਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ। ਫਰਵਰੀ 2015 ਵਿੱਚ ਖੱਬੇ ਪੱਖੀ ਲੇਖਕ ਗੋਬਿੰਦ ਪਨਸਾਰੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸੇ ਸਾਲ ਲੇਖਕ ਤੇ ਪ੍ਰੋਫ਼ੈਸਰ ਕਲਬੁਰਗੀ ਦੀ ਵੀ ਹੱਤਿਆ ਕਰ ਦਿੱਤੀ ਗਈ। ਇਸ ਦੇ ਦੋ ਸਾਲ ਬਾਅਦ 2017 ਵਿੱਚ ਬੈਂਗਲੁਰੂ ਵਿੱਚ ਰਹਿਣ ਵਾਲੀ ਪੱਤਰਕਾਰ ਗੌਰੀ ਲੰਕੇਸ਼ ਦੀ ਜਾਨ ਲੈ ਲਈ ਗਈ। ਇਨ੍ਹਾਂ ਹੱਤਿਆਵਾਂ ਤੋਂ ਪਹਿਲਾਂ ਅੰਧ-ਵਿਸ਼ਵਾਸ ਵਿਰੁੱਧ ਅਵਾਜ਼ ਉਠਾਉਣ ਵਾਲੇ ਨਰਿੰਦਰ ਡਾਭੋਲਕਰ ਨੂੰ ਮਾਰ ਦਿੱਤਾ ਗਿਆ ਸੀ। ਇਨ੍ਹਾਂ ਹੱਤਿਆਵਾਂ ਦੀ ਇੱਕ ਸਮਾਨਤਾ ਸੀ ਕਿ ਇਹ ਚਾਰੇ ਹਿੰਦੂ ਰਾਸ਼ਟਰਵਾਦ ਦਾ ਵਿਰੋਧ ਕਰਦੇ ਸਨ। ਵੱਖ-ਵੱਖ ਏਜੰਸੀਆਂ ਦੀ ਜਾਂਚ ਤੋਂ ਬਾਅਦ ਇਹ ਵੀ ਸਪੱਸ਼ਟ ਹੋ ਚੁੱਕਾ ਹੈ ਕਿ ਇਨ੍ਹਾਂ ਸਭ ਹੱਤਿਆਵਾਂ ਵਿੱਚ ਇੱਕੋ ਕਿਸਮ ਦੇ ਹਥਿਆਰ ਵਰਤੇ ਗਏ ਸਨ। ਹਿੰਦੂਤਵੀ ਵਿਚਾਰਧਾਰਾ ਦੀ ਅਲੋਚਨਾ ਕਾਰਨ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨੱ੍ਹਈਆ ਕੁਮਾਰ ਤੇ ਉਸ ਦੇ ਸਾਥੀਆਂ ਵਿਰੁੱਧ ਦੇਸ਼ ਧ੍ਰੋਹ ਦਾ ਝੂਠਾ ਕੇਸ ਮੜ੍ਹ ਦਿੱਤਾ ਗਿਆ। ਇਹੋ ਨਹੀਂ ਪੁਨਿਆ ਪ੍ਰਸੁੰਨ ਵਾਜਪਾਈ ਵਰਗੇ ਬਹੁਤ ਸਾਰੇ ਪੱਤਰਕਾਰਾਂ ਨੂੰ ਮੀਡੀਆ ਚੈਨਲਾਂ ਦੇ ਮਾਲਕਾਂ ਉੱਤੇ ਦਬਾਅ ਪਾ ਕੇ ਨੌਕਰੀਆਂ ਤੋਂ ਕਢਾ ਦਿੱਤਾ ਗਿਆ। ਅਰਬਨ ਨਕਸਲਵਾਦ ਦੇ ਨਾਂਅ ਉੱਤੇ ਖੱਬੀ ਸੋਚ ਵਾਲੇ ਲੇਖਕਾਂ, ਪ੍ਰੋਫ਼ੈਸਰਾਂ, ਵਕੀਲਾਂ ਤੇ ਸਮਾਜਿਕ ਕਾਰਕੁੰਨਾਂ ਉੱਤੇ ਝੂਠੇ ਕੇਸ ਮੜ੍ਹ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ ਕਿ ਇਹ ਸਾਰਾ ਦੌਰ ਤਰਕਵਾਦੀਆਂ ਲਈ ਇੱਕ ਅਣਐਲਾਨੀ ਐਮਰਜੈਂਸੀ ਵਰਗਾ ਰਿਹਾ ਹੈ।
ਇਨ੍ਹਾਂ ਕਾਰਨਾਂ ਕਰਕੇ ਹੀ ਅੱਜ ਹਰ ਖੇਤਰ ਦਾ ਬੁੱਧੀਜੀਵੀ ਵਰਗ ਭਾਜਪਾ ਤੇ ਇਸ ਦੇ ਚੋਣ ਸਾਥੀਆਂ ਵਿਰੁੱਧ ਅਵਾਜ਼ ਬੁਲੰਦ ਕਰ ਰਿਹਾ ਹੈ। ਥੀਏਟਰ ਤੇ ਫ਼ਿਲਮਾਂ ਨਾਲ ਜੁੜੇ 600 ਤੋਂ ਵੱਧ ਕਲਾਕਾਰਾਂ ਨੇ ਇੱਕ ਬਿਆਨ ਜਾਰੀ ਕਰਕੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਫ਼ਰਤ ਤੇ ਕੱਟੜਤਾ ਦੇ ਵਿਰੁੱਧ ਵੋਟ ਪਾਉਣ। ਇਨ੍ਹਾਂ ਕਲਾਕਾਰਾਂ ਵਿੱਚ ਅਮੋਲ ਪਾਲੇਕਰ, ਅਨੁਰਾਗ ਕਸ਼ਯੱਪ, ਡੌਲੀ ਠਾਕੁਰ, ਨਸੀਰੂਦੀਨ ਸ਼ਾਹ, ਅਭਿਸ਼ੇਕ ਮੌਜੂਮਦਾਰ, ਐਮ ਕੇ ਰੈਣਾ, ਕੋਂਕਣਾ ਸੇਨ ਸ਼ਰਮਾ, ਰਤਨਾ ਪਾਠਕ ਅਤੇ ਸੰਜਨਾ ਕਪੂਰ ਵਰਗੇ ਨਾਮੀ ਸਿਤਾਰੇ ਸ਼ਾਮਲ ਹਨ। ਇਨ੍ਹਾਂ ਸਿਤਾਰਿਆਂ ਨੇ ਆਪਣੇ ਬਿਆਨ ਵਿੱਚ ਭਾਜਪਾ ਤੇ ਉਸ ਦੇ ਸਹਿਯੋਗੀਆਂ ਵਿਰੁੱਧ ਵੋਟ ਪਾਉਣ ਅਤੇ ਧਰਮ ਨਿਰਪੱਖ, ਲੋਕਤੰਤਰਿਕ ਤੇ ਸ਼ਹਿਣਸ਼ੀਲਤਾ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਜਪਾ ਵਿਕਾਸ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਪਰ ਇਸ ਨੇ ਹਿੰਦੂਤਵੀ ਗੁੰਡਿਆਂ ਨੂੰ ਨਫ਼ਰਤ ਤੇ ਹਿੰਸਾ ਦੀ ਰਾਜਨੀਤੀ ਦੀ ਖੁੱਲ੍ਹੀ ਛੁੱਟੀ ਦੇਈ ਰੱਖੀ।
ਕਲਾਕਾਰਾਂ ਨੇ ਕਿਹਾ ਹੈ ਕਿ ਅੱਜ ਭਾਰਤ ਦਾ ਵਿਚਾਰ ਖਤਰੇ ਵਿੱਚ ਹੈ। ਅੱਜ ਗਾਣੇ, ਨਾਚ ਤੇ ਹਾਸਾ ਸਭ ਖਤਰੇ ਵਿੱਚ ਹਨ। ਅੱਜ ਸਾਡਾ ਸੰਵਿਧਾਨ ਵੀ ਖਤਰੇ ਵਿੱਚ ਹੈ। ਉਨ੍ਹਾਂ ਅਦਾਰਿਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ, ਜਿਨ੍ਹਾਂ ਦਾ ਕੰਮ ਤਰਕ-ਵਿਤਰਕ, ਵਾਦ-ਵਿਵਾਦ ਅਤੇ ਅਸਹਿਮਤੀ ਨੂੰ ਮਾਨਤਾ ਦਿੰਦਾ ਹੈ। ਸਵਾਲ ਕਰਨ, ਝੂਠ ਨੂੰ ਉਜਾਗਰ ਕਰਨ ਤੇ ਸੱਚ ਬੋਲਣ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਜਾ ਰਿਹਾ ਹੈ। ਕਲਾਕਾਰਾਂ ਨੇ ਲੋਕਾਂ ਨੂੰ ਸੰਵਿਧਾਨ ਬਚਾਉਣ, ਦੇਸ਼ ਦੀ ਧਰਮ ਨਿਰਪੱਖਤਾ ਦੀ ਰਾਖੀ ਕਰਨ ਤੇ ਤਬਾਹੀ ਦੀਆਂ ਹਮਾਇਤੀ ਤਾਕਤਾਂ ਨੂੰ ਹਰਾਉਣ ਲਈ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਇਸ ਤੋਂ ਪਹਿਲਾਂ 200 ਤੋਂ ਵੱਧ ਲੇਖਕਾਂ ਨੇ ਵੀ ਨਫ਼ਰਤੀ ਰਾਜਨੀਤੀ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ ਸੀ। ਅਪੀਲ 'ਤੇ ਦਸਤਖਤ ਕਰਨ ਵਾਲੇ 210 ਲੇਖਕਾਂ ਨੇ ਕਿਹਾ ਸੀ ਕਿ ਅਗਾਮੀ ਚੋਣਾਂ ਵਿੱਚ ਦੇਸ਼ ਚੌਰਾਹੇ 'ਤੇ ਖੜਾ ਹੈ। ਸਾਡਾ ਸੰਵਿਧਾਨ ਸਭ ਨਾਗਰਿਕਾਂ ਨੂੰ ਬਰਾਬਰ ਅਧਿਕਾਰ, ਖਾਣ-ਪੀਣ, ਪਹਿਨਣ ਦੀ ਸੁਤੰਤਰਤਾ ਅਤੇ ਅਸਹਿਮਤੀ ਜਤਾਉਣ ਦੀ ਅਜ਼ਾਦੀ ਦਿੰਦਾ ਹੈ, ਪਰ ਕੁਝ ਸਮੇਂ ਤੋਂ ਇਨ੍ਹਾਂ ਅਧਿਕਾਰਾਂ ਦਾ ਹਨਨ ਕੀਤਾ ਗਿਆ ਹੈ। ਇਸ ਲਈ ਅਜਿਹੀ ਰਾਜਨੀਤੀ ਨੂੰ ਹਾਰ ਦਿੱਤੀ ਜਾਣੀ ਚਾਹੀਦੀ ਹੈ।
ਉਪਰੋਕਤ ਅਪੀਲਾਂ ਤੋਂ ਬਿਨਾਂ 150 ਤੋਂ ਵੱਧ ਵਿਗਿਆਨਕਾਂ ਤੇ 100 ਤੋਂ ਵੱਧ ਫਿਲਮਕਾਰਾਂ ਨੇ ਵੀ ਭੀੜਤੰਤਰੀ ਹੱਤਿਆਵਾਂ, ਅਸਮਾਨਤਾ, ਭੇਦਭਾਵ ਅਤੇ ਡਰ ਦੇ ਮਾਹੌਲ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ। ਇਹ ਬੁੱਧੀਜੀਵੀ ਵਰਗ ਸਮਾਜ ਦਾ ਸ਼ੀਸ਼ਾ ਹੁੰਦਾ ਹੈ । ਇਨ੍ਹਾਂ ਦੀ ਪੀੜਾ ਸਮੁੱਚੇ ਸਮਾਜ ਦੀ ਪੀੜਾ ਹੈ।

1020 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper