Latest News
ਈ ਵੀ ਐੱਮ ਸਕੈਂਡਲ ਦੇ ਖਿਲਾਫ ਆਪੋਜ਼ੀਸ਼ਨ ਫਿਰ ਸੁਪਰੀਮ ਕੋਰਟ ਜਾਏਗੀ

Published on 14 Apr, 2019 11:14 AM.


ਨਵੀਂ ਦਿੱਲੀ (ਨ ਜ਼ ਸ)
ਲੋਕ ਸਭਾ ਲਈ ਪਹਿਲੇ ਗੇੜ ਦੀ ਵੋਟਿੰਗ ਦੇ ਬਾਅਦ ਆਪੋਜ਼ੀਸ਼ਨ ਪਾਰਟੀਆਂ ਨੇ ਈ ਵੀ ਐੱਮ ਦਾ ਮੁੱਦਾ ਇਕ ਵਾਰ ਫਿਰ ਭਖਾ ਦਿੱਤਾ ਹੈ। 6 ਵੱਡੀਆਂ ਆਪੋਜ਼ੀਸ਼ਨ ਪਾਰਟੀਆਂ ਦੀ ਐਤਵਾਰ ਨੂੰ ਹੋਈ ਮੀਟਿੰਗ ਵਿਚ ਈ ਵੀ ਐੱਮ 'ਤੇ ਸਵਾਲ ਉਠਾਏ ਗਏ ਅਤੇ ਇਸ ਮੁੱਦੇ 'ਤੇ ਇਕ ਵਾਰ ਫਿਰ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਗਈ। ਮੀਟਿੰਗ ਵਿਚ ਬੈਲੇਟ ਪੇਪਰ ਨਾਲ ਵੋਟਿੰਗ ਦੀ ਵਕਾਲਤ ਕੀਤੀ ਗਈ। ਉਧਰ ਭਾਜਪਾ ਨੇ ਇਸ ਨੂੰ ਹਾਰ ਕਬੂਲ ਕਰਨ ਵਾਲੀ ਗੱਲ ਦੱਸਿਆ ਹੈ।
ਮੀਟਿੰਗ ਦੇ ਬਾਅਦ ਟੀ ਡੀ ਪੀ ਪ੍ਰਧਾਨ ਤੇ ਆਂਧਰਾ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਤੇ ਕਾਂਗਰਸ ਦੇ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਉਹ ਘੱਟੋ-ਘੱਟ 50 ਫੀਸਦੀ ਵੋਟ ਪਰਚੀਆਂ ਦਾ ਮਿਲਾਨ ਈ ਵੀ ਐੱਮ ਨਾਲ ਕਰਾਉਣ ਨੂੰ ਲੈ ਕੇ ਫਿਰ ਸੁਪਰੀਮ ਕੋਰਟ ਜਾਣਗੇ। ਨਾਇਡੂ ਨੇ ਕਿਹਾ ਕਿ ਵੋਟਰ ਦਾ ਭਰੋਸਾ ਸਿਰਫ ਪੇਪਰ ਟਰਾਇਲ ਮਸ਼ੀਨਾਂ ਨਾਲ ਹੀ ਬਹਾਲ ਕੀਤਾ ਜਾ ਸਕਦਾ ਹੈ, ਇੱਥੋਂ ਤੱਕ ਕਿ ਜਰਮਨੀ ਜਿਹਾ ਵਿਕਸਤ ਮੁਲਕ ਵੀ ਪੇਪਰ ਬੈਲੇਟ ਇਸਤੇਮਾਲ ਕਰਦਾ ਹੈ। ਹਾਲੈਂਡ ਵਿਚ ਵੀ ਬੈਲੇਟ ਨਾਲ ਚੋਣਾਂ ਹੋ ਰਹੀਆਂ ਹਨ। ਦੁਨੀਆ ਦੇ 191 ਮੁਲਕਾਂ ਵਿੱਚੋਂ ਸਿਰਫ 18 ਵਿਚ ਹੀ ਈ ਵੀ ਐੱਮ ਨਾਲ ਵੋਟਾਂ ਪੈਂਦੀਆਂ ਹਨ। ਚੋਣ ਕਮਿਸ਼ਨ ਨੇ ਕੋਰਟ ਵਿਚ ਗਲਤ ਦਲੀਲ ਦਿੱਤੀ ਹੈ। ਇਕ ਵਿਧਾਨ ਸਭਾ ਹਲਕੇ ਵਿਚ ਹੱਥ ਨਾਲ ਵੋਟਾਂ ਗਿਣਨ ਵਿਚ ਮਸੀਂ 24 ਘੰਟੇ ਲੱਗਣਗੇ। ਉਹ ਹਾਰ ਦੀ ਵਜ੍ਹਾ ਨਾਲ ਦੋਸ਼ ਨਹੀਂ ਲਾ ਰਹੇ। ਉਹ ਜਿੱਤ ਰਹੇ ਹਨ।
ਨਾਇਡੂ ਨੇ ਸ਼ਨਿਚਰਵਾਰ ਚੋਣ ਕਮਿਸ਼ਨ ਨੂੰ ਮਿਲ ਕੇ ਆਂਧਰਾ ਦੇ 150 ਪੋਲਿੰਗ ਕੇਂਦਰਾਂ 'ਤੇ ਦੋਬਾਰਾ ਪੋਲਿੰਗ ਕਰਾਉਣ ਦੀ ਮੰਗ ਕੀਤੀ ਸੀ।
ਸਿੰਘਵੀ ਨੇ ਕਿਹਾ ਕਿ ਉਹ 21 ਪਾਰਟੀਆਂ ਦਾ ਪੱਖ ਰੱਖ ਰਹੇ ਹਨ। ਚੋਣ ਪ੍ਰਕ੍ਰਿਆ ਉਤੇ ਵਾਰ-ਵਾਰ ਸਵਾਲ ਉੱਠ ਰਹੇ ਹਨ। ਚੋਣ ਕਮਿਸ਼ਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਪਹਿਲੇ ਗੇੜ ਵਿਚ ਬਟਨ ਕਿਸੇ ਹੋਰ ਦਾ ਦਬਦਾ ਸੀ ਤੇ ਵੋਟ ਕਿਸੇ ਹੋਰ ਨੂੰ ਪੈ ਰਹੀ ਸੀ। ਦਿਲਚਸਪ ਗੱਲ ਹੈ ਕਿ ਕੋਰਟ ਨੇ ਵੀ ਉਨ੍ਹਾਂ ਦੀ ਗੱਲ ਮੰਨੀ ਹੈ। ਉਹ ਕੋਰਟ ਵੀ ਜਾਣਗੇ ਤੇ ਦੇਸ਼ਵਿਆਪੀ ਮੁਹਿੰਮ ਵੀ ਚਲਾਉਣਗੇ। ਕਾਂਗਰਸ ਦੇ ਹੀ ਕਪਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਨੂੰ ਵੋਟਰ ਉਤੇ ਭਰੋਸਾ ਹੈ, ਪਰ ਮਸ਼ੀਨ ਉਤੇ ਨਹੀਂ। ਲੋਕ ਚਾਹੁੰਦੇ ਹਨ ਕਿ ਵੀਵੀਪੈਟ ਨਾਲ ਵੋਟਿੰਗ ਹੋਵੇ। ਚੋਣ ਕਮਿਸ਼ਨ ਸਾਨੂੰ 24 ਘੰਟੇ ਲਈ ਮਸ਼ੀਨ ਦੇ ਦੇਵੇ, ਅਸੀਂ ਦੱਸ ਦੇਵਾਂਗੇ ਕਿ ਗੜਬੜੀ ਕਿਵੇਂ ਹੁੰਦੀ ਹੈ। ਇਹ ਕੋਰਟ ਲਈ ਮੁਸ਼ਕਲ ਹੈ, ਕਿਉਂਕਿ ਉਹ ਗਰਾਉਂਡ 'ਤੇ ਨਹੀਂ ਦੇਖ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਵੀਵੀਪੈਟ ਵਿਚ ਵੀ ਪਰਚੀ 7 ਸਕਿੰਟ ਦੀ ਥਾਂ 3 ਸਕਿੰਟ ਦਿਖ ਰਹੀ ਹੈ।
'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਮਹੂਰੀਅਤ ਦਾ ਸਵਾਲ ਹੈ। ਇਕ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਬੈਲੇਟ ਪੇਪਰ ਨਾਲ ਵੋਟਿੰਗ ਦੀ ਮੰਗ ਕਰ ਰਹੀਆਂ ਹਨ।
ਖਰਾਬ ਮਸ਼ੀਨ ਵੀ ਭਾਜਪਾ ਨੂੰ ਫਾਇਦਾ ਪਹੁੰਚਾਉਂਦੀ ਹੈ। ਇਸ ਦੀ ਜਾਂਚ ਕਿਉਂ ਨਹੀਂ ਹੁੰਦੀ। ਈ ਵੀ ਐੱਮ ਜਾਣਬੁੱਝ ਕੇ ਖਰਾਬ ਕੀਤੀਆਂ ਜਾ ਰਹੀਆਂ ਹਨ, ਤਾਂਕਿ ਭਾਜਪਾ ਨੂੰ ਫਾਇਦਾ ਹੋਵੇ। ਈ ਵੀ ਐੱਮ ਦੇ ਅੰਦਰ ਖਾਮੀ ਨਹੀਂ, ਪਰ ਭਾਜਪਾ ਛੇੜਛਾੜ ਕਰ ਰਹੀ ਹੈ।

199 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper