Latest News
ਅੰਡਰਵੀਅਰ ਵਾਲੇ ਬਿਆਨ 'ਤੇ ਆਜ਼ਮ ਖਾਨ ਖਿਲਾਫ਼ ਕੇਸ ਦਰਜ

Published on 15 Apr, 2019 11:31 AM.


ਲਖਨਊ (ਨਵਾਂ ਜ਼ਮਾਨਾ ਸਰਵਿਸ)
ਲੋਕ ਸਭਾ ਚੋਣਾਂ ਲਈ ਸਿਆਸੀ ਘਮਸਾਨ ਦੇ ਵਿਚਕਾਰ ਭਾਜਪਾ ਉਮੀਦਵਾਰ ਜੈਪ੍ਰਦਾ ਖਿਲਾਫ਼ ਅਸ਼ਲੀਲ ਟਿੱਪਣੀ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਦੀਆਂ ਮੁਸ਼ਕਲਾਂ ਹੁਣ ਹੋਰ ਵਧਦੀਆਂ ਦਿਖਾਈ ਦੇ ਰਹੀਆਂ ਹਨ। ਇੱਕ ਪਾਸੇ ਜਿੱਥੇ ਆਜ਼ਮ ਦੇ ਖਿਲਾਫ਼ ਇਸ ਬਿਆਨ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ, ਉਥੇ ਦੂਜੇ ਪਾਸੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸਖ਼ਤੀ ਦਿਖਾਉਂਦੇ ਹੋਏ ਕਾਰਨ ਦੱਸੋ ਨੋਟਿਸ ਭੇਜਿਆ ਹੈ। ਕਾਂਗਰਸ ਨੇ ਵੀ ਆਜ਼ਮ ਖਿਲਾਫ਼ ਚੋਣ ਕਮਿਸ਼ਨ ਅਤੇ ਐੱਸ ਪੀ ਪ੍ਰਧਾਨ ਅਖਿਲੇਸ਼ ਯਾਦਵ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਜ਼ਮ ਦੇ ਬਿਆਨ ਦੀ ਦਰੋਪਦੀ ਦੇ ਚੀਰ-ਹਰਨ ਨਾਲ ਕਰਦੇ ਹੋਏ ਮੁਲਾਇਮ ਸਿੰਘ ਯਾਦਵ ਨੂੰ ਭੀਸ਼ਮ ਬਣ ਕੇ ਮੌਨ ਨਾ ਰਹਿਣ ਦੀ ਨਸੀਹਤ ਦਿੱਤੀ ਹੈ। ਉਧਰ ਸਮਾਜਵਾਦੀ ਪਾਰਟੀ ਦੀ ਬੁਲਾਰਾ ਜੂਹੀ ਸਿੰਘ ਨੇ ਇਸ ਨਸੀਹਤ ਨੂੰ ਲੈ ਕੇ ਸੁਸ਼ਮਾ ਸਵਰਾਜ ਨੂੰ ਘੇਰਿਆ ਹੈ।
ਕਾਂਗਰਸ ਨੇ ਵੀ ਆਜ਼ਮ ਖਾਨ ਦੀ ਇਤਰਾਜ਼ਯੋਗ ਟਿੱਪਣੀ ਦੀ ਨਿੰਦਾ ਕਰਦੇ ਹੋਏ ਚੋਣ ਕਮਿਸ਼ਨ ਅਤੇ ਐੱਸ ਪੀ ਪ੍ਰਧਾਨ ਅਖਿਲੇਸ਼ ਯਾਦਵ ਤੋਂ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪਾਰਟੀ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਟਵੀਟ ਕਰਕੇ ਕਿਹਾ, 'ਜੈਪ੍ਰਦਾ 'ਤੇ ਆਜ਼ਮ ਖਾਨ ਦੀ ਟਿੱਪਣੀ ਦਾ ਪੱਧਰ ਮਾੜਾ ਹੈ ਅਤੇ ਗਲਤ ਹੈ। ਇਸ ਤਰ੍ਹਾਂ ਦੇ ਬਿਆਨ ਇੱਕ ਜਿਊਂਦੇ ਲੋਕਤੰਤਰ ਲਈ ਅਪਮਾਨਜਨਕ ਹਨ। ਆਸ ਕਰਦਾ ਹਾਂ ਕਿ ਚੋਣ ਕਮਿਸ਼ਨ ਅਤੇ ਅਖਿਲੇਸ਼ ਯਾਦਵ ਇਸ ਦਾ ਨੋਟਿਸ ਲੈਣਗੇ ਅਤੇ ਕਾਰਵਾਈ ਕਰਨਗੇ।'
ਜ਼ਿਕਰਯੋਗ ਹੈ ਕਿ ਜੈਪ੍ਰਦਾ ਦਾ ਨਾਂਅ ਲਏ ਬਗੈਰ ਆਜ਼ਮ ਨੇ ਇੱਕ ਰੈਲੀ 'ਚ ਕਿਹਾ ਸੀ, 'ਕੀ ਰਾਜਨੀਤੀ ਏਨੀ ਡਿੱਗ ਜਾਵੇਗੀ ਕਿ 10 ਸਾਲ ਜਿਸ ਨੇ ਰਾਮਪੁਰ ਵਾਲਿਆਂ ਦਾ ਖੂਨ ਪੀਤਾ, ਜਿਸ ਨੂੰ ਉਂਗਲੀ ਫੜ ਕੇ ਅਸੀਂ ਰਾਮਪੁਰ 'ਚ ਲੈ ਕੇ ਆਏ, ਉਸ ਨੇ ਸਾਡੇ ਉਪਰ ਕੀ-ਕੀ ਇਲਜ਼ਾਮ ਨਹੀਂ ਲਾਏ। ਕੀ ਤੁਸੀਂ ਉਸ ਨੂੰ ਵੋਟ ਦਿਓਗੇ? ' ਆਜ਼ਮ ਨੇ ਅੱਗੇ ਕਿਹਾ, 'ਤੁਸੀਂ 10 ਸਾਲ ਜਿਸ ਨੂੰ ਆਪਣੀ ਪ੍ਰਤੀਨਿਧਤਾ ਕਰਾਈ, ਉਸ ਦੀ ਅਸਲੀਅਤ ਸਮਝਣ 'ਚ ਤੁਹਾਨੂੰ 17 ਸਾਲ ਲੱਗੇ, ਪਰ ਮੈਂ 17 ਦਿਨਾਂ 'ਚ ਪਛਾਣ ਗਿਆ ਕਿ ਇਨ੍ਹਾਂ ਦਾ ਅੰਡਰਵੀਅਰ ਖਾਕੀ ਰੰਗ ਦਾ ਹੈ।'
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਇਸ ਟਿੱਪਣੀ ਨੂੰ 'ਬੇਹੱਦ ਸ਼ਰਮਨਾਕ' ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਮਹਿਲਾ ਕਮਿਸ਼ਨ ਵੱਲੋਂ ਆਜ਼ਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਬੀਬੀ ਸ਼ਰਮਾ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਉਹ ਆਜ਼ਮ ਖਾਨ ਦੇ ਚੋਣ ਲੜਨ ਤੋਂ ਪਾਬੰਦੀ ਲਾਵੇ।

154 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper