Latest News
ਮੋਦੀ 5 ਸਾਲਾਂ 'ਚ 'ਅੱਛੇ ਦਿਨਾਂ' ਤੋਂ 'ਚੌਕੀਦਾਰ ਚੋਰ' ਤੱਕ ਪਹੁੰਚੇ : ਰਾਹੁਲ

Published on 15 Apr, 2019 11:36 AM.


ਫਤਿਹਪੁਰ ਸੀਕਰੀ (ਨਵਾਂ ਜ਼ਮਾਨਾ ਸਰਵਿਸ)
ਦੂਜੇ ਪੜਾਅ ਦੀ ਚੋਣ ਲਈ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਲਈ ਪੂਰੀ ਤਾਕਤ ਲਾ ਦਿੱਤੀ ਹੈ। ਇਸ ਲੜੀ 'ਚ ਰਾਹੁਲ ਅਤੇ ਪ੍ਰਿਅੰਕਾ ਨੇ ਸੋਮਵਾਰ ਨੂੰ ਫਤਿਹਪੁਰ ਸੀਕਰੀ 'ਚ ਇੱਕ ਚੋਣ ਰੈਲੀ ਦੌਰਾਨ ਦੋਵਾਂ ਨੇ ਜੰਮ ਕੇ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਚਾਰ ਦੇ ਤਰੀਕੇ 'ਤੇ ਸਵਾਲ ਦਾਗੇ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਪੰਜ ਸਾਲਾਂ 'ਚ ਪ੍ਰਧਾਨ ਮੰਤਰੀ 'ਅੱਛੇ ਦਿਨ' ਦੇ ਨਾਅਰੇ ਤੋਂ 'ਚੌਕੀਦਾਰ ਚੋਰ ਹੈ' ਤੱਕ ਪਹੁੰਚ ਗਏ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਥੇ ਹੀ ਪ੍ਰਿਅੰਕਾ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰਵਾਦ 'ਤੇ ਸਵਾਲ ਉਠਾਏ ਹਨ।
ਰਾਹੁਲ ਨੇ ਫਤਿਹਪੁਰ ਸੀਕਰੀ 'ਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 15 ਲੱਖ ਦਾ ਵਾਅਦਾ ਕੀਤਾ ਸੀ, ਉਸ ਦਾ ਕੀ ਹੋਇਆ? ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਉਸ ਦਾ ਕੀ ਹੋਇਆ? ਪਿਛਲੀਆਂ ਚੋਣਾਂ ਦੌਰਾਨ ਉਨ੍ਹਾ ਗਰੀਬ, ਕਿਸਾਨ, ਨੌਜਵਾਨਾਂ ਲਈ ਅੱਛੇ ਦਿਨ ਦਾ ਨਾਅਰਾ ਦਿੱਤਾ ਸੀ ਅਤੇ ਅੱਜ ਉਨ੍ਹਾਂ ਲਈ ਚੌਕੀਦਾਰ ਚੋਰ ਹੈ ਦਾ ਨਾਅਰਾ ਦਿੱਤਾ ਜਾ ਰਿਹਾ ਹੈ। ਪੰਜ ਸਾਲਾਂ 'ਚ ਉਨ੍ਹਾ ਦਾ ਇਹੀ ਸਫ਼ਰ ਹੈ।' ਉਨ੍ਹਾ ਕਿਹਾ ਮੈਂ ਪ੍ਰਧਾਨ ਮੰਤਰੀ ਦੀ ਤਰ੍ਹਾਂ 15 ਲੱਖ ਦੇਣ ਦਾ ਝੂਠਾ ਵਾਅਦਾ ਨਹੀਂ ਕਰਾਂਗਾ, ਪਰ 72 ਹਜ਼ਾਰ ਰੁਪਏ ਦਾ ਵਾਅਦਾ ਜ਼ਰੂਰ ਕਰਦਾ ਹਾਂ। ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾ ਦੇ ਰਾਸ਼ਟਰਵਾਦ 'ਤੇ ਸਵਾਲ ਉਠਾਇਆ। ਪ੍ਰਿਅੰਕਾ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਨਾ ਬੰਦ ਕਰੋ। ਜੇਕਰ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਵਾਦੀ ਹਨ ਤਾਂ ਰਾਸ਼ਟਰ ਦੀ ਗੱਲ ਕਰਨ, ਹਿੰਦੁਸਤਾਨ ਦੇ ਕਿਸਾਨਾਂ, ਨੌਜਵਾਨਾਂ, ਔਰਤਾਂ ਦੀ ਗੱਲ ਕਰਨ, ਚੋਣ ਸਮੇਂ ਪਾਕਿਸਤਾਨ ਦੀ ਗੱਲ ਨਾ ਕਰਨ। ਉਹ ਦੇਸ਼ ਦੇ ਨੌਜਵਾਨਾਂ ਦੀ ਆਵਾਜ਼ ਕਿਉਂ ਨਹੀਂ ਸੁਣਦੇ? ਜਨਤਾ ਦੀ ਗੱਲ ਕਿਉਂ ਨਹੀਂ ਸੁਣਦੇ? ਜਨਤਾ ਦੀ ਆਵਾਜ਼ ਕਿਉਂ ਦਬਾਉਂਦੇ ਹਨ? ਤੁਸੀਂ ਦੱਸੋ ਦੇਸ਼ ਦੇ ਲੋਕਾਂ ਲਈ ਕੀ ਕੀਤਾ ਉਨ੍ਹਾ। ਅਸਲੀ ਰਾਸ਼ਟਰਵਾਦੀ ਸੱਚਾਈ ਦੇ ਮਾਰਗ ਤੋਂ ਨਹੀਂ ਭਟਕਦਾ। ਰਾਸ਼ਟਰ ਦੀ ਗੱਲ ਕਰੋ, ਬਿਆਨਾਂ 'ਚ ਰਾਸ਼ਟਰ ਦਾ ਜ਼ਿਕਰ ਕਿਉਂ ਨਹੀਂ ਕਰਦੇ, ਕਿਉਂ ਪਾਕਿਸਤਾਨ 'ਤੇ ਬਿਆਨ ਦਿੰਦੇ ਰਹਿੰਦੇ ਹੋ।

252 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper