Latest News
ਯੋਗੀ ਦੀ 3 ਤੇ ਮਾਇਆਵਤੀ ਦੀ 2 ਦਿਨ ਲਈ ਜ਼ਬਾਨ ਬੰਦ

Published on 15 Apr, 2019 11:40 AM.

ਲਖਨਊ (ਨਵਾਂ ਜ਼ਮਾਨਾ ਸਰਵਿਸ)
ਲੋਕ ਸਭਾ ਚੋਣਾਂ ਵਿਚਕਾਰ ਨੇਤਾਵਾਂ ਦੇ ਵਿਵਾਦਤ ਬਿਆਨਾਂ 'ਤੇ ਚੋਣ ਕਮਿਸ਼ਨ ਨੇ ਸਖ਼ਤ ਰੁਖ ਅਪਣਾਇਆ ਹੈ। ਚੋਣ ਕਮਿਸ਼ਨ ਨੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਚੋਣ ਪ੍ਰਚਾਰ 'ਤੇ 72 ਘੰਟੇ ਦੀ ਰੋਕ ਲਾ ਦਿੱਤੀ ਹੈ। ਉਥੇ ਬਸਪਾ ਸੁਪਰੀਮੋ ਮਾਇਆਵਤੀ 48 ਘੰਟੇ ਪ੍ਰਚਾਰ ਨਹੀਂ ਕਰ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਹੁਣ ਜੈਪ੍ਰਦਾ ਦੇ ਖਿਲਾਫ਼ ਵਿਵਾਦਤ ਟਿੱਪਣੀ ਨੂੰ ਲੈ ਕੇ ਚੋਣ ਕਮਿਸ਼ਨ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਖਿਲਾਫ ਵੀ ਸਖ਼ਤ ਕਾਰਵਾਈ ਕਰ ਸਕਦਾ ਹੈ। ਚੋਣ ਕਮਿਸ਼ਨ ਦਾ ਇਹ ਆਦੇਸ਼ ਮੰਗਲਵਾਰ ਸਵੇਰ ਤੋਂ ਲਾਗੂ ਹੋਵੇਗਾ।
ਚੋਣ ਪ੍ਰਚਾਰ ਦੌਰਾਨ ਮਾਇਆਵਤੀ ਅਤੇ ਯੋਗੀ ਅਦਿੱਤਿਆਨਾਥ ਦੇ ਕਥਿਤ ਰੂਪ 'ਚ ਵਿਵਾਦਤ ਟਿੱਪਣੀਆਂ ਵਾਲੇ ਭਾਸ਼ਣਾਂ ਨੂੰ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਨੋਟਿਸ ਲਿਆ। ਇਸ ਦੌਰਾਨ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਜਾਨਣਾ ਚਾਹਿਆ ਕਿ ਉਸ ਨੇ ਉਹਨਾਂ ਖਿਲਾਫ਼ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ। ਪ੍ਰਧਾਨ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਚੋਣ ਪ੍ਰਚਾਰ ਦੌਰਾਨ ਜਾਤੀ ਅਤੇ ਧਰਮ ਨੂੰ ਆਧਾਰ ਬਣਾ ਕੇ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਨਾਲ ਨਜਿੱਠਣ ਲਈ ਚੋਣ ਕਮਿਸ਼ਨ ਕੋਲ ਸੀਮਤ ਅਧਿਕਾਰ ਹੋਣ ਦੇ ਵਿਚਾਰ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਚੋਣ ਕਮਿਸ਼ਨ ਦੇ ਇੱਕ ਪ੍ਰਤੀਨਿਧ ਨੂੰ ਮੰਗਲਵਾਰ ਨੂੰ ਤਲਬ ਕੀਤਾ ਹੈ।
ਸੁਪਰੀਮ ਕੋਰਟ 'ਚ ਚੋਣ ਕਮਿਸ਼ਨ ਨੇ ਕਿਹਾ, 'ਉਨ੍ਹਾਂ ਦੇ ਹੱਥ 'ਚ ਕੁਝ ਨਹੀਂ ਹੈ। ਉਨ੍ਹਾਂ ਕਿਹਾ ਉਹ ਪਹਿਲਾ ਨੋਟਿਸ ਜਾਰੀ ਕਰਨਗੇ।' ਬੈਂਚ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਇਸ ਤਰ੍ਹਾਂ ਦੇ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਨਾਲ ਨਜਿੱਠਣ ਦੇ ਚੋਣ ਕਮਿਸ਼ਨ ਦੇ ਅਧਿਕਾਰ ਨਾਲ ਸੰਬੰਧਤ ਪਹਿਲੂਆਂ 'ਤੇ ਗੌਰ ਕਰੇਗਾ। ਸੁਣਵਾਈ ਦੌਰਾਨ ਬੈਂਚ ਨੇ ਚੋਣ ਕਮਿਸ਼ਨ ਦੇ ਵਕੀਲ ਤੋਂ ਮਾਇਆਵਤੀ ਅਤੇ ਯੋਗੀ ਦੇ ਕਥਿਤ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਦੇ ਕਾਰਨ ਉਨ੍ਹਾਂ ਖਿਲਾਫ਼ ਉਠਾਏ ਗਏ ਕਦਮਾਂ ਬਾਰੇ ਵੀ ਜਾਣਕਾਰੀ ਮੰਗੀ। ਚੋਣ ਕਮਿਸ਼ਨ ਦੇ ਵਕੀਲ ਨੇ ਕਿਹਾ ਉਹ ਪਹਿਲਾਂ ਹੀ ਦੋਵਾਂ ਨੇਤਾਵਾਂ ਨੂੰ ਨੋਟਿਸ ਜਾਰੀ ਕਰ ਚੁੱਕਾ ਹੈ। ਇਸ ਦੌਰਾਨ ਬੈਂਚ ਨੇ ਦੋ ਟੁੱਕ ਕਿਹਾ, 'ਸਾਨੂੰ ਮਾਇਆਵਤੀ ਅਤੇ ਅਦਿੱਤਿਆਨਾਥ ਖਿਲਾਫ਼ ਉਠਾਏ ਗਏ ਕਦਮਾਂ ਬਾਰੇ ਦੱਸੋ।'
ਜ਼ਿਕਰਯੋਗ ਹੈ ਕਿ ਇੱਕ ਚੋਣ ਰੈਲੀ 'ਚ ਮੁਸਲਮਾਨਾਂ ਤੋਂ ਵੋਟ ਦੀ ਅਪੀਲ ਕਰ ਕੇ ਮਾਇਆਵਤੀ ਫਸ ਗਈ ਸੀ। ਮਾਇਅਵਤੀ ਨੇ 7 ਅਪ੍ਰੈਲ ਨੂੰ ਆਪਣੇ ਬਿਆਨ 'ਚ ਕਿਹਾ ਸੀ, 'ਕਾਂਗਰਸ ਮੰਨ ਕੇ ਚੱਲ ਰਹੀ ਹੈ ਕਿ ਅਸੀਂ ਜਿੱਤੀਏ ਜਾਂ ਨਾ ਜਿੱਤੀਏ, ਪਰ ਗਠਜੋੜ ਨਹੀਂ ਜਿੱਤਣਾ ਚਾਹੀਦਾ, ਇਸ ਲਈ ਕਾਂਗਰਸ ਨੇ ਇਸ ਜਾਤੀ ਅਤੇ ਇਸ ਧਰਮ ਦੇ ਲੋਕਾਂ ਨੂੰ ਖੜਾ ਕੀਤਾ ਹੈ, ਜਿਸ 'ਚ ਭਾਜਪਾ ਨੂੰ ਲਾਭ ਮਿਲੇ। ਮੈਂ ਮੁਸਲਿਮ ਸਮਾਜ ਦੇ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਹਾਡਾ ਵੋਟ ਵੰਡਣਾ ਨਹੀਂ, ਬਲਕਿ ਇੱਕ ਪਾਸੇ ਵੋਟ ਦੇ ਕੇ ਗਠਜੋੜ ਨੂੰ ਕਾਮਯਾਬ ਬਣਾਉਣਾ ਹੈ।' ਮਾਇਆਵਤੀ ਦੇ ਇਸ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ਨੇ ਉਨ੍ਹਾ ਤੋਂ ਜਵਾਬ ਮੰਗਿਆ ਸੀ। ਹੁਣ ਚੋਣ ਕਮਿਸ਼ਨ ਨੇ ਸਖ਼ਤ ਕਾਰਵਾਈ ਕਰਦੇ ਹੋਏ ਮਾਇਆਵਤੀ 'ਤੇ ਅਗਲੇ 48 ਘੰਟੇ ਤੱਕ ਚੋਣ ਪ੍ਰਚਾਰ ਕਰਨ 'ਤੇ ਰੋਕ ਲਾ ਦਿੱਤੀ ਹੈ।
ਇਸ ਤੋਂ ਇਲਾਵਾ ਅਲੀ ਅਤੇ ਬਜਰੰਗ ਬਲੀ ਨੂੰ ਲੈ ਕੇ ਦਿੱਤੇ ਬਿਆਨ 'ਤੇ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਯੋਗੀ ਨੂੰ ਨੋਟਿਸ ਜਾਰੀ ਕੀਤਾ ਸੀ। ਹੁਣ ਇਸ ਮਾਮਲੇ 'ਚ ਚੋਣ ਕਮਿਸ਼ਨ ਨੇ ਯੋਗੀ 'ਤੇ ਸਖ਼ਤ ਕਾਰਵਾਈ ਕਰਦੇ ਹੋਏ 3 ਦਿਨ ਤੱਕ ਚੋਣ ਪ੍ਰਚਾਰ ਲਈ ਰੋਕ ਲਾ ਦਿੱਤੀ ਹੈ।

287 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper