Latest News
ਚੋਣ ਮੁਹਿੰਮ ਦਾ ਕੁਚੱਜ ਤੇ ਲੋਕਾਂ ਦਾ ਰੌਂਅ

Published on 16 Apr, 2019 11:31 AM.


ਇਸ ਵਕਤ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਸਾਰਾ ਸਮਾਂ ਅਤੇ ਸਾਰਾ ਤਾਣ ਅਗਲੀ ਲੋਕ ਸਭਾ ਦੇ ਵਿੱਚ ਬਹੁ-ਸੰਮਤੀ ਦਾ ਜੁਗਾੜ ਜੁਟਾਉਣ ਉੱਤੇ ਲਾ ਰਹੇ ਹਨ, ਵਿਰੋਧ ਦੀਆਂ ਧਿਰਾਂ ਉਸ ਵੇਲੇ ਵੀ ਜਿਹੋ ਜਿਹੀ ਇੱਕਸੁਰਤਾ ਉਨ੍ਹਾਂ ਨੂੰ ਵਿਖਾਉਣੀ ਚਾਹੀਦੀ ਹੈ, ਵਿਖਾਉਣ ਵਿੱਚ ਕਾਮਯਾਬ ਨਹੀਂ ਹੋ ਰਹੀਆਂ। ਇੱਕ ਮੀਟਿੰਗ ਦਿੱਲੀ ਵਿੱਚ ਜ਼ਰੂਰ ਕੀਤੀ ਹੈ, ਜਿਹੜੀ ਸਿਰਫ ਇੱਕੋ ਮੁੱਦੇ ਵਾਸਤੇ ਸੀ ਕਿ ਵੋਟਿੰਗ ਮਸ਼ੀਨਾਂ ਦੇ ਰਾਹੀਂ ਗੜਬੜ ਕੀਤੀ ਜਾ ਰਹੀ ਹੈ। ਇਸ ਵਿੱਚ ਵੀ ਬਹੁਤ ਕੁਵੇਲਾ ਕੀਤਾ ਗਿਆ ਹੈ। ਜਦੋਂ ਇਸ ਬਾਰੇ ਰੌਲਾ ਸ਼ੁਰੂ ਹੋਇਆ ਸੀ, ਓਦੋਂ ਇਹ ਪਾਰਟੀਆਂ ਇੱਕ ਸੁਰ ਨਹੀਂ ਸਨ ਹੋ ਸਕੀਆਂ। ਇਸ ਵੇਲੇ ਜਦੋਂ ਲੋਕ ਸਭਾ ਚੋਣਾਂ ਦਾ ਇੱਕ ਪੜਾਅ ਲੰਘ ਚੁੱਕਾ ਹੈ ਤਾਂ ਇਸ ਬਾਰੇ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਆਸ ਨਹੀਂ ਜਾਪਦੀ। ਇੱਕੋ ਆਸ ਹੈ ਕਿ ਸੁਪਰੀਮ ਕੋਰਟ ਵਿੱਚ ਜਾ ਕੇ ਇਨ੍ਹਾਂ ਮਸ਼ੀਨਾਂ ਅਤੇ ਵੀ ਵੀ ਪੈਟ ਦੀਆਂ ਪਰਚੀਆਂ ਦੇ ਮਿਲਾਣ ਬਾਰੇ ਨਵਾਂ ਹੁਕਮ ਲਿਆ ਜਾ ਸਕਦਾ ਹੈ, ਪਰ ਇਸ ਕੰਮ ਵਿੱਚ ਵੀ ਇਸ ਪੜਾਅ ਉੱਤੇ ਬਹੁਤੀ ਖੈਰ ਝੋਲੀ ਪੈ ਸਕਣੀ ਅਸੰਭਵ ਲੱਗਦੀ ਹੈ।
ਵੋਟਿੰਗ ਮਸ਼ੀਨਾਂ ਦੀ ਗੜਬੜ ਦਾ ਪਹਿਲਾ ਰੌਲਾ ਦੋ ਸਾਲ ਪਹਿਲਾਂ ਮੱਧ ਪ੍ਰਦੇਸ਼ ਵਿੱਚ ਜ਼ਿਲ੍ਹਾ ਪੱਧਰ ਦੇ ਇੱਕ ਅਧਿਕਾਰੀ ਦੇ ਦਫਤਰ ਵਿੱਚ ਪ੍ਰਦਰਸ਼ਨੀ ਵੇਲੇ ਪਿਆ ਸੀ, ਪਰ ਓਦੋਂ ਇਹ ਸਭ ਪਾਰਟੀਆਂ ਕੁਝ ਨਹੀਂ ਸੀ ਕਰ ਸਕੀਆਂ। ਫਿਰ ਰਾਜਸਥਾਨ ਦੇ ਇੱਕ ਜ਼ਿਲ੍ਹਾ ਅਧਿਕਾਰੀ ਦੇ ਦਫਤਰ ਵਿੱਚ ਇਹੋ ਕੁਝ ਜਦੋਂ ਸਾਹਮਣੇ ਆਇਆ ਤਾਂ ਵਿਰੋਧੀ ਪਾਰਟੀਆਂ ਨੇ ਓਦੋਂ ਇਹ ਮੁੱਦਾ ਉਸ ਜ਼ੋਰ ਨਾਲ ਫਿਰ ਵੀ ਨਹੀਂ ਸੀ ਚੁੱਕਿਆ, ਜਿਸ ਨਾਲ ਚੁੱਕਣ ਦੀ ਅੱਜ ਕੋਸ਼ਿਸ਼ ਕਰਦੀਆਂ ਦਿਖਾਈ ਦੇਂਦੀਆਂ ਹਨ।
ਸਥਿਤੀ ਦਾ ਦੂਸਰਾ ਪਾਸਾ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਚੜ੍ਹਤ ਇੱਕ ਮਹੀਨਾ ਪਹਿਲਾਂ ਹਰ ਥਾਂ ਦਿਖਾਈ ਦੇਂਦੀ ਸੀ, ਉਸ ਨੂੰ ਇਸ ਵਕਤ ਖੋਰਾ ਲੱਗਣ ਦੀਆਂ ਰਿਪੋਰਟਾਂ ਮਿਲਣ ਲੱਗ ਪਈਆਂ ਹਨ। ਕੌਮੀ ਪੱਧਰ ਦੀਆਂ ਦੋ ਮੁੱਖ ਸਰਵੇਖਣ ਏਜੰਸੀਆਂ ਦੀ ਤਾਜ਼ਾ ਰਿਪੋਰਟ ਇਹ ਹੈ ਕਿ ਪਿਛਲੇਰੇ ਮਹੀਨੇ ਪੁਲਵਾਮਾ ਦੀ ਘਟਨਾ ਤੇ ਉਸ ਦੇ ਬਾਅਦ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਅੰਦਰ ਜਾ ਕੇ ਕੀਤੀ ਕਾਰਵਾਈ ਦੀ ਖਬਰ ਨਾਲ ਜਿੰਨੀ ਚੜ੍ਹਤ ਨਰਿੰਦਰ ਮੋਦੀ ਦੇ ਅਕਸ ਦੀ ਜਾਪਣ ਲੱਗੀ ਸੀ, ਉਹ ਬਾਅਦ ਵਿੱਚ ਘਟਦੀ ਗਈ ਹੈ। ਅਪਰੈਲ ਦੇ ਪਹਿਲੇ ਡੇਢ ਹਫਤੇ ਦੌਰਾਨ ਜਿਹੜਾ ਸਰਵੇ ਹੋਇਆ, ਉਸ ਦੌਰਾਨ ਪਹਿਲੀ ਵਾਰੀ ਨਰਿੰਦਰ ਮੋਦੀ ਦੀ ਰੇਟਿੰਗ ਏਨੀ ਹੇਠਾਂ ਡਿੱਗ ਪਈ ਹੈ ਕਿ ਇਹ ਪੰਜਾਹ ਫੀਸਦੀ ਤੋਂ ਸੱਤ ਪੁਆਇੰਟ ਘਟ ਗਈ ਹੈ। ਨਾਲ ਇਹ ਵੀ ਦੱਸਿਆ ਗਿਆ ਹੈ ਕਿ ਇਸ ਨਾਲ ਭਾਜਪਾ ਦੀ ਕੇਂਦਰੀ ਕਮਾਨ ਤੇ ਉਸ ਦੇ ਨੀਤੀ ਘਾੜੇ ਫਿਕਰਾਂ ਵਿੱਚ ਹਨ ਕਿ ਜੇ ਇਸ ਤਰ੍ਹਾਂ ਰੇਟਿੰਗ ਘਟਦੀ ਗਈ ਤਾਂ ਬਾਕੀ ਦੇ ਪੰਜ-ਛੇ ਗੇੜਾਂ ਵਿੱਚ ਹਾਲਤ ਹੋਰ ਵੀ ਵਿਗੜ ਸਕਦੀ ਹੈ।
ਆਮ ਲੋਕ ਵੀ ਇਹ ਚਰਚਾ ਕਰਦੇ ਸੁਣੇ ਜਾਣ ਲੱਗ ਹਨ ਕਿ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਇੱਕਸਾਰਤਾ ਰੱਖਣ ਦੀ ਥਾਂ ਹਰ ਦਿਨ ਨਵੇਂ ਮੁੱਦੇ ਲੱਭਣ ਦੇ ਚੱਕਰ ਵਿੱਚ ਜਨਤਕ ਮੁੱਦੇ ਚੁੱਕਣ ਦੀ ਥਾਂ ਵਿਰੋਧੀ ਧਿਰ ਦੇ ਲੀਡਰਾਂ ਦੇ ਖਿਲਾਫ ਹੱਦ ਤੋਂ ਵੱਧ ਨੀਵੇਂ ਪੱਧਰ ਦੇ ਨਿੱਜੀ ਮੁੱਦੇ ਉਛਾਲਣ ਰੁੱਝਾ ਰਹਿੰਦਾ ਹੈ। ਕਿਸੇ ਪਰਵਾਰ ਦੇ ਜੀਆਂ ਜਾਂ ਕਿਸੇ ਰਾਜ ਵਿੱਚ ਜਾਵੇ ਤਾਂ ਉਸ ਦੇ ਮੁੱਖ ਮੰਤਰੀ ਜਾਂ ਉਸ ਦੇ ਸਾਥੀਆਂ ਬਾਰੇ ਨਿੱਜੀ ਟਿੱਪਣੀਆਂ ਕਰਨ ਵੇਲੇ ਪ੍ਰਧਾਨ ਮੰਤਰੀ ਨੂੰ ਅਹੁਦੇ ਦੀ ਸ਼ਾਨ ਦਾ ਖਿਆਲ ਵੀ ਨਹੀਂ ਰਹਿੰਦਾ। ਉਸ ਦੀਆਂ ਟਿੱਪਣੀਆਂ ਕਈ ਵਾਰੀ ਸਥਾਨਕ ਪੱਧਰ ਦੇ ਨੇਤਾਵਾਂ ਵਾਲੀਆਂ ਹੋ ਜਾਂਦੀਆਂ ਹਨ। ਇਸੇ ਦਾ ਨਤੀਜਾ ਹੈ ਕਿ ਸਿਰਫ ਉਸ ਦੀ ਪਾਰਟੀ ਦੇ ਕੁਝ ਨੇਤਾ ਹੀ ਆਪਣੇ ਭਾਸ਼ਣਾਂ ਵਿੱਚ ਗੰਦੀਆਂ ਗਾਲ੍ਹਾਂ ਕੱਢਣ ਤੱਕ ਨਹੀਂ ਚਲੇ ਜਾਂਦੇ, ਉਨ੍ਹਾਂ ਦੀ ਰੀਸ ਵਿੱਚ ਹੋਰਨਾਂ ਪਾਰਟੀਆਂ ਦੇ ਨੇਤਾ ਵੀ ਆਪਣੇ ਭਾਸ਼ਣਾਂ ਨੂੰ ਭੱਦਾ ਰੰਗ ਚਾੜ੍ਹਨ ਦੇ ਰਾਹ ਪੈ ਗਏ ਹਨ। ਇੱਕ ਦਿਨ ਪਹਿਲਾਂ ਜਿਹੜੀ ਗੰਦੀ ਗਾਲ੍ਹ ਹਿਮਾਚਲ ਪ੍ਰਦੇਸ਼ ਦੇ ਭਾਜਪਾ ਆਗੂ ਅਤੇ ਵਿਧਾਇਕ ਨੇ ਕੱਢੀ ਹੈ, ਉਹ ਤਾਂ ਬੇਸ਼ਰਮੀ ਦੀ ਹੱਦ ਹੈ। ਉੱਤਰ ਪ੍ਰਦੇਸ਼ ਦੇ ਸਮਾਜਵਾਦੀ ਆਗੂ ਆਜ਼ਮ ਖਾਨ ਨੇ ਜਿਵੇਂ ਆਪਣੇ ਵਿਰੋਧ ਵਾਲੀ ਇੱਕ ਮਹਿਲਾ ਆਗੂ ਦੇ ਅੰਡਰਵੀਅਰ ਤੱਕ ਦੀ ਗੱਲ ਚਲਾ ਕੇ ਚੋਣ ਕਮਿਸ਼ਨ ਤੋਂ ਜ਼ਬਾਨ ਉੱਤੇ ਪਾਬੰਦੀ ਲਵਾਈ ਹੈ, ਉਹ ਵੀ ਬੇਹੂਦਗੀ ਦੀ ਸਿਖਰ ਹੈ। ਓਸੇ ਰਾਜ ਦੇ ਮੁੱਖ ਮੰਤਰੀ ਅਤੇ ਇੱਕ ਸਾਬਕਾ ਮੁੱਖ ਮੰਤਰੀ ਉੱਤੇ ਜਿਹੜੀ ਪਾਬੰਦੀ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਦੀ ਸਖਤੀ ਦੇ ਦਬਾਅ ਹੇਠ ਲਾਈ ਹੈ, ਉਸ ਵੱਲ ਵੇਖਿਆ ਜਾਵੇ ਤਾਂ ਇਸ ਵਾਰੀ ਦੀ ਲੋਕ ਸਭਾ ਚੋਣ ਅੱਜ ਤੱਕ ਦੀ ਸਭ ਤੋਂ ਨੀਵੇਂ ਪੱਧਰ ਨੂੰ ਪਹੁੰਚਦੀ ਜਾਪਦੀ ਹੈ।
ਇਸ ਮੌਕੇ ਭਾਰਤ ਦੇ ਲੋਕਾਂ ਦੇ ਰੌਂਅ ਉੱਤੇ ਦੋ ਗੱਲਾਂ ਦਾ ਸਿੱਧਾ ਅਸਰ ਹੁੰਦਾ ਪਿਆ ਹੈ। ਇੱਕ ਤਾਂ ਇਹ ਕਿ ਭਾਜਪਾ ਆਗੂ ਜਿਵੇਂ ਆਏ ਦਿਨ ਆਪਣੇ ਆਪ ਨੂੰ ਦੇਸ਼ਭਗਤ ਅਤੇ ਹੋਰਨਾਂ ਨੂੰ ਦੇਸ਼ ਧਰੋਹੀ ਆਖੀ ਜਾ ਰਹੇ ਸਨ, ਉਸ ਨਾਲ ਆਮ ਲੋਕਾਂ ਨੇ ਇਸ ਖੇਡ ਨੂੰ ਚੰਗਾ ਨਹੀਂ ਜਾਣਿਆ। ਇਹੋ ਕਾਰਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੇਟਿੰਗ ਇਸ ਮਹੀਨੇ ਦੇ ਦੂਸਰੇ ਹਫਤੇ ਤੱਕ ਡਿੱਗਣ ਦੀ ਰਿਪੋਰਟ ਸਾਹਮਣੇ ਆਈ ਹੈ। ਦੂਸਰੀ ਗੱਲ ਇਹ ਹੈ ਕਿ ਭਾਰਤ ਦੇ ਲੋਕ ਬੇਹੂਦਗੀ ਨਹੀਂ ਚਾਹੁੰਦੇ। ਕੁਝ ਫੁਕਰੇਪਣ ਦਾ ਚਸਕਾ ਪਾਲਣ ਵਾਲੇ ਲੋਕ ਇਸ ਗੱਲੋਂ ਖੁਸ਼ ਹੋ ਸਕਦੇ ਹਨ ਕਿ ਫਲਾਣੇ ਨੇ ਫਲਾਣੇ ਦੀ ਮਾਂ-ਭੈਣ ਦੇ ਪੋਤੜੇ ਫੋਲਣ 'ਚ ਕੋਈ ਕਸਰ ਨਹੀਂ ਰਹਿਣ ਦਿੱਤੀ, ਪਰਵਾਰਕ ਜੀਵਨ ਵਿੱਚ ਰਹਿਣ ਵਾਲੇ ਆਮ ਲੋਕ ਇਸ ਨੂੰ ਚੰਗਾ ਨਹੀਂ ਜਾਣਦੇ। ਇਸ ਵਿਹਾਰ ਦੇ ਵਿਰੁੱਧ ਸੋਸ਼ਲ ਮੀਡੀਆ ਅੰਦਰ ਵੀ ਚਰਚਾ ਹੋ ਰਹੀ ਹੈ ਅਤੇ ਨਾਲ ਦੀ ਨਾਲ ਏਦਾਂ ਦੇ ਭਾਸ਼ਣਾਂ ਵਿਰੁੱਧ ਅਦਾਲਤਾਂ ਤੀਕ ਵੀ ਪਹੁੰਚ ਕੀਤੀ ਜਾਣ ਲੱਗ ਪਈ ਹੈ। ਢਿੱਲਾ ਹੈ ਤਾਂ ਚੋਣ ਕਮਿਸ਼ਨ, ਪਰ ਉਸ ਨੂੰ ਵੀ ਜਾਗਣਾ ਪਵੇਗਾ। ਜਿਸ ਪਾਸੇ ਨੂੰ ਲੋਕਾਂ ਦਾ ਮੂਡ ਵਿਖਾਈ ਦੇ ਰਿਹਾ ਹੈ, ਇਸ ਵਿੱਚ ਭਾਰਤ ਦੀ ਕਮਾਨ ਸਾਂਭਣ ਦੀ ਚਾਹਵਾਨ ਹਰ ਸਿਆਸੀ ਧਿਰ ਨੂੰ ਚੱਜ-ਆਚਾਰ ਦੀ ਹੱਦ ਦੇ ਅੰਦਰ ਰਹਿਣ ਬਾਰੇ ਸੋਚਣਾ ਪਵੇਗਾ, ਨਹੀਂ ਤਾਂ ਲੋਕ ਕਿਸੇ ਦੇ ਸਕੇ ਨਹੀਂ, ਉਹ ਕਿਸੇ ਨੂੰ ਵੀ ਭੁਆਂਟਣੀ ਦੇ ਸਕਦੇ ਹਨ।
-ਜਤਿੰਦਰ ਪਨੂੰ

966 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper