Latest News
ਸ਼ਾਇਦ ਭਾਜਪਾ ਦੇ ਮਨ ਵਿੱਚ ਕੁਝ ਹੋਰ ਹੋਵੇਗਾ

Published on 18 Apr, 2019 11:26 AM.


ਪਿਛਲੇ ਕਾਫੀ ਸਮੇਂ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਲੀਡਰਸ਼ਿਪ ਹੌਲੀ-ਹੌਲੀ ਇਹੋ ਜਿਹੇ ਸੰਗਠਨਾਂ ਅਤੇ ਵਿਅਕਤੀਆਂ ਨੂੰ ਅੱਗੇ ਹੋਣ ਦਾ ਮੌਕਾ ਦੇ ਰਹੀ ਹੈ, ਜਿਹੜੇ ਪੁਰ-ਅਮਨ ਜ਼ਿੰਦਗੀ ਦੇ ਬਜਾਏ ਕੱਟੜਪੰਥੀ ਸੋਚ ਦੀ ਕੋਈ ਵੀ ਹੱਦ ਪਾਰ ਕਰਨ ਤੱਕ ਜਾ ਸਕਦੇ ਹਨ। ਪਾਰਟੀ ਲੀਡਰਸ਼ਿਪ ਇਹੋ ਜਿਹੇ ਹਰ ਕਿਸੇ ਦੋਸ਼ ਦੇ ਜਵਾਬ ਵਿੱਚ ਇਹ ਕਹਿੰਦੀ ਰਹੀ ਸੀ ਕਿ ਉਹ ਸਿਰਫ ਲੋਕਤੰਤਰੀ ਹੱਦਾਂ ਤੱਕ ਸੀਮਤ ਰਹਿ ਕੇ ਹਰ ਸੋਚਣੀ ਵਾਲੇ ਲੋਕਾਂ ਨੂੰ ਬਣਦਾ ਸਥਾਨ ਦੇ ਰਹੀ ਹੈ। ਜਦੋਂ ਨਰਿੰਦਰ ਮੋਦੀ ਸਰਕਾਰ ਬਣੀ ਤਾਂ ਕਈ ਕੁਝ ਸਾਫ ਹੋਣ ਲੱਗ ਪਿਆ। ਉੱਤਰ ਪ੍ਰਦੇਸ਼ ਵਿੱਚ ਜਿਹੜੇ ਯੋਗੀ ਆਦਿਤਿਆਨਾਥ ਨੇ 'ਘਰ ਵਾਪਸੀ'’ ਦੇ ਨਾਂਅ ਉੱਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਹਿੰਦੂ ਧਰਮ ਵਿੱਚ ਮੁੜ ਕੇ ਵਾਪਸ ਖਿੱਚਣ ਦੀ ਲਹਿਰ ਚਲਾਈ ਹੋਈ ਸੀ, ਉਸ ਨੂੰ ਰਾਜ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਦੇ ਦਿੱਤਾ ਗਿਆ। ਅਗਲਾ ਕੰਮ ਉਸ ਨੇ ਆਪ ਸ਼ੁਰੂ ਕਰ ਦਿੱਤਾ ਕਿ ਹਰ ਥਾਂ ਭਗਵਾਂ ਰੰਗ ਹੋਣ ਲੱਗ ਪਿਆ। ਸਰਕਾਰੀ ਦਫਤਰ ਵੀ ਅਤੇ ਮੁੱਖ ਮੰਤਰੀ ਵਾਲਾ ਘਰ ਵੀ ਓਸੇ ਰੰਗ ਵਿੱਚ ਰੰਗੇ ਗਏ, ਸਰਕਾਰੀ ਗੱਡੀਆਂ, ਬੱਸਾਂ ਦਾ ਰੰਗ ਵੀ ਉਹੋ ਕੀਤਾ ਜਾਣ ਲੱਗ ਪਿਆ ਤੇ ਇੱਕ ਦਿਨ ਇਹੋ ਜਿਹਾ ਆ ਗਿਆ, ਜਦੋਂ ਦੂਸਰੇ ਭਾਈਚਾਰੇ ਨਾਲ ਸੰਬੰਧਤ ਵਕਫ ਬੋਰਡ ਦੇ ਦਫਤਰ ਉੱਤੇ ਵੀ ਉਹੋ ਰੰਗ ਹੋਣ ਲੱਗ ਪਿਆ।
ਇਸ ਤੋਂ ਸਾਫ ਸੀ ਕਿ ਭਾਰਤੀ ਜਨਤਾ ਪਾਰਟੀ ਆਪਣੇ ਮੂਲ ਵਿਚਾਰਾਂ ਕਿ ਇਸ ਦੇਸ਼ ਵਿੱਚ ਇੱਕ ਖਾਸ ਧਰਮ ਵਾਲੇ ਲੋਕਾਂ ਦਾ ਪਹਿਲਾ ਦਰਜਾ ਹੋਣਾ ਚਾਹੀਦਾ ਹੈ, ਦੇ ਏਜੰਡੇ ਵੱਲ ਵਧਦੀ ਜਾਂਦੀ ਹੈ। ਭਾਜਪਾ ਫਿਰ ਵੀ ਇਸ ਤੋਂ ਇਨਕਾਰ ਕਰਦੀ ਸੀ। ਇਸ ਵਾਰੀ ਲੋਕ ਸਭਾ ਚੋਣਾਂ ਲਈ ਜਿੱਦਾਂ ਦੀਆਂ ਟਿਕਟਾਂ ਵੰਡੀਆਂ ਗਈਆਂ, ਉਨ੍ਹਾਂ ਨੇ ਇਹ ਚਰਚਾ ਮੁੜ ਕੇ ਭਖਾ ਦਿੱਤੀ ਹੈ ਕਿ ਭਾਜਪਾ ਇੱਕ ਖਾਸ ਸੋਚ ਹੇਠ ਕੰਮ ਕਰ ਰਹੀ ਹੈ। ਸਾਧਵੀ ਪ੍ਰਗਿਆ ਸਿੰਘ ਦੀ ਟਿਕਟ ਓਸੇ ਤਰ੍ਹਾਂ ਦੀ ਜਾਪਦੀ ਹੈ। ਉਸ ਨੂੰ ਮੱਧ ਪ੍ਰਦੇਸ਼ ਦੇ ਰਾਜਧਾਨੀ ਵਾਲੇ ਸ਼ਹਿਰ ਭੋਪਾਲ ਵਿੱਚੋਂ ਭਾਜਪਾ ਨੇ ਆਪਣੀ ਉਮੀਦਵਾਰ ਬਣਾਇਆ ਹੈ, ਜਿਸ ਦਾ ਮਤਲਬ ਹੈ ਕਿ ਪਾਰਟੀ ਇਸ ਵਾਰੀ ਇਹੋ ਜਿਹੇ ਵਿਕਸਤ ਸ਼ਹਿਰਾਂ ਵਿੱਚ ਵੀ ਆਪਣੀ ਅਸਲੀ ਸੋਚ ਦਾ ਝੰਡਾ ਗੱਡਣ ਦੀ ਨੀਤੀ ਧਾਰ ਕੇ ਚੱਲ ਰਹੀ ਹੈ।
ਬਹੁਤ ਸਮਾਂ ਹੋ ਗਿਆ, ਮਹਾਂਰਾਸ਼ਟਰ ਦੇ ਮਾਲੇਗਾਓਂ ਕਸਬੇ ਵਿੱਚ ਬੰਬ ਧਮਾਕੇ ਹੋਣ ਪਿੱਛੋਂ ਜਦੋਂ ਜਾਂਚ ਮੁੱਢ ਵਿੱਚ ਸੀ ਤਾਂ ਇਹ ਸ਼ੱਕ ਇਸਲਾਮੀ ਅੱਤਵਾਦੀਆਂ ਉੱਤੇ ਗਿਆ ਸੀ, ਪਰ ਜਦੋਂ ਇਹ ਭੇਦ ਖੁੱਲ੍ਹਾ ਕਿ ਧਮਾਕੇ ਲਈ ਵਰਤਿਆ ਮੋਟਰ ਸਾਈਕਲ ਤਾਂ ਇੱਕ ਹਿੰਦੂ ਕੱਟੜਪੰਥੀ ਧਿਰ ਦਾ ਹੈ, ਜਾਂਚ ਦਾ ਰੁਖ ਬਦਲ ਗਿਆ ਸੀ। ਉਸ ਦੇ ਬਾਅਦ ਦੀ ਜਾਂਚ ਵਿੱਚ ਪੁਲਸ ਅਫਸਰ ਇਸ ਨਤੀਜੇ ਉੱਤੇ ਪਹੁੰਚੇ ਸਨ ਕਿ ਇਸ ਵਿੱਚ ਸਾਧਵੀ ਪ੍ਰਗਿਆ ਸਿੰਘ ਠਾਕਰ ਅਤੇ ਉਸ ਦੀ ਟੀਮ ਦਾ ਹੱਥ ਹੈ। ਜਿਸ ਪੁਲਸ ਅਫਸਰ ਨੇ ਇਹ ਨਤੀਜਾ ਕੱਢਿਆ, ਉਹ ਬਾਅਦ ਵਿੱਚ ਮੁੰਬਈ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਹਮਲੇ ਦੌਰਾਨ ਲੜਦਾ ਹੋਇਆ ਆਪਣੀ ਜਾਨ ਵੀ ਵਾਰ ਗਿਆ ਸੀ ਤੇ ਉਸ ਨੂੰ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਅਸ਼ੋਕ ਚੱਕਰ ਦਿੱਤਾ ਗਿਆ ਸੀ। ਭਾਜਪਾ ਆਗੂ ਫਿਰ ਵੀ ਇਹੋ ਕਹਿੰਦੇ ਰਹੇ ਕਿ ਮਾਲੇਗਾਓਂ ਦੀ ਜਾਂਚ ਠੀਕ ਨਹੀਂ ਹੋਈ ਤੇ ਇਹ ਵੀ ਕਿ ਜਦੋਂ ਸਾਡੀ ਸਰਕਾਰ ਬਣੀ ਤਾਂ ਸਾਧਵੀ ਪ੍ਰਗਿਆ ਨੂੰ ਜੇਲ੍ਹ ਤੋਂ ਬਾਹਰ ਕੱਢਵਾ ਲਿਆਵਾਂਗੇ। ਉਨ੍ਹਾਂ ਦੀ ਸਰਕਾਰ ਬਣੀ ਤੋਂ ਕੇਸ ਕਮਜ਼ੋਰ ਹੋਇਆ ਤੇ ਪ੍ਰਗਿਆ ਬਰੀ ਹੋ ਗਈ।
ਕੱਲ੍ਹ ਸਾਧਵੀ ਪ੍ਰਗਿਆ ਸਿੰਘ ਠਾਕਰ ਬਾਕਾਇਦਾ ਤੌਰ ਉੱਤੇ ਭਾਜਪਾ ਵਿੱਚ ਸ਼ਾਮਲ ਹੋ ਗਈ ਤੇ ਇਸ ਦੇ ਨਾਲ ਹੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਉਸ ਨੰ ਭੋਪਾਲ ਤੋਂ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ ਹੈ। ਪ੍ਰਗਿਆ ਸਿੰਘ ਮਾਲੇਗਾਓਂ ਧਮਾਕੇ ਦੇ ਕੇਸ ਤੋਂ ਬਰੀ ਹੋ ਚੁੱਕੀ ਹੈ ਤੇ ਕਾਨੂੰਨ ਉਸ ਨੂੰ ਕੋਈ ਚੋਣ ਲੜਨ ਤੋਂ ਰੋਕਦਾ ਨਹੀਂ, ਭਾਜਪਾ ਉਸ ਨੂੰ ਕੋਈ ਚੋਣ ਲੜਾਉਣਾ ਚਾਹੇ ਤਾਂ ਲੜ ਸਕਦੀ ਹੈ ਅਤੇ ਲੜਵਾ ਵੀ ਰਹੀ ਹੈ। ਕਈ ਵਾਰੀ ਸਵਾਲ ਕਾਨੂੰਨੀ ਤੋਂ ਅੱਗੇ ਲੰਘ ਕੇ ਇਖਲਾਕੀ ਬਣ ਜਾਂਦਾ ਹੈ। ਸਾਧਵੀ ਪ੍ਰਗਿਆ ਸਿੰਘ ਦੇ ਕੇਸ ਵਿੱਚ ਵੀ ਇਹ ਗੱਲ ਚਰਚਾ ਦਾ ਵਿਸ਼ਾ ਬਣ ਸਕਦੀ ਹੈ ਕਿ ਉਸ ਨੂੰ ਜੇਲ੍ਹ ਤੋਂ ਨਿਕਲਦੇ ਸਾਰ ਭਾਜਪਾ ਨੇ ਲੋਕ ਸਭਾ ਟਿਕਟ ਜਿਸ ਤਰ੍ਹਾਂ ਦੇ ਦਿੱਤੀ ਹੈ, ਇਸ ਨਾਲ ਲੋਕਾਂ ਵਿੱਚ ਇੱਕ ਖਾਸ ਸੰਦੇਸ਼ ਗਿਆ ਹੈ। ਪਹਿਲਾਂ ਉਮਾ ਭਾਰਤੀ ਤੇ ਉਸੇ ਵਰਗੇ ਕੁਝ ਹੋਰਨਾਂ ਨੂੰ ਜਦੋਂ ਉਭਾਰਿਆ ਗਿਆ ਸੀ, ਉਨ੍ਹਾਂ ਨੂੰ ਉਭਾਰਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਤੇ ਵਾਜਪਾਈ ਦਾ ਕਹਿਣਾ ਸੀ ਕਿ ਕਾਨੂੰਨੀ ਪੱਖੋਂ ਕੁਝ ਵੀ ਗਲਤ ਨਹੀਂ, ਪਰ ਭਵਿੱਖ ਵਿੱਚ ਵੇਖਣ ਵਾਲੇ ਮਾਹਰਾਂ ਨੇ ਕਿਹਾ ਸੀ ਕਿ ਇਹ ਖੇਡ ਜਿਹੜ ਸਿੱਟੇ ਕੱਢ ਸਕਦੀ ਹੈ, ਉਨ੍ਹਾਂ ਦਾ ਸਾਹਮਣਾ ਅਡਵਾਨੀ ਤੇ ਉਨ੍ਹਾਂ ਵਰਗੇ ਹੋਰਨਾਂ ਤੋਂ ਕੀਤਾ ਨਹੀਂ ਜਾ ਸਕਣਾ। ਜਿਹੋ ਜਿਹੀ ਕਲਾ ਇਸ ਦੇ ਬਾਅਦ ਵਰਤੀ ਸੀ, ਅੱਜਕੱਲ੍ਹ ਮਾਰਗ-ਦਰਸ਼ਕ ਮੰਡਲ ਵਿੱਚ ਬੈਠੇ ਅਡਵਾਨੀ ਜੀ ਉਸ ਬਾਰੇ ਸੋਚਦੇ ਤਾਂ ਹੋਣਗੇ।
ਭਾਰਤ ਵਿੱਚ ਨਰਮ-ਪੰਥੀ ਅਤੇ ਸਹਿਣਸ਼ੀਲ ਹਿੰਦੂਤਵ ਇਸ ਸਮਾਜ ਦੀ ਸੋਚਣੀ ਦੀ ਰੀੜ੍ਹ ਸਮਝੀ ਜਾਂਦੀ ਸੀ ਤੇ ਵਿਦੇਸ਼ਾਂ ਤੱਕ ਇਸ ਦੀ ਸ਼ਲਾਘਾ ਹੁੰਦੀ ਸੀ। ਇਸ ਵਕਤ ਇਸ ਦੀ ਥਾਂ ਕੁਝ ਉਲਟ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਸਾਧਵੀ ਪ੍ਰਗਿਆ ਨੂੰ ਸਿਰਫ ਇੱਕ ਉਮੀਦਵਾਰ ਨਹੀਂ ਮੰਨਿਆ ਜਾਣਾ, ਇੱਕ ਸੋਚ ਦੀ ਪ੍ਰਤੀਨਿਧ ਕਿਹਾ ਜਾਣਾ ਹੈ ਤੇ ਉਸ ਸੋਚ ਨੇ ਜਿਹੜੇ ਰੰਗ ਭਾਰਤ ਦੀ ਰਾਜਨੀਤੀ ਉੱਤੇ ਛੱਡਣੇ ਹਨ, ਉਨ੍ਹਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਅਸੀਂ ਫਿਰ ਕਹਿੰਦੇ ਹਾਂ ਕਿ ਕਾਨੂੰਨੀ ਪੱਖੋਂ ਸਾਧਵੀ ਪ੍ਰਗਿਆ ਦੇ ਉਮੀਦਵਾਰ ਬਣਨ ਵਿੱਚ ਕੁਝ ਵੀ ਗਲਤ ਨਹੀਂ ਹੋਣਾ, ਪਰ ਇਸ ਦੇ ਨਾਲ ਜਿਹੜਾ ਸਮਾਜੀ ਸੋਚ ਦਾ ਅਗਲਾ ਪੱਖ ਹੈ, ਉਸ ਬਾਰੇ ਸੋਚ ਲਿਆ ਜਾਂਦਾ ਤਾਂ ਜ਼ਿਆਦਾ ਠੀਕ ਹੋਣਾ ਸੀ। ਸ਼ਾਇਦ ਭਾਜਪਾ ਦੇ ਮਨ ਵਿੱਚ ਕੁਝ ਹੋਰ ਹੀ ਹੋਵੇਗਾ।
-ਜਤਿੰਦਰ ਪਨੂੰ

1002 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper