Latest News
ਸ੍ਰੀਲੰਕਾ ਦਾ ਦੁਖਾਂਤ ਤੇ ਭਾਰਤ ਦੇ ਹਾਲਾਤ

Published on 21 Apr, 2019 11:01 AM.


ਇਸ ਐਤਵਾਰ ਦਾ ਦਿਨ ਭਾਰਤ ਦੇ ਗਵਾਂਢੀ ਦੇਸ਼ ਸ੍ਰੀਲੰਕਾ ਦੇ ਲਈ ਕਹਿਰ ਵਾਲਾ ਹੋ ਗਿਆ ਹੈ। ਰਾਜਧਾਨੀ ਕੋਲੰਬੋ ਵਿੱਚ ਅੱਗੜ-ਪਿੱਛੜ ਅੱਠ ਧਮਾਕੇ ਹੋਣ ਦੀ ਖਬਰ ਹੈ। ਕੁਝ ਅਫਵਾਹਾਂ ਵੀ ਹਨ, ਪਰ ਧਮਾਕਿਆਂ ਦੀ ਗਿਣਤੀ ਵੱਧ ਜਾਂ ਘੱਟ ਵੀ ਹੋਵੇ ਤਾਂ ਇਸ ਤੋਂ ਵੱਡੀ ਗੱਲ ਇਹ ਹੈ ਕਿ ਇਨਸਾਨੀ ਜਾਨਾਂ ਦਾ ਨੁਕਸਾਨ ਏਨਾ ਹੋ ਗਿਆ ਹੈ ਕਿ ਉਸ ਦੀ ਗਿਣਤੀ ਮੂਹਰੇ ਸਾਰਾ ਕੁਝ ਬੌਣਾ ਦਿੱਸ ਰਿਹਾ ਹੈ। ਪੌਣੇ ਦੋ ਸੌ ਦੇ ਕਰੀਬ ਮੌਤਾਂ ਦੀ ਖਬਰ ਆ ਚੁੱਕੀ ਹੈ ਤੇ ਜ਼ਖਮੀਆਂ ਦੀ ਗਿਣਤੀ ਵੱਖਰੀ ਹੈ। ਅਗਲੇ ਪ੍ਰਬੰਧਾਂ ਤੋਂ ਪਹਿਲਾਂ ਸਰਕਾਰ ਨੇ ਸਾਰੇ ਰਾਜਧਾਨੀ ਵਾਲੇ ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਅਤੇ ਹਰ ਤਰ੍ਹਾਂ ਦੀਆਂ ਫੋਰਸਾਂ ਨੂੰ ਕਾਰਵਾਈ ਲਈ ਰਾਜਧਾਨੀ ਦੇ ਹਰ ਕੋਨੇ ਵੱਲ ਤੋਰ ਦਿੱਤਾ ਹੈ। ਇਸ ਦੇ ਬਾਵਜੂਦ ਸਹਿਮ ਦਾ ਮਾਹੌਲ ਬਣਿਆ ਪਿਆ ਹੈ।
ਪਿਛਲੇ ਮਹੀਨੇ ਇੱਕ ਵੱਡਾ ਦੁਖਾਂਤ ਨਿਊਜ਼ੀਲੈਂਡ ਵਿੱਚ ਵਾਪਰਿਆ ਸੀ, ਜਦੋਂ ਇੱਕ ਮਸਜਿਦ ਵਿੱਚ ਇੱਕ ਬੰਦੂਕਧਾਰੀ ਨੇ ਜਾ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ ਸੀ। ਉਸ ਤੋਂ ਕਰੀਬ ਪੰਜ ਹਫਤੇ ਬਾਅਦ ਸ੍ਰੀਲੰਕਾ ਵਿੱਚ ਇਹ ਦੁਖਾਂਤ ਵਾਪਰ ਗਿਆ ਹੈ, ਜਿਸ ਵਿੱਚ ਨਿਊਜ਼ੀਲੈਂਡ ਵਾਲੇ ਦੁਖਾਂਤ ਤੋਂ ਵੀ ਕਿਤੇ ਵੱਧ ਨੁਕਸਾਨ ਹੋ ਗਿਆ ਹੈ। ਓਥੇ ਮਸਜਿਦ ਵਿੱਚ ਹਮਲਾ ਕੀਤਾ ਗਿਆ ਸੀ, ਸ੍ਰੀਲੰਕਾ ਵਿੱਚ ਈਸਾਈ ਧਰਮ ਦੇ ਪਵਿੱਤਰ ਚਰਚ ਹਮਲੇ ਦਾ ਨਿਸ਼ਾਨਾ ਬਣਾਏ ਗਏ ਹਨ ਤੇ ਹਮਲਾ ਵੀ ਉਸ ਵੇਲੇ ਕੀਤਾ ਗਿਆ ਹੈ, ਜਦੋਂ ਈਸਾਈ ਧਰਮ ਦੇ ਲੋਕਾਂ ਦਾ ਬੜਾ ਪਵਿੱਤਰ ਈਸਟਰ ਦਾ ਤਿਉਹਾਰ ਸੀ ਤੇ ਲੋਕ ਇਸ ਦੇ ਲਈ ਚਰਚਾਂ ਵਿੱਚ ਪੁੱਜੇ ਹੋਏ ਸਨ। ਸਿਰਫ ਚਰਚਾਂ ਤੱਕ ਇਹ ਹਮਲਾ ਸੀਮਤ ਨਹੀਂ ਰਿਹਾ ਤੇ ਕੁਝ ਸੰਸਾਰ ਪ੍ਰਸਿੱਧੀ ਵਾਲੇ ਹੋਟਲਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਬਹੁਤਾ ਕਰ ਕੇ ਵਿਦੇਸ਼ਾਂ ਤੋਂ ਆਏ ਲੋਕ ਠਹਿਰਦੇ ਹਨ ਤੇ ਉਹ ਕਾਰੋਬਾਰ ਤੇ ਸੈਰ-ਸਪਾਟਾ ਦੇ ਪੱਖ ਤੋਂ ਇਸ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਗਿਣੇ ਜਾਂਦੇ ਹਨ।
ਮੁੱਢਲੇ ਤੌਰ ਉੱਤੇ ਇਹ ਗੱਲ ਪਤਾ ਨਹੀਂ ਲੱਗ ਸਕੀ ਕਿ ਹਮਲਾ ਕਿਸ ਨੇ ਤੇ ਕਿਉਂ ਕੀਤਾ ਹੈ, ਪਰ ਸੰਸਾਰ ਅੰਦਰ ਜਿੱਦਾਂ ਦਹਿਸ਼ਤਗਰਦੀ ਦਾ ਚੱਕਰ ਚੱਲ ਰਿਹਾ ਹੈ, ਇਸ ਘਟਨਾ ਨੂੰ ਉਨ੍ਹਾਂ ਘਟਨਾਵਾਂ ਤੋਂ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ ਤੇ ਏਸੇ ਲਈ ਅੱਜ ਵਾਲੀ ਘਟਨਾ ਦੇ ਬਾਰੇ ਬਾਕੀ ਸਾਰੇ ਦੇਸ਼ਾਂ ਦੇ ਹਾਕਮਾਂ ਨੂੰ ਵੀ ਸੋਚਣਾ ਪੈਣਾ ਹੈ। ਕੁਝ ਸਮਾਂ ਪਹਿਲਾਂ ਅਸੀਂ ਯੂਰਪੀ ਦੇਸ਼ਾਂ ਵਿੱਚ ਵੱਖ-ਵੱਖ ਥਾਈਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਵੇਖ ਚੁੱਕੇ ਹਾਂ। ਹਰ ਘਟਨਾ ਦੇ ਦੋਸ਼ੀ ਜਦੋਂ ਪਕੜੇ ਜਾਂ ਪਛਾਣੇ ਜਾਂਦੇ ਸਨ ਤਾਂ ਪਹਿਲਿਆਂ ਨਾਲ ਜਾਣ-ਪਛਾਣ ਵਾਲੇ ਨਹੀਂ ਸੀ ਲੱਗਦੇ, ਪਰ ਜਿੱਥੋਂ ਇਸ ਤਰ੍ਹਾਂ ਦੇ ਵਰਤਾਰੇ ਦੀ ਜੜ੍ਹ ਫੁੱਟਦੀ ਹੈ, ਉਸ ਨਾਲ ਜੁੜੇ ਹੋਏ ਹੋਣ ਦੀ ਕੋਈ ਨਾ ਕੋਈ ਤੰਦ ਹਰ ਵਾਰ ਲੱਭ ਜਾਂਦੀ ਸੀ। ਕਈ ਸਾਲ ਇਰਾਕ ਅਤੇ ਗਵਾਂਢ ਦੇ ਦੇਸ਼ਾਂ ਵਿੱਚ ਚੱਲਦੀ ਰਹੀ ਆਈ ਐੱਸ ਆਈ ਐੱਸ ਵਾਲੀ ਦਹਿਸ਼ਤਗਰਦ ਜਥੇਬੰਦੀ ਜਦੋਂ ਘਿਰ ਗਈ ਸੀ, ਉਸ ਦੇ ਮੁਖੀ ਅਬੂ ਬਕਰ ਅਲ ਬਗਦਾਦੀ ਨੇ ਆਪਣੇ ਬੰਦਿਆਂ ਨੂੰ ਆਖਰੀ ਸੰਦੇਸ਼ ਇਹੋ ਦਿੱਤਾ ਸੀ ਕਿ ਕਿਸੇ ਇੱਕ ਦੇਸ਼ ਵੱਲ ਨਹੀਂ ਜਾਣਾ, ਦੁਨੀਆ ਅੰਦਰ ਕਿਸੇ ਵੀ ਦੇਸ਼ ਵਿੱਚ ਚਲੇ ਜਾਓ, ਪਰ ਲੜਾਈ ਜਾਰੀ ਰੱਖਣੀ ਹੈ। ਉਸ ਵੇਲੇ ਯੂਰਪੀ ਦੇਸ਼ਾਂ ਦੇ ਹਾਕਮ ਵੀ ਅਤੇ ਅਮਰੀਕਾ ਅਤੇ ਰੂਸ ਦੇ ਹੁਕਮਰਾਨ ਵੀ ਹੋਰ ਬਹੁਤ ਸਾਰੇ ਮੱਤਭੇਦਾਂ ਦੇ ਬਾਵਜੂਦ ਇਸ ਗੱਲ ਲਈ ਇੱਕ ਰਾਏ ਸਨ ਕਿ ਦਹਿਸ਼ਤਗਰਦੀ ਦਾ ਖਾਤਮਾ ਹੋਣ ਤੱਕ ਸਾਰਿਆਂ ਨੂੰ ਮਿਲ ਕੇ ਲੜਨਾ ਪੈਣਾ ਹੈ। ਜਦੋਂ ਆਈ ਐੱਸ ਆਈ ਐੱਸ ਵਾਲੇ ਦਹਿਸ਼ਤਗਰਦਾਂ ਤੋਂ ਇਰਾਕ ਵਾਲੇ ਟਿਕਾਣਿਆਂ ਦਾ ਕਬਜ਼ਾ ਇੱਕ ਵਾਰ ਛੁਡਾ ਲਿਆ ਤਾਂ ਉਸ ਦੇ ਬਾਅਦ ਇਨ੍ਹਾਂ ਦੇਸ਼ਾਂ ਦੀ ਆਪੋ ਵਿੱਚ ਖਿੱਚੋਤਾਣ ਇਸ ਤਰ੍ਹਾਂ ਸ਼ੁਰੂ ਹੋਈ ਕਿ ਉਹ ਫਿਰ ਕਦੇ ਇੱਕੋ ਮਕਸਦ ਲਈ ਇਕੱਠੇ ਨਹੀਂ ਹੋ ਸਕੇ। ਨਤੀਜੇ ਵਜੋਂ ਦਹਿਸ਼ਤਗਰਦੀ ਦੇ ਖਿਲਾਫ ਲੜਨ ਵਾਲੇ ਲੋਕ ਤਾਂ ਇਕੱਠੇ ਨਹੀਂ ਹੋ ਸਕੇ, ਪਰ ਦਹਿਸ਼ਤਗਰਦੀ ਦੇ ਪਿਆਦੇ ਆਪਣੇ ਕੰਮ ਕਰਨ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਰੁੱਝ ਗਏ ਸਨ।
ਪਿਛਲੇ ਸਮੇਂ ਵਿੱਚ ਪਹਿਲਾਂ ਯੂਰਪੀ ਦੇਸ਼ਾਂ ਵਿੱਚ ਅਤੇ ਫਿਰ ਨਿਊਜ਼ੀਲੈਂਡ ਵਿੱਚ ਜੋ ਕੁਝ ਵਾਪਰਿਆ ਸੀ, ਉਸ ਨਾਲ ਬਾਕੀ ਸਾਰੀ ਦੁਨੀਆ ਦੇ ਦੇਸ਼ਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਸੀ। ਨਿਊਜ਼ੀਲੈਂਡ ਬਹੁਤ ਅਮਨ ਵਾਲਾ ਦੇਸ਼ ਗਿਣਿਆ ਜਾਂਦਾ ਸੀ ਤੇ ਓਸੇ ਤਰ੍ਹਾਂ ਸ੍ਰੀਲੰਕਾ ਵੀ ਇਸ ਵਕਤ ਕਿਸੇ ਸੰਸਾਰਕ ਵਿਵਾਦ ਤੋਂ ਲਾਂਭੇ ਰਹਿ ਕੇ ਚੱਲਣ ਵਾਲਾ ਗਿਣਿਆ ਜਾਂਦਾ ਹੈ। ਸ੍ਰੀਲੰਕਾ ਵਿੱਚ ਇਹੋ ਜਿਹੀ ਕਿਸੇ ਘਟਨਾ ਦਾ ਵਾਪਰ ਜਾਣਾ ਇਹ ਸੰਕੇਤ ਦੇਂਦਾ ਹੈ ਕਿ ਦਹਿਸ਼ਤਗਰਦ ਹਰ ਵਾਰੀ ਕੋਈ ਇਹੋ ਜਿਹਾ ਦੇਸ਼ ਹਮਲੇ ਕਰਨ ਲਈ ਚੁਣਦੇ ਹਨ, ਜਿੱਥੇ ਇਹੋ ਜਿਹੀ ਕਿਸੇ ਘਟਨਾ ਦਾ ਖਿਆਲ ਵੀ ਨਾ ਕੀਤਾ ਜਾ ਰਿਹਾ ਹੋਵੇ। ਇਸ ਤੋਂ ਬਾਕੀ ਦੁਨੀਆ ਦੇ ਦੇਸ਼ਾਂ ਨੂੰ ਦਹਿਸ਼ਤਗਰਦਾਂ ਦੇ ਨਿਸ਼ਾਨੇ ਚੁਣਨ ਦੇ ਢੰਗ ਦਾ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ। ਦਹਿਸ਼ਤਗਰਦ ਕਿਸੇ ਦੇ ਸਕੇ ਨਹੀਂ ਬਣਨ ਲੱਗੇ ਤੇ ਜਿਹੜੇ ਦੇਸ਼ ਇਹ ਸੋਚੀ ਬੈਠੇ ਹਨ ਕਿ ਸਾਨੂੰ ਕੋਈ ਖਤਰਾ ਨਹੀਂ, ਉਨ੍ਹਾਂ ਨੂੰ ਕੋਈ ਰਿਆਇਤ ਦੇਣ ਵਾਸਤੇ ਵੀ ਉਹ ਲੋਕ ਤਿਆਰ ਨਹੀਂ, ਜਿਨ੍ਹਾਂ ਦਾ ਇੱਕੋ-ਇੱਕ ਮਕਸਦ ਖੂਨ ਵਗਾਉਣਾ ਅਤੇ ਦਹਿਸ਼ਤ ਪੈਦਾ ਕਰਨਾ ਹੈ।
ਇਸ ਤੋਂ ਸਾਡੇ ਭਾਰਤ ਦੇ ਹਾਕਮਾਂ ਅਤੇ ਲੋਕਾਂ ਨੂੰ ਵੀ ਸਿੱਖਣਾ ਚਾਹੀਦਾ ਹੈ। ਚੌਕਸੀ ਦੀ ਏਥੇ ਵੀ ਘਾਟ ਹੈ। ਕਿਸੇ ਵੀ ਪਾਸੇ ਵੇਖ ਲਿਆ ਜਾਵੇ, ਪਾਰਲੀਮੈਂਟ ਚੋਣਾਂ ਨੇ ਸੁਰੱਖਿਆ ਦਾ ਪੱਖ ਆਮ ਕਰ ਕੇ ਅਣਗੌਲਿਆ ਕੀਤਾ ਪਿਆ ਹੈ ਤੇ ਇਸ ਦੀ ਉਸ ਪੱਧਰ ਦੀ ਚੌਕਸੀ ਦਿਖਾਈ ਨਹੀਂ ਦੇਂਦੀ, ਜਿਹੋ ਜਿਹੀ ਆਮ ਕਰ ਕੇ ਹੋਣੀ ਚਾਹੀਦੀ ਹੈ। ਰਾਜੀਵ ਗਾਂਧੀ ਦਾ ਕਤਲ ਚੋਣਾਂ ਦੀ ਇੱਕ ਰੈਲੀ ਦੌਰਾਨ ਹੀ ਕੀਤਾ ਗਿਆ ਸੀ। ਗਵਾਂਢੀ ਦੇਸ਼ ਨਾਲ ਹਮਦਰਦੀ ਦੇ ਨਾਲ ਆਪਣਾ ਘਰ ਵੀ ਸਾਨੂੰ ਪੱਕਾ ਰੱਖਣਾ ਚਾਹੀਦਾ ਹੈ।
-ਜਤਿੰਦਰ ਪਨੂੰ

1001 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper