Latest News
ਚੋਣ ਜ਼ਾਬਤੇ ਦੀ ਘੋਰ ਉਲੰਘਣਾ

Published on 23 Apr, 2019 11:07 AM.


ਮੌਜੂਦਾ ਲੋਕ ਸਭਾ ਚੋਣਾਂ ਇਸ ਗੱਲੋਂ ਯਾਦ ਰੱਖੀਆਂ ਜਾਣਗੀਆ ਕਿ ਇਨ੍ਹਾਂ ਵਿੱਚ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਦਾ ਸਿਹਰਾ ਮੁੱਖ ਤੌਰ ਉੱਤੇ ਭਾਜਪਾ ਤੇ ਖਾਸਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੱਝਦਾ ਹੈ ਕਿ ਉਸ ਨੇ ਚੋਣ ਕਮਿਸ਼ਨ ਦੇ ਆਦੇਸ਼ਾਂ ਨੂੰ ਵੀ ਟਿੱਚ ਕਰਕੇ ਜਾਣਿਆ ਹੈ। ਜਦੋਂ ਰਾਜ ਕਰਦੀ ਪਾਰਟੀ ਨੇ ਇਹ ਧਹੱਈਆ ਕਰ ਰੱਖਿਆ ਹੋਵੇ ਕਿ ਉਹ ਚੋਣ ਜਿੱਤਣ ਲਈ ਹਰ ਹੱਥਕੰਡਾ ਵਰਤੇਗੀ, ਤਦ ਦੂਸਰੀਆਂ ਪਾਰਟੀਆਂ ਨੂੰ ਵੀ ਖੁੱਲ੍ਹ ਖੇਡਣ ਦਾ ਮੌਕਾ ਮਿਲ ਜਾਂਦਾ ਹੈ। ਇਸ ਵਰਤਾਰੇ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ ਹੈ। ਦੋ-ਚਾਰ ਆਗੂਆਂ ਉੱਤੇ ਇੱਕ-ਦੋ ਦਿਨਾਂ ਦੀ ਚੋਣ ਪ੍ਰਚਾਰ ਦੀ ਪਾਬੰਦੀ, ਉਹ ਵੀ ਉਦੋਂ ਜਦੋਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੀ ਖਿਚਾਈ ਕੀਤੀ, ਨੇ ਵੀ ਚੋਣ ਕਮਿਸ਼ਨ ਦੇ ਅਕਸ ਨੂੰ ਵਿਗਾੜਨ ਦਾ ਹੀ ਕੰਮ ਕੀਤਾ ਹੈ, ਪਰ ਇਸ ਅਮਲ ਦੌਰਾਨ ਵੀ ਸੱਤਾਧਾਰੀ ਆਗੂਆਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਪ੍ਰਤੀ ਚੋਣ ਕਮਿਸ਼ਨ ਦੀ ਪਹੁੰਚ 'ਦੇਖੋ ਤੇ ਟਾਲੋ' ਵਾਲੀ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਇੱਕ ਚੋਣ ਰੈਲੀ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਪਹਿਲੀ ਵੋਟ ਪੁਲਵਾਮਾ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸਮੱਰਪਤ ਕਰਨ। ਪਹਿਲਾਂ ਤਾਂ ਚੋਣ ਕਮਿਸ਼ਨ ਨੇ ਇਹ ਕਹਿ ਦਿੱਤਾ ਕਿ ਉਹ ਇਸ ਸੰਬੰਧੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕਰਨਗੇ, ਪਰ ਪਿੱਛੋਂ ਚੁੱਪ ਵੱਟ ਲਈ ਗਈ। ਚੋਣ ਕਮਿਸ਼ਨ ਨੇ ਹਾਲੇ ਤੱਕ ਵੀ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ। ਇਸੇ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਆ ਗਿਆ ਕਿ ਆਪਣੇ ਜਵਾਨਾਂ ਦਾ ਗੁਣਗਾਨ ਕਰਨਾ ਗਲਤ ਨਹੀਂ ਹੁੰਦਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਆਗੂਆਂ ਨੂੰ ਚੋਣ ਕਮਿਸ਼ਨ ਦਾ ਕੋਈ ਡਰ ਨਹੀਂ।
ਮਾਲੇਗਾਂਵ ਧਮਾਕੇ ਦੀ ਦੋਸ਼ੀ ਅਤੇ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕਰ ਨੇ ਤਾਂ ਸਭ ਹੱਦਾਂ-ਬੰਨੇ ਤੋੜ ਦਿੱਤੇ ਹਨ। ਉਸ ਨੇ ਆਪਣੇ ਪਹਿਲੇ ਬਿਆਨ ਵਿੱਚ ਹੀ ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਆਪਣੀ ਜਾਨ ਦੀ ਬਾਜ਼ੀ ਲਾ ਦੇਣ ਵਾਲੇ ਸ਼ਹੀਦ ਹੇਮੰਤ ਕਰਕਰੇ ਉੱਤੇ ਟਾਰਚਰ ਕਰਨ ਤੇ ਉਸ ਨੂੰ ਝੂਠਾ ਫਸਾਉਣ ਦਾ ਦੋਸ਼ ਲਾ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਉਸ ਨੇ ਹੀ ਕਰਕਰੇ ਨੂੰ ਮਾਰੇ ਜਾਣ ਦਾ ਸਰਾਪ ਦਿੱਤਾ ਸੀ, ਪਰ ਹੋਇਆ ਕੀ, ਇੱਕ ਨੋਟਿਸ ਦੇ ਕੇ ਚੋਣ ਕਮਿਸ਼ਨ ਘੂਕ ਸੁੱਤਾ ਪਿਆ ਹੈ। ਇਹੋ ਨਹੀਂ ਅਗਲੇ ਦਿਨ ਸਾਧਵੀ ਨੇ ਇੱਕ ਹੋਰ ਬਿਆਨ ਵਿੱਚ ਬਾਬਰੀ ਮਸਜਿਦ ਢਾਹੁਣ ਵਿੱਚ ਆਪਣੀ ਸ਼ਮੂਲੀਅਤ ਦਾ ਇਕਬਾਲ ਕਰਦਿਆਂ ਰਾਮ ਮੰਦਰ ਬਣਾਉਣ ਦੀ ਵੀ ਗੱਲ ਕਰ ਦਿੱਤੀ। ਸਪੱਸ਼ਟ ਤੌਰ 'ਤੇ ਇਹ ਬਿਆਨ ਚੋਣ ਜ਼ਾਬਤੇ ਦੀ ਘੋਰ ਉਲੰਘਣਾ ਸੀ, ਜਿਸ ਅਧੀਨ ਕਿਸੇ ਵੀ ਉਮੀਦਵਾਰ ਨੂੰ ਧਾਰਮਿਕ ਭਾਵਨਾਵਾਂ ਉਭਾਰ ਕੇ ਵੋਟਾਂ ਮੰਗਣ ਦੀ ਮਨਾਹੀ ਹੈ। ਜਦੋਂ ਇੱਕ ਰਿਪੋਰਟਰ ਨੇ ਉਸ ਨੂੰ ਕਿਹਾ ਕਿ ਚੋਣ ਕਮਿਸ਼ਨ ਦਾ ਆਦੇਸ਼ ਹੈ ਕਿ ਧਰਮ ਤੇ ਜਾਤੀ ਦੇ ਨਾਂਅ ਉੱਤੇ ਵੋਟ ਮੰਗਣੀ ਦੀ ਮਨਾਹੀ ਹੈ ਤਾਂ ਉਸ ਨੇ ਸਪੱਸ਼ਟ ਕਹਿ ਦਿੱਤਾ ਕਿ ਮੈਂ ਆਪਣੀ ਗੱਲ ਕਹਿ ਦਿੱਤੀ ਹੈ, ਜਿਸ ਨੇ ਜੋ ਕਰਨਾ ਹੈ ਕਰੇ। ਇਹ ਸਿੱਧੇ ਤੌਰ 'ਤੇ ਚੋਣ ਕਮਿਸ਼ਨ ਦੇ ਅਧਿਕਾਰ ਨੂੰ ਚੈਲਿੰਜ ਹੈ। ਜਦੋਂ ਵੱਡੇ ਹਾਕਮ ਸਿਰ 'ਤੇ ਹੋਣ, ਫਿਰ ਡਰ ਕਿਹੜੀ ਗੱਲ ਦਾ।
ਜਦੋਂ ਸਾਧਵੀ ਪ੍ਰਗਿਆ ਦਾ ਹੇਮੰਤ ਕਰਕਰੇ ਬਾਰੇ ਬਿਆਨ ਆਇਆ ਤੇ ਸਾਰੇ ਦੇਸ਼ ਵਿੱਚ ਇਸ ਦੀ ਨਿੰਦਾ ਹੋਣ ਲੱਗੀ ਤਾਂ ਖੁਦ ਪ੍ਰਧਾਨ ਮੰਤਰੀ ਸਾਧਵੀ ਦੇ ਹੱਕ ਵਿੱਚ ਖੜੇ ਹੋ ਗਏ। ਉਨ੍ਹਾ ਕਿਹਾ 'ਇੱਕ ਔਰਤ, ਉਹ ਵੀ ਇੱਕ ਸਾਧਵੀ ਨੂੰ, ਇਸ ਪ੍ਰਕਾਰ ਨਾਲ ਤਸੀਹੇ ਦਿੱਤੇ ਗਏ, ਉਹ ਰੌਂਗਟੇ ਖੜੇ ਕਰਨ ਵਾਲੇ ਹਨ।' ਹਾਲਾਂਕਿ ਸਾਧਵੀ ਦੇ ਟਾਰਚਰ ਦੇ ਦੋਸ਼ਾਂ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਸ ਸਮੇਂ ਦੀ ਆਪਣੀ ਰਿਪੋਰਟ ਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਸਾਧਵੀ ਦੇ ਸਭ ਦੋਸ਼ ਝੂਠ ਦਾ ਪੁਲੰਦਾ ਹਨ।
ਪਰ ਚੋਣ ਕਮਿਸ਼ਨ ਵੱਲੋਂ ਹਾਲੇ ਤੱਕ ਦੋਹਾਂ ਕੇਸਾਂ ਵਿੱਚ ਹੀ ਸਾਧਵੀ ਨੂੰ ਸਿਰਫ਼ ਨੋਟਿਸ ਦਿੱਤੇ ਗਏ ਹਨ, ਕਾਰਵਾਈ ਕੋਈ ਨਹੀਂ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਫਾਸ਼ੀਵਾਦੀ ਭਾਜਪਾ ਦੇ ਰਾਜ ਵਿੱਚ ਹੋ ਰਹੀਆਂ ਇਹ ਚੋਣਾਂ ਜਿੱਤਣ ਲਈ ਭਾਜਪਾਈ ਆਗੂ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਦਾ ਇੱਕੋ ਨਿਸ਼ਾਨਾ ਹੈ ਲੋਕਤੰਤਰੀ ਢਾਂਚੇ ਨੂੰ ਨੁਕਸਾਨ ਪੁਚਾ ਕੇ ਫਾਸ਼ੀ ਰੁਝਾਨ ਵਾਲੀ ਹਿੰਦੂਤਵੀ ਸਰਕਾਰ ਕਾਇਮ ਕਰਨਾ। ਸਭ ਤੋਂ ਦੁੱਖ ਦੀ ਗੱਲ ਹੈ ਕਿ ਆਪਣੇ-ਆਪ ਨੂੰ ਧਰਮ-ਨਿਰਪੱਖ ਕਰਾਉਣ ਵਾਲੀਆਂ ਧਿਰਾਂ ਆਪਸ ਵਿੱਚ ਪਾਟੋਧਾੜ ਹੋਈਆਂ ਪਈਆਂ ਹਨ। ਇਸ ਦੇ ਬਾਵਜੂਦ ਸਾਡੇ ਦੇਸ਼ ਅੰਦਰ ਲੋਕਤੰਤਰ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹਨ। ਹਿੰਦੂਆਂ, ਮੁਸਲਮਾਨਾਂ, ਸਿੱਖਾਂ ਸਮੇਤ ਸਭ ਧਰਮਾਂ ਦੇ ਲੋਕਾਂ ਦੀਆਂ ਅਥਾਹ ਕੁਰਬਾਨੀਆਂ ਤੋਂ ਬਾਅਦ ਅਜ਼ਾਦ ਹੋਇਆ ਸਾਡਾ ਦੇਸ਼ ਸਭ ਧਰਮਾਂ ਦਾ ਗੁਲਦਸਤਾ ਹੈ। ਇਸ ਦੇ ਧਰਮ-ਨਿਰਪੱਖ ਸਰੂਪ ਨੂੰ ਨੁਕਸਾਨ ਪੁਚਾਉਣ ਦੀ ਕਿਸੇ ਵੀ ਕਾਰਵਾਈ ਨੂੰ ਸਮੁੱਚੇ ਦੇਸ਼ ਵਾਸੀ ਨਕਾਰ ਦੇਣਗੇ।

856 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper