Latest News
ਹੁਣ ਬੀਜ ਸਤਿਆਗ੍ਰਹਿ ਚਲਾਉਣਾ ਪੈਣਾ

Published on 25 Apr, 2019 11:30 AM.


ਗੁਜਰਾਤ ਦੇ ਕਿਸਾਨ ਨਵੀਂ ਮੁਸੀਬਤ ਵਿੱਚ ਫਸ ਗਏ ਹਨ। ਇਹ ਮੁਸੀਬਤ ਵਧਦੀ ਲਾਗਤ ਤੇ ਘਟਦੀ ਆਮਦਨ ਦੀ ਨਹੀਂ, ਸਗੋਂ ਮੁਸੀਬਤ ਇਹ ਹੈ ਕਿ ਜਿਹੜੇ ਆਲੂ ਉਨ੍ਹਾਂ ਉਗਾਏ ਸੀ ਉਹਦੇ ਬੀਜ ਦੇ ਪੇਟੈਂਟ ਨੂੰ ਲੈ ਕੇ ਇੱਕ ਬਹੁ-ਕੌਮੀ ਕੰਪਨੀ ਪੈਪਸੀਕੋ ਨੇ ਚਾਰ ਕਿਸਾਨਾਂ 'ਤੇ ਕਰੋੜ-ਕਰੋੜ ਰੁਪਏ ਦੇ ਹਰਜਾਨੇ ਦਾ ਦਾਅਵਾ ਠੋਕ ਦਿੱਤਾ ਹੈ। ਮਾਮਲੇ ਦੀ ਅੱਜ ਅਹਿਮਦਾਬਾਦ ਦੀ ਅਦਾਲਤ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਤਿੰਨ-ਤਿੰਨ, ਚਾਰ-ਚਾਰ ਏਕੜ ਦੇ ਕਿਸਾਨਾਂ ਨੇ ਪਿਛਲੇ ਸਾਲ ਆਪਣੇ ਇਲਾਕੇ ਵਿੱਚੋਂ ਹੀ ਬੀਜ ਲੈ ਕੇ ਬੀਜੇ ਸੀ। ਪੈਪਸੀਕੋ ਦਾ ਦਾਅਵਾ ਹੈ ਕਿ ਇਹ ਬੀਜ ਉਸ ਆਲੂ ਦੇ ਹਨ, ਜਿਨ੍ਹਾਂ ਦੇ ਉਹ ਲੇਜ਼ ਬਣਾਉਂਦੀ ਹੈ। ਉਸ ਦੀ ਸਹਿਮਤੀ ਦੇ ਬਿਨਾਂ ਇਸ ਬੀਜ ਨੂੰ ਕਿਸਾਨ ਨਹੀਂ ਬੀਜ ਸਕਦੇ।
ਇਸ ਧੱਕੇਸ਼ਾਹੀ ਖ਼ਿਲਾਫ਼ ਕਿਸਾਨਾਂ ਨੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਗੱਲ ਆਲੂ ਦੇ ਬੀਜ ਦੀ ਆਈ ਹੈ, ਭਲਕ ਨੂੰ ਹੋਰਨਾਂ ਫਸਲਾਂ ਦੇ ਬੀਜਾਂ ਬਾਰੇ ਵੀ ਬਹੁ-ਕੌਮੀ ਕੰਪਨੀਆਂ ਅਜਿਹਾ ਦਾਅਵਾ ਕਰ ਸਕਦੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਾਨੂੰਨ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਫ਼ਸਲ, ਇੱਥੋਂ ਤੱਕ ਕਿ ਬੀਜ ਉਗਾਉਣ ਦੀ ਆਗਿਆ ਦਿੰਦਾ ਹੈ। ਰਜਿਸਟਰਡ ਕਿਸਮਾਂ ਦੇ ਬਰਾਂਡਡ ਬੀਜ ਨੂੰ ਹੀ ਉਹ ਵੇਚ ਨਹੀਂ ਸਕਦੇ। ਕਿਸਾਨਾਂ ਨੇ ਪੌਦਿਆਂ ਦੀਆਂ ਕਿਸਮਾਂ ਤੇ ਕਿਸਾਨ ਹੱਕਾਂ ਦੀ ਰਾਖੀ ਬਾਰੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਉਹ ਅਦਾਲਤ ਵਿੱਚ ਉਨ੍ਹਾਂ ਦੇ ਹੱਕ ਵਿੱਚ ਬਹੁੜੇ ਤੇ ਕਾਨੂੰਨੀ ਲੜਾਈ ਲਈ ਉਨ੍ਹਾਂ ਨੂੰ ਕੌਮੀ ਜੀਨ ਫੰਡ ਵਿੱਚੋਂ ਖ਼ਰਚਾ ਦਿੱਤਾ ਜਾਏ। ਕਾਨੂੰਨੀ ਚੱਕਰ ਵਿੱਚ ਪਏ ਕਿਸਾਨਾਂ ਦਾ ਕਹਿਣਾ ਹੈ ਕਿ ਪੈਪਸੀ ਕੋ ਨੇ ਇੱਕ ਨਿੱਜੀ ਜਾਸੂਸੀ ਏਜੰਸੀ ਦੇ ਬੰਦਿਆਂ ਨੂੰ ਖ਼ਰੀਦਦਾਰਾਂ ਦੇ ਭੇਸ ਵਿੱਚ ਉਨ੍ਹਾਂ ਕੋਲ ਭੇਜਿਆ, ਜਿਨ੍ਹਾਂ ਨੇ ਆਪਣੀ ਅਸਲੀ ਮਣਸ਼ਾ ਦੱਸੇ ਬਿਨਾਂ ਖੁਫ਼ੀਆ ਕੈਮਰੇ ਨਾਲ ਖੇਤਾਂ ਵਿੱਚ ਤਸਵੀਰਾਂ ਖਿੱਚ ਲਈਆਂ।
ਕੌਮਾਂਤਰੀ ਵਪਾਰਕ ਸਮਝੌਤੇ ਉਤੇ ਭਾਰਤ ਨੇ ਦਸਤਖਤ ਕੀਤੇ ਹੋਏ ਹਨ। ਇਹ ਸਮਝੌਤਾ ਪੇਟੈਂਟ ਦੇ ਨਾਂਅ ਉੱਤੇ ਬਹੁਕੌਮੀ ਕੰਪਨੀਆਂ ਨੂੰ ਮਨਮਰਜ਼ੀ ਕਰਨ ਦੀਆਂ ਖੁੱਲ੍ਹਾਂ ਦਿੰਦਾ ਹੈ। ਇਸ ਸਮਝੌਤੇ ਵਿਰੁੱਧ ਦੁਨੀਆ ਭਰ ਦੇ ਕਿਸਾਨਾਂ ਨੇ ਅੰਦੋਲਨ ਚਲਾਏ, ਕਿਉਂਕਿ ਇਹ ਬਸਤੀਵਾਦੀ ਗੁਲਾਮੀ ਦਾ ਆਧੁਨਿਕ ਰੂਪ ਹੈ। ਉਦਾਰੀਕਰਨ ਨੂੰ ਹੀ ਸਾਰੀਆਂ ਮੁਸੀਬਤਾਂ ਦਾ ਹੱਲ ਸਮਝਣ ਵਾਲੀਆਂ ਭਾਰਤੀ ਸਰਕਾਰਾਂ ਨੇ ਸਮਝੌਤੇ ਦੇ ਕਿਸਾਨਾਂ ਉਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਅਣਡਿੱਠ ਕਰ ਦਿੱਤਾ। ਗੁਜਰਾਤ ਦਾ ਮਾਮਲਾ ਨਵਾਂ ਨਹੀਂ ਹੈ। ਪਿੱਛੇ ਜਿਹੇ ਬੇਂਗਲੁਰੂ ਵਿੱਚ ਕਰਗਿਲ ਸੀਡਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਦਫ਼ਤਰ ਉੱਤੇ ਕਰਨਾਟਕ ਰਾਜਯ ਰੈਥਾ ਸੰਘਾ (ਕੇ ਆਰ ਆਰ ਐੱਸ) ਨੇ ਇਸ ਕਰ ਕੇ ਧਾਵਾ ਬੋਲ ਦਿੱਤਾ ਸੀ ਕਿ ਉਹ ਭਾਰਤੀ ਬੀਜਾਂ ਦੇ ਜੀਨ ਚੋਰੀ ਕਰ ਰਹੀ ਹੈ। ਬਹੁਕੌਮੀ ਕੰਪਨੀਆਂ ਦੀ ਖੇਡ ਬੀਜ ਪੇਟੈਂਟ ਕਰਾਉਣ ਤੋਂ ਹੀ ਸ਼ੁਰੂ ਹੁੰਦੀ ਹੈ। ਇਹ ਵਿਕਾਸਸ਼ੀਲ ਦੇਸਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਬੀਜ ਇਕੱਠੇ ਕਰ ਕੇ ਉਸ ਨੂੰ ਹਾਈਬ੍ਰਿਡ ਵਰਾਇਟੀ ਵਿੱਚ ਬਦਲਦੀਆਂ ਹਨ। ਨਵੀਂ ਕਿਸਮ ਤਿਆਰ ਕਰ ਕੇ ਮੁੜ ਉਨ੍ਹਾਂ ਦੇਸ਼ਾਂ ਨੂੰ ਵੇਚਦੀਆਂ ਹਨ। ਨਾਲ ਹੀ ਵਧੇਰੇ ਝਾੜ ਲੈਣ ਲਈ ਜਿਨ੍ਹਾਂ ਕੀੜੇਮਾਰ ਦਵਾਈਆਂ ਤੇ ਖਾਦਾਂ ਦੀ ਸਿਫ਼ਾਰਸ਼ ਕਰਦੀਆਂ ਹਨ, ਉਹ ਵੀ ਇਨ੍ਹਾਂ ਦੀਆਂ ਕੰਪਨੀਆਂ ਹੀ ਬਣਾਉਂਦੀਆਂ ਹਨ। ਕਰਗਿਲ ਕੰਪਨੀ ਨੇ ਕਰਨਾਟਕ ਦੇ ਬੇਲਾਰੀ ਵਿੱਚ ਸੂਰਜਮੁਖੀ ਤੇ ਮੱਕੀ ਆਦਿ ਦੇ ਹਾਈਬ੍ਰਿਡ ਬੀਜ ਤਿਆਰ ਕਰਨ ਦਾ ਜਿਹੜਾ ਕਾਰਖਾਨਾ ਲਾਇਆ ਹੈ, ਉਸ ਨੇ ਸੂਰਜਮੁਖੀ ਦਾ ਭਾਰਤ ਦੀ ਕੁਲ ਮੰਗ ਦਾ ਇੱਕ-ਚੌਥਾਈ ਬੀਜ ਤਿਆਰ ਕਰਨਾ ਹੈ। ਇਸ ਨੇ ਉਸੇ ਤਰ੍ਹਾਂ ਕੁਝ ਭਾਰਤੀ ਕੰਪਨੀਆਂ ਨਾਲ ਸਮਝੌਤੇ ਕੀਤੇ ਹਨ, ਜਿਵੇਂ ਅੰਗਰੇਜ਼ਾਂ ਨੇ ਭਾਰਤ ਉਤੇ ਕਬਜ਼ਾ ਕਰਨ ਲਈ ਕੀਤੇ ਸਨ। ਕਿਸਾਨਾਂ ਉਤੇ ਵੱਡਾ ਹਮਲਾ ਹੋਣ ਵਾਲਾ ਹੈ, ਪਰ ਫਾਇਦੇ ਦੇ ਲਾਲਚ ਵਿੱਚ ਵੱਡੇ ਕਿਸਾਨਾਂ ਨੂੰ ਬਹੁਕੌਮੀ ਕੰਪਨੀਆਂ ਚੰਗੀਆਂ ਲੱਗ ਰਹੀਆਂ ਹਨ। ਖੈਰ ਨਿੱਕੇ ਕਿਸਾਨ ਬਹੁਕੌਮੀ ਕੰਪਨੀਆਂ ਦੇ ਹਮਲੇ ਦੇ ਖ਼ਿਲਾਫ਼ ਲਾਮਬੰਦ ਹੋਣੇ ਸ਼ੁਰੂ ਹੋ ਚੁੱਕੇ ਹਨ। ਗੁਜਰਾਤ ਦੇ ਆਲੂ ਉਤਪਾਦਕਾਂ ਦੀ ਕਹਾਣੀ ਨਿਸ਼ਚੇ ਹੀ ਉਨ੍ਹਾਂ ਦੇ ਰੋਹ ਨੂੰ ਵਧਾਏਗੀ। ਮਾਮਲਾ ਸਿਰਫ਼ ਆਲੂ ਉਤਪਾਦਕਾਂ ਦਾ ਹੀ ਨਹੀਂ, ਭਲਕ ਨੂੰ ਸੂਰਜਮੁਖੀ, ਮਟਰ, ਦਾਲਾਂ ਤੇ ਹੋਰ ਫਸਲਾਂ ਉਗਾਉਣ ਵਾਲੇ ਕਿਸਾਨ ਵੀ ਬਹੁਕੌਮੀ ਕੰਪਨੀਆਂ ਦੇ ਮੱਕੜਜਾਲ ਵਿੱਚ ਫਸਣੇ ਹਨ।
ਮੁੱਖ ਸਵਾਲ ਇਹ ਹੈ ਕਿ ਇੱਕ ਖਾਸ ਕਿਸਮ ਦੇ ਬੀਜ ਤੋਂ ਫਾਇਦਾ ਕਿਸ ਨੂੰ ਮਿਲਣਾ ਚਾਹੀਦਾ ਹੈ। ਉਸ ਕਿਸਾਨ ਨੂੰ ਜਿਹੜੇ ਬੀਜ ਤੋਂ ਫ਼ਸਲ ਉਗਾਉਂਦਾ ਹੈ ਜਾਂ ਉਸ ਬਹੁਕੌਮੀ ਕੰਪਨੀ ਨੂੰ, ਜਿਹੜੀ ਉਸ ਵਿੱਚ ਸੁਧਾਰ ਕਰ ਕੇ ਉਹਨੂੰ ਵਧੇਰੇ ਝਾੜ ਦੇਣ ਵਾਲੀ ਕਿਸਮ ਵਿੱਚ ਬਦਲਦੀ ਹੈ? ਬੀਜਾਂ ਦੀਆਂ ਕਿਸਮਾਂ ਉੱਤੇ ਬਹੁਕੌਮੀ ਕੰਪਨੀਆਂ ਤੇ ਦੇਸ਼ ਵਿੱਚ ਉਨ੍ਹਾਂ ਦੀਆਂ ਜੋਟੀਦਾਰ ਕੰਪਨੀਆਂ ਦੀ ਇਜਾਰੇਦਾਰੀ ਹੋ ਗਈ ਤਾਂ ਕਿਸਾਨਾਂ ਲਈ ਨੌਬਤ ਜ਼ਮੀਨਾਂ ਵੇਚਣ ਵਾਲੀ ਆ ਜਾਣੀ ਹੈ। ਅੰਗਰੇਜ਼ਾਂ ਨੂੰ ਭਜਾਉਣ ਲਈ 'ਪਗੜੀ ਸੰਭਾਲ ਜੱਟਾ' ਲਹਿਰ ਨਾਲ ਅਹਿਮ ਰੋਲ ਨਿਭਾਉਣ ਵਾਲੇ ਕਿਸਾਨਾਂ ਨੂੰ ਹੁਣ ਬਹੁਕੌਮੀ ਕੰਪਨੀਆਂ ਨੂੰ ਭਜਾਉਣ ਲਈ ਤਿੱਖੀ ਲੜਾਈ ਲੜਨੀ ਪੈਣੀ ਹੈ। ਇਸ ਲੜਾਈ ਵਿੱਚ ਸਵਾਰਥੀ ਸਿਆਸੀ ਪਾਰਟੀਆਂ ਦਾ ਸਾਥ ਉਸ ਨੂੰ ਮਿਲਣ ਵਾਲਾ ਨਹੀਂ। ਉਨ੍ਹਾਂ ਨੂੰ 'ਬੀਜ ਸਤਿਆਗ੍ਰਹਿ' ਖੁਦ ਹੀ ਸ਼ੁਰੂ ਕਰਨਾ ਪੈਣਾ ਹੈ।

995 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper