Latest News
ਆਮ ਲੋਕ ਅਤੇ ਦੇਸ਼ ਦੀ ਵਫਾਦਾਰੀ ਦਾ ਮੁੱਦਾ

Published on 29 Apr, 2019 11:26 AM.


ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਹੋਰ ਵੀ ਮੁੱਦੇ ਹਨ, ਪਰ ਉਨ੍ਹਾਂ ਸਾਰਿਆਂ ਤੋਂ ਵੱਧ ਜ਼ੋਰਦਾਰ ਜਾਪ ਰਿਹਾ ਮਾਮਲਾ ਬਰਗਾੜੀ ਦੇ ਬੇਦਅਬੀ ਕਾਂਡ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਗੋਲੀ ਕਾਂਡ ਤੱਕ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਮੁੱਦੇ ਤੋਂ ਜਜ਼ਬਾਤੀ ਹੋ ਕੇ ਝਟਪਟ ਆਪਣੀ ਰਾਏ ਦੇਣ ਲੱਗ ਜਾਂਦੇ ਹਨ। ਹੱਕ ਵਿੱਚ ਬੋਲਣ ਵਾਲੇ ਵੀ ਬਹੁਤ ਹਨ ਤੇ ਵਿਰੋਧ ਵਿੱਚ ਬੋਲਣ ਵਾਲੇ ਵੀ ਬਹੁਤ। ਦੁਵੱਲੀ ਖਿੱਚੋਤਾਣ ਵਿੱਚ ਇਸ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਟੀਮ ਬਾਰੇ ਵੀ ਹਰ ਪਾਸੇ ਤੋਂ ਟਿੱਪਣੀਆਂ ਸੁਣੀਆਂ ਜਾ ਰਹੀਆਂ ਹਨ। ਇਹ ਟਿੱਪਣੀਆਂ ਉਸ ਦੇ ਪੱਖ ਵਿੱਚ ਵੀ ਸੁਣੀਆਂ ਜਾਂਦੀਆਂ ਹਨ ਤੇ ਵਿਰੋਧ ਵਿੱਚ ਵੀ ਸੁਣਨ ਨੂੰ ਮਿਲਦੀਆਂ ਹਨ। ਹੋਰ ਤਾਂ ਹੋਰ, ਇਸ ਨਾਲ ਜੁੜੇ ਹੋਏ ਅਫਸਰਾਂ ਬਾਰੇ ਵੀ ਗੱਲਾਂ ਚੱਲਦੀਆਂ ਹਨ। ਟੀਮ ਦਾ ਡਿਪਟੀ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਨ੍ਹਾਂ ਹੀ ਟਿੱਪਣੀਆਂ ਦੇ ਕਾਰਨ ਚੋਣ ਕਮਿਸ਼ਨ ਨੇ ਹੁਕਮ ਦੇ ਕੇ ਪਾਰਲੀਮੈਂਟ ਚੋਣ ਦੌਰਾਨ ਇਸ ਕੰਮ ਤੋਂ ਪਾਸੇ ਕਰਵਾ ਦਿੱਤਾ ਹੈ। ਟਿੱਪਣੀਆਂ ਅਜੇ ਵੀ ਜਾਰੀ ਹਨ ਤੇ ਚੋਣਾਂ ਤੋਂ ਬਾਅਦ ਵੀ ਜਾਰੀ ਰਹਿਣੀਆਂ ਹਨ।
ਪੰਜਾਬ ਦੇ ਲੋਕਾਂ ਦੇ ਬਹੁਤ ਸਾਰੇ ਮੁੱਦੇ ਇਹੋ ਜਿਹੇ ਹਨ, ਜਿਹੜੇ ਉਨ੍ਹਾਂ ਦੀ ਜ਼ਿੰਦਗੀ ਨਾਲ ਸਿੱਧਾ ਸੰਬੰਧ ਰੱਖਦੇ ਹਨ ਅਤੇ ਅੱਗੇ-ਪਿੱਛੇ ਉਨ੍ਹਾਂ ਦੀ ਗੱਲ ਵੀ ਚੱਲਦੀ ਰਹਿੰਦੀ ਹੈ। ਅੱਜ-ਕੱਲ੍ਹ ਉਹ ਮੁੱਦੇ ਚਰਚਾ ਤੋਂ ਲਾਂਭੇ ਹੋਈ ਜਾਂਦੇ ਹਨ। ਚਰਚਾ ਵਿੱਚ ਇੱਕੋ ਮੁੱਦਾ ਹੋਰ ਸਾਰੇ ਮੁੱਦਿਆਂ ਤੋਂ ਭਾਰਾ ਸਾਬਤ ਹੋ ਰਿਹਾ ਹੈ। ਇਸ ਦਾ ਕਾਰਨ ਇਸ ਰਾਜ ਦੇ ਲੋਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਖਰਾਂ ਦਾ ਸਤਿਕਾਰ ਵੀ ਹੈ ਤੇ ਸ਼ਾਇਦ ਇਹ ਵੀ ਕਿ ਜਿਹੜੀ ਰਾਜਸੀ ਧਿਰ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਬਾਰੇ ਹੋਰ ਸਭ ਤੋਂ ਵੱਧ ਦਾਅਵੇ ਕਰਦੀ ਸੀ, ਇਹ ਮੁੱਦਾ ਓਸੇ ਧਿਰ ਲਈ ਮੁਸੀਬਤ ਬਣ ਗਿਆ ਹੈ। ਉਹ ਧਿਰ ਇਸ ਬਾਰੇ ਜਿੰਨੀ ਵੀ ਸਫਾਈ ਦੇਣ ਦਾ ਯਤਨ ਕਰਦੀ ਹੈ, ਹੋਰ ਤੋਂ ਹੋਰ ਉਲਝਦੀ ਜਾ ਰਹੀ ਹੈ ਤੇ ਦੂਸਰੇ ਇਹ ਗੱਲ ਜਾਣਦੇ ਹਨ। ਸੰਬੰਧਤ ਧਿਰ ਜਦੋਂ ਪੰਜਾਬ ਦੀ ਸਰਕਾਰ ਚਲਾ ਰਹੀ ਸੀ, ਉਸ ਵੇਲੇ ਉਸ ਕੋਲ ਇਹ ਮੌਕਾ ਸੀ ਕਿ ਉਹ ਹਾਲਤ ਨੂੰ ਸੰਭਾਲ ਸਕਦੀ ਸੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਆਪਣਾ ਪੱਲਾ ਸਾਫ ਕਰਨ ਦਾ ਯਤਨ ਕਰ ਸਕਦੀ ਸੀ, ਪਰ ਉਸ ਨੇ ਕੀਤਾ ਨਹੀਂ ਸੀ। ਨਤੀਜਾ ਬਾਅਦ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਹਾਰ ਅਤੇ ਫਿਰ ਲਗਾਤਾਰ ਉਸ ਪਾਰਟੀ ਦੀ ਲੀਡਰਸ਼ਿਪ ਦੀ ਬਦਨਾਮੀ ਦੇ ਰੂਪ ਵਿੱਚ ਨਿਕਲਦਾ ਰਿਹਾ ਅਤੇ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਵੀ ਉਸ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਅਸੀਂ ਇਸ ਮੁੱਦੇ ਬਾਰੇ, ਇਸ ਨਾਲ ਜੁੜੀ ਜਾਂਚ ਬਾਰੇ ਇਸ ਵਕਤ ਕੁਝ ਨਹੀਂ ਕਹਿਣਾ ਚਾਹੁੰਦੇ, ਕਿਉਂਕਿ ਮਾਮਲਾ ਬਹੁਤ ਪੇਚੀਦਾ ਵੀ ਹੈ ਤੇ ਇਸ ਵਿੱਚ ਸਿਆਸੀ ਚਾਂਦਮਾਰੀ ਵੀ ਹੁੰਦੀ ਰਹਿੰਦੀ ਹੈ। ਇਸ ਦੀ ਥਾਂ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੀ ਗੱਲ ਇਸ ਚੋਣ ਵਿੱਚ ਜਿਵੇਂ ਮਨਫੀ ਹੋਈ ਪਈ ਹੈ, ਉਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਵਿੱਚ ਕਿਸਾਨੀ ਦਾ ਬਹੁਤ ਮੰਦਾ ਹਾਲ ਹੈ। ਪਿਛਲੀ ਸਰਕਾਰ ਦੇ ਵਕਤ ਵੀ ਮੰਦਾ ਹਾਲ ਸੀ ਤੇ ਅੱਜ ਵਾਲੀ ਦੇ ਵਕਤ ਵੀ ਸੁਧਾਰ ਵਾਲੀ ਕੋਈ ਗੱਲ ਨਹੀਂ ਜਾਪਦੀ। ਸਿਹਤ ਸੇਵਾਵਾਂ ਉਨ੍ਹਾਂ ਲੋਕਾਂ ਵਾਸਤੇ ਰਾਖਵੀਂਆਂ ਹੋਈ ਜਾਂਦੀਆਂ ਹਨ, ਜਿਨ੍ਹਾਂ ਦੀਆਂ ਜੇਬਾਂ ਵਿੱਚ ਨੋਟ ਭਰੇ ਹੋਏ ਹਨ। ਬਾਕੀ ਲੋਕ ਕਾਰਪੋਰੇਟ ਸੈਕਟਰ ਦਾ ਨਮੂਨਾ ਪੇਸ਼ ਕਰਦੇ ਹਸਪਤਾਲਾਂ ਮੂਹਰੇ ਦੀ ਲੰਘ ਕੇ ਕਿਸੇ ਛੋਟੇ ਡਾਕਟਰ ਜਾਂ ਹਕੀਮ ਦਾ ਦਵਾਈਖਾਨਾ ਭਾਲਦੇ ਹਨ। ਸਰਕਾਰੀ ਸਕੂਲਾਂ ਵਿੱਚ ਆਮ ਆਦਮੀ ਦੇ ਬੱਚੇ ਪੜ੍ਹਦੇ ਹਨ। ਇਨ੍ਹਾਂ ਸਕੂਲਾਂ ਦਾ ਜਿੱਦਾਂ ਦਾ ਮੰਦਾ ਹਾਲ ਇਸ ਵੇਲੇ ਹੈ, ਪਹਿਲਾਂ ਕਦੀ ਨਹੀਂ ਹੋਇਆ। ਸਰਕਾਰਾਂ ਬਦਲ ਜਾਂਦੀਆਂ ਹਨ, ਬੱਚਿਆਂ ਦੀ ਪੜ੍ਹਾਈ ਦਾ ਇਹ ਖੇਤਰ ਸੁਧਾਰਨ ਦੀ ਕਿਸੇ ਕੋਲ ਵਿਹਲ ਨਹੀਂ ਹੈ। ਇਸ ਵੱਲ ਵੀ ਧਿਆਨ ਦੇਣਾ ਬਣਦਾ ਹੈ। ਲੋਕ ਸਭਾ ਚੋਣਾਂ ਵਿੱਚ ਇਸ ਦਾ ਰੌਲਾ ਪੈਂਦਾ ਸੁਣਦਾ ਹੈ, ਪਰ ਅਮਲ ਵਿੱਚ ਜਿਹੜਾ ਕੰਮ ਹੋਣਾ ਚਾਹੀਦਾ ਹੈ, ਉਹ ਵੱਡੇ ਰੌਲੇ ਵਿੱਚ ਗੁੰਮ ਹੋਈ ਜਾਂਦਾ ਹੈ। ਵੱਡੇ ਹਾਈਵੇਜ਼ ਤਾਂ ਪਹਿਲਾਂ ਬਣਦੇ ਸਨ, ਵਰਲਡ ਬੈਂਕ ਤੇ ਕੇਂਦਰ ਸਰਕਾਰ ਦੀ ਸਕੀਮ ਨਾਲ ਪਿਛਲੇ ਪੰਦਰਾਂ ਸਾਲਾਂ ਤੋਂ ਐੱਕਸਪ੍ਰੈੱਸਵੇਜ਼ ਬਣਾਏ ਜਾ ਰਹੇ ਹਨ, ਹਰ ਰਾਜ ਦੀ ਰਾਜ ਕਰਨ ਵਾਲੀ ਪਾਰਟੀ ਇਨ੍ਹਾਂ ਦਾ ਸਿਹਰਾ ਲੈ ਰਹੀ ਹੈ, ਪਰ ਜਿਹੜੀਆਂ ਸੜਕਾਂ ਪਿੰਡਾਂ ਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਹਨ, ਉਨ੍ਹਾਂ ਦੇ ਮੰਦੇ ਹਾਲ ਅਤੇ ਪਏ ਹੋਏ ਖੱਡਿਆਂ ਬਾਰੇ ਕੋਈ ਅਮਲੀ ਕੰਮ ਕਰਨ ਦੀ ਥਾਂ ਸਿਰਫ ਅੰਕੜੇ ਪੇਸ਼ ਕਰ ਕੇ ਬੁੱਤਾ ਸਾਰਨ ਦਾ ਯਤਨ ਕੀਤਾ ਜਾਂਦਾ ਹੈ। ਲੋਕ ਸਭਾ ਚੋਣਾਂ ਵਿੱਚ ਇਸ ਦੀ ਵੀ ਚਰਚਾ ਨਹੀਂ ਹੋ ਰਹੀ।
ਬਹੁਤ ਵੱਡਾ ਉਛਾਲਾ ਇਸ ਵੇਲੇ ਰਾਸ਼ਟਰ ਭਗਤੀ ਦਾ ਆਇਆ ਪਿਆ ਹੈ। ਸਾਡੇ ਪੰਜਾਬ ਦੇ ਸਰਹੱਦੀ ਪਿੰਡਾਂ ਤੱਕ ਪਹੁੰਚ ਕੇ ਇਹ ਦੁਹਾਈ ਦਿੱਤੀ ਜਾ ਰਹੀ ਹੈ ਕਿ ਰੋਟੀ ਦੀ ਚਿੰਤਾ ਕਰੋ ਜਾਂ ਨਾ ਕਰੋ, ਪਰ ਸਾਰੇ ਲੋਕ ਇਹ ਗੱਲ ਸਮਝ ਲਓ ਕਿ ਰਾਸ਼ਟਰ ਭਗਤੀ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ। ਸਾਡੇ ਲੋਕਾਂ ਨੇ ਪਾਕਿਸਤਾਨ ਨਾਲ ਹੋਈਆਂ ਦੋ ਸਿੱਧੀਆਂ ਜੰਗਾਂ ਦੌਰਾਨ ਆਪਣੇ ਪਿੰਡ ਤੇ ਸ਼ਹਿਰ ਨਹੀਂ ਸੀ ਛੱਡੇ ਅਤੇ ਪੰਜਾਬ ਵੱਸਦਾ ਰੱਖ ਲਿਆ ਸੀ। ਉਨ੍ਹਾਂ ਦੇ ਘਰ ਤੋਪਾਂ ਦੇ ਗੋਲਿਆਂ ਨਾਲ ਢਹਿ ਗਏ ਸਨ। ਖੇਤ ਤਬਾਹ ਹੋ ਗਏ ਸਨ। ਉਹ ਲੋਕ ਏਨੀ ਮਾਰ ਖਾ ਕੇ ਵੀ ਇਨ੍ਹਾਂ ਪਿੰਡਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਨਹੀਂ ਸੀ ਗਏ ਤਾਂ ਸਿਰਫ ਇਸ ਲਈ ਕਿ ਉਨ੍ਹਾਂ ਦੇ ਦਿਲਾਂ ਦੇ ਧੁਰ ਅੰਦਰ ਤੱਕ ਦੇਸ਼ ਭਗਤੀ ਵੱਸ ਰਹੀ ਸੀ। ਉਨ੍ਹਾਂ ਦੀ ਦੇਸ਼ ਭਗਤੀ ਕਿਸੇ ਟੈੱਸਟ ਦੀ ਮੁਥਾਜ ਨਹੀਂ। ਲੋੜ ਸਗੋਂ ਇਸ ਗੱਲ ਦੀ ਹੈ ਕਿ ਇਸ ਦੇਸ਼ ਭਗਤੀ ਦੀ ਕਦਰ ਕੀਤੀ ਜਾਵੇ ਅਤੇ ਜਿਨ੍ਹਾਂ ਲੋਕਾਂ ਨੇ ਏਦਾਂ ਦੀ ਦੇਸ਼ ਭਗਤੀ ਵਿਖਾਈ ਹੈ, ਉਨ੍ਹਾਂ ਦੇ ਮਸਲਿਆਂ ਵੱਲ ਧਿਆਨ ਦਿੱਤਾ ਜਾਵੇ। ਪਤਾ ਨਹੀਂ, ਉਨ੍ਹਾਂ ਲੋਕਾਂ ਦੇ ਦੁੱਖਾਂ ਨੂੰ ਕਦੋਂ ਕੋਈ ਸਮਝੇਗਾ!
-ਜਤਿੰਦਰ ਪਨੂੰ

969 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper