Latest News
ਨਕਸਲੀ ਸਮੱਸਿਆ ਅਤੇ ਗੱਲਬਾਤ

Published on 01 May, 2019 11:09 AM.


ਐਨ ਉਸ ਵਕਤ, ਜਦੋਂ ਦੇਸ਼ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ, ਮਹਾਰਾਸ਼ਟਰ ਦੇ ਗੜ੍ਹ ਚਿਰੌਲੀ ਵਿੱਚ ਨਕਸਲੀ ਸੋਚ ਵਾਲੇ ਕਿਸੇ ਧੜੇ ਵੱਲੋਂ ਕੀਤੀ ਗਈ ਵਾਰਦਾਤ ਨੇ ਸਾਰੇ ਦੇਸ਼ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਹਰ ਰੋਜ਼ ਦਾਅਵਾ ਹੁੰਦਾ ਹੈ ਕਿ ਇਸ ਵਕਤ ਦੇਸ਼ ਵਿੱਚ ਅੱਜ ਤੱਕ ਦੀ ਸਭ ਤੋਂ ਮਜ਼ਬੂਤ ਸਰਕਾਰ ਹੈ ਤੇ ਇਸ ਦੇ ਹੁੰਦਿਆਂ ਕਿਸੇ ਵੀ ਜਥੇਬੰਦ ਗਰੁੱਪ ਵੱਲੋਂ ਕੋਈ ਵਾਰਦਾਤ ਕੀਤੇ ਜਾਣ ਦੀ ਗੁੰਜਾਇਸ਼ ਨਹੀਂ ਰਹਿਣ ਦਿੱਤੀ ਗਈ। ਏਡੇ ਵੱਡੇ ਦਾਅਵੇ ਕਰਨ ਪਿੱਛੋਂ ਵੀ ਜਦੋਂ ਇਸ ਪੱਧਰ ਦੀ ਵੱਡੀ ਵਾਰਦਾਤ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਕਈ ਕੁਝ ਸੋਚਣਾ ਪੈਂਦਾ ਹੈ। ਇਸ ਵਾਰਦਾਤ ਵਿੱਚ ਪੰਦਰਾਂ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋਈ ਤੇ ਹਰ ਪਾਸੇ ਦਹਿਸ਼ਤ ਫੈਲ ਗਈ ਹੈ। ਪ੍ਰਧਾਨ ਮੰਤਰੀ ਇਸ ਦੀ ਨਿੰਦਾ ਕਰਦੇ ਹੋਏ ਕਹਿੰਦੇ ਹਨ ਕਿ ਸੁਰੱਖਿਆ ਮੁਲਾਜ਼ਮਾਂ ਦਾ ਖੂਨ ਵਗਿਆ ਭਾਰਤ ਸਰਕਾਰ ਵਿਅਰਥ ਨਹੀਂ ਜਾਣ ਦੇਵੇਗੀ। ਫਿਰ ਸਰਕਾਰ ਇਸ ਘਟਨਾ ਦੇ ਬਾਅਦ ਕਰੇਗੀ ਕੀ, ਉਹ ਇਸ ਦਾ ਕੋਈ ਪੱਕਾ ਖੁਲਾਸਾ ਨਹੀਂ ਕਰਦੇ। ਉਹ ਸਿਰਫ ਦਾਅਵੇ ਕਰੀ ਜਾ ਰਹੇ ਹਨ।
ਪਿਛਲੇ ਸਮੇਂ ਵਿੱਚ ਅਸੀਂ ਇਹ ਗੱਲ ਕਈ ਵਾਰ ਸੁਣੀ ਸੀ ਕਿ ਫਲਾਣੇ ਇਲਾਕੇ ਵਿੱਚ ਨਕਸਲੀ ਜਾਂ ਵਿਦੇਸ਼ੀ ਅੱਤਵਾਦ ਦੇ ਨਾਲ ਜੁੜੀ ਘਟਨਾ ਇਸ ਲਈ ਵਾਪਰ ਗਈ ਕਿ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਹਕੀਕੀ ਤਾਲਮੇਲ ਨਹੀਂ ਸੀ ਬਣ ਰਿਹਾ। ਮਹਾਰਾਸ਼ਟਰ ਦੀ ਤਾਜ਼ਾ ਘਟਨਾ ਦੇ ਬਾਅਦ ਉਹ ਛੱਤੀਸਗੜ੍ਹ, ਝਾਰਖੰਡ ਜਾਂ ਮੱਧ ਪ੍ਰਦੇਸ਼ ਵਾਂਗ ਇਹੋ ਜਿਹਾ ਕੋਈ ਬਿਆਨ ਵੀ ਨਹੀਂ ਦੇ ਸਕਦੇ। ਕੇਂਦਰ ਵਿੱਚ ਸਰਕਾਰ ਭਾਜਪਾ ਦੀ ਹੈ ਤੇ ਮਹਾਰਾਸ਼ਟਰ ਵਿੱਚ ਵੀ ਉਨ੍ਹਾਂ ਦੀ ਹੈ। ਜਦੋਂ ਕੇਂਦਰ ਅਤੇ ਰਾਜ ਦੀ ਸਰਕਾਰ ਦੋਵੇਂ ਥਾਂ ਇਕੋ ਪਾਰਟੀ ਦੀ ਹੈ ਤਾਂ ਤਾਲਮੇਲ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਪਰ ਹੋਈ ਕਦੇ ਨਹੀਂ। ਪ੍ਰਧਾਨ ਮੰਤਰੀ ਇਸ ਸਮੱਸਿਆ ਦਾ ਜਦੋਂ ਵੀ ਜ਼ਿਕਰ ਕਰਨ ਤਾਂ ਇਹ ਕਹਿਣ ਲੱਗਦੇ ਹਨ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਗਲਤ ਦਾਅ ਤਰੀਕੇ ਕਾਰਨ ਮੌਜੂਦਾ ਸਰਕਾਰ ਇਸ ਨੂੰ ਛੇਤੀ ਨਹੀਂ ਸਮੇਟ ਸਕੀ। ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿੱਚ ਤਿੰਨ ਵਾਰੀਆਂ ਦਾ ਰਾਜ ਮਾਨਣ ਵਾਲੀਆਂ ਸਰਕਾਰਾਂ ਭਾਜਪਾ ਦੀਆਂ ਸਨ ਤੇ ਜਦੋਂ ਕੇਂਦਰ ਵਿੱਚ ਵੀ ਉਨ੍ਹਾਂ ਦੀ ਸਰਕਾਰ ਆ ਗਈ ਤੇ ਸਾਢੇ ਚਾਰ ਸਾਲ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਨੂੰ ਮਿਲਾ ਕੇ ਚੱਲਣ ਦਾ ਮੌਕਾ ਮਿਲਿਆ ਸੀ, ਇਸ ਸਮੱਸਿਆ ਨਾਲ ਨਿਪਟਣ ਵਾਲੀ ਕੋਈ ਖਾਸ ਗੱਲ ਓਦੋਂ ਵੀਂ ਨਹੀਂ ਸੀ ਕੀਤੀ ਗਈ। ਸਮੱਸਿਆ ਸਗੋਂ ਪਹਿਲਾਂ ਤੋਂ ਵੀ ਵੱਧ ਗੰਭੀਰ ਹੁੰਦੀ ਗਈ ਹੈ।
ਸਾਧਾਰਨ ਲੋਕਾਂ ਦੀ ਸਮਝ ਮੁਤਾਬਕ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਦੋਂ ਚੋਣਾਂ ਦਾ ਦੌਰ ਚੱਲਦਾ ਹੈ ਤਾਂ ਚੋਣ ਜ਼ਾਬਤੇ ਦੇ ਦੌਰਾਨ ਸਾਰੀ ਅਮਨ-ਕਾਨੂੰਨ ਦੀ ਮਸ਼ੀਨਰੀ ਚੋਣ ਕਮਿਸ਼ਨ ਦੇ ਕੰਟਰੋਲ ਵਿੱਚ ਹੁੰਦੀ ਹੈ ਅਤੇ ਸਿਆਸੀ ਲੀਡਰਸ਼ਿਪ ਇਸ ਵਿੱਚ ਦਖਲ ਨਹੀਂ ਦੇ ਸਕਦੀ। ਅੱਜ -ਕੱਲ੍ਹ ਜਦੋਂ ਚੋਣ ਜ਼ਾਬਤੇ ਦਾ ਦੌਰ ਹੈ ਤੇ ਚੋਣ ਕਮਿਸ਼ਨ ਦਾ ਕੰਟਰੋਲ ਹੈ, ਇਹ ਧਮਾਕਾ ਹੋ ਜਾਣਾ ਹੀ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਇਹ ਸਿਰਫ ਬੰਦੂਕਾਂ ਤੇ ਗੋਲੀਆਂ ਦੀ ਸਮੱਸਿਆ ਨਹੀਂ, ਇਸ ਤੋਂ ਸਿਵਾ ਵੀ ਇਸ ਦੇ ਅੰਦਰ ਕੁਝ ਹੈ, ਜਿਸ ਨੂੰ ਸਮਝਣ ਅਤੇ ਫਿਰ ਗੱਲਬਾਤ ਦੇ ਰਾਹੀਂ ਕਿਸੇ ਹੱਲ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨਾਲ ਕਈ ਵਾਰੀ ਇਸ ਤਰ੍ਹਾਂ ਦੀ ਗੱਲਬਾਤ ਦੇ ਗੇੜ ਚਲਾਏ ਹਨ, ਜਿਨ੍ਹਾਂ ਤੋਂ ਅਮਨ ਦੀ ਆਸ ਬੱਝਦੀ ਰਹੀ ਹੈ, ਭਾਵੇਂ ਸਿਰੇ ਕਦੇ ਨਹੀਂ ਚੜ੍ਹ ਸਕੀ। ਨਕਸਲੀ ਅਤੇ ਮਾਓਵਾਦੀ ਸਮੱਸਿਆ ਵਾਲੇ ਪੱਖ ਦਾ ਕੋਈ ਹੱਲ ਕੱਢਣ ਲਈ ਇਹੋ ਜਿਹੀ ਕੋਈ ਗੱਲਬਾਤ ਕਿਸੇ ਠੋਸ ਰੂਪ ਵਿੱਚ ਕਦੇ ਚਲਾਈ ਹੀ ਨਹੀਂ ਗਈ, ਸਿਰਫ ਸੁਰੱਖਿਆ ਦਸਤਿਆਂ ਦੀ ਗਿਣਤੀ ਵਧਾ ਕੇ ਇਸ ਨੂੰ ਦਬਾਉਣ ਦਾ ਨਾਕਾਮ ਯਤਨ ਕੀਤਾ ਜਾਂਦਾ ਹੈ। ਜਿਹੜੇ ਬੁੱਧੀਜੀਵੀ ਏਦਾਂ ਦੀ ਕਿਸੇ ਵੀ ਗੱਲਬਾਤ ਵਿੱਚ ਮਦਦ ਕਰ ਸਕਦੇ ਅਤੇ ਜੰਗਲਾਂ ਵਿੱਚ ਫਿਰਦੇ ਨਕਸਲੀਆਂ ਨਾਲ ਸਰਕਾਰ ਦੇ ਤਾਲਮੇਲ ਕਰਨ ਦਾ ਰਸਤਾ ਕੱਢ ਸਕਦੇ ਹਨ ਤੇ ਇਸ ਕੰਮ ਲਈ ਵਿਚੋਲਗੀ ਵਾਸਤੇ ਵੀ ਪਰੇਰੇ ਜਾ ਸਕਦੇ ਹਨ, ਉਨ੍ਹਾਂ ਨੂੰ ਇਸ ਸਰਕਾਰ ਦੇ ਨਾਲ ਜੁੜੇ ਹੋਏ ਲੋਕ 'ਸ਼ਹਿਰੀ ਨਕਸਲੀ'’ ਕਹਿ ਕੇ ਭੰਡਦੇ ਅਤੇ ਜੇਲ੍ਹਾਂ ਵਿੱਚ ਤਾੜ ਦੇਣਾ ਚਾਹੁੰਦੇ ਹਨ, ਸਾਰਥਿਕ ਕੰਮ ਨਹੀਂ ਕੀਤਾ ਜਾਂਦਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਤਰ੍ਹਾਂ ਦੇ ਮਾਮਲਿਆਂ ਬਾਰੇ ਨੀਤੀ ਵੀ ਅਸਲ ਵਿੱਚ ਬਹੁਤੇ ਲੋਕਾਂ ਦੇ ਸਮਝ ਨਹੀਂ ਪੈ ਰਹੀ। ਉਹ ਇੱਕੋ ਸਾਹੇ ਇਹ ਵੀ ਕਹਿੰਦੇ ਹਨ ਕਿ ਜਦੋਂ ਦੀ ਮੇਰੀ ਸਰਕਾਰ ਬਣੀ ਹੈ, ਕੋਈ ਅੱਤਵਾਦੀ ਵਾਰਦਾਤ ਨਹੀਂ ਹੋਣ ਦਿੱਤੀ ਗਈ ਤੇ ਇਹ ਵੀ ਨਾਲ ਕਹਿ ਜਾਂਦੇ ਹਨ ਕਿ ਉੜੀ ਅਤੇ ਪੁਲਵਾਮਾ ਵਿੱਚ ਅੱਤਵਾਦੀਆਂ ਨੇ ਹਮਲਾ ਕਰ ਕੇ ਸਾਡੇ ਜਵਾਨਾਂ ਦਾ ਖੂਨ ਡੋਲ੍ਹਿਆ ਹੈ, ਇਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ। ਖੂਨ ਵਗਣ ਦੀ ਗੱਲ ਅਤੇ ਨਾਲ ਇਹ ਦਾਅਵਾ ਹੁੰਦਾ ਹੈ ਕਿ ਕੋਈ ਵਾਰਦਾਤ ਨਹੀਂ ਹੋਣ ਦਿੱਤੀ ਗਈ, ਦੋਵਾਂ ਵਿੱਚੋਂ ਕਿਸ ਨੂੰ ਸਹੀ ਮੰਨਿਆ ਜਾਵੇ, ਲੋਕਾਂ ਦੇ ਸਮਝ ਨਹੀਂ ਪੈਂਦਾ। ਭਾਰਤ ਵਿੱਚ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਦੀ ਇਸ ਤਰ੍ਹਾਂ ਦੀ ਸਮਝ ਨਾ ਪੈਣ ਵਾਲੀ ਭਾਸ਼ਾ ਨਹੀਂ ਸੀ ਵੇਖੀ ਗਈ।
ਕਿਉਂਕਿ ਨਕਸਲੀ ਖੂਨ ਵਗਾ ਰਹੇ ਹਨ, ਉਨ੍ਹਾਂ ਨਾਲ ਅਮਨ-ਕਾਨੂੰਨ ਦੇ ਪੱਖੋਂ ਸਿੱਝਣ ਦਾ ਕੰਮ ਸੁਰੱਖਿਆ ਦਸਤਿਆਂ ਦਾ ਹੈ ਤੇ ਉਹ ਜਿੰਨਾ ਵੀ ਕਰ ਸਕਦੇ ਹਨ, ਕਰੀ ਜਾਣਗੇ, ਪਰ ਇਸ ਦੇ ਨਾਲ-ਨਾਲ ਸਰਕਾਰ ਦੇ ਪੱਧਰ ਉੱਤੇ ਇਸ ਸਮੱਸਿਆ ਦੇ ਢੁਕਵੇਂ ਹੱਲ ਲਈ ਗੱਲਬਾਤ ਵਗੈਰਾ ਦੇ ਰਾਹ ਵੀ ਵਰਤੇ ਜਾਣੇ ਚਾਹੀਦੇ ਹਨ। ਇਸ ਵਕਤ ਦੇਸ਼ ਵਿੱਚ ਪਾਰਲੀਮੈਂਟ ਲਈ ਚੋਣਾਂ ਦਾ ਗੇੜ ਚੱਲਦਾ ਹੋਣ ਕਰ ਕੇ ਸ਼ਾਇਦ ਇੱਕਦਮ ਇਸ ਪਾਸੇ ਧਿਆਨ ਨਾ ਦਿੱਤਾ ਜਾ ਸਕੇ, ਪਰ ਇਸ ਨੂੰ ਏਜੰਡੇ ਉੱਤੇ ਰੱਖ ਕੇ ਚੱਲਣਾ ਚਾਹੀਦਾ ਹੈ ਕਿ ਸਥਾਈ ਅਮਨ ਗੱਲਬਾਤ ਨਾਲ ਹੀ ਨਿਕਲਣਾ ਹੈ। ਇਹ ਕਦੇ ਨਾ ਕਦੇ ਕਰਨੀ ਹੀ ਪੈਣੀ ਹੈ। ਜਦੋਂ ਲੋਕ ਸਭਾ ਚੋਣਾਂ ਦਾ ਦੌਰ ਨਿਕਲ ਜਾਵੇ, ਅਗਲੀ ਸਰਕਾਰ ਕੋਈ ਵੀ ਹੋਵੇ, ਉਸ ਨੂੰ ਇਸ ਪਾਸੇ ਸੋਚਣਾ ਹੀ ਪਵੇਗਾ।
-ਜਤਿੰਦਰ ਪਨੂੰ

910 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper