Latest News
ਪੰਜਾਬ ਦਾ ਚੋਣ-ਯੁੱਧ

Published on 05 May, 2019 08:52 AM.


ਪੰਜਾਬ ਵਿੱਚ ਲੋਕ ਸਭਾ ਚੋਣਾਂ ਆਖ਼ਰੀ ਪੜਾਅ ਵਿੱਚ 19 ਮਈ ਨੂੰ ਹੋਣੀਆਂ ਹਨ। ਨਾਮਜ਼ਦਗੀ ਭਰਨ ਤੋਂ ਕਾਗ਼ਜ਼ ਵਾਪਸੀ ਤੇ ਚੋਣ ਨਿਸ਼ਾਨ ਅਲਾਟ ਕੀਤੇ ਜਾਣ ਦੇ ਪਹਿਲੇ ਅਹਿਮ ਦੌਰ ਮੁਕੰਮਲ ਹੋ ਚੁੱਕੇ ਹਨ। ਪਿੰਡਾਂ ਦੇ ਲੋਕਾਂ ਨੇ ਹਾੜ੍ਹੀ ਦਾ ਦਾਣਾ-ਫੱਕਾ ਵੀ ਲੱਗਭੱਗ ਸਾਂਭ ਲਿਆ ਹੈ। ਮੰਡੀਆ 'ਚ ਕਣਕ ਦੀ ਖ਼ਰੀਦ ਵੀ ਆਖ਼ਰੀ ਪੜਾਅ ਉੱਤੇ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਦਾ ਚੋਣ ਪ੍ਰਚਾਰ ਵੀ ਤੇਜ਼ ਹੋਣਾ ਸ਼ੁਰੂ ਹੋ ਗਿਆ ਹੈ।
ਪੰਜਾਬ ਦੀਆਂ ਹਾਲੀਆ ਲੋਕ ਸਭਾ ਚੋਣਾਂ ਪਹਿਲਾਂ ਹੁੰਦੀਆਂ ਚੋਣਾਂ, ਜਿਹਨਾਂ ਵਿੱਚ ਆਮ ਤੌਰ 'ਤੇ ਦੋ ਹੀ ਮੁੱਖ ਖਿਡਾਰੀ ਹੁੰਦੇ ਸਨ ਕਾਂਗਰਸੀ ਅਤੇ ਅਕਾਲੀ, ਨਾਲੋਂ ਨਿਵੇਕਲੀਆਂ ਹਨ। ਇਸ ਵਾਰ ਇੱਕ ਧਿਰ ਸੂਬੇ 'ਚ ਰਾਜ ਕਰਦੀ ਕਾਂਗਰਸ ਪਾਰਟੀ ਵਾਲੀ ਹੈ ਤੇ ਉਸ ਦੇ ਮੁਕਾਬਲੇ ਵਿੱਚ ਤਿੰਨ ਵੱਖ-ਵੱਖ ਧਿਰਾਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਆਮ ਆਦਮੀ ਪਾਰਟੀ ਤੇ ਪੰਜਾਬ ਜਮਹੂਰੀ ਗੱਠਜੋੜ ਮੈਦਾਨ ਵਿੱਚ ਹਨ।
ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸੰਬੰਧ ਹੈ, ਇਹ ਪਾਰਟੀ ਵਿਧਾਨ ਸਭਾ ਚੋਣਾਂ ਵੇਲੇ ਤੋਂ ਹੀ ਆਪਣੇ ਸਭ ਤੋਂ ਬੁਰੇ ਦੌਰ ਵਿੱਚੋਂ ਲੰਘ ਰਹੀ ਹੈ। ਆਪਣੇ ਲੰਮੇ ਰਾਜਨੀਤਕ ਜੀਵਨ ਦੌਰਾਨ ਇਸ ਪਾਰਟੀ ਨੇ ਸਿਆਸਤ ਤੇ ਧਰਮ ਨੂੰ ਜੋੜ ਕੇ ਹੀ ਆਪਣੀ ਰਾਜਨੀਤੀ ਚਲਾਈ ਸੀ। ਇਹੋ ਰਾਜਨੀਤੀ ਹੀ ਅੱਜ ਉਸ ਲਈ ਜੀਅ ਦਾ ਜੰਜਾਲ ਬਣ ਚੁੱਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਇਸੇ ਦੌਰਾਨ ਸਰਸੇ ਵਾਲੇ ਸਾਧ ਨੂੰ ਮੁਆਫ਼ੀ ਦੇਣ ਦੇ ਮੁੱਦੇ ਨੇ ਇਸ ਪਾਰਟੀ ਦਾ ਅਕਸ ਆਮ ਸਿੱਖ ਜਨਤਾ ਵਿੱਚ ਧੁੰਦਲਾ ਕਰ ਦਿੱਤਾ ਹੈ। ਇਨ੍ਹਾਂ ਘਟਨਾਵਾਂ ਨੇ ਇੱਕ ਪਾਸੇ ਤਾਂ ਮੂਲਵਾਦੀ ਸਿੱਖ ਅਨਸਰਾਂ ਨੂੰ ਬਰਗਾੜੀ ਮੋਰਚੇ ਦੇ ਨਾਂਅ ਉੱਤੇ ਇੱਕ ਸਾਂਝਾ ਮੰਚ ਮੁਹੱਈਆ ਕਰਵਾ ਦਿੱਤਾ ਤੇ ਦੂਜੇ ਪਾਸੇ ਬਹੁਤ ਸਾਰੇ ਟਕਸਾਲੀ ਅਕਾਲੀਆਂ ਨੂੰ ਬਗਾਵਤ ਦੇ ਰਾਹ ਤੋਰ ਦਿੱਤਾ। ਹਾਲਤ ਇਹ ਬਣ ਗਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਨਕ ਉਮੀਦਵਾਰ ਲੱਭਣੇ ਵੀ ਔਖੇ ਹੋ ਗਏ। ਫ਼ਰੀਦਕੋਟ ਹਲਕੇ ਵਿੱਚ ਗੁਲਜ਼ਾਰ ਸਿੰਘ ਰਣੀਕੇ ਨੂੰ ਅੰਮ੍ਰਿਤਸਰੋਂ ਲਿਆ ਕੇ ਖੜਾ ਕੀਤਾ ਗਿਆ। ਜਲੰਧਰ ਹਲਕੇ ਲਈ ਚਰਨਜੀਤ ਸਿੰਘ ਅਟਵਾਲ ਨੂੰ ਲੁਧਿਆਣੇ ਤੋਂ ਲਿਆਂਦਾ ਗਿਆ। ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੂੰ ਭੁਲੱਥ ਹਲਕੇ ਤੋਂ ਲਿਆ ਕੇ ਉਮੀਦਵਾਰ ਬਣਾਇਆ ਗਿਆ। ਫਿਰੋਜ਼ਪੁਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁਦ ਖੜਾ ਹੋਣਾ ਪਿਆ। ਇਹੋ ਹਾਲ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਹੈ। ਅੰਮ੍ਰਿਤਸਰ ਸੀਟ ਲਈ ਉਨ੍ਹਾਂ ਨੂੰ ਹਰਦੀਪ ਸਿੰਘ ਪੁਰੀ ਨੂੰ ਦਿੱਲੀਓਂ ਲਿਆਉਣਾ ਪਿਆ ਅਤੇ ਗੁਰਦਾਸਪੁਰ ਲਈ ਉਨ੍ਹਾਂ ਫ਼ਿਲਮ ਸਟਾਰ ਸੰਨੀ ਦਿਓਲ ਉੱਤੇ ਦਾਅ ਖੇਡਿਆ ਹੈ। ਇਸ ਗੱਠਜੋੜ ਨੂੰ ਹੋਰਨਾਂ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਬਰਗਾੜੀ ਮੋਰਚੇ ਵਾਲੀਆਂ ਧਿਰਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਵੇਗਾ, ਜਿਨ੍ਹਾਂ ਦਾ ਮੁੱਖ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰਕੇ ਸਿੱਖ ਸਿਆਸਤ ਵਿੱਚ ਆਪਣੀ ਅਜਾਰੇਦਾਰੀ ਕਾਇਮ ਕਰਨਾ ਹੈ। ਇਹ ਪਹਿਲੀ ਵਾਰ ਹੈ, ਜਦੋਂ ਅਕਾਲੀ ਆਗੂ ਸਿੱਖ ਧਰਮ ਦੀ ਦੁਹਾਈ ਦੇਣ ਤੋਂ ਕੰਨੀ ਕਤਰਾ ਰਹੇ ਹਨ ਤੇ ਵੋਟਾਂ ਮੋਦੀ ਦੇ ਨਾਂਅ ਜਾਂ ਫਿਰ ਕਾਂਗਰਸ ਰਾਜ ਦੀਆਂ ਨਾਕਾਮੀਆਂ ਦੇ ਨਾਂ ਉੱਤੇ ਮੰਗ ਰਹੇ ਹਨ।
ਆਮ ਆਦਮੀ ਪਾਰਟੀ ਪੰਜਾਬ ਵਿੱਚ ਜਿਸ ਤੇਜ਼ੀ ਨਾਲ ਉਭਰੀ ਸੀ, ਉਹ ਉਸ ਤੋਂ ਵੱਧ ਤੇਜ਼ੀ ਨਾਲ ਨੀਵਾਣਾਂ ਛੂਹ ਰਹੀ ਹੈ। ਪਹਿਲਾਂ ਜਿੱਤੇ ਚਾਰ ਸੰਸਦ ਮੈਂਬਰਾਂ ਵਿੱਚੋਂ ਦੋ ਬਾਗੀ ਹੋ ਗਏ, ਫਿਰ 20 ਵਿਧਾਇਕਾਂ ਤੋਂ ਅੱਧੀ ਦਰਜਨ ਵਿਧਾਇਕਾਂ ਨੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਨਵੀਂ ਪਾਰਟੀ ਬਣਾ ਲਈ। ਹਰਵਿੰਦਰ ਸਿੰਘ ਫੂਲਕਾ ਨੇ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਵੱਖਰਾ ਰਾਹ ਫੜ ਲਿਆ। ਹੁਣ ਚਲਦੇ ਚੋਣ ਯੁੱਧ ਦੌਰਾਨ ਦੋ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਅਜਿਹੀ ਹਾਲਤ ਵਿੱਚ ਇਹ ਆਸ ਰੱਖਣੀ ਕਿ ਆਮ ਆਦਮੀ ਪਾਰਟੀ ਆਪਣੀ ਪਹਿਲਾਂ ਵਾਲੀ ਚੜ੍ਹਤ ਕਾਇਮ ਰੱਖ ਸਕੇਗੀ, ਸੰਭਵ ਨਹੀਂ ਲੱਗਦਾ।
ਇਸ ਚੋਣ ਯੁੱਧ ਵਿੱਚ ਤੀਜੀ ਧਿਰ ਹੈ ਸੱਤ ਪਾਰਟੀਆਂ ਦਾ ਪੰਜਾਬ ਜਮਹੂਰੀ ਗੱਠਜੋੜ। ਇਸ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ, ਸੀ ਪੀ ਆਈ, ਆਰ ਐੱਮ ਪੀ ਆਈ ਅਤੇ ਐੱਮ ਸੀ ਪੀ ਆਈ ਸ਼ਾਮਲ ਹਨ। ਇਨ੍ਹਾਂ ਪਾਰਟੀਆਂ ਦਾ ਆਪਣੇ-ਆਪਣੇ ਖੇਤਰਾਂ ਤੇ ਤਬਕਿਆਂ ਵਿੱਚ ਵਿਸ਼ਾਲ ਪ੍ਰਭਾਵ ਹੈ। ਇਹ ਪਾਰਟੀਆਂ ਲੋਕ ਮੁੱਦਿਆਂ 'ਤੇ ਅਧਾਰਤ ਸਾਂਝੇ ਪ੍ਰੋਗਰਾਮ ਉੱਤੇ ਚੋਣ ਲੜ ਰਹੀਆਂ ਹਨ। ਇਸ ਗੱਠਜੋੜ ਕੋਲ ਸੁਯੋਗ ਬੁਲਾਰਿਆਂ ਦਾ ਇੱਕ ਵੱਡਾ ਜੱਥਾ ਹੈ। ਆਉਣ ਵਾਲੇ 10 ਦਿਨਾਂ ਅੰਦਰ ਜੇਕਰ ਇਸ ਗੱਠਜੋੜ ਦੇ ਆਗੂ ਆਪਣਾ ਪ੍ਰਚਾਰ ਪਿੰਡ ਤੋਂ ਮੁਹੱਲੇ ਪੱਧਰ ਉੱਤੇ ਲੈ ਜਾਂਦੇ ਹਨ ਤਾਂ ਇਹ ਇਸ ਦੀ ਵੱਡੀ ਪ੍ਰਾਪਤੀ ਹੋਵੇਗੀ।
ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਵਿਰੋਧੀ ਧਿਰ ਦਾ ਖਲਾਅ ਹੈ। ਲੜਾਈ ਸਿਰਫ਼ ਜਿੱਤਣ ਦੀ ਨਹੀਂ, ਸਗੋਂ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦਾ ਬਦਲ ਕੌਣ ਬਣਦਾ ਹੈ। ਜੇਕਰ ਪੰਜਾਬ ਜਮਹੂਰੀ ਗੱਠਜੋੜ ਇਸ ਜੰਗ ਨੂੰ ਜਿੱਤਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਜਾਵੇਗੀ, ਜਦੋਂ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਸੈਕੂਲਰ ਧਿਰਾਂ ਆਹਮੋ-ਸਾਹਮਣੇ ਹੋਣਗੀਆਂ।

865 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper