Latest News
ਹੋਛੇਪਣ ਦੀ ਇੰਤਹਾ

Published on 06 May, 2019 11:41 AM.


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੇ ਚੋਣ ਭਾਸ਼ਣਾਂ ਵਿੱਚ ਨਿੱਤ ਦਿਨ ਨਵੀਂਆਂ ਨੀਵਾਣਾਂ ਛੋਹ ਰਹੇ ਹਨ। ਉਹ ਲੋਕ ਰਾਜ ਦੀ ਇੱਕ ਅਹਿਮ ਕੜੀ ਚੋਣ ਪ੍ਰਕ੍ਰਿਆ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹਨ, ਜਿਵੇਂ ਹਿੰਦੋਸਤਾਨ ਤੇ ਪਾਕਿਸਤਾਨ ਵਿਚਕਾਰ ਜੰਗ ਲੜੀ ਜਾ ਰਹੀ ਹੋਵੇ। ਉਹ ਇਹ ਸਿੱਧ ਕਰਨ ਲਈ ਕਿ ਉਹ ਸਾਰੇ ਤਾਂ ਦੇਸ਼ ਭਗਤ ਤੇ ਰਾਸ਼ਟਰਵਾਦੀ ਹਨ ਅਤੇ ਉਨ੍ਹਾਂ ਵਿਰੁੱਧ ਚੋਣ ਲੜਨ ਵਾਲੇ ਸਾਰੇ ਵਿਰੋਧੀ ਪਾਕਿਸਤਾਨ ਪੱਖੀ ਤੇ ਦੇਸ਼ ਧ੍ਰੋਹੀ ਹਨ, ਹਰ ਊਟ-ਪੁਟਾਂਗ ਬਿਆਨ ਦਾਗੀ ਜਾ ਰਹੇ ਹਨ। ਕਦੇ ਅਮਿਤ ਸ਼ਾਹ ਇਹ ਕਹਿ ਦਿੰਦੇ ਹਨ ਕਿ ਜਦੋਂ ਮੋਦੀ ਨੇ ਬਾਲਾਕੋਟ ਵਿੱਚ 'ਆਪਣੀ ਹਵਾਈ ਸੈਨਾ' ਰਾਹੀਂ ਏਅਰ ਸਟ੍ਰਾਈਕ ਕੀਤੀ ਤਾਂ ਮਮਤਾ ਦੀਦੀ ਦੇ ਚਿਹਰੇ ਦੀ ਰੰਗਤ ਉੱਡ ਗਈ ਸੀ। ਇਸ ਦੇ ਨਾਲ ਹੀ ਉਨ੍ਹਾ ਮਮਤਾ ਨੂੰ ਸੰਬੋਧਨ ਹੁੰਦਿਆਂ ਇਹ ਕਹਿ ਦਿੱਤਾ ਕਿ ਮਮਤਾ ਜੀ ਜੇਕਰ ਤੁਸੀਂ ਅੱਤਵਾਦੀਆਂ ਨਾਲ ਈਲੂ-ਈਲੂ ਖੇਡਣਾ ਚਾਹੁੰਦੇ ਹੋ ਤਾਂ ਖੇਡੋ, ਪਰ ਇਹ ਭਾਜਪਾ ਸਰਕਾਰ ਹੈ, ਉਧਰੋਂ ਗੋਲੀ ਆਵੇਗੀ ਤਾਂ ਏਧਰੋਂ ਗੋਲਾ ਜਾਵੇਗਾ। ਇਹੋ ਜਿਹੇ ਬਿਆਨ ਹੀ ਉਨ੍ਹਾ ਕਾਂਗਰਸ ਬਾਰੇ ਦਿੱਤੇ ਹਨ ਕਿ ਜਦੋਂ ਅੱਤਵਾਦੀ ਮਾਰੇ ਜਾਂਦੇ ਹਨ ਤਾਂ ਕਾਂਗਰਸ ਵਾਲਿਆਂ ਦੇ ਮੂੰਹ ਉੱਤੇ ਨਮੋਸ਼ੀ ਛਾ ਜਾਂਦੀ ਹੈ। ਪਰ ਚੋਟੀ ਦੇ ਭਾਜਪਾ ਆਗੂਆਂ ਦੇ ਇਨ੍ਹਾਂ ਗਿਰੇ ਹੋਏ ਬਿਆਨਾਂ ਦੇ ਬਾਵਜੂਦ ਚੋਣ ਕਮਿਸ਼ਨ ਇਨ੍ਹਾਂ ਆਗੂਆਂ ਨੂੰ ਵਾਰ-ਵਾਰ ਕਲੀਨ ਚਿੱਟ ਦੇ ਰਿਹਾ ਹੈ। ਇਸੇ ਕਾਰਨ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਹੁਣ ਚੋਣ ਕਮਿਸ਼ਨ ਨੂੰ 'ਕਲੀਨ ਚਿੱਟ ਚੋਣ ਕਮਿਸ਼ਨ' ਕਹਿਣਾ ਸ਼ੁਰੂ ਕਰ ਦਿੱਤਾ ਹੈ। ਸ਼ਾਇਦ ਇਹ ਵੀ ਪਹਿਲੀ ਵਾਰ ਹੈ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਕਲੀਨ ਚਿੱਟ ਦੇਣ ਦੇ ਮਸਲੇ ਉੱਤੇ ਚੋਣ ਕਮਿਸ਼ਨ ਵੰਡਿਆ ਗਿਆ ਤੇ ਫ਼ੈਸਲਾ 2-1 ਦੀ ਬਹੁਸੰਮਤੀ ਨਾਲ ਕਰਨਾ ਪਿਆ। ਇਸ ਤੋਂ ਪਹਿਲਾਂ ਸੀ ਬੀ ਆਈ, ਸੀ ਵੀ ਸੀ, ਆਈ ਬੀ ਤੇ ਇਨਕਮ ਟੈਕਸ ਵਿਭਾਗਾਂ ਨੂੰ ਵਿਰੋਧੀਆਂ ਵਿਰੁੱਧ ਵਰਤਣ ਦੇ ਦੋਸ਼ ਵੀ ਮੋਦੀ ਸਰਕਾਰ ਉੱਤੇ ਲੱਗਦੇ ਰਹੇ ਹਨ, ਪਰ ਚੱਲ ਰਹੀ ਚੋਣ ਪ੍ਰਕ੍ਰਿਆ ਦੌਰਾਨ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਟਿਕਾਣਿਆਂ ਉੱਤੇ ਛਾਪੇ ਮਰਵਾਏ ਗਏ, ਇਹ ਵੀ ਪਹਿਲੀ ਵਾਰ ਇਸ ਸਰਕਾਰ ਅਧੀਨ ਹੀ ਹੋਇਆ ਹੈ। ਇੰਜ ਜਾਪਦਾ ਹੈ ਕਿ ਮੋਦੀ ਤੇ ਸ਼ਾਹ ਦੀ ਜੋੜੀ ਚੋਣਾਂ ਵਿੱਚ ਹਾਰ ਜਾਣ ਤੋਂ ਏਨਾ ਬੁਖਲਾ ਗਈ ਹੈ ਕਿ ਉਹ 'ਜੰਗ ਦੇ ਮੈਦਾਨ 'ਚ ਹਰ ਚੀਜ਼ ਜਾਇਜ਼ ਹੁੰਦੀ ਹੈ', ਨੂੰ ਆਪਣਾ ਮੂਲ ਮੰਤਰ ਬਣਾ ਚੁੱਕੀ ਹੈ।
ਨਰਿੰਦਰ ਮੋਦੀ ਦਾ ਰਾਜੀਵ ਗਾਂਧੀ ਬਾਰੇ ਦਿੱਤਾ ਤਾਜ਼ਾ ਬਿਆਨ ਇਸੇ ਗੱਲ ਦੀ ਗਵਾਹੀ ਭਰਦਾ ਹੈ। ਉਤਰ ਪ੍ਰਦੇਸ਼ ਦੇ ਬਸਤੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾ ਰਾਹੁਲ ਗਾਂਧੀ ਨੂੰ ਕਿਹਾ, ''ਤੁਹਾਡੇ ਪਿਤਾ ਨੂੰ ਉਸ ਦੇ ਦਰਬਾਰੀਆਂ ਨੇ ਮਿਸਟਰ ਕਲੀਨ ਬਣਾ ਦਿੱਤਾ ਸੀ, ਗਾਜੇ-ਵਾਜੇ ਨਾਲ ਮਿਸਟਰ ਕਲੀਲ-ਮਿਸਟਰ ਕਲੀਨ ਚੱਲਿਆ ਸੀ, ਪਰ ਦੇਖਦਿਆਂ-ਦੇਖਦਿਆਂ ਹੀ ਭ੍ਰਿਸ਼ਟਾਚਾਰੀ ਨੰਬਰ ਇੱਕ ਦੇ ਤੌਰ ਉੱਤੇ ਉਨ੍ਹਾ ਦਾ ਜੀਵਨ ਕਾਲ ਸਮਾਪਤ ਹੋ ਗਿਆ।'' ਇਹ ਟਿੱਪਣੀ ਉਸ ਵਿਅਕਤੀ ਬਾਰੇ ਕੀਤੀ ਗਈ ਹੈ, ਜਿਹੜਾ ਇਸ ਦਾ ਜਵਾਬ ਦੇਣ ਲਈ ਇਸ ਦੁਨੀਆ ਉੱਤੇ ਜੀਵਤ ਨਹੀਂ ਹੈ। ਇਹ ਟਿੱਪਣੀ ਮਰਿਆਦਾ ਪੱਖੋਂ ਵੀ ਜਾਇਜ਼ ਨਹੀਂ ਕਹੀ ਜਾ ਸਕਦੀ, ਕਿਉਂਕਿ ਮੋਦੀ ਜਿਸ ਹਿੰਦੂਤਵੀ ਰਾਜਨੀਤੀ ਦਾ ਆਪਣੇ ਆਪ ਨੂੰ ਸਭ ਤੋਂ ਵੱਡਾ ਚਿਹਰਾ ਦੱਸਦੇ ਹਨ, ਉਸ ਧਰਮ ਵਿੱਚ ਉਨ੍ਹਾਂ ਲੋਕਾਂ ਲਈ ਸਤਿਕਾਰ ਵਰਤਣ ਦੀ ਪ੍ਰੰਪਰਾ ਹੈ, ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਹਨ।
ਤੱਥਾਂ ਪੱਖੋਂ ਵੀ ਮੋਦੀ ਦਾ ਇਹ ਬਿਆਨ ਸੱਚਾਈ ਨਾਲ ਖਿਲਵਾੜ ਕਰਨ ਵਾਲਾ ਹੈ। ਮੋਦੀ ਨੇ ਜਿਸ ਬੋਫੋਰਸ ਕਾਂਡ ਸੰਬੰਧੀ ਰਾਜੀਵ ਗਾਂਧੀ ਨੂੰ ਭ੍ਰਿਸ਼ਟਾਚਾਰੀ ਨੰਬਰ ਵਨ ਕਿਹਾ ਹੈ, ਉਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਰਾਜੀਵ ਗਾਂਧੀ ਵਿਰੁੱਧ ਕੋਈ ਵੀ ਦੋਸ਼ ਸਾਬਿਤ ਨਹੀਂ ਸੀ ਹੋ ਸਕਿਆ। ਇਹੋ ਨਹੀਂ, ਸ਼ਾਇਦ ਮੋਦੀ ਇਹ ਵੀ ਭੁੱਲ ਗਏ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਹੀ ਰਾਜੀਵ ਗਾਂਧੀ ਦਾ ਨਾਂਅ ਬੋਫੋਰਸ ਕਾਂਡ ਦੀ ਚਾਰਜਸ਼ੀਟ ਵਿੱਚੋਂ ਹਟਾਇਆ ਗਿਆ ਸੀ। ਰਾਜੀਵ ਗਾਂਧੀ ਦੀ ਹੱਤਿਆ 20 ਮਈ 1991 ਨੂੰ ਇੱਕ ਦਹਿਸ਼ਤਗਰਦ ਹਮਲੇ ਦੌਰਾਨ ਹੋਈ ਸੀ, ਪਰ ਮੋਦੀ ਨੇ ਆਪਣੇ ਬਿਆਨ ਵਿੱਚ ਉਸ ਦੀ ਮੌਤ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਨਾਲ ਜੋੜ ਕੇ ਪੇਸ਼ ਕੀਤਾ ਹੈ, ਇਹ ਨਿੰਦਣਯੋਗ ਹੈ। ਬਾਅਦ ਵਿੱਚ ਭਾਰਤ ਸਰਕਾਰ ਨੇ ਉਨ੍ਹਾ ਨੂੰ ਮਰਨ ਉਪਰੰਤ ਦੇਸ਼ ਦੇ ਸਭ ਤੋਂ ਉੱਚੇ ਸਨਮਾਨ 'ਭਾਰਤ ਰਤਨ' ਨਾਲ ਸਨਮਾਨਤ ਕੀਤਾ ਸੀ।
ਇਹ ਸਭ ਜਾਣਦੇ ਹਨ ਕਿ ਨਰਿੰਦਰ ਮੋਦੀ ਆਪਣੇ ਭਾਸ਼ਣਾਂ ਵਿੱਚ ਝੂਠ ਦਾ ਤੜਕਾ ਲਾਉਣ ਦੇ ਮਾਹਰ ਹਨ। ਭਾਰਤੀ ਰਾਜਨੀਤੀ ਦਾ ਹੁਣ ਤੱਕ ਦਾ ਇਤਿਹਾਸ ਦੱਸਦਾ ਹੈ ਕਿ ਵਿਚਾਰਧਾਰਕ ਵਿਰੋਧਾਂ ਦੇ ਬਾਵਜੂਦ ਪੁਰਾਣੇ ਆਗੂ ਨਿੱਜੀ ਸੰਬੰਧਾਂ ਵਿੱਚ ਕਦੇ ਵੀ ਕੁੜੱਤਣ ਨਹੀਂ ਸੀ ਆਉਣ ਦਿੰਦੇ। ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਉਹ ਉਨ੍ਹਾ ਦੀ ਬਦੌਲਤ ਹੀ ਅੱਜ ਜ਼ਿੰਦਾ ਹਨ। ਵਾਜਪਾਈ ਨੇ ਦੱਸਿਆ ਸੀ ਕਿ ਜਦੋਂ ਉਹ ਇੱਕ ਜਾਨਲੇਵਾ ਬਿਮਾਰੀ ਤੋਂ ਪੀੜਤ ਸਨ ਤਾਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਨਿੱਜੀ ਦਿਲਚਸਪੀ ਲੈ ਕੇ ਉਨ੍ਹਾ ਦਾ ਇਲਾਜ ਕਰਾਇਆ ਸੀ। ਰਾਜੀਵ ਗਾਂਧੀ ਜਿੰਨਾ ਚਿਰ ਜਿਉਂਦੇ ਰਹੇ, ਉਨ੍ਹਾ ਨੇ ਨਾ ਇਸ ਦਾ ਕੋਈ ਰਾਜਨੀਤਕ ਲਾਹਾ ਲਿਆ ਤੇ ਨਾ ਹੀ ਕਿਸੇ ਅੱਗੇ ਇਹ ਰਾਜ਼ ਖੋਲ੍ਹਿਆ।
ਪਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜਨੀਤੀ ਵਿੱਚ ਲੋਕ ਲਾਜ ਜਾਂ ਸ਼ਲੀਨਤਾ ਤਾਰ-ਤਾਰ ਕੀਤੀ ਜਾ ਚੁੱਕੀ ਹੈ। ਇਹ ਚੰਗੀ ਗੱਲ ਹੈ ਕਿ ਪ੍ਰਿਯੰਕਾ ਤੇ ਰਾਹੁਲ ਭਰਾ-ਭੈਣ ਦੀ ਜੋੜੀ ਨੇ ਮੋਦੀ ਦੀ ਟਿੱਪਣੀ ਦਾ ਬੜਾ ਹੀ ਸੰਤੁਲਤ ਜਵਾਬ ਦਿੱਤਾ ਹੈ। ਪ੍ਰਿਯੰਕਾ ਨੇ ਕਿਹਾ, ''ਸ਼ਹੀਦਾਂ ਦੇ ਨਾਂਅ ਉਤੇ ਵੋਟ ਮੰਗ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਅਪਮਾਨਤ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਕੱਲ੍ਹ ਆਪਣੀ ਬੇਲਗਾਮ ਸਨਕ ਵਿੱਚ ਇੱਕ ਨੇਕ ਤੇ ਪਾਕ ਇਨਸਾਨ ਦੀ ਸ਼ਹਾਦਤ ਦਾ ਨਿਰਾਦਰ ਕੀਤਾ ਹੈ।'' ਰਾਹੁਲ ਗਾਂਧੀ ਨੇ ਵੀ ਜਿਸ ਤਰ੍ਹਾਂ ਰਿਐਕਟ ਕੀਤਾ ਹੈ, ਉਹ ਵੀ ਸ਼ਲਾਘਾਯੋਗ ਹੈ। ਰਾਹੁਲ ਨੇ ਕਿਹਾ, ''ਮੋਦੀ ਜੀ, ਯੁੱਧ ਸਮਾਪਤ ਹੋ ਚੁੱਕਾ ਹੈ। ਤੁਹਾਡੇ ਕਰਮ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਖ਼ੁਦ ਨੂੰ ਲੈ ਕੇ ਆਪਣੀ ਸੋਚ ਨੂੰ ਮੇਰੇ ਪਿਤਾ ਉੱਤੇ ਸੁੱਟਣ ਨਾਲ ਆਪ ਬਚ ਨਹੀਂ ਸਕੋਗੇ। ਪਿਆਰ ਅਤੇ ਜ਼ੋਰਦਾਰ-ਜ਼ੋਰਦਾਰ ਜੱਫੀ।''

875 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper