Latest News
ਬਾਲਿਕਾ ਗ੍ਰਹਿ ਕਾਂਡ ਦਾ ਘਿਨੌਣਾ ਸੱਚ

Published on 07 May, 2019 11:16 AM.

ਅਖੌਤੀ ਧਾਰਮਿਕ ਬਾਬਿਆਂ ਦੇ ਡੇਰਿਆਂ ਅਤੇ ਵਿਧਵਾ ਘਰਾਂ ਵਿੱਚ ਔਰਤਾਂ ਨਾਲ ਹੁੰਦੇ ਬਲਾਤਕਾਰਾਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ। ਇਨ੍ਹਾਂ ਦੋਸ਼ਾਂ ਵਿੱਚ ਅੱਜ ਕਈ ਬਲਾਤਕਾਰੀ ਬਾਬੇ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਡੱਕੇ ਹੋਏ ਹਨ। ਇਨ੍ਹਾਂ ਵਿੱਚ ਗੁਰਮੀਤ ਰਾਮ ਰਹੀਮ, ਆਸਾ ਰਾਮ ਤੇ ਨਰਾਇਣ ਸਾਈਂ ਦੇ ਨਾਂਅ ਵਰਨਣਯੋਗ ਹਨ, ਪਰ ਜਿਹੜੀ ਕਹਾਣੀ ਬਿਹਾਰ ਦੇ ਮੁਜ਼ੱਫਰਪੁਰ ਸਥਿਤ ਬਾਲਿਕਾ ਆਸਰਾ ਗ੍ਰਹਿ ਦੀ ਸਾਹਮਣੇ ਆ ਰਹੀ ਹੈ, ਉਹ ਰੌਂਗਟੇ ਖੜੇ ਕਰਨ ਵਾਲੀ ਹੈ।
ਬੀਤੇ ਵਰ੍ਹੇ ਇਸ ਆਸਰਾ ਗ੍ਰਹਿ ਦਾ ਮਾਮਲਾ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ, ਜਦੋਂ ਟਾਟਾ ਸਮਾਜਿਕ ਵਿਗਿਆਨ ਸੰਸਥਾ ਨੇ ਇੱਕ ਰਿਪੋਰਟ ਜਾਰੀ ਕਰਕੇ ਕਿਹਾ ਸੀ ਕਿ ਇਸ ਆਸਰਾ ਗ੍ਰਹਿ ਵਿੱਚ ਦਾਖ਼ਲ ਬੱਚੀਆਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਗਈ ਸੀ। ਪਿਛਲੇ ਦਿਨੀਂ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਆਸਰਾ ਗ੍ਰਹਿ ਦੇ ਸੰਚਾਲਕ ਬ੍ਰਜੇਸ਼ ਠਾਕੁਰ ਅਤੇ ਉਸ ਦੇ ਸਹਿਯੋਗੀਆਂ ਨੇ ਕਥਿਤ ਤੌਰ 'ਤੇ ਬਲਾਤਕਾਰ ਤੋਂ ਬਾਅਦ 11 ਬੱਚੀਆਂ ਦੀ ਹੱਤਿਆ ਕਰ ਦਿੱਤੀ ਸੀ। ਸੀ ਬੀ ਆਈ ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਕਿ ਜਾਂਚ ਅਧਿਕਾਰੀਆਂ ਅਤੇ ਕੌਮੀ ਮਾਨਸਿਕ ਸਿਹਤ ਅਤੇ ਨਿਊਰੋ ਵਿਗਿਆਨ ਸੰਸਥਾਨ ਵੱਲੋਂ ਪੀੜਤ ਬੱਚੀਆਂ ਦੇ ਬਿਆਨਾਂ ਦੌਰਾਨ 11 ਉਨ੍ਹਾਂ ਬੱਚੀਆਂ ਦੇ ਨਾਂਅ ਸਾਹਮਣੇ ਆਏ, ਜਿਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਬਾਲਿਕਾ ਗ੍ਰਹਿ ਵਿੱਚ ਰਹਿ ਰਹੀਆਂ 42 ਬੱਚੀਆਂ ਵਿੱਚੋਂ 34 ਨਾਲ ਬਲਾਤਕਾਰ ਦੀ ਪੁਸ਼ਟੀ ਹੋ ਚੁੱਕੀ ਹੈ। ਬਲਾਤਕਾਰ ਦੀਆਂ ਸ਼ਿਕਾਰ ਇਹ ਬੱਚੀਆਂ ਦੀ ਉਮਰ 7 ਤੋਂ 13 ਸਾਲ ਦੇ ਵਿਚਕਾਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਲਾਤਕਾਰ ਤੋਂ ਪਹਿਲਾਂ ਇਨ੍ਹਾਂ ਮਾਸੂਮਾਂ ਨੂੰ ਨਸ਼ੀਲੇ ਟੀਕੇ ਲਾ ਕੇ ਬੇਹੋਸ਼ ਕੀਤਾ ਜਾਂਦਾ ਸੀ।
ਇਹ ਮਾਮਲਾ ਉਸ ਸਮੇਂ ਭਖਿਆ ਸੀ, ਜਦੋਂ 2018 ਵਿੱਚ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਦੀ ਇੱਕ 'ਕੋਸ਼ਿਸ਼' ਨਾਂਅ ਦੀ ਟੀਮ ਨੇ ਇਹ ਦਾਅਵਾ ਕੀਤਾ ਕਿ ਇਸ ਬਾਲਿਕਾ ਗ੍ਰਹਿ ਦੀਆਂ ਬਹੁਤ ਸਾਰੀਆਂ ਲੜਕੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਇਹ ਬਾਲਿਕਾ ਗ੍ਰਹਿ ਮਜ਼ੱਫਰਪੁਰ ਸਥਿਤ 'ਸੇਵਾ ਸੰਕਲਮ ਤੇ ਵਿਕਾਸ ਸਮਿਤੀ' ਨਾਂਅ ਦੀ ਇੱਕ ਗੈਰ-ਸਰਕਾਰੀ ਸੰਸਥਾ ਵੱਲੋਂ ਚਲਾਇਆ ਜਾਂਦਾ ਹੈ। ਸਮੇਂ-ਸਮੇਂ 'ਤੇ ਇਸ ਨੂੰ ਰਾਜ ਸਰਕਾਰ ਵੱਲੋਂ ਅਨੁਦਾਨ ਵੀ ਦਿੱਤਾ ਜਾਂਦਾ ਰਿਹਾ ਹੈ। ਇਸ ਦਾ ਮੁੱਖ ਸੰਚਾਲਕ ਬ੍ਰਜੇਸ਼ ਠਾਕੁਰ ਹੈ, ਜਿਸ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਉਸ ਦੇ 20 ਸਹਿਯੋਗੀ ਵੀ ਇਸ ਕਾਂਡ ਵਿੱਚ ਸਹਿ-ਦੋਸ਼ੀ ਹਨ।
ਸੀ ਬੀ ਆਈ ਨੇ ਆਪਣੇ ਹਲਫ਼ਨਾਮੇ ਵਿੱਚ ਦੱਸਿਆ ਕਿ ਗੁਡੂ ਪਟੇਲ ਨਾਂਅ ਦੇ ਇੱਕ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ 11 ਲੜਕੀਆਂ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਇਸੇ ਦੋਸ਼ੀ ਦੀ ਨਿਸ਼ਾਨਦੇਹੀ ਉਤੇ ਸ਼ਮਸ਼ਾਨਘਾਟ ਵਿੱਚੋਂ ਇਨ੍ਹਾਂ ਕਤਲ ਕੀਤੀਆਂ ਗਈਆਂ ਲੜਕੀਆਂ ਦੀਆਂ ਹੱਡੀਆਂ ਬਰਾਮਦ ਕੀਤੀਆਂ ਗਈਆਂ, ਜਿਹੜੀਆਂ ਇੱਕ ਪੋਟਲੀ ਵਿੱਚ ਪਾ ਕੇ ਜ਼ਮੀਨ 'ਚ ਦੱਬੀਆਂ ਹੋਈਆਂ ਸਨ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਸੀ ਬੀ ਆਈ ਨੂੰ ਵਿਸਥਾਰ ਸਹਿਤ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।
ਇਹ ਮਾਮਲਾ ਸਿਰਫ਼ ਇੱਕ ਆਸ਼ਰਮ ਦਾ ਹੈ, ਦੇਸ਼ ਭਰ ਵਿੱਚ ਅਜਿਹੇ ਅਨੇਕਾਂ ਆਸ਼ਰਮ ਹਨ, ਜਿਨ੍ਹਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ ਅਤੇ ਉਨ੍ਹਾਂ ਵਿੱਚ ਵਾਪਰਦੇ ਘਿਨੌਣੇ ਕੰਮਾਂ ਦੇ ਕਿੱਸੇ ਬਾਹਰ ਨਹੀਂ ਆਉਂਦੇ। ਅਸਲੀਅਤ ਇਹ ਹੈ ਕਿ ਬਹੁਤੀਆਂ ਗੈਰ-ਸਰਕਾਰੀ ਸੰਸਥਾਵਾਂ ਸਿਰਫ਼ ਸਰਕਾਰੀ ਗ੍ਰਾਂਟਾਂ ਤੇ ਕਾਰਪੋਰੇਟਾਂ ਵੱਲੋਂ ਦਿੱਤੇ ਚੰਦਿਆਂ ਦੀ ਖ਼ੈਰ ਨੂੰ ਬਿਲੇ ਲਾਉਣ ਦਾ ਹੀ ਸਾਧਨ ਬਣ ਚੁੱਕੀਆਂ ਹਨ। ਜਿਹੜੇ ਆਗੂ ਜਾਂ ਧਨਾਢ ਪੈਸਾ ਦਿੰਦੇ ਹਨ, ਉਹ 'ਸੇਵਾ' ਵੀ ਕਰਵਾਉਂਦੇ ਹਨ। ਅਸਲ ਵਿੱਚ ਅਜਿਹੀਆਂ ਸੰਸਥਾਵਾਂ ਇੱਕ ਧੰਦਾ ਬਣ ਚੁੱਕੀਆਂ ਹਨ। ਇਸ ਲਈ ਮੁਜ਼ੱਫਰਪੁਰ ਬਾਲਿਕਾ ਗ੍ਰਹਿ ਕਾਂਡ ਤੋਂ ਇਹ ਸਬਕ ਮਿਲਦਾ ਹੈ ਕਿ ਅਜਿਹੇ ਘਿਨੌਣੇ ਕਾਂਡਾਂ ਨੂੰ ਰੋਕਣ ਲਈ ਕੋਈ ਸਰਕਾਰੀ ਢਾਂਚਾ ਖੜਾ ਕੀਤਾ ਜਾਵੇ, ਜਿਹੜਾ ਸਮੇਂ-ਸਮੇਂ ਉੱਤੇ ਇਨ੍ਹਾਂ ਦੀ ਨਿਗਰਾਨੀ ਕਰਦਾ ਰਹੇ ਤਾਂ ਜੋ ਅਜਿਹੇ ਕੁਕਰਮਾਂ ਨੂੰ ਰੋਕਿਆ ਜਾ ਸਕੇ।

844 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper