Latest News
ਲੀਡਰਾਂ ਖਾਤਰ ਲੜ-ਲੜ ਮਰਦੇ ਆਮ ਲੋਕ

Published on 08 May, 2019 11:01 AM.


ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਜਾਣਦੇ ਹਨ ਕਿ ਜਦੋਂ ਖੇਡ ਮੁੱਕਣ ਵਾਲੀ ਹੋਵੇ, ਉਸ ਵੇਲੇ ਦੋ ਖਾਸ ਕਿਸਮ ਦਾ ਵਰਤਾਰਾ ਵੇਖਣ ਨੂੰ ਮਿਲਦਾ ਹੈ। ਜੇ ਇਹ ਮੁਕਾਬਲਾ ਕੋਈ ਛੋਟੀ ਜਾਂ ਵੱਡੀ ਦੌੜ ਲਾਉਣ ਦਾ ਹੋਵੇ ਤਾਂ ਨਤੀਜੇ ਵਾਲੀ ਲਾਈਨ ਕੋਲ ਪਹੁੰਚ ਕੇ ਹਰ ਖਿਡਾਰੀ ਸਾਰੀ ਸ਼ਕਤੀ ਲਾ ਕੇ ਸਰਪੱਟ ਦੌੜਨ ਲੱਗ ਜਾਂਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਔਹ ਲਾਈਨ ਟੱਪਣ ਦੇ ਬਾਅਦ ਇਸ ਸ਼ਕਤੀ ਨੂੰ ਖਰਚਣਾ ਨਹੀਂ ਪੈਣਾ, ਨਤੀਜਾ ਜਿੱਦਾਂ ਦਾ ਵੀ ਹੋਵੇ, ਆਰਾਮ ਦੇ ਪਲ ਮਿਲ ਜਾਣੇ ਹਨ। ਇਸ ਦੀ ਬਜਾਏ ਮੁਕਾਬਲਾ ਹਾਕੀ ਜਾਂ ਫੁੱਟਬਾਲ ਦਾ ਹੋਵੇ ਤਾਂ ਮੈਚ ਮੁੱਕਣ ਵੇਲੇ ਖਿਡਾਰੀਆਂ ਦਾ ਆਪਣੇ ਵਿਰੋਧੀਆਂ ਨੂੰ ਧੱਕਾ ਦੇਣ ਜਾਂ ਆਪ ਡਿੱਗਣ ਤੇ ਦੂਸਰੇ ਉੱਤੇ ਡੇਗਣ ਦਾ ਦੋਸ਼ ਲਾਉਣ ਦਾ ਸਿਲਸਿਲਾ ਇੱਕਦਮ ਤੇਜ਼ ਹੋ ਜਾਂਦਾ ਹੈ। ਭਾਰਤ ਦੀ ਪਾਰਲੀਮੈਂਟ ਦੀਆਂ ਚੋਣਾਂ ਕਿਸੇ ਦੌੜ ਜਾਂ ਹਾਕੀ-ਫੁੱਟਬਾਲ ਦੇ ਮੈਚ ਵਰਗੇ ਦੋਵੇਂ ਰੰਗਾਂ ਵਾਲੀਆਂ ਹਨ ਤੇ ਇਹੋ ਕਾਰਨ ਹੈ ਕਿ ਇਨ੍ਹਾਂ ਚੋਣਾਂ ਵਿੱਚ ਦੋਵਾਂ ਕਿਸਮਾਂ ਦੇ ਮੁਕਾਬਲੇ ਵਾਲੇ ਰੰਗ ਵੀ ਦਿੱਖਾਈ ਦੇ ਜਾਂਦੇ ਹਨ। ਸਿਰੇ ਉੱਤੇ ਪੁੱਜੀਆਂ ਚੋਣਾਂ ਇਹੋ ਨਮੂਨਾ ਪੇਸ਼ ਕਰ ਰਹੀਆਂ ਹਨ।
ਅੱਜ ਕਿਸੇ ਦੇਸ਼ ਵਾਸੀ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਉਨ੍ਹਾਂ ਦੇ ਸਿਰ ਉੱਪਰੋਂ ਘੂਕਦੇ ਲੰਘ ਰਹੇ ਹੈਲੀਕਾਪਟਰ ਅਤੇ ਹੋਰ ਉੱਡਣ ਖਟੋਲੇ ਸਿਰਫ ਵੋਟਰਾਂ ਤੱਕ ਪਹੁੰਚ ਕਰਨ ਅਤੇ ਰੈਲੀਆਂ ਵਿੱਚ ਜ਼ਬਾਨ ਦਾ ਜਾਲਾ ਲਾਹੁਣ ਵਾਸਤੇ ਉੱਡੀ ਜਾ ਰਹੇ ਹਨ ਅਤੇ ਹੇਠਾਂ ਸੜਕਾਂ ਉੱਤੇ ਕਾਰਾਂ ਦੇ ਕਾਫਲੇ ਏਸੇ ਲਈ ਘੂਕਦੇ ਫਿਰਦੇ ਹਨ। ਨਾਲੋ-ਨਾਲ ਮੁੱਖ ਧਿਰਾਂ ਦੇ ਆਗੂਆਂ ਵੱਲੋਂ ਦਿੱਤੇ ਗਏ ਉਹ ਬਿਆਨ ਸੁਣਨ ਅਤੇ ਵੇਖਣ ਜਾਂ ਪੜ੍ਹਨ ਨੂੰ ਮਿਲ ਸਕਦੇ ਹਨ, ਜਿਨ੍ਹਾਂ ਵਿੱਚ ਆਪਣੀ ਗੱਲ ਘੱਟ ਰੱਖੀ ਜਾਂਦੀ ਹੈ ਤੇ ਵਿਰੋਧੀਆਂ ਦੇ ਨਾਨਕੇ-ਦਾਦਕੇ ਪੁਣ-ਛਾਣ ਕੇ ਪੇਸ਼ ਕਰਨ ਦਾ ਕੰਮ ਵੱਧ ਕੀਤਾ ਜਾਂਦਾ ਹੈ। ਕੁਝ ਮਾਮਲਿਆਂ ਵਿੱਚ ਭਾਸ਼ਾ ਦੀ ਹੱਦ ਵੇਖੇ ਬਗੈਰ ਵਿਰੋਧੀ ਆਗੂ ਦੇ ਬਾਰੇ ਏਦਾਂ ਦੇ ਸ਼ਬਦ ਵਰਤੇ ਜਾਣ ਲੱਗ ਪਏ ਹਨ, ਜਿਨ੍ਹਾਂ ਨਾਲ ਸੁਣਨ ਵਾਲਿਆਂ ਵਿੱਚੋਂ ਬਹੁਤੇ ਲੋਕਾਂ ਨੂੰ ਸ਼ਰਮ ਆਉਣ ਲੱਗ ਪੈਂਦੀ ਹੋਵੇਗੀ। ਬੋਲਣ ਵਾਲੇ ਆਗੂਆਂ ਨੂੰ ਸ਼ਰਮ ਆਉਂਦੀ ਨਹੀਂ ਜਾਪਦੀ। ਇਸ ਮਾਮਲੇ ਵਿੱਚ ਕੁਝ ਹੱਦੋਂ ਵੱਧ ਭੈੜੀ ਭਾਸ਼ਾ ਦੀ ਵਰਤੋਂ ਪਿਛਲੇ ਦਿਨਾਂ ਵਿੱਚ ਪੱਛਮੀ ਬੰਗਾਲ ਵਿੱਚ ਹੁੰਦੀ ਸੁਣੀ ਗਈ ਹੈ। ਤ੍ਰਿਣਮੂਲ ਕਾਂਗਰਸ ਦੀ ਨੇਤਾ ਅਤੇ ਉਸ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦਾ ਰੁਤਬਾ ਅਣਗੌਲਿਆ ਕਰ ਕੇ ਨਰਿੰਦਰ ਮੋਦੀ ਬਾਰੇ ਇਹੋ ਜਿਹੇ ਸ਼ਬਦ ਵਰਤੇ ਹਨ, ਜਿਹੜੇ ਵਰਤਣੇ ਨਹੀਂ ਸਨ ਚਾਹੀਦੇ ਤੇ ਪ੍ਰਧਾਨ ਮੰਤਰੀ ਨੇ ਵੀ ਵਰਤੇ ਹਨ, ਪਰ ਜਿਹੜੀ ਕਸਰ ਦੋਵਾਂ ਤੋਂ ਰਹਿ ਗਈ ਸੀ, ਉਹ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕੱਢ ਦਿੱੱਤੀ ਹੈ। ਇਸ ਤਰ੍ਹਾਂ ਇਹ ਚੋਣਾਂ ਦੀ ਪ੍ਰਕਿਰਿਆ ਨਹੀਂ ਰਹੀ ਤੇ ਇੱਕ ਤਰ੍ਹਾਂ ਲੋਕਤੰਤਰ ਦਾ ਸਰੇ-ਬਾਜ਼ਾਰ ਜਨਾਜ਼ਾ ਕੱਢ ਕੇ ਦੁਨੀਆ ਵਿੱਚ ਜਲੂਸ ਕੱਢਵਾਉਣ ਵਾਲੀ ਗੱਲ ਬਣ ਗਈ ਹੈ।
ਪੰਜਾਬ ਇਸ ਪ੍ਰਕਿਰਿਆ ਦੇ ਅੰਤਲੇ ਗੇੜ ਵਿੱਚ ਹੋਣ ਕਰ ਕੇ ਅਜੇ ਉਸ ਨੀਵਾਣ ਤੱਕ ਨਹੀਂ ਵੀ ਪੁੱਜਾ, ਪਰ ਜਿਹੜੇ ਰੰਗ ਇਸ ਰਾਜ ਵਿੱਚ ਪੇਸ਼ ਹੋਣ ਲੱਗ ਪਏ ਹਨ, ਉਹ ਸੁਖਾਵੇਂ ਨਹੀਂ ਮੰਨੇ ਜਾ ਸਕਦੇ। ਇਹ ਪਹਿਲੀ ਵਾਰ ਹੈ ਕਿ ਵਿਰੋਧੀ ਆਗੂ ਕਿਸੇ ਥਾਂ ਬੋਲਣ ਲਈ ਆਇਆ ਸੁਣ ਕੇ ਉਸ ਦੀ ਮੀਟਿੰਗ ਵਿੱਚ ਧਮੱਚੜ ਪਾਉਣ ਲਈ ਬੰਦੇ ਭੇਜੇ ਜਾਣ ਲੱਗੇ ਹਨ। ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ ਅਤੇ ਸੁਣਿਆ ਹੈ ਕਿ ਪ੍ਰਤਾਪ ਸਿੰਘ ਕੈਰੋਂ ਦੇ ਜ਼ਮਾਨੇ ਵਿੱਚ ਕੁਝ ਹੋਇਆ ਕਰਦਾ ਸੀ। ਇੱਕ ਦੂਸਰੇ ਦੇ ਪੋਸਟਰਾਂ ਤੇ ਇਸ਼ਤਿਹਾਰਾਂ ਉੱਤੇ ਕਾਲੀ ਸਿਆਹੀ ਫੇਰੀ ਜਾਣ ਲੱਗ ਪਈ ਹੈ। ਕਿਤੇ-ਕਿਤੇ ਝੜਪਾਂ ਵੀ ਹੋਈਆਂ ਹਨ। ਫਿਰ ਪੁਲਸ ਕੋਲ ਜਾ ਕੇ ਸ਼ਿਕਾਇਤਾਂ ਅਤੇ ਜਵਾਬੀ ਸ਼ਿਕਾਇਤਾਂ ਦਾ ਸਿਲਸਿਲਾ ਚੱਲਣ ਲੱਗ ਪੈਂਦਾ ਹੈ।
ਸਾਨੂੰ ਇਹ ਗੱਲ ਪਤਾ ਹੈ ਕਿ ਇਹੋ ਜਿਹਾ ਕੁਝ ਕੰਮ ਸਿਆਸੀ ਧਿਰਾਂ ਖੁਦ ਚੁੱਕਣਾ ਦੇ ਕੇ ਜਾਂ ਚਾਰ ਛਿੱਲੜ ਖਰਚ ਕਰ ਕੇ ਕਰਵਾਉਂਦੀਆਂ ਹਨ, ਪਰ ਕੁਝ ਥਾਂਈਂ ਏਦਾਂ ਦਾ ਕੰਮ ਪਿੰਡ ਪੱਧਰ ਦੀ ਸ਼ਰੀਕੇਬਾਜ਼ੀ ਕਾਰਨ ਵੀ ਹੁੰਦਾ ਹੈ। ਲਗਭਗ ਹਰ ਪਿੰਡ ਦੀ ਇੱਕ ਧਿਰ ਬੜੇ ਚਿਰਾਂ ਤੋਂ ਅਕਾਲੀ ਦਲ ਨਾਲ ਤੇ ਦੂਸਰੀ ਧਿਰ ਕਾਂਗਰਸ ਨਾਲ ਜੁੜੀ ਸੁਣੀ ਜਾਂਦੀ ਸੀ, ਅੱਜ ਕੱਲ੍ਹ ਇੱਕੋ ਪਿੰਡ ਦੇ ਦੋ ਦੀ ਥਾਂ ਤਿੰਨ ਜਾਂ ਚਾਰ ਧੜੇ ਸੁਣੇ ਜਾਣ ਲੱਗ ਪਏ ਹਨ। ਕਈ ਪਿੰਡਾਂ ਵਿੱਚ ਇੱਕੋ ਪਾਰਟੀ ਦੇ ਦੋ ਧੜੇ ਆਪਣੇ ਉਮੀਦਵਾਰ ਲਈ ਵੱਖੋ-ਵੱਖਰੀ ਮੀਟਿੰਗ ਕਰਾਉਂਦੇ ਅਤੇ ਫਿਰ ਉਮੀਦਵਾਰ ਦੇ ਜਾਣ ਤੋਂ ਬਾਅਦ ਆਪੋ ਵਿੱਚ ਚਾਂਗਰਾਂ ਮਾਰਦੇ ਅਤੇ ਅੱਧੀ ਰਾਤ ਤੱਕ ਥਾਣੇ ਪਹੁੰਚਣ ਲੱਗੇ ਹਨ। ਇਸ ਤਰ੍ਹਾਂ ਲੋਕਤੰਤਰ ਦੀ ਇਹ ਪ੍ਰਕਿਰਿਆ ਪਿੰਡ ਪੱਧਰ ਤੱਕ ਏਦਾਂ ਦੀ ਲੰਮਾ ਚੱਲਣ ਵਾਲੀ ਦੁਸ਼ਮਣੀ ਦਾ ਮੁੱਢ ਬੰਨ੍ਹਣ ਵਾਲੀ ਸਾਬਤ ਹੋਣ ਲੱਗੀ ਹੈ ਕਿ ਇਹ ਅਗਲੇ ਸਮੇਂ ਵਿੱਚ ਮੁਕੱਦਮੇਬਾਜ਼ਾਂ ਦੀਆਂ ਭੀੜਾਂ ਵਧਾਉਣ ਵਾਲੀ ਵੀ ਬਣ ਸਕਦੀ ਹੈ। ਇਹ ਦੁਸ਼ਮਣੀਆਂ ਪਿਛਲੇ ਸਾਲਾਂ ਵਿੱਚ ਚੋਣਾਂ ਲੰਘ ਜਾਣ ਪਿੱਛੋਂ ਕਤਲਾਂ ਦਾ ਕਾਰਨ ਬਣ ਚੁੱਕੀਆਂ ਹਨ। ਇਸ ਵਕਤ ਹੋ ਰਹੀਆਂ ਚੋਣਾਂ ਵਿੱਚ ਫਿਰ ਜਿਸ ਤਰ੍ਹਾਂ ਦੀਆਂ ਦੁਸ਼ਮਣੀਆਂ ਬਣਨ ਦੀਆਂ ਖਬਰਾਂ ਮਿਲਣ ਲੱਗ ਪਈਆਂ ਹਨ, ਇਹ ਕਤਲਾਂ ਦੀ ਅਗਲੀ ਲੜੀ ਦਾ ਮੁੱਢ ਚੋਣਾਂ ਦੌਰਾਨ ਵੀ ਬੰਨ੍ਹਣ ਵਾਲੀਆਂ ਹੋ ਸਕਦੀਆਂ ਹਨ, ਪਰ ਇਸ ਬਾਰੇ ਚਿੰਤਾ ਕਿਸੇ ਨੂੰ ਨਹੀਂ।
ਅਸੀਂ ਬਹੁਤ ਸਾਰੇ ਲੀਡਰਾਂ ਦੇ ਵਿਚਾਰ ਸੁਣੇ ਅਤੇ ਪੜ੍ਹੇ ਹੋਏ ਹਨ ਅਤੇ ਲਗਭਗ ਹਰ ਕੋਈ ਇਹੋ ਕਹਿ ਰਿਹਾ ਹੈ ਕਿ ਉਹ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਇਆ ਹੈ। ਇਹ ਅਜੀਬ ਜਿਹੀ ਸੇਵਾ ਹੈ, ਜਿਸ ਦਾ ਲੋਕਾਂ ਨੂੰ ਲਾਭ ਹੋਣ ਦੀ ਥਾਂ ਉਨ੍ਹਾਂ ਨੂੰ ਦੁਖੀ ਹੋਣਾ ਪੈ ਰਿਹਾ ਹੈ ਅਤੇ ਲੀਡਰਾਂ ਵਿੱਚੋਂ ਕਿਸੇ ਦਾ ਕਦੀ ਨੁਕਸਾਨ ਹੋਇਆ ਨਹੀਂ ਸੁਣਿਆ। ਬਹੁਤੀ ਵਾਰੀ ਵੇਖਿਆ ਗਿਆ ਹੈ ਕਿ ਚੋਣਾਂ ਵਿੱਚ ਇੱਕ ਦੂਜੇ ਦੇ ਨਾਨਕੇ-ਦਾਦਕੇ ਪੁਣਨ ਮਗਰੋਂ ਲੀਡਰ ਅਗਲੇ ਸਾਲਾਂ ਵਿੱਚ ਮਰਨੇ-ਪਰਨੇ ਅਤੇ ਸ਼ਾਦੀਆਂ ਦੇ ਮੌਕਿਆਂ ਤੱਕ ਦੇ ਵਕਤ ਆਪਸ ਵਿੱਚ ਸਾਂਝਾਂ ਪਾਲਦੇ ਹਨ। ਜਿਹੜੇ ਲੋਕਾਂ ਨੇ ਉਨ੍ਹਾਂ ਪਿੱਛੇ ਆਪਣੇ ਸਿਰ ਕਚਹਿਰੀਆਂ ਦਾ ਚੱਕਰ ਪਾ ਲਿਆ ਹੁੰਦਾ ਹੈ, ਉਨ੍ਹਾਂ ਦਾ ਕਦੇ ਚੇਤਾ ਨਹੀਂ ਕੀਤਾ ਜਾਂਦਾ। ਇਹ ਗੱਲ ਸਾਡੇ ਲੋਕਾਂ ਨੂੰ ਸਮਝਣੀ ਚਾਹੀਦੀ ਹੈ। ਚੋਣਾਂ ਤਾਂ ਚਾਰ ਕੁ ਦਿਨਾਂ ਦੀ ਗੱਲ ਹੈ, ਪਿੰਡਾਂ ਤੇ ਸ਼ਹਿਰਾਂ ਵਿੱਚ ਆਪਸ ਵਿੱਚ ਬਾਅਦ ਵਿੱਚ ਵੀ ਮਿਲਦੇ ਰਹਿਣਾ ਹੈ ਤੇ ਏਦਾਂ ਦੇ ਵਕਤ ਅਜਿਹੇ ਕੌੜ ਵਾਲੇ ਵਿਹਾਰ ਦਾ ਲਾਭ ਕੋਈ ਨਹੀਂ ਹੋਣਾ। ਲੀਡਰਾਂ ਪਿੱਛੇ ਸਿੰਗ ਫਸਾਉਣ ਤੋਂ ਬਚਣਾ ਹੀ ਠੀਕ ਹੁੰਦਾ ਹੈ।

1025 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper