Latest News
ਨੇਤਾਵਾਂ ਦੀ ਬਦਜ਼ੁਬਾਨੀ

Published on 09 May, 2019 11:21 AM.


ਭਾਰਤ ਵਰਗੇ ਮਹਾਨ ਦੇਸ ਦਾ ਪ੍ਰਧਾਨ ਮੰਤਰੀ ਹਰਿਆਣਾ ਦੇ ਕੁਰਕਸ਼ੇਤਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਵਿਰਲਾਪ ਦੇ ਅੰਦਾਜ਼ ਵਿੱਚ ਲੋਕਾਂ ਨੂੰ ਆਪਣਾ ਦੁੱਖੜਾ ਸੁਣਾ ਕੇ ਵੋਟਾਂ ਦੀ ਭੀਖ ਮੰਗ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਕਾਂਗਰਸ ਤੇ ਵਿਰੋਧੀ ਧਿਰ ਵਾਲਿਆਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਉਸ ਨੂੰ ਲਗਾਤਾਰ ਗਾਲ੍ਹਾਂ ਕੱਢੀਆਂ ਹਨ। ਉਨ੍ਹਾਂ ਮੈਨੂੰ ਮੋਸਟ ਸਟੂਪਿਡ ਪੀ ਐੱਮ ਕਿਹਾ, ਜਵਾਨਾਂ ਦੇ ਖ਼ੂਨ ਦਾ ਦਲਾਲ ਕਿਹਾ, ਗਦਾਫ਼ੀ, ਹਿਟਲਰ, ਮਸੋਲੀਨੀ, ਮਾਨਸਿਕ ਤੌਰ 'ਤੇ ਬਿਮਾਰ ਤੇ ਨੀਚ ਆਦਮੀ ਤੱਕ ਕਿਹਾ। ਉਹ ਇੱਥੇ ਹੀ ਨਹੀਂ ਰੁਕੇ, ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾ ਗਿਣਾਇਆ ਕਿ ਉਨ੍ਹਾਂ ਮੈਨੂੰ ਹਲਕਾਅ ਦੀ ਬਿਮਾਰੀ ਤੋਂ ਪੀੜਤ ਬਾਂਦਰ, ਚੂਹਾ, ਬਿੱਛੂ, ਗੰਦਾ ਆਦਮੀ, ਜ਼ਹਿਰ ਬੀਜਣ ਵਾਲਾ, ਗੰਗੂ ਤੇਲੀ, ਪਾਗਲ ਕੁੱਤਾ, ਰਾਵਣ, ਭਾਸਮਾਸੁਰ ਤੇ ਗੰਦੀ ਨਾਲੀ ਦਾ ਕੀੜਾ ਤੱਕ ਕਿਹਾ। ਉਨ੍ਹਾ ਕਿਹਾ ਕਿ ਇੱਕ ਆਗੂ ਨੇ ਉਸ ਨੂੰ ਵਾਇਰਸ ਤੇ ਦੂਜੇ ਨੇ ਦਾਊਦ ਇਬਰਾਹੀਮ ਤੱਕ ਕਿਹਾ। ਇਨ੍ਹਾਂ ਵਿੱਚੋਂ ਕਿੰਨੀਆਂ ਗੱਲਾਂ ਸੱਚ ਹਨ ਤੇ ਕਿੰਨੀਆਂ ਵਾਧੂ ਜੋੜੀਆਂ ਗਈਆਂ, ਇਸ ਵਿੱਚ ਅਸੀਂ ਨਹੀਂ ਜਾਣਾ ਚਾਹੁੰਦੇ, ਪਰ ਇਸ ਸਥਿਤੀ ਲਈ ਜ਼ਿੰਮੇਵਾਰ ਕੌਣ ਹੈ, ਇਸ ਬਾਰੇ ਜ਼ਰੂਰ ਵਿਚਾਰ ਕਰਾਂਗੇ।
ਸੰਨ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦਾ ਸਾਰਾ ਚੋਣ ਪ੍ਰਚਾਰ ਉਨ੍ਹਾ ਦੀ 56 ਇੰਚ ਦੀ ਛਾਤੀ ਦੁਆਲੇ ਘੁੰਮਦਾ ਰਿਹਾ ਸੀ। ਉਸ ਵੇਲੇ ਹੀ ਦੇਸ਼ ਵਾਸੀਆਂ ਨੂੰ ਸਮਝ ਆ ਜਾਣਾ ਚਾਹੀਦਾ ਸੀ ਕਿ ਲੋਕਤੰਤਰੀ ਸਰਕਾਰਾਂ ਛਾਤੀ ਤੇ ਡੌਲਿਆਂ ਦੇ ਜ਼ੋਰ ਨਾਲ ਨਹੀਂ, ਸਗੋਂ ਸਿਰ ਅਤੇ ਉਸ ਵਿਚਲੀ ਸੰਤੁਲਤ ਸੋਚ ਨਾਲ ਚਲਾਈਆਂ ਜਾਂਦੀਆਂ ਹਨ। ਇਹ ਦੇਸ ਦੀ ਬਦਕਿਸਮਤੀ ਸੀ ਕਿ 56 ਇੰਚੀ ਛਾਤੀ ਜਿੱਤ ਗਈ ਤੇ ਸੋਚ ਹਾਰ ਗਈ। ਮੋਦੀ ਰਾਜ ਦੇ ਪਿਛਲੇ ਪੰਜ ਸਾਲ ਦੇਸ ਨੂੰ ਇਸੇ 56 ਇੰਚੀ ਛਾਤੀ ਤੇ ਬਾਹੂਬਲ ਦੇ ਜ਼ੋਰ ਨਾਲ ਚਲਾਇਆ ਗਿਆ।
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਇਹ ਵੀ ਭੁੱਲ ਗਏ ਕਿ ਹੁਣ ਉਹ ਸਿਰਫ਼ ਭਾਜਪਾ ਨਹੀਂ, ਸਗੋਂ ਸਵਾ ਸੌ ਕਰੋੜ ਲੋਕਾਂ ਦੇ ਆਗੂ ਹਨ। ਕਿਸੇ ਵੀ ਦੇਸ ਦੇ ਪ੍ਰਧਾਨ ਮੰਤਰੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਦੇ ਮੂੰਹ ਵਿੱਚੋਂ ਨਿਕਲੇ ਹਰ ਸ਼ਬਦ ਵਿੱਚ ਜ਼ਰਾ ਵੀ ਕਚਿਆਈ ਨਹੀਂ ਹੋਣੀ ਚਾਹੀਦੀ। ਉਨ੍ਹਾ ਨੂੰ ਕੋਈ ਵੀ ਅਜਿਹੀ ਗੱਲ ਜਾਂ ਕਾਰਵਾਈ ਨਹੀਂ ਕਰਨੀ ਚਾਹੀਦੀ, ਜਿਹੜੀ ਪ੍ਰਧਾਨ ਮੰਤਰੀ ਅਹੁਦੇ ਦੀ ਮਰਿਆਦਾ ਨੂੰ ਠੇਸ ਪੁਚਾਉਣ ਵਾਲੀ ਹੋਵੇ।
ਪਰ ਹੋਇਆ ਸਭ ਇਸ ਦੇ ਉਲਟ, ਪ੍ਰਧਾਨ ਮੰਤਰੀ ਬਣ ਜਾਣ ਤੋਂ ਬਾਅਦ ਵੀ ਨਰਿੰਦਰ ਮੋਦੀ ਦੀ ਭਾਸ਼ਾ ਉਹੀ ਰਹੀ, ਜਿਹੜੀ ਉਹ ਚੋਣ ਪ੍ਰਚਾਰ ਸਮੇਂ ਭਾਜਪਾ ਆਗੂ ਵਜੋਂ ਬੋਲਦੇ ਰਹੇ ਸਨ। ਆਪਣੇ ਹਰ ਭਾਸ਼ਣ ਵਿੱਚ ਉਹ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਰਹੇ। ਗੁਜਰਾਤ ਚੋਣਾਂ ਦੌਰਾਨ ਉਨ੍ਹਾ ਨਹਿਰੂ ਅਤੇ ਪਟੇਲ ਦੇ ਮਤਭੇਦਾਂ ਦਾ ਸ਼ੋਸ਼ਾ ਛੱਡ ਦਿੱਤਾ, ਜਦੋਂ ਕਿ ਤੱਥ ਇਸ ਦੇ ਉਲਟ ਹਨ। ਕਰਨਾਟਕ ਚੋਣਾਂ ਸਮੇਂ ਉਨ੍ਹਾ 1948 ਦੀ ਘੁਸਪੈਠ ਸਮੇਂ ਫੀਲਡ ਮਾਰਸ਼ਲ ਥਮੱਈਆ ਤੇ ਕਰਿਅੱਪਾ ਦੀ ਨਹਿਰੂ ਵੱਲੋਂ ਬੇਇੱਜ਼ਤੀ ਕੀਤੇ ਜਾਣ ਦੀ ਗੱਲ ਕਹਿ ਦਿੱਤੀ, ਜੋ ਕਿ ਇਹ ਦੋਵੇ ਹੀ ਉਸ ਸਮੇਂ ਫ਼ੌਜ ਮੁਖੀ ਨਹੀਂ ਸਨ। ਮੋਦੀ ਕਦੇ ਲਾਲ ਕਿਲ੍ਹੇ ਨੂੰ ਲਾਲ ਦਰਵਾਜ਼ਾ ਕਹਿ ਦਿੰਦੇ ਹਨ ਤੇ ਕਦੇ ਤਕਸ਼ਿਲਾ ਨੂੰ ਬਿਹਾਰ ਦਾ ਹਿੱਸਾ ਦੱਸ ਦਿੰਦੇ ਹਨ, ਇਹ ਉਹ ਜਾਣ ਬੁੱਝ ਕੇ ਕਰਦੇ ਹਨ ਜਾਂ ਉਨ੍ਹਾ ਦੀ ਇਤਿਹਾਸ ਬਾਰੇ ਸਮਝ ਹੀ ਏਨੀ ਹੈ, ਇਸ ਬਾਰੇ ਸਿਰਫ਼ ਉਹੀ ਦੱਸ ਸਕਦੇ ਹਨ।
ਹੁਣ ਜਿਹੜੀ ਗੱਲ ਪ੍ਰਧਾਨ ਮੰਤਰੀ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਗਾਹਲਾਂ ਦਿੱਤੇ ਜਾਣ ਬਾਰੇ ਕਹਿੰਦੇ ਹਨ, ਉਸ ਬਾਰੇ ਉਨ੍ਹਾ ਤੋਂ ਪੁੱਛਿਆ ਜਾ ਸਕਦਾ ਹੈ ਕਿ ਇਹ ਪ੍ਰੰਪਰਾ ਸ਼ੁਰੂ ਕਿਸ ਨੇ ਕੀਤੀ ਸੀ। ਉਹ ਭਾਜਪਾ ਆਗੂ ਹੀ ਸਨ, ਜਿਨ੍ਹਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗੇ ਸ਼ਰੀਫ਼ ਵਿਅਕਤੀ ਨੂੰ ਕਦੇ ਸੋਨੀਆ ਦਾ ਤੋਤਾ ਤੇ ਕਦੇ ਗੁੰਗਾ ਪ੍ਰਧਾਨ ਮੰਤਰੀ ਕਿਹਾ ਸੀ। ਉਹ ਭਾਜਪਾਈ ਹੀ ਸਨ, ਜਿਨ੍ਹਾ ਰਾਹੁਲ ਗਾਂਧੀ ਨੂੰ ਕਦੇ ਜਰਸੀ ਗਾਂ ਦਾ ਵੱਛਾ ਤੇ ਕਦੇ ਪੱਪੂ ਕਹਿ ਕੇ ਉਸ ਦੀ ਖਿੱਲੀ ਉਡਾਈ। ਜਦੋਂ ਤੁਸੀਂ ਦੂਜਿਆਂ ਨੂੰ ਮੰਦਾ ਬੋਲੋਗੇ ਤਾਂ ਅਗਲਾ ਤੁਹਾਨੂੰ ਫੁੱਲੀਆਂ ਨਹੀਂ ਪਾਵੇਗਾ।
ਹਾਲੀਆਂ ਚੋਣਾਂ ਨੂੰ ਤਾਂ ਪ੍ਰਧਾਨ ਮੰਤਰੀ ਸਮੇਤ ਭਾਜਪਾ ਆਗੂਆਂ ਨੇ ਗਲੀ-ਛਾਪ ਗੁੰਡਿਆਂ ਦੀ ਲੜਾਈ ਬਣਾ ਦਿੱਤਾ ਹੈ। ਅਜਿਹੀ ਹਾਲਤ ਵਿੱਚ ਕਿਹੜਾ ਕੀਹਨੂੰ ਕਿੰਨੀਆਂ ਵੱਧ ਗਾਲ੍ਹਾਂ ਕੱਢਦਾ, ਇਸ ਦਾ ਕੋਈ ਮਤਲਬ ਨਹੀਂ ਰਹਿੰਦਾ। ਹਾਲਤ ਇਹ ਬਣ ਗਈ ਹੈ ਕਿ ਰਾਬੜੀ ਦੇਵੀ ਅਮਿਤ ਸ਼ਾਹ ਨੂੰ ਆਦਮਖੋਰ, ਮੋਦੀ ਨੂੰ ਜਲਾਦ ਕਹਿ ਰਹੀ ਹੈ। ਜੇ ਡੀ ਯੂ ਦਾ ਸੰਜੇ ਸਿੰਘ ਮੀਸਾ ਭਾਰਤੀ ਨੂੰ ਸਰੂਪਨਖਾ ਕਹਿ ਰਿਹਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਮੌਜੂਦਾ ਸੱਤਾਧਾਰੀਆਂ ਨੇ ਸਿਆਸਤ ਨੂੰ ਜਿਸ ਪੱਧਰ ਉੱਤੇ ਲਿਆ ਖੜਾ ਕੀਤਾ ਹੈ, ਆਉਣ ਵਾਲੇ ਸਮੇਂ ਦੌਰਾਨ ਇਸ ਦਾ ਖਮਿਆਜ਼ਾ ਸਮੁੱਚੇ ਦੇਸ ਵਾਸੀਆਂ ਨੂੰ ਭੁਗਤਣਾ ਪਵੇਗਾ।

949 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper