Latest News
ਦਲਿਤਾਂ ਦਾ ਦਮਨ ਕਦੋਂ ਤੱਕ

Published on 12 May, 2019 11:24 AM.


ਆਜ਼ਾਦੀ ਦੀ ਲੱਗਭੱਗ ਪੌਣੀ ਸਦੀ ਬੀਤ ਜਾਣ ਤੋਂ ਬਾਅਦ ਵੀ ਸਾਡੇ ਦੇਸ ਵਿੱਚ ਜਾਤੀਵਾਦੀ ਭੇਦਭਾਵ ਦੇ ਮਾਹੌਲ ਵਿੱਚ ਕੋਈ ਗੁਣਾਂਤਮਕ ਤਬਦੀਲੀ ਨਹੀਂ ਹੋ ਸਕੀ। ਉੱਚ ਜਾਤੀਆਂ ਵੱਲੋਂ ਦਲਿਤ ਜਾਤੀਆਂ ਪ੍ਰਤੀ ਨਫ਼ਰਤ ਵਾਲੀ ਭਾਵਨਾ ਦੇ ਪ੍ਰਗਟਾਵੇ ਦੀਆਂ ਖ਼ਬਰਾਂ ਨਿੱਤ ਦਿਨ ਛਪਦੀਆਂ ਰਹਿੰਦੀਆਂ ਹਨ। ਬੀਤੇ 26 ਅਪ੍ਰੈਲ ਨੂੰ ਉਤਰਾਖੰਡ ਵਿੱਚ ਇੱਕ ਨੀਵੀਂ ਕਹੀ ਜਾਂਦੀ ਜਾਤੀ ਦੇ ਨੌਜਵਾਨ ਨੂੰ ਦਬੰਗਾਂ ਨੇ ਇਸ ਲਈ ਆਪਣੇ ਅਤਾਬ ਦਾ ਨਿਸ਼ਾਨਾ ਬਣਾਇਆ, ਕਿਉਂਕਿ ਉਹ ਇੱਕ ਵਿਆਹ ਸਮਾਰੋਹ ਦੌਰਾਨ ਉਨ੍ਹਾਂ ਦੇ ਸਾਹਮਣੇ ਕੁਰਸੀ ਉੱਤੇ ਬੈਠ ਕੇ ਖਾਣਾ ਖਾ ਰਿਹਾ ਸੀ।
ਇੱਕ ਅਖ਼ਬਾਰੀ ਰਿਪੋਰਟ ਮੁਤਾਬਕ 23 ਸਾਲਾ ਮ੍ਰਿਤਕ ਜਤਿੰਦਰ ਦਾਸ ਦੀ ਭੈਣ ਨੇ ਮੀਡੀਆ ਨੂੰ ਦੱਸਿਆ ਕਿ ਨੇੜਲੇ ਪਿੰਡ ਉਸ ਦੇ ਚਾਚੇ ਦੇ ਲੜਕੇ ਦੀ ਸ਼ਾਦੀ ਸੀ। ਮੇਰਾ ਭਰਾ ਉੱਥੇ ਬੁਲਾਵੇ ਉੱਤੇ ਗਿਆ ਸੀ। ਖਾਣਾ ਖਾਣ ਲਈ ਜਦੋਂ ਜਤਿੰਦਰ ਕੁਰਸੀ ਉੱਤੇ ਬੈਠਾ ਅਤੇ ਉਸ ਨੇ ਹਾਲੇ ਪਹਿਲੀ ਬੁਰਕੀ ਹੀ ਮੂੰਹ 'ਚ ਪਾਈ ਸੀ ਕਿ ਇੱਕ ਦਬੰਗ ਨੇ ਲੱਤ ਮਾਰ ਕੇ ਉਸ ਦੀ ਥਾਲੀ ਥੱਲੇ ਸੁੱਟ ਦਿੱਤਾ। ਉਸ ਤੋਂ ਬਾਅਦ ਕੁਝ ਹੋਰ ਲੋਕਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਤਿੰਦਰ ਜਦੋਂ ਬਚ-ਬਚਾ ਕੇ ਉੱਥੋਂ ਬਾਹਰ ਆ ਕੇ ਘਰ ਵਾਪਸ ਆਉਣ ਲਈ ਚੱਲਿਆ ਤਾਂ ਕੁਝ ਦੂਰੀ ਉੱਤੇ ਦਬੰਗਾਂ ਨੇ ਉਸ ਨੂੰ ਮੁੜ ਘੇਰ ਕੇ ਬੇਰਹਿਮੀ ਨਾਲ ਕੁੱਟਿਆ। ਅਗਲੇ ਦਿਨ ਸਵੇਰੇ ਜਦੋਂ ਜਤਿੰਦਰ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਜਤਿੰਦਰ ਅਧਮੋਈ ਹਾਲਤ ਵਿੱਚ ਘਰ ਅੱਗੇ ਪਿਆ ਸੀ ਤੇ ਉਸ ਦਾ ਮੋਟਰਸਾਈਕਲ ਵੀ ਕੋਲ ਖੜਾ ਸੀ। ਜਤਿੰਦਰ ਦੀ ਛਾਤੀ, ਹੱਥਾਂ ਅਤੇ ਗੁਪਤ ਅੰਗਾਂ ਉੱਤੇ ਸੱਟਾਂ ਦੇ ਨਿਸ਼ਾਨ ਸਨ। ਜਤਿੰਦਰ ਨੂੰ ਹਸਪਤਾਲ ਲੈਜਾਇਆ ਗਿਆ, ਪਰ ਕੁਝ ਦਿਨਾਂ ਬਾਅਦ ਉਹ ਦਮ ਤੋੜ ਗਿਆ।
ਬੀ ਬੀ ਸੀ ਦੀ ਪੱਤਰਕਾਰਾਂ ਦੀ ਟੀਮ ਵੱਲੋਂ ਕੀਤੀ ਗਈ ਪੜਤਾਲ ਮੁਤਾਬਕ ਇਹ ਸਾਰੀ ਘਟਨਾ ਬਹੁਤ ਸਾਰੇ ਲੋਕਾਂ ਸਾਹਮਣੇ ਘਟੀ, ਪਰ ਕੋਈ ਵੀ ਗਵਾਹ ਬਣਨ ਲਈ ਤਿਆਰ ਨਹੀਂ ਹੈ। ਘਟਨਾ ਤੋਂ ਤਿੰਨ ਦਿਨ ਬਾਅਦ ਐੱਫ਼ ਆਈ ਆਰ ਦਰਜ ਕੀਤੀ ਗਈ। ਇਸ ਦੌਰਾਨ ਦਬੰਗ ਲੋਕਾਂ ਨੂੰ ਗਵਾਹਾਂ ਨੂੰ ਡਰਾਉਣ ਦਾ ਮੌਕਾ ਮਿਲ ਗਿਆ। ਜਿਹੜੇ ਲੋਕ ਗਵਾਹ ਸਨ, ਉਨ੍ਹਾਂ ਨੂੰ ਕੁੱਟ ਕੇ ਮੁਕਰਾਇਆ ਗਿਆ। ਘਟਨਾ ਸੰਬੰਧੀ ਪੁਲਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਲਿਤ ਪਰਵਾਰਾਂ ਪਾਸ ਕੋਈ ਜ਼ਮੀਨ ਨਹੀਂ, ਉਹ ਪੂਰੀ ਤਰ੍ਹਾਂ ਉੱਚ ਜਾਤੀ ਦੇ ਲੋਕਾਂ ਉੱਤੇ ਨਿਰਭਰ ਹਨ। ਇਸ ਲਈ ਉਹ ਕੁਝ ਵੀ ਕਹਿਣ ਜਾਂ ਕਰਨ ਤੋਂ ਡਰਦੇ ਹਨ। ਅਜਿਹੀਆਂ ਘਟਨਾਵਾਂ ਇੱਥੇ ਵਾਰ-ਵਾਰ ਹੁੰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਅੰਦਰ ਦੱਬੂਪੁਣਾ ਬਣਿਆ ਰਹਿੰਦਾ ਹੈ। ਰਾਜ ਦੇ ਅਨੁਸੂਚਿਤ ਜਾਤੀ ਕਮਿਸ਼ਨ ਮੁਤਾਬਕ ਉਸ ਪਾਸ ਹਰ ਸਾਲ ਦਲਿਤਾਂ ਉੱਤੇ ਅੱਤਿਆਚਾਰ ਦੇ 300 ਮਾਮਲੇ ਪਹੁੰਚਦੇ ਹਨ, ਪਰ ਅਸਲੀ ਗਿਣਤੀ ਇਸ ਤੋਂ ਕਿਤੇ ਵੱਧ ਹੁੰਦੀ ਹੈ।
ਉਤਰਾਖੰਡ ਵਿੱਚ ਦਲਿਤਾਂ ਉੱਤੇ ਅੱਤਿਆਚਾਰਾਂ ਦਾ ਇਤਿਹਾਸ ਪੁਰਾਣਾ ਹੈ। ਸੰਨ 1980 ਵਿੱਚ ਦਲਿਤਾਂ ਦੀ ਇੱਕ ਬਰਾਤ ਕਫ਼ਲਟਾ ਪਿੰਡ ਵਿੱਚੋਂ ਗੁਜ਼ਰ ਰਹੀ ਸੀ। ਕੁਝ ਔਰਤਾਂ ਨੇ ਲਾੜੇ ਨੂੰ ਭਗਵਾਨ ਬਦਰੀ ਨਾਥ ਦੇ ਸਨਮਾਨ ਵਿੱਚ ਘੋੜੀ ਤੋਂ ਉਤਰਨ ਲਈ ਕਿਹਾ। ਇਸ ਉੱਤੇ ਬਰਾਤੀਆਂ ਨੇ ਕਿਹਾ ਕਿ ਉਹ ਮੰਦਰ ਦੇ ਸਾਹਮਣੇ ਘੋੜੀ ਤੋਂ ਉਤਰ ਜਾਣਗੇ। ਇਸ ਵਿਵਾਦ ਤੋਂ ਬਾਅਦ ਉੱਚ ਜਾਤੀ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰਕੇ 14 ਬਰਾਤੀਆਂ ਦੀ ਹੱਤਿਆ ਕਰ ਦਿੱਤੀ ਸੀ।
ਇਸੇ ਤਰ੍ਹਾਂ ਹੀ ਬਾਗੇਸ਼ਵਰ ਵਿਖੇ ਜਦੋਂ ਇੱਕ ਦਲਿਤ ਲੜਕੇ ਨੇ ਆਟਾ ਚੱਕੀ ਨੂੰ ਹੱਥ ਲਾ ਕੇ ਉਸ ਨੂੰ 'ਦੂਸ਼ਿਤ' ਕਰ ਦਿੱਤਾ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ। ਦਲਿਤ ਕਾਰਕੁਨ ਦੌਲਤ ਕੁੰਵਰ ਨੇ ਦੱਸਿਆ ਕਿ ਰਾਜ ਦੇ ਇੱਕ ਸਕੂਲ ਵਿੱਚ ਜਦੋਂ ਇੱਕ ਦਲਿਤ ਔਰਤ ਨੂੰ ਭੋਜਨਸ਼ਾਲਾ ਵਿੱਚ ਨੌਕਰੀ ਉੱਤੇ ਰੱਖਿਆ ਗਿਆ ਤਾਂ ਮੁਜ਼ਾਹਰੇ ਸ਼ੁਰੂ ਹੋ ਗਏ, ਹਾਲਾਂਕਿ ਉਸ ਦਾ ਕੰਮ ਸਿਰਫ਼ ਲੱਕੜੀਆਂ ਝੋਕਣਾ ਸੀ, ਪਰ ਜਿੰਨਾ ਚਿਰ ਉਸ ਨੂੰ ਹਟਾ ਨਹੀਂ ਦਿੱਤਾ ਗਿਆ, ਕਿਸੇ ਵੀ ਵਿਦਿਆਰਥੀ ਨੇ ਸਕੂਲ ਵਿੱਚੋਂ ਭੋਜਨ ਨਹੀਂ ਖਾਧਾ।
ਦੌਲਤ ਕੰਵਰ ਨੇ ਦੱਸਿਆ ਕਿ ਸੰਨ 2016 ਵਿੱਚ ਉਹ ਸਾਬਕਾ ਸੰਸਦ ਮੈਂਬਰ ਤਰੁਣ ਵਿਜੈ ਨਾਲ ਚਕਰਾਤਾ ਇਲਾਕੇ ਦੇ ਪੁਨਾਹ ਦੇਵਤਾ ਦੇ ਮੰਦਰ ਗਏ ਤਾਂ ਉਨ੍ਹਾਂ ਉੱਤੇ ਪਥਰਾਅ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੋਹਾਂ ਨੂੰ ਸੱਟਾਂ ਲੱਗੀਆਂ। ਉਨ੍ਹਾ ਦੱਸਿਆ ਕਿ ਰਾਜ ਦੇ ਜੌਨਸਾਰ ਇਲਾਕੇ ਵਿੱਚ ਕਾਨੂੰਨੀ ਦਖ਼ਲ ਦੇ ਬਾਵਜੂਦ ਬਹੁਤ ਸਾਰੇ ਅਜਿਹੇ ਮੰਦਰ ਹਨ, ਜਿੱਥੇ ਦਲਿਤ ਨਹੀਂ ਜਾ ਸਕਦੇ।
ਅਸਲ ਵਿੱਚ ਇਸ ਹਾਲਤ ਦੇ ਮੁੱਖ ਜ਼ਿੰਮੇਵਾਰ ਸਾਡੇ ਸੱਤਾਧਾਰੀ ਆਗੂ ਹਨ, ਜਿਹੜੇ ਜਾਤੀਵਾਦੀ ਸਿਆਸਤ ਨੂੰ ਸੱਤਾ ਉੱਤੇ ਪੁੱਜਣ ਲਈ ਪੌੜੀ ਵਜੋਂ ਵਰਤਦੇ ਹਨ। ਜਾਗਰੂਕ ਲੋਕਾਂ ਵੱਲੋਂ ਸਮੂਹਿਕ ਯਤਨਾਂ ਰਾਹੀਂ ਹੀ ਦਲਿਤ ਵਿਰੋਧੀ ਇਸ ਵਰਤਾਰੇ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਹ ਲੰਮੀ ਲੜਾਈ ਹੈ, ਪਰ ਇਹ ਲੜਨੀ ਹੀ ਪਵੇਗੀ।

991 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper