Latest News
ਚੋਣਾਂ ਦੌਰਾਨ ਟਕਰਾਵਾਂ ਤੋਂ ਬਚਣ ਦੀ ਲੋੜ

Published on 13 May, 2019 10:55 AM.


ਅੱਜ ਜਦੋਂ ਬਾਕੀ ਸਾਰੇ ਦੇਸ਼ ਵਿੱਚ ਪਾਰਲੀਮੈਂਟ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸਿਰੇ ਲੱਗ ਚੁੱਕਾ ਹੈ ਤੇ ਥੋੜ੍ਹੇ ਜਿਹੇ ਰਾਜਾਂ ਵਿੱਚ ਇਹ ਕੰਮ ਬਾਕੀ ਹੈ, ਸਾਡੇ ਪੰਜਾਬ ਦੀ ਵਾਰੀ ਵੀ ਆ ਚੁੱਕੀ ਹੈ। ਅਖੀਰਲਾ ਹਫਤਾ ਹੈ ਤੇ ਮਸਾਂ ਤਿੰਨ ਦਿਨ ਚੋਣ ਪ੍ਰਚਾਰ ਦੇ ਲਈ ਬਾਕੀ ਰਹਿ ਗਏ ਹਨ। ਹਰ ਕੋਈ ਸਰਪੱਟ ਦੌੜਾਂ ਲਾ ਰਿਹਾ ਦਿਖਾਈ ਦੇਂਦਾ ਹੈ। ਇਹ ਹੀ ਉਹ ਮੌਕਾ ਹੈ, ਜਦੋਂ ਪੰਜਾਬ ਲਈ ਸੁੱਖ ਮੰਗਣ ਵਾਲੇ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਹਾਲਾਤ ਵਿੱਚ ਭਰਦੀ ਜਾਂਦੀ ਗਰਮੀ ਚੰਗੀ ਨਹੀਂ ਜਾਪਦੀ।
ਚੋਣਾਂ ਪਹਿਲਾਂ ਪ੍ਰਤਾਪ ਸਿੰਘ ਕੈਰੋਂ ਦੇ ਵਕਤ ਵੀ ਹੁੰਦੀਆਂ ਸਨ, ਜਦੋਂ ਸਾਰਾ ਕੰਮ ਸਿਰੇ ਲੱਗ ਜਾਣ ਤੇ ਨਤੀਜੇ ਨਿਕਲਣ ਤੋਂ ਚਾਰ-ਛੇ ਮਹੀਨੇ ਲੰਘਾ ਕੇ ਫਿਰ ਕਿੜਾਂ ਕੱਢਣ ਦਾ ਕੰਮ ਸ਼ੁਰੂ ਕੀਤਾ ਜਾਂਦਾ ਸੀ ਤੇ ਜ਼ੋਰ ਨਾਲ ਕੀਤਾ ਜਾਂਦਾ ਸੀ। ਫਿਰ ਦੂਸਰਾ ਦੌਰ ਵੀ ਅਸੀਂ ਵੇਖਿਆ ਸੀ, ਜਦੋਂ ਐਮਰਜੈਂਸੀ ਪਿੱਛੋਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਾਲੀ ਰਾਤ ਹੀ ਇੱਕ ਪਿੰਡ ਦੇ ਕੁਝ ਪੁਰਾਣੀ ਖੌਹਰ ਰੱਖੀ ਬੈਠੇ ਧੜਵੈਲਾਂ ਨੇ ਚਾਰ ਖੇਤ ਮਜ਼ਦੂਰਾਂ ਨੂੰ ਇਸ ਲਈ ਮਾਰ ਦਿੱਤਾ ਸੀ ਕਿ ਉਨ੍ਹਾਂ ਨੇ ਧੜਵੈਲਾਂ ਦੇ ਪਸੰਦ ਵਾਲੀ ਪਾਰਟੀ ਨੂੰ ਵੋਟਾਂ ਨਹੀਂ ਸੀ ਪਾਈਆਂ ਤੇ ਉਹ ਪਾਰਟੀ ਜਿੱਤ ਗਈ ਸੀ। ਓਦੋਂ ਬਾਅਦ ਇੱਕ ਵਾਰੀ ਅਸੀਂ ਵੋਟਾਂ ਦੀ ਰਾਤ ਵੀ ਕਤਲ ਹੁੰਦੇ ਸੁਣ ਲਏ ਸਨ, ਜਦੋਂ ਹਾਲੇ ਦੋ ਦਿਨ ਬਾਅਦ ਨਤੀਜਾ ਨਿਕਲਣਾ ਸੀ। ਇਸ ਵਾਰੀ ਫਿਰ ਹਾਲਾਤ ਚੰਗੇ ਨਹੀਂ। ਜਿਹੜੇ ਹਾਲਾਤ ਪਿਛਲੀਆਂ ਤਿੰਨ ਕਿਸਮਾਂ ਦੇ ਅਸੀਂ ਦੱਸ ਕੇ ਹਟੇ ਹਾਂ, ਇਸ ਵਾਰੀ ਉਨ੍ਹK ਸਾਰੇ ਮੌਕਿਆਂ ਨਾਲੋਂ ਵੱਖਰੀ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ। ਹਰ ਪਿੰਡ ਅੰਦਰ ਲੱਗਭੱਗ ਹਰ ਪਾਰਟੀ ਦੀ ਰੈਲੀ ਮੌਕੇ ਹੰਗਾਮੇ ਹੋਣ ਲੱਗ ਪਏ ਹਨ।
ਪਿਛਲੇ ਦਿਨਾਂ ਵਿੱਚ ਬਠਿੰਡੇ ਦੀ ਸੀਟ ਦਾ ਰੌਲਾ ਸਭ ਤੋਂ ਵੱਧ ਪਿਆ ਤੇ ਅਜੇ ਵੀ ਪਈ ਜਾਂਦਾ ਹੈ। ਹਾਲਾਤ ਤਾਂ ਹਰ ਥਾਂ ਹੀ ਮਾੜੇ ਜਾਪਦੇ ਹਨ, ਪਰ ਬਠਿੰਡਾ ਇਸ ਵਾਰ ਚੰਗਿਆੜੇ ਛੱਡਣ ਵਾਲੀ ਰਾਜਨੀਤੀ ਦਾ ਇਸ ਤਰ੍ਹਾਂ ਦਾ ਅਖਾੜਾ ਬਣ ਗਿਆ ਜਾਪਦਾ ਹੈ, ਜਿੱਥੇ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ ਹੈ। ਇੱਕ ਦਿਨ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਬੀਬੀ ਨੂੰ ਇੱਕ ਪਿੰਡ ਦੇ ਬਾਹਰ ਧਰਨਾ ਮਾਰ ਕੇ ਬੈਠਣਾ ਪਿਆ ਅਤੇ ਫਿਰ ਇੱਕ ਹੋਰ ਸੀਟ ਤੋਂ ਲੜਦਾ ਉਸ ਬੀਬੀ ਦਾ ਪਤੀ ਤੇ ਉਸ ਦੀ ਪਾਰਟੀ ਦਾ ਪ੍ਰਧਾਨ ਵੀ ਓਸੇ ਪਿੰਡ ਧਰਨੇ ਵਿੱਚ ਆਣ ਕੇ ਬੈਠ ਗਿਆ। ਇਸ ਪਿੱਛੋਂ ਮੀਆਂ-ਬੀਵੀ ਦੋਵਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਉੱਤੇ ਸਿੱਧਾ ਇਹ ਦੋਸ਼ ਲਾਇਆ ਕਿ ਉਹ ਬੰਦਿਆਂ ਨੂੰ ਉਕਸਾ ਕੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਧਮੱਚੜ ਪਾਉਣ ਭੇਜਦੇ ਹਨ। ਧਰਨਾ ਲਾ ਕੇ ਬੈਠਣ ਨੂੰ ਮਜਬੂਰ ਹੋਈ ਕੇਂਦਰੀ ਮੰਤਰੀ ਬੀਬੀ ਤੇ ਉਸ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਪਤੀ ਨੂੰ ਇਹ ਗੱਲ ਕਹਿਣ ਦਾ ਹੱਕ ਹੈ, ਪਰ ਉਨ੍ਹਾਂ ਨੂੰ ਸਿਰਫ ਬਠਿੰਡਾ ਹੀ ਦਿੱਸਦਾ ਹੈ, ਇਹ ਕੁਝ ਇਸ ਵੇਲੇ ਸਾਰੇ ਪੰਜਾਬ ਵਿੱਚ ਲੱਗਭੱਗ ਹਰ ਸੀਟ 'ਤੇ ਹੋਈ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਲੋਕਾਂ ਨੂੰ ਖੁਦ ਕਹਿੰਦੇ ਸਾਂ ਕਿ ਤੁਸੀਂ ਆਗੂਆਂ ਨੂੰ ਘੇਰ ਕੇ ਸਵਾਲ ਵੀ ਪੁੱਛਿਆ ਕਰੋ ਤੇ ਲੋਕ ਪੁੱਛਣ ਲੱਗੇ ਹਨ ਤਾਂ ਚੰਗਾ ਹੋਇਆ ਹੈ, ਪਰ ਇੱਕ ਦਿਨ ਏਸੇ ਵਰਤਾਰੇ ਦੇ ਸ਼ਿਕਾਰ ਉਸ ਦੀ ਪਾਰਟੀ ਵਾਲੇ ਵੀ ਹੋ ਗਏ, ਜਿਨ੍ਹਾਂ ਦੇ ਨਾਲ ਭਗਵੰਤ ਮਾਨ ਦੇ ਪਰਵਾਰ ਦੀ ਇੱਕ ਬੀਬੀ ਵੀ ਸੀ। ਜਿਹੜੀ ਗੱਲ ਬਾਕੀਆਂ ਬਾਰੇ ਭਗਵੰਤ ਮਾਨ ਨੇ ਸਿਖਾਈ ਸੀ, ਉਹ ਉਸ ਦੇ ਆਪਣੇ ਪਰਵਾਰ ਅਤੇ ਪਾਰਟੀ ਨੂੰ ਵੀ ਭੁਗਤਣੀ ਪੈ ਗਈ।
ਅਸੀਂ ਜਿਹੜੇ ਛੇ ਗੇੜ ਇਸ ਵਾਰ ਦੀਆਂ ਪਾਰਲੀਮੈਂਟ ਚੋਣਾਂ ਦੇ ਵੇਖੇ ਹਨ, ਉਨ੍ਹਾਂ ਵਿੱਚ ਹਰ ਗੇੜ ਦੇ ਨਾਲ ਹਿੰਸਕ ਖਬਰਾਂ ਵਧਦੀਆਂ ਗਈਆਂ ਹਨ। ਇਨ੍ਹਾਂ ਖਬਰਾਂ ਵਿੱਚ ਹਰ ਰਾਜ ਵਿੱਚ ਰਾਜ ਕਰਦੀ ਪਾਰਟੀ ਦੇ ਲੋਕਾਂ ਦਾ ਨੁਕਸਾਨ ਹੁੰਦਾ ਵੀ ਵੇਖਿਆ ਹੈ ਤੇ ਉਸ ਰਾਜ ਵਿੱਚ ਰਾਜ ਕਰਨ ਦੀ ਖਹਿਸ਼ ਰੱਖਦੀ ਧਿਰ ਦਾ ਵੀ ਹੁੰਦਾ ਵੇਖਿਆ ਗਿਆ ਹੈ। ਮੰਤਰੀਆਂ ਤੱਕ ਨੂੰ ਵੀ ਆਮ ਲੋਕਾਂ ਨੇ ਘੇਰ ਲਿਆ ਅਤੇ ਛੇਵੇਂ ਗੇੜ ਵਾਲੇ ਦਿਨ ਤਾਂ ਇੱਕ ਥਾਂ ਇੱਕ ਮੌਜੂਦਾ ਵਿਧਾਇਕ ਨੂੰ ਲੋਕਾਂ ਦੇ ਕਬਜ਼ੇ ਵਿੱਚੋਂ ਛੁਡਾਉਣਾ ਏਨਾ ਔਖਾ ਹੋ ਗਿਆ ਕਿ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਸੀ। ਇੱਕ ਰਾਜ ਵਿੱਚ ਇੱਕ ਸਾਬਕਾ ਪੁਲਸ ਅਫਸਰ ਬੀਬੀ ਨੂੰ ਸੱਟਾਂ ਲੱਗਣ ਦੇ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹ ਬੀਬੀ ਇਸ ਵੇਲੇ ਇੱਕ ਕੌਮੀ ਪਾਰਟੀ ਵੱਲੋਂ ਚੋਣ ਲੜ ਰਹੀ ਹੈ ਅਤੇ ਕੁਝ ਦਿਨ ਪਹਿਲਾਂ ਨੌਕਰੀ ਤੋਂ ਅਸਤੀਫਾ ਦੇਣ ਤੱਕ ਉਸ ਰਾਜ ਦੇ ਮੁੱਖ ਮੰਤਰੀ ਦੇ ਸਭ ਤੋਂ ਵੱਧ ਭਰੋਸੇਮੰਦ ਸੁਣੀਂਦੀ ਸੀ। ਇਸ ਦੇ ਬਾਅਦ ਜਦੋਂ ਉਹ ਓਸੇ ਮੁੱਖ ਮੰਤਰੀ ਦੀ ਵਿਰੋਧ ਦੀ ਆਗੂ ਬਣਨ ਤੁਰ ਪਈ ਤਾਂ ਦੋਵਾਂ ਧਿਰਾਂ ਦੀ ਟੱਕਰ ਇਸ ਹੱਦ ਤੱਕ ਚਲੀ ਗਈ ਕਿ ਇਸ ਸਾਬਕਾ ਪੁਲਸ ਅਫਸਰ ਬੀਬੀ ਨੇ ਆਪਣੇ ਰਾਜ ਵਿੱਚੋਂ ਗੁੰਡੇ ਲਿਆ ਕੇ ਉਸ ਰਾਜ ਦੀ ਹਾਕਮ ਪਾਰਟੀ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਕੱਢ ਕੇ ਕੁੱਤੇ ਦੀ ਮੌਤ ਮਾਰਨ ਦੀ ਧਮਕੀ ਦੇ ਦਿੱਤੀ। ਬਾਅਦ ਵਿੱਚ ਉਸ ਦੇ ਰਾਜ ਵਾਲੇ ਗੁੰਡੇ ਆਏ ਕਿ ਨਹੀਂ, ਇਹ ਤਾਂ ਪਤਾ ਨਹੀਂ, ਪਰ ਉਸ ਰਾਜ ਵਿੱਚ ਜਿਹੜੇ ਲੋਕ ਕੱਲ੍ਹ ਤੱਕ ਉਸ ਬੀਬੀ ਦੇ ਨਾਲ ਫਿਰਦੇ ਸਨ, ਉਨ੍ਹਾਂ ਕੋਲੋਂ ਸੱਟਾਂ ਲਵਾ ਕੇ ਉਸ ਨੂੰ ਹਸਪਤਾਲ ਦਾਖਲ ਹੋਣਾ ਪੈ ਗਿਆ ਹੈ। ਰਾਜਨੀਤੀ ਇਸ ਹੱਦ ਤੱਕ ਪੁਚਾ ਦੇਂਦੀ ਹੈ।
ਸਾਡੇ ਪੰਜਾਬ ਦੇ ਹਾਲਾਤ ਵੀ ਪੈਰੋ-ਪੈਰ ਸਿੱਧੇ ਭੇੜ ਵਾਲੇ ਪਾਸੇ ਜਾ ਰਹੇ ਹਨ। ਇਹ ਭੇੜ ਕਾਂਗਰਸ ਅਤੇ ਅਕਾਲੀ ਦਲ ਦਾ ਬਹੁਤਾ ਕਰ ਕੇ ਨਜ਼ਰ ਆਉਂਦਾ ਹੈ, ਪਰ ਬਾਕੀ ਧਿਰਾਂ ਵਾਲੇ ਵੀ ਕੋਈ ਸਾਧੂ ਸੁਭਾਅ ਨਜ਼ਰ ਨਹੀਂ ਆਉਂਦੇ। ਉਨ੍ਹਾਂ ਵਿੱਚ ਕੁੜੱਤਣ ਹੋਰਨਾਂ ਤੋਂ ਘੱਟ ਨਹੀਂ, ਪਰ ਉਹ ਅਜੇ ਸਿੱਧੇ ਭੇੜ ਤੋਂ ਆਮ ਕਰ ਕੇ ਲਾਂਭੇ ਹਨ। ਅਗਲੇ ਦਿਨਾਂ ਵਿੱਚ ਉਹ ਕਿੰਨਾ ਕੁ ਇਨ੍ਹਾਂ ਹਾਲਾਤ ਦੇ ਪ੍ਰਭਾਵ ਤੋਂ ਬਚੇ ਰਹਿਣਗੇ, ਕਹਿ ਸਕਣਾ ਔਖਾ ਹੈ। ਸਥਿਤੀ ਮੋਟੇ ਤੌਰ ਉੱਤੇ ਕਾਬੂ ਤੋਂ ਬਾਹਰ ਹੁੰਦੀ ਜਾਂਦੀ ਹੈ। ਇਸ ਰਾਜ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕਰਨ ਵਾਲੇ ਲੋਕਾਂ ਨੂੰ ਇਸ ਦੀ ਚਿੰਤਾ ਹੈ, ਪਰ ਜਿਨ੍ਹਾਂ ਦੀ ਅੱਖ ਦਿੱਲੀ ਦੇ ਵੱਡੇ ਭਵਨ ਉੱਤੇ ਟਿਕੀ ਹੈ, ਉਨ੍ਹਾਂ ਨੂੰ ਇਹੋ ਜਿਹੀ ਕੋਈ ਚਿੰਤਾ ਨਹੀਂ ਹੋ ਸਕੀ। ਆਮ ਲੋਕਾਂ ਨੂੰ ਇਸ ਬਾਰੇ ਵਾਹਵਾ ਸੁਚੇਤ ਹੋਣ ਦੀ ਲੋੜ ਹੈ।
-ਜਤਿੰਦਰ ਪਨੂੰ

813 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper