Latest News
ਇਤਿਹਾਸ ਦੇ ਭਗਵਾਂਕਰਨ ਦੀ ਕੋਸ਼ਿਸ਼

Published on 14 May, 2019 11:44 AM.

ਆਪਣੇ 5 ਸਾਲਾਂ ਦੇ ਰਾਜ ਦੌਰਾਨ ਨਰਿੰਦਰ ਮੋਦੀ ਦੀ ਸਰਕਾਰ ਅਧੀਨ ਭਾਜਪਾ ਨੇ ਦੇਸ ਦੀ ਹਰ ਸੰਵਿਧਾਨਕ ਸੰਸਥਾ ਨੂੰ ਭਗਵੇਂ ਰੰਗ ਵਿੱਚ ਰੰਗਣ ਦੀ ਪੂਰੀ ਕੋਸ਼ਿਸ਼ ਕੀਤੀ। ਸਮੁੱਚੇ ਮੀਡੀਆ ਦੀ ਵਰਤੋਂ ਹਿੰਦੂਤਵ ਦੇ ਪ੍ਰਚਾਰ-ਪ੍ਰਸਾਰ ਲਈ ਕੀਤੀ ਗਈ। ਲੋਕਤੰਤਰ ਦੇ ਇਸ ਚੌਥੇ ਪਾਵੇ ਨੂੰ ਧਨ ਤੇ ਬਲ ਦੇ ਜ਼ੋਰ ਨਾਲ ਅਪਾਹਜ ਬਣਾ ਦਿੱਤਾ ਗਿਆ। ਸਵਾਲ ਪੁੱਛਣ ਵਾਲੇ ਪੱਤਰਕਾਰਾਂ ਨੂੰ ਮੀਡੀਆ ਘਰਾਣਿਆਂ ਉੱਪਰ ਪ੍ਰਭਾਵ ਪਾ ਕੇ ਨੌਕਰੀਆਂ ਤੋਂ ਲਾਂਭੇ ਕਰਵਾਇਆ ਗਿਆ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਆਪਣੇ ਪੇਸ਼ੇ ਦਾ ਸਨਮਾਨ ਰੱਖਣ ਵਾਲੇ ਪੱਤਰਕਾਰਾਂ ਨੂੰ ਟਰੋਲਰਾਂ ਦੀ ਫ਼ੌਜ ਰਾਹੀਂ ਗਾਲ੍ਹਾਂ ਪ੍ਰੋਸ ਕੇ ਮਾਨਸਿਕ ਤਸੀਹੇ ਦਿੱਤੇ ਗਏ। ਬੁੱਧੀਜੀਵੀਆਂ ਲਈ ਅਰਬਨ ਨਕਸਲਵਾਦ ਦੀ ਇੱਕ ਨਵੀਂ ਮਿੱਥ ਘੜੀ ਗਈ। ਉਨ੍ਹਾਂ ਨੂੰ ਚੁੱਪ ਕਰਾਉਣ ਲਈ ਉਨ੍ਹਾਂ ਉੱਤੇ ਦੋਸ਼ ਧਰੋਹ ਦੇ ਠੱਪੇ ਲਾ ਕੇ ਜੇਲ੍ਹਾਂ ਵਿੱਚ ਸੁੱਟਿਆ ਗਿਆ। ਅੱਜ ਵੀ ਅਜਿਹੇ ਬਹੁਤ ਸਾਰੇ ਬੁੱਧੀਜੀਵੀ ਤੇ ਸਮਾਜਿਕ ਕਾਰਕੁੰਨਾਂ ਅਦਾਲਤਾਂ ਦੇ ਚੱਕਰਾਂ ਵਿੱਚ ਫਸੇ ਹੋਏ ਹਨ।
ਇਸ ਸਰਕਾਰ ਦੌਰਾਨ ਅਜਿਹਾ ਕੋਈ ਵੀ ਖੇਤਰ ਨਹੀਂ ਬਚਿਆ, ਜਿਸ ਵਿੱਚ ਆਰ ਐੱਸ ਐੱਸ ਦੀ ਵਿਚਾਰਧਾਰਾ ਵਾਲੇ ਵਿਅਕਤੀਆਂ ਦੀ ਘੁਸਪੈਠ ਨਾ ਕਰਾਈ ਗਈ ਹੋਵੇ। ਸਭ ਤੋਂ ਵੱਡਾ ਹਮਲਾ ਸਿੱਖਿਆ ਦੇ ਖੇਤਰ ਉੱਤੇ ਬੋਲਿਆ ਗਿਆ, ਤਾਂ ਜੋ ਨਵੀਂ ਪੀੜੀ ਨੂੰ ਹਿੰਦੂਤਵੀ ਜ਼ਹਿਰ ਦੇ ਟੀਕੇ ਲਾਏ ਜਾ ਸਕਣ। ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਉਹ ਹਿੱਸੇ ਕੱਢ ਦਿੱਤੇ ਗਏ, ਜਿਹੜੇ ਹਿੰਦੂ ਰਾਜਿਆਂ ਦੇ ਜ਼ੁਲਮਾਂ ਦੀਆਂ ਕਹਾਣੀਆਂ ਸਾਹਮਣੇ ਲਿਆਉਂਦੇ ਸਨ। ਇਨ੍ਹਾਂ ਵਿੱਚ ਉਹ ਨਵੇਂ ਕਾਂਡ ਸ਼ਾਮਲ ਕੀਤੇ ਗਏ, ਜਿਹੜੇ ਹਿੰਦੂਤਵੀ ਆਗੂਆਂ ਨੂੰ ਦੇਸ਼ ਭਗਤ ਵਜੋਂ ਸਥਾਪਤ ਕਰਦੇ ਸਨ।
ਰਾਜਸਥਾਨ ਵਿੱਚ ਭਾਜਪਾ ਦੀ ਸਰਕਾਰ ਹਟਣ ਤੇ ਕਾਂਗਰਸ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਕੂਲੀ ਸਿੱਖਿਆ ਪਾਠਕ੍ਰਮ ਦੀ ਸਮੀਖਿਆ ਲਈ ਬਣਾਈ ਕਮੇਟੀ ਨੇ ਜਿਹੜੇ ਤੱਥ ਸਾਹਮਣੇ ਲਿਆਂਦੇ ਹਨ, ਉਹ ਭਾਜਪਾ ਦੀ ਇਤਿਹਾਸ ਬਦਲਣ ਦੀ ਪਹੁੰਚ ਨੂੰ ਉਜਾਗਰ ਕਰਦੇ ਹਨ। ਰਾਜਸਥਾਨ ਦੇ ਸਿੱਖਿਆ ਮੰਤਰੀ ਗੋਵਿੰਦ ਦੋਤਾਸਰਾ ਨੇ ਇੱਕ ਸਮਾਚਾਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਭਾਜਪਾ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਇੱਕ ਪ੍ਰਯੋਗਸ਼ਾਲਾ ਬਣਾ ਦਿੱਤਾ ਸੀ। ਆਰ ਐੱਸ ਐੱਸ ਦੇ ਸਿਆਸੀ ਹਿੱਤਾਂ ਲਈ ਪਾਠਕ੍ਰਮ ਵਿੱਚ ਤਬਦੀਲੀਆਂ ਕਰ ਦਿੱਤੀਆਂ ਗਈਆਂ ਸਨ। ਪਿਛਲੀ ਸਰਕਾਰ ਵੱਲੋਂ ਸਾਵਰਕਰ ਦੀ ਜਿਹੜੀ ਜੀਵਨੀ ਪਾਠਕ੍ਰਮ ਵਿੱਚ ਸ਼ਾਮਲ ਕੀਤੀ ਗਈ, ਉਹ ਤੱਥਾਂ ਅਨੁਸਾਰ ਨਹੀਂ ਸੀ। ਸਾਵਰਕਰ ਨੂੰ ਹੋਰਨਾਂ ਸੁਤੰਤਰਤਾ ਸੰਗਰਾਮੀਆਂ ਤੋਂ ਵੱਧ ਮਹੱਤਵ ਦਿੱਤਾ ਗਿਆ। ਹੁਣ ਨਵੀਂ ਸਰਕਾਰ ਆਉਣ ਤੋਂ ਬਾਅਦ 10ਵੀਂ ਜਮਾਤ ਲਈ ਇਤਿਹਾਸ ਦੀ ਪੁਸਤਕ ਦੇ, ''ਅੰਗਰੇਜ਼ੀ ਸਾਮਰਾਜ ਦਾ ਵਿਰੋਧ ਤੇ ਸੰਘਰਸ਼'' ਅਧਿਆਏ ਨੂੰ ਕਮੇਟੀ ਦੇ ਸੁਝਾਵਾਂ ਮੁਤਾਬਕ ਦੁਬਾਰਾ ਲਿਖਿਆ ਗਿਆ ਹੈ। ਪਹਿਲਾਂ ਸਾਵਰਕਰ ਦੀ ਜੀਵਨੀ ਵਿੱਚ ਲਿਖਿਆ ਗਿਆ ਸੀ ਕਿ ਵੀਰ ਸਾਵਰਕਾਰ ਮਹਾਨ ਕ੍ਰਾਂਤੀਕਾਰੀ, ਮਹਾਨ ਦੇਸ਼ ਭਗਤ ਅਤੇ ਮਹਾਨ ਜਥੇਬੰਦਕ ਸਨ। ਉਨ੍ਹਾ ਪੂਰਾ ਜੀਵਨ ਦੇਸ਼ ਦੀ ਅਜ਼ਾਦੀ ਲਈ ਤਪ ਤੇ ਤਿਆਗ ਕੀਤਾ। ਉਨ੍ਹਾ ਦੀ ਪ੍ਰਸੰਸਾ ਸ਼ਬਦਾਂ ਵਿੱਚ ਨਹੀਂ ਕੀਤੀ ਜਾ ਸਕਦੀ। ਸਾਵਰਕਰ ਨੂੰ ਜਨਤਾ ਨੇ ਵੀਰ ਦੀ ਉਪਾਧੀ ਦਿੱਤੀ ਅਤੇ ਉਹ ਵੀਰ ਸਾਵਰਕਰ ਕਹਿਲਾਏ।
ਸਿੱਖਿਆ ਮੰਤਰੀ ਅਨੁਸਾਰ ਇਹ ਤੱਥ ਝੂਠੇ ਹਨ, ਹੁਣ ਸਾਵਰਕਾਰ ਦੀ ਜੀਵਨੀ ਹਕੀਕੀ ਤੱਥਾਂ ਅਧਾਰਤ ਸ਼ਾਮਲ ਕੀਤੀ ਗਈ ਹੈ। ਹੁਣ ਸ਼ਾਮਲ ਕੀਤੀ ਗਈ ਸਾਵਰਕਰ ਦੀ ਜੀਵਨ ਵਿੱਚ ਇਹ ਦੱਸਿਆ ਗਿਆ ਹੈ ਕਿ ਜੇਲ੍ਹ ਦੇ ਕਸ਼ਟਾਂ ਤੋਂ ਤੰਗ ਆ ਕੇ ਸਾਵਰਕਰ ਨੇ ਅੰਗਰੇਜ਼ੀ ਸਰਕਾਰ ਨੂੰ ਚਾਰ ਵਾਰ ਦਯਾ ਦੀਆਂ ਅਪੀਲਾਂ ਭੇਜੀਆਂ ਸਨ। ਇਨ੍ਹਾਂ ਵਿੱਚ ਉਨ੍ਹਾ ਸਰਕਾਰ ਦੇ ਕਹੇ ਅਨੁਸਾਰ ਕੰਮ ਕਰਨ ਦਾ ਵਾਅਦਾ ਕੀਤਾ ਸੀ। ਅੰਗਰੇਜ਼ੀ ਸਰਕਾਰ ਨੇ ਉਨ੍ਹਾ ਦੀਆਂ ਅਪੀਲਾਂ ਸਵੀਕਾਰ ਕਰਦਿਆਂ ਸਾਵਰਕਾਰ ਨੂੰ 1921 ਵਿੱਚ ਰਿਹਾਅ ਕਰ ਦਿੱਤਾ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਹਿੰਦੂ ਮਹਾਂ ਸਭਾ ਵਿੱਚ ਸ਼ਾਮਲ ਹੋ ਗਏ ਤੇ ਹਿੰਦੂ ਰਾਸ਼ਟਰ ਬਣਾਉਣ ਦਾ ਅੰਦੋਲਨ ਚਲਾਉਣ ਲੱਗੇ। ਦੂਜੇ ਵਿਸ਼ਵ ਯੁੱਧ ਵਿੱਚ ਸਾਵਰਕਰ ਨੇ ਅੰਗਰੇਜ਼ੀ ਸਰਕਾਰ ਦਾ ਸਾਥ ਦਿੱਤਾ ਅਤੇ 1942 ਦੇ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕੀਤਾ। ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਉਨ੍ਹਾ ਉੱਤੇ ਗੋਂਡਸੇ ਦੀ ਮਦਦ ਕਰਨ ਦਾ ਵੀ ਇਲਜ਼ਾਮ ਲੱਗਿਆ ਸੀ।
ਉਪਰੋਕਤ ਘਟਨਾ ਇੱਕ ਸੂਬੇ ਦੀ ਹੈ, ਜਦੋਂ ਦੇਸ ਦੇ ਬਾਕੀ ਹਿੱਸਿਆਂ ਵਿੱਚ ਪੜ੍ਹਾਏ ਜਾ ਰਹੇ ਪਾਠਕ੍ਰਮਾਂ ਦੀ ਪੜਤਾਲ ਕੀਤੀ ਜਾਵੇਗੀ ਤਾਂ ਹੋਰ ਵੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਉਣਗੇ।

962 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper