Latest News
ਪੱਛਮੀ ਬੰਗਾਲ ਵਿੱਚ ਪੁਰਾਣੇ ਭਾਈਵਾਲਾਂ ਦਾ ਸੱਤਾ ਸੰਘਰਸ਼

Published on 15 May, 2019 11:07 AM.


ਪਾਰਲੀਮੈਂਟ ਚੋਣਾਂ ਦੇ ਆਖਰੀ ਪੜਾਅ ਵੇਲੇ ਸਾਰੇ ਦੇਸ਼ ਵਿੱਚ ਤਣਾਅ ਹੈ, ਪਰ ਕਿਸੇ ਵੀ ਵਿਅਕਤੀ ਤੋਂ ਪੁੱਛਿਆ ਜਾਵੇ ਤਾਂ ਬਿਨਾਂ ਝਿਜਕ ਕਹਿ ਸਕਦਾ ਹੈ ਕਿ ਸਭ ਤੋਂ ਵੱਧ ਤਣਾਅ ਇਸ ਵੇਲੇ ਪੱਛਮੀ ਬੰਗਾਲ ਵਿੱਚ ਹੈ। ਉਸ ਰਾਜ ਵਿੱਚ ਕੋਈ ਦਿਨ ਐਸਾ ਨਹੀਂ ਲੰਘਦਾ, ਜਦੋਂ ਟਕਰਾਅ ਦੀ ਖਬਰ ਨਾ ਆਈ ਹੋਵੇ। ਹਾਲੇ ਕੱਲ੍ਹ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਦੌਰੇ ਦੌਰਾਨ ਉਸ ਰਾਜ ਵਿੱਚ ਜਿੱਦਾਂ ਦੀ ਉੱਧੜਧੁੰਮੀ ਹੋਈ ਤੇ ਫਿਰ ਸਾੜ-ਫੂਕ ਤੱਕ ਗੱਲ ਜਾ ਪਹੁੰਚੀ, ਉਸ ਨੇ ਬਾਕੀ ਰਹਿੰਦੇ ਤਿੰਨ ਦਿਨਾਂ ਦੇ ਹਾਲਾਤ ਦੇ ਸੰਬੰਧ ਵਿੱਚ ਲੋਕਾਂ ਦੀ ਚਿੰਤਾ ਚੋਖੀ ਵਧਾ ਦਿੱਤੀ ਸੀ। ਅੱਜ ਗੱਲ ਹੋਰ ਅੱਗੇ ਵਧ ਗਈ ਹੈ। ਏਸੇ ਤਰ੍ਹਾਂ ਚਲਦਾ ਰਿਹਾ ਤਾਂ ਓਥੋਂ ਦੀ ਰਾਜ ਕਰਦੀ ਪਾਰਟੀ ਅਤੇ ਰਾਜ ਖੋਹਣ ਲਈ ਲੜਦੀ ਪਾਰਟੀ ਦਾ ਟਕਰਾਅ ਕੋਈ ਚੰਦ ਵੀ ਚੜ੍ਹਾ ਸਕਦਾ ਹੈ।
ਕਿਸੇ ਨੂੰ ਵੀ ਭੁੱਲਾ ਹੋਇਆ ਨਹੀਂ ਕਿ ਪਿਛਲੇ ਸਾਲ ਦੇ ਸ਼ੁਰੂ ਤੱਕ ਭਾਜਪਾ ਲੀਡਰਾਂ ਅਤੇ ਖਾਸ ਤੌਰ ਉੱਤੇ ਪ੍ਰਧਾਨ ਮੰਤਰੀ ਨੇ ਮਮਤਾ ਬੈਨਰਜੀ ਨੂੰ ਆਪਣੇ ਗੱਠਜੋੜ ਵਿੱਚ ਰਲਾਉਣ ਦੇ ਯਤਨ ਤੇਜ਼ ਕੀਤੇ ਹੋਏ ਸਨ। ਜਦੋਂ ਉਨ੍ਹਾਂ ਦੀ ਦਾਲ ਨਹੀਂ ਗਲ ਸਕੀ ਤਾਂ ਉਨ੍ਹਾਂ ਮਮਤਾ ਬੈਨਰਜੀ ਦੇ ਖਿਲਾਫ ਸਿਆਸੀ ਤੋਪਾਂ ਦੇ ਮੂੰਹ ਖੋਲ੍ਹਣ ਵਾਲਾ ਰਾਹ ਫੜ ਲਿਆ। ਵਧਦੀ ਹੋਈ ਇਹ ਟੱਕਰ ਦੀ ਰਾਜਨੀਤੀ ਇਸ ਹਾਲਤ ਨੂੰ ਪਹੁੰਚ ਗਈ ਕਿ ਬੜੀ ਭੱਦੀ ਸ਼ਬਦਾਵਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਭਾਸ਼ਣ ਕਰ ਦਿੱਤੇ ਤੇ ਅੱਗੋਂ ਮਮਤਾ ਬੈਨਰਜੀ ਨੇ ਏਦਾਂ ਦੇ ਸ਼ਬਦਾਂ ਦੀ ਵਾਛੜ ਕਰ ਦਿੱਤੀ ਕਿ ਸਾਰੇ ਦੇਸ਼ ਦੇ ਲੋਕ ਆਪਣੀਆ ਉਂਗਲਾਂ ਟੁੱਕਣ ਲੱਗ ਪਏ। ਜਦੋਂ ਚੋਣ ਮੁਹਿੰਮ ਸ਼ੁਰੂ ਹੋਈ, ਉਸ ਵੇਲੇ ਪੱਛਮੀ ਬੰਗਾਲ ਦੀ ਚੋਣ ਲੜਾਈ ਬਾਕੀ ਸਾਰੇ ਦੇਸ਼ ਨਾਲੋਂ ਵੱਧ ਕੁੜੱਤਣ ਦੀ ਤਸਵੀਰ ਬਣਨ ਲੱਗ ਪਈ। ਇਹ ਚੁੰਝ-ਭਿੜਾਈ ਓਦੋਂ ਸਿਖਰਾਂ ਛੋਹਣ ਲੱਗ ਪਈ, ਜਦੋਂ ਓਥੇ ਜਾ ਕੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਮਮਤਾ ਬੈਨਰਜੀ ਨੂੰ ਬੰਗਲਾਦੇਸ਼ੀ ਘੁਸਪੈਠੀਆਂ ਦੀ ਹਮਾਇਤਣ ਕਹਿ ਕੇ ਬਦਨਾਮੀ ਛੋਹ ਦਿੱਤੀ।
ਉਂਜ ਚੋਣਾਂ ਤੋਂ ਪਹਿਲਾਂ ਜਿਵੇਂ ਕੇਂਦਰੀ ਏਜੰਸੀਆਂ ਨੇ ਦੱਬੇ ਪਏ ਕੇਸ ਪੁੱਟ ਕੇ ਕੋਲਕਾਤਾ ਦੇ ਪੁਲਸ ਕਮਿਸ਼ਨਰ ਨੂੰ ਫੜਨ ਦਾ ਕੰਮ ਕੀਤਾ ਅਤੇ ਫਿਰ ਕੁਝ ਹੋਰ ਲੋਕਾਂ ਦੇ ਖਿਲਾਫ ਛਾਪਿਆਂ ਦੀ ਝੜੀ ਲਵਾਈ ਗਈ, ਉਸ ਨਾਲ ਉਸ ਰਾਜ ਦੇ ਲੋਕਾਂ ਅੰਦਰ ਇਹ ਭਾਵਨਾ ਘਰ ਕਰਦੀ ਗਈ ਕਿ ਭਾਜਪਾ ਹਰ ਹੀਲੇ ਸਿਰਫ ਚੋਣ ਜਿੱਤਣਾ ਚਾਹੁੰਦੀ ਹੈ। ਇਹੋ ਗੱਲ ਭਾਜਪਾ ਦੇ ਖਿਲਾਫ ਮਾਹੌਲ ਦਾ ਮੁੱਢ ਬਣਨ ਲੱਗ ਪਈ। ਨਤੀਜੇ ਵਜੋਂ ਕੁਝ ਥਾਂਈਂ ਜਦੋਂ ਭਾਜਪਾ ਦੇ ਕੌਮੀ ਲੀਡਰਾਂ ਨੇ ਚੋਣ ਪ੍ਰਚਾਰ ਲਈ ਆਉਣਾ ਸੀ ਤਾਂ ਓਥੇ ਸਿੱਧਾ ਟਕਰਾਅ ਹੋਣ ਦੀਆਂ ਖਬਰਾਂ ਮਿਲਣ ਲੱਗ ਪਈਆਂ। ਇਸ ਵਕਤ ਭਾਜਪਾ ਦੇ ਆਗੂ ਮਮਤਾ ਬੈਨਰਜੀ ਨੂੰ ਭੰਡਦੇ ਫਿਰ ਰਹੇ ਹਨ ਅਤੇ ਮਮਤਾ ਬੈਨਰਜੀ ਉਨ੍ਹਾਂ ਨੂੰ ਭੰਡਦੀ ਫਿਰਦੀ ਹੈ। ਲੋਕਾਂ ਨੂੰ ਇਨ੍ਹਾਂ ਦੇ ਪੁਰਾਣੇ ਸੰਬੰਧਾਂ ਦਾ ਚੇਤਾ ਹੀ ਭੁੱਲ ਗਿਆ ਹੈ।
ਪੁਰਾਣੇ ਸੰਬੰਧ ਇਹ ਹਨ ਕਿ ਜਦੋਂ ਹਾਲੇ ਸੀਤਾ ਰਾਮ ਕੇਸਰੀ ਕਾਂਗਰਸ ਦਾ ਪ੍ਰਧਾਨ ਹੁੰਦਾ ਸੀ ਤੇ ਮਮਤਾ ਬੈਨਰਜੀ ਨੂੰ ਉਸ ਦੇ ਵਕਤ ਕਿਸੇ ਗਿਣਤੀ ਵਿੱਚ ਨਹੀਂ ਸੀ ਸਮਝਿਆ ਜਾਂਦਾ, ਓਦੋਂ ਉਹ ਇੱਕ ਵਾਰੀ ਰੁੱਸ ਕੇ ਪਾਰਟੀ ਦਫਤਰ ਵਿੱਚੋਂ ਵਾਕਆਊਟ ਕਰ ਗਈ ਸੀ। ਹਵਾਈ ਅੱਡੇ ਤੱਕ ਪਹੁੰਚਣ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਫੋਨ ਕੀਤਾ ਤਾਂ ਵਾਪਸ ਆ ਗਈ। ਸਮਝਾਏ ਜਾਣ ਦੇ ਬਾਵਜੂਦ ਉਹ ਕਾਂਗਰਸ ਦੇ ਪ੍ਰਧਾਨ ਸੀਤਾ ਰਾਮ ਕੇਸਰੀ ਦੀ ਚੌਧਰ ਮੰਨਣ ਨੂੰ ਤਿਆਰ ਨਹੀਂ ਸੀ ਹੋਈ ਤੇ ਜਦੋਂ ਨੂੰ ਸੋਨੀਆ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਸੰਭਾਲੀ, ਉਹ ਦੋ ਕਦਮ ਹੋਰ ਅੱਗੇ ਨਿਕਲ ਚੁੱਕੀ ਸੀ। ਓਦੋਂ ਤੱਕ ਮਮਤਾ ਬੈਨਰਜੀ ਨੇ ਆਪਣੀ ਵੱਖਰੀ ਤ੍ਰਿਣਮੂਲ ਕਾਂਗਰਸ ਪਾਰਟੀ ਬਣਾ ਲਈ, ਜਿਹੜੀ ਕਾਂਗਰਸ ਨਾਲ ਬਾਹਰ ਰਹਿ ਕੇ ਵੀ ਸਹਿਯੋਗੀ ਧਿਰ ਵਜੋਂ ਚਲਦੀ ਰਹਿ ਸਕਦੀ ਸੀ, ਪਰ ਦੂਸਰਾ ਕਦਮ ਇਸ ਤੋਂ ਬਹੁਤ ਅੱਗੇ ਦਾ ਸੀ, ਜਿਹੜਾ ਪਿੱਛੇ ਨਹੀਂ ਸੀ ਖਿੱਚਿਆ ਜਾਣਾ। ਉਸ ਵਕਤ ਦੇਸ਼ ਦੀ ਕਮਾਨ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਦੇ ਹੱਥ ਆ ਚੁੱਕੀ ਸੀ ਅਤੇ ਮਮਤਾ ਬੈਨਰਜੀ ਉਨ੍ਹਾ ਦੇ ਗੱਠਜੋੜ ਵਿੱਚ ਮਿਲ ਕੇ ਕੇਂਦਰ ਦੀ ਵਜ਼ੀਰੀ ਦੀ ਝਾਕ ਲਾ ਬੈਠੀ ਸੀ। ਬਾਅਦ ਵਿੱਚ ਵਾਜਪਾਈ ਨੇ ਉਸ ਨੂੰ ਰੇਲ ਮੰਤਰੀ ਬਣਾਇਆ ਤੇ ਜਦੋਂ ਫਿਰ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਆ ਗਈਆਂ ਤਾਂ ਉਨ੍ਹਾਂ ਲਈ ਵੀ ਗੋਠਜੋੜ ਕਰ ਲਿਆ ਸੀ।
ਨੋਟ ਕਰਨ ਵਾਲੀ ਖਾਸ ਗੱਲ ਇਹ ਹੈ ਕਿ ਉਸ ਵਕਤ ਉਸ ਰਾਜ ਦੀ ਕਮਾਨ ਖੱਬੇ ਪੱਖੀਆਂ ਦੇ ਹੱਥ ਸੀ ਤੇ ਉਨ੍ਹਾਂ ਦੇ ਨਾਲ ਭੇੜ ਭਿੜਨ ਲਈ ਮਮਤਾ ਬੈਨਰਜੀ ਏਸੇ ਭਾਜਪਾ ਦੀ ਲੀਡਰਸ਼ਿਪ ਦੇ ਇਸ਼ਾਰੇ ਉੱਤੇ ਚਲਦੀ ਸੁਣੀ ਜਾਂਦੀ ਸੀ। ਸੁਭਾਅ ਵੱਲੋਂ ਮੁੱਢ ਤੋਂ ਅੱਗ ਦੀ ਨਾੜ ਬਣ ਕੇ ਚੱਲਣ ਵਾਲੀ ਇਹ ਬੀਬੀ ਓਦੋਂ ਇੱਕ ਪਾਸੇ ਭਾਜਪਾ ਅਤੇ ਦੂਸਰੇ ਪਾਸੇ ਕੁਝ ਬਹੁਤੇ ਖੱਬੇ-ਪੱਖੀਏ ਗਿਣੇ ਜਾਂਦੇ ਗਰੁੱਪਾਂ ਦੀ ਮਦਦ ਨਾਲ ਮੋਰਚੇ ਲਾਉਂਦੀ ਰਹੀ ਸੀ। ਉਸ ਦਾ ਇੱਕੋ ਨਿਸ਼ਾਨਾ ਉਸ ਰਾਜ ਦੀ ਮੁੱਖ ਮੰਤਰੀ ਬਣਨਾ ਸੀ। ਇਸ ਨਿਸ਼ਾਨੇ ਦੀ ਪੂਰਤੀ ਲਈ ਇੱਕ ਵਾਰੀ ਉਹ ਭਾਜਪਾ ਨਾਲ ਗੱਠਜੋੜ ਬਣਾ ਕੇ ਲੜੀ ਤੇ ਇੱਕ ਵਾਰੀ ਕਾਂਗਰਸ ਨਾਲ ਵੀ ਸਾਂਝ ਪਾਈ ਅਤੇ ਲੋਕਾਂ ਤੋਂ ਵੋਟਾਂ ਮੰਗਣ ਗਈ ਸੀ। ਆਖਰ ਨੂੰ ਉਸ ਨੇ ਰਾਜ ਹਥਿਆ ਲਿਆ, ਪਰ ਹਾਲਤ ਹੱਦੋਂ ਵੱਧ ਵਿਗੜਦੇ ਗਏ।
ਵਿਗੜੇ ਹੋਏ ਹਾਲਾਤ ਵਿੱਚ ਭਾਜਪਾ ਦੇ ਨਰਿੰਦਰ ਮੋਦੀ ਦਾ ਰਾਜ ਜਦੋਂ ਆਇਆ ਤਾਂ ਕੇਂਦਰ ਦੀ ਸਰਕਾਰ ਨੇ ਮਦਦ ਲਈ ਪੇਸ਼ਕਸ਼ਾਂ ਅਤੇ ਈਨ ਨਾ ਮੰਨਣ ਉੱਤੇ ਧਮਕੀਆਂ ਦੇਣ ਦੇ ਦੋਵੇਂ ਢੰਗ ਵਰਤ ਲਏ। ਮਮਤਾ ਬੈਨਰਜੀ ਦੋਵਾਂ ਢੰਗਾਂ ਨਾਲ ਜਦੋਂ ਕਿਸੇ ਤਰ੍ਹਾਂ ਭਾਜਪਾ ਦੇ ਗੱਠਜੋੜ ਵਿੱਚ ਨਿਤੀਸ਼ ਕੁਮਾਰ ਵਾਂਗ ਤਾਬਿਆਦਾਰ ਬਣ ਕੇ ਫਸਣ ਲਈ ਤਿਆਰ ਨਾ ਹੋਈ ਤਾਂ ਉਸ ਦੇ ਵਿਰੁੱਧ ਭਾਜਪਾ ਨੇ ਜਨਤਕ ਮੁਹਿੰਮ ਦਾ ਹਥਿਆਰ ਵਰਤਣ ਦਾ ਰਸਤਾ ਫੜ ਲਿਆ। ਇਹੋ ਕੰਮ ਮਮਤਾ ਬੈਨਰਜੀ ਕਦੇ ਭਾਜਪਾ ਦੀ ਮਦਦ ਨਾਲ ਖੱਬੇ-ਪੱਖੀਆਂ ਦੇ ਖਿਲਾਫ ਕਰਦੀ ਰਹੀ ਸੀ, ਜਿਹੜਾ ਅੱਜ ਭਾਜਪਾ ਉਸ ਦੇ ਖਿਲਾਫ ਕਰ ਰਹੀ ਹੈ। ਇੱਕ-ਦੂਸਰੇ ਦਾ ਪੈਂਤੜਾ ਜਾਣਦੀਆਂ ਦੋਵਾਂ ਧਿਰਾਂ ਦੇ ਲੋਕ ਜਦੋਂ ਇਸ ਚੋਣ ਵਿੱਚ ਗਲੀ-ਗਲੀ ਖਹਿਬੜਦੇ ਦਿਖਾਈ ਦੇ ਰਹੇ ਹਨ ਤਾਂ ਇਹ ਕੋਈ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਨਹੀਂ, ਪੁਰਾਣੇ ਸਾਂਝੀਦਾਰਾਂ ਵਿਚਾਲੇ ਸੱਤਾ ਲਈ ਆਪਸੀ ਖਿੱਚ-ਧੂਹ ਹੈ। ਇਸ ਵਿੱਚ ਨਾ ਭਾਜਪਾ ਲੀਡਰ ਕਿਸੇ ਅਸੂਲ ਦੀ ਪਾਸਦਾਰੀ ਦਾ ਕੋਈ ਦਾਅਵਾ ਕਰ ਸਕਦੇ ਹਨ ਤੇ ਨਾ ਮਮਤਾ ਬੈਨਰਜੀ ਆਪਣੇ ਪੁਰਾਣੇ ਰਿਕਾਰਡ ਨੂੰ ਰੱਦ ਕਰ ਕੇ ਨਵੇਂ ਅੱਖਰਾਂ ਨਾਲ ਸਮਾਜ ਸੇਵਾ ਦੀ ਇਬਾਰਤ ਲਿਖ ਸਕਦੀ ਹੈ। ਇਹ ਸਿਰਫ ਦੋਵਾਂ ਧਿਰਾਂ ਦੀ ਮੌਕਾਪ੍ਰਸਤੀ ਦਾ ਭੇੜ ਹੈ।
-ਜਤਿੰਦਰ ਪਨੂੰ

841 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper