Latest News
ਸਭ ਤੋਂ ਵੱਧ ਬੇਨਾਮੀ ਸੰਪਤੀ ਵਾਲੇ ਭਾਜਪਾ ਦੇ ਆੜੀ : ਮਾਇਆਵਤੀ

Published on 15 May, 2019 11:12 AM.


ਲਖਨਊ : ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਨਫਿੱਟ ਕਰਾਰ ਦਿੰਦਿਆਂ ਕਿਹਾ ਕਿ ਲੋਕ ਉਨ੍ਹਾ ਦੀ ਕਾਰਜਸ਼ੈਲੀ ਤੋਂ ਦੁਖੀ ਹਨ, ਜਿਸ ਕਰਕੇ ਉਨ੍ਹਾ ਨੂੰ ਮੁੜ ਸੱਤਾ ਵਿਚ ਨਹੀਂ ਲਿਆਉਣਗੇ। ਉਨ੍ਹਾ ਬੁੱਧਵਾਰ ਇਥੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਮੋਦੀ ਦਾ ਕਾਰਜਕਾਲ ਤਣਾਅ, ਘ੍ਰਿਣਾ ਤੇ ਅਫਰਾਤਫਰੀ ਦਾ ਰਿਹਾ ਹੈ। ਉਹ ਸੰਵਿਧਾਨ, ਕਾਨੂੰਨ ਤੇ ਰਾਜ ਧਰਮ ਨਿਭਾਉਣ ਵਿਚ ਅਨਫਿਟ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਰਹੇ ਹਨ। ਆਮ ਚਰਚਾ ਹੈ ਕਿ ਨੋਟਬੰਦੀ ਵੱਡਾ ਸਕੈਂਡਲ ਸੀ ਤੇ ਹੁਣ ਇਹ ਜਾਂਚ ਦਾ ਵਿਸ਼ਾ ਹੈ। ਵਿਦੇਸ਼ਾਂ ਤੋਂ ਕਾਲਾ ਧਨ ਲਿਆਉਣ ਵਿਚ ਮੋਦੀ ਸਰਕਾਰ ਨਾਕਾਮ ਰਹੀ ਹੈ। ਕਾਲਾ ਧਨ ਨਾ ਲਿਆਉਣ ਪਿੱਛੇ ਕੀ ਸਿਆਸਤ ਹੈ, ਇਸ ਦਾ ਉਨ੍ਹਾ ਨੂੰ ਪਤਾ ਨਹੀਂ। ਉਨ੍ਹਾ ਕਿਹਾ ਕਿ ਉਹੀ ਲੋਕ ਉਨ੍ਹਾ ਨੂੰ ਦੌਲਤ ਦੀ ਬੇਟੀ ਕਹਿੰਦੇ ਹਨ, ਜਿਹੜੇ ਦਲਿਤਾਂ ਪ੍ਰਤੀ ਘੋਰ ਜਾਤਵਾਦੀ ਹਨ। ਇਹ ਲੋਕ ਸਦੀਆਂ ਤੋਂ ਦਲਿਤ ਤੇ ਪੀੜਤ ਸਮਾਜ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ। ਉਨ੍ਹਾ ਰਿਜ਼ਰਵੇਸ਼ਨ ਦਾ ਵਿਰੋਧ ਕਰਨ ਵਾਲਿਆਂ ਵਿਚ ਭਾਜਪਾ ਨੂੰ ਨੰਬਰ ਇਕ ਦੱਸਿਆ। ਉਨ੍ਹਾ ਕਿਹਾ ਕਿ ਭਾਜਪਾ ਪੂੰਜੀਪਤੀਆਂ ਤੇ ਧਨ ਸੇਠਾਂ ਦੀ ਪਾਰਟੀ ਹੈ ਅਤੇ ਮੋਦੀ ਦੇਸ਼ ਦੇ 130 ਕਰੋੜ ਲੋਕਾਂ ਨੂੰ ਗਲਤ ਤੇ ਭ੍ਰਿਸ਼ਟ ਮੰਨ ਕੇ ਚੱਲ ਰਹੇ ਹਨ। ਮੋਦੀ ਸਰਕਾਰ ਨੇ ਘੋਰ ਕਿਸਾਨ ਵਿਰੋਧੀ ਜ਼ਮੀਨ ਐਕੁਈਜ਼ੀਸ਼ਨ ਕਾਨੂੰਨ ਲਿਆਉਣ ਦੀ ਜੀ-ਤੋੜ ਕੋਸ਼ਿਸ਼ ਕੀਤੀ, ਪਰ ਵਿਰੋਧ ਦੇ ਕਾਰਨ ਕਦਮ ਪਿੱਛੇ ਖਿੱਚਣ ਨੂੰ ਮਜਬੂਰ ਹੋਈ। ਪ੍ਰਧਾਨ ਮੰਤਰੀ ਖੁਦ ਨੂੰ ਦੁੱਧ ਧੋਤਾ ਤੇ ਦੂਜਿਆਂ ਨੂੰ ਭ੍ਰਿਸ਼ਟ ਮੰਨਦੇ ਹਨ। ਉਨ੍ਹਾ ਭਾਜਪਾ ਨੂੰ ਦਲਿਤਾਂ ਨੂੰ ਵਿਰਵੇ ਰੱਖਣ ਤੇ ਉਨ੍ਹਾਂ ਦਾ ਆਤਮ-ਸਨਮਾਨ ਖੋਹਣ ਵਾਲੀ ਪਾਰਟੀ ਦੱਸਿਆ। ਉਨ੍ਹਾ ਕਿਹਾ ਕਿ ਭ੍ਰਿਸ਼ਟ ਪੂੰਜੀਪਤੀ ਸਰਕਾਰ ਨਾਲ ਮਿਲ ਕੇ ਬੈਂਕਾਂ ਵਿਚ ਜਮ੍ਹਾਂ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਵਿਦੇਸ਼ ਭੱਜ ਜਾਂਦੇ ਹਨ ਤੇ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਆਪੋਜ਼ੀਸ਼ਨ ਪਾਰਟੀਆਂ ਨੂੰ ਭ੍ਰਿਸ਼ਟਚਾਰੀ ਸਾਬਤ ਕਰਨ ਲੱਗੀ ਹੋਈ ਹੈ।
ਉਹਨਾ ਕਿਹਾ ਕਿ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਗਰੀਬੀ ਦਾ ਰੋਣਾ ਰੋਂਦੀਆਂ ਹਨ, ਪਰ ਖਰਚ ਸ਼ਾਹੀ ਕਰ ਰਹੀਆਂ ਹਨ। ਦੇਸ਼ ਦੇ ਸਭ ਤੋਂ ਵੱਧ ਬੇਨਾਮੀ ਸੰਪਤੀ ਰੱਖਣ ਵਾਲੇ ਭ੍ਰਿਸ਼ਟ ਲੋਕ ਭਾਜਪਾ ਨਾਲ ਜੁੜੇ ਹੋਏ ਹਨ। ਮੋਦੀ ਅਸਲ ਵਿਚ ਕੁਝ ਹੋਰ ਹਨ ਤੇ ਲੋਕਾਂ ਨੂੰ ਕੁਝ ਹੋਰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਕਿਹਾ ਕਿ ਮੋਦੀ ਉਨ੍ਹਾ ਨਾਲੋਂ ਵੱਧ ਸਮਾਂ ਗੁਜਰਾਤ ਦੇ ਮੁੱਖ ਮੰਤਰੀ ਰਹੇ, ਪਰ ਉਨ੍ਹਾ ਦੀ ਸਿਆਸਤ ਫਿਰਕਾਪ੍ਰਸਤੀ ਵਾਲੀ ਰਹੀ। ਬਸਪਾ ਦੇ ਰਾਜ ਵਿਚ ਯੂ ਪੀ ਵਿਚ ਫਸਾਦ ਨਹੀਂ ਹੋਏ।

83 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper