Latest News
ਨਿਤੀਸ਼ ਕੁਮਾਰ ਦੇ ਫਿਰ ਪਲਟੀ ਮਾਰਨ ਦੇ ਆਸਾਰ

Published on 15 May, 2019 11:13 AM.


ਪਟਨਾ। ਬਿਹਾਰ ਦੇ ਸਿਆਸੀ ਗਲਿਆਰਿਆਂ ਵਿਚ ਨਵੀਂ ਕਾਨਾਫੂਸੀ ਸ਼ੁਰੂ ਹੋ ਗਈ ਹੈ। ਲੋਕ ਦੱਬੀ ਜ਼ਬਾਨ ਵਿਚ ਪੁੱਛ ਰਹੇ ਹਨ ਕਿ ਕੀ ਨਿਤੀਸ਼ ਕੁਮਾਰ ਚੋਣਾਂ ਤੋਂ ਬਾਅਦ ਫਿਰ ਪਾਲਾ ਬਦਲਣ ਦੀ ਤਿਆਰੀ ਕਰ ਰਹੇ ਹਨ। ਇਹ ਸਵਾਲ ਜਨਤਾ ਦਲ ਯੂਨਾਈਟਿਡ (ਜਦਯੂ) ਦੇ ਆਗੂਆਂ ਦੇ ਬਦਲੇ ਸੁਰਾਂ ਦੇ ਚਲਦੇ ਉਠ ਰਿਹਾ ਹੈ। ਚੋਣਾਂ ਦੇ ਛੇ ਗੇੜ ਮੁਕੰਮਲ ਹੋਣ ਦੇ ਬਾਅਦ ਤੇ ਆਖਰੀ ਗੇੜ ਦੇ ਐਨ ਪਹਿਲਾਂ ਜਦਯੂ ਆਗੂ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਮੁੱਦਾ ਉਠਾ ਕੇ ਵੋਟਾਂ ਮੰਗ ਰਹੇ ਹਨ। ਇਨ੍ਹਾਂ ਚੋਣਾਂ ਵਿਚ ਹੁਣ ਤੱਕ ਇਹ ਮੁੱਦਾ ਨਹੀਂ ਉਠਿਆ ਸੀ। ਜਦਯੂ ਦੀ ਭਾਈਵਾਲ ਭਾਜਪਾ ਇਹ ਮੁੱਦਾ ਠੁਕਰਾ ਚੁੱਕੀ ਹੈ।
ਜਦਯੂ ਵੱਲੋਂ ਪ੍ਰਚਾਰ ਦਾ ਰੁਖ ਮੋੜ ਦੇਣ ਤੋਂ ਭਾਜਪਾ ਹੈਰਾਨ ਹੈ। ਉਸ ਦੇ ਆਗੂਆਂ ਦਾ ਕਹਿਣਾ ਹੈ ਕਿ ਨਿਤੀਸ਼ ਕੁਮਾਰ ਨੂੰ ਆਪਣੇ ਆਗੂਆਂ ਦਾ ਬਿਆਨ ਖਾਰਜ ਕਰਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਸੀ, ਪਰ ਉਹ ਚੁੱਪ ਹਨ। ਜਦਯੂ ਦੇ ਸੀਨੀਅਰ ਆਗੂ ਕੇ ਸੀ ਤਿਆਗੀ ਨੇ ਕਿਹਾ ਕਿ 19 ਸਾਲ ਪਹਿਲਾਂ ਜਦੋਂ ਬਿਹਾਰ ਦੀ ਵੰਡ ਹੋਈ ਸੀ ਤਾਂ ਸੂਬੇ ਦੇ ਕੁਦਰਤੀ ਵਸੀਲੇ ਤੇ ਭੰਡਾਰ ਉਸ ਤੋਂ ਖੋਹ ਲਏ ਗਏ ਸਨ। ਉਮੀਦ ਦੇ ਮੁਤਾਬਕ ਬਿਹਾਰ ਵਿਕਸਤ ਨਹੀਂ ਹੋ ਸਕਿਆ। ਅਜਿਹੇ ਵਿਚ ਹੁਣ ਕੇਂਦਰੀ ਵਿੱਤ ਕਮਿਸ਼ਨ ਨੂੰ ਸੂਬੇ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਬਾਰੇ ਨਵੇਂ ਸਿਰੇ ਤੋਂ ਸੋਚਣਾ ਚਾਹੀਦਾ ਹੈ। ਜੇ ਵੋਟਰ ਜਦਯੂ ਨੂੰ 15 ਸੀਟਾਂ ਜਿਤਵਾਉਂਦੇ ਹਨ ਤਾਂ ਪਾਰਟੀ ਫਿਰ ਤੋਂ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਉਠਾਏਗੀ। ਵਿਸ਼ੇਸ਼ ਰਾਜ ਦਾ ਦਰਜਾ ਮਿਲਣ ਨਾਲ ਬਿਹਾਰ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਪਾਰਟੀ ਦੇ ਸੂਬਾ ਪ੍ਰਧਾਨ ਬਸ਼ਿਸ਼ਠ ਨਾਰਾਇਣ ਸਿੰਘ ਨੇ ਵੀ ਉਨ੍ਹਾ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ।
ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਹਨ। 19 ਮਈ ਨੂੰ 8 ਸੀਟਾਂ ਲਈ ਪੋਲਿੰਗ ਹੋਣੀ ਹੈ। ਜਦਯੂ ਤੇ ਭਾਜਪਾ 17-17 ਸੀਟਾਂ ਲੜ ਰਹੀਆਂ ਹਨ। 6 ਸੀਟਾਂ ਰਾਮ ਵਿਲਾਸ ਪਾਸਵਾਨ ਦੀ ਲੋਕ ਜਨ ਸ਼ਕਤੀ ਲਈ ਛੱਡੀਆਂ ਹਨ। ਛੇ ਗੇੜਾਂ ਦੇ ਪ੍ਰਚਾਰ ਦੌਰਾਨ ਜਦਯੂ ਨੇ ਨਿਤੀਸ਼ ਕੁਮਾਰ ਦੇ ਕੰਮਾਂ 'ਤੇ ਵੋਟਾਂ ਮੰਗੀਆਂ ਸਨ। ਭਾਜਪਾ ਨੇ ਵਿਕਾਸ ਨਾਲੋਂ ਰਾਸ਼ਟਰਵਾਦ ਨੂੰ ਵੱਡਾ ਮੁੱਦਾ ਬਣਾਇਆ। ਉਪ ਮੁੱਖ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਸੁਸ਼ੀਲ ਕੁਮਾਰ ਨੇ ਇਕ ਟੀ ਵੀ ਚੈਨਲ ਨੂੰ ਇੰਟਰਵਿਊ ਵਿਚ ਵੀ ਕਿਹਾ ਕਿ ਬਿਹਾਰ ਵਿਚ ਬੇਰੁਜ਼ਗਾਰੀ ਤੇ ਮੋਤੀਹਾਰੀ ਵਿਚ ਬੰਦ ਪਈ ਖੰਡ ਮਿੱਲ ਨੂੰ ਖੁਲ੍ਹਵਾਉਣਾ (ਜਿਸ ਦਾ ਪ੍ਰਧਾਨ ਮੰਤਰੀ ਮੋਦੀ ਨੇ ਵਾਅਦਾ ਕੀਤਾ ਸੀ) ਆਦਿ ਮੁੱਦੇ ਨਹੀਂ ਹਨ। ਉਨ੍ਹਾ ਕਿਹਾ ਕਿ ਪਿੰਡ ਹੋਵੇ ਜਾਂ ਸ਼ਹਿਰ, ਜਦ ਉਹ ਬਾਲਾਕੋਟ ਏਅਰ ਸਟਰਾਈਕ ਦੀ ਗੱਲ ਕਰਦੇ ਹਨ ਤਾਂ ਸਭ ਤੋਂ ਵੱਧ ਤਾੜੀਆਂ ਵੱਜਦੀਆਂ ਹਨ।
ਜਦਯੂ ਨੇ ਵਿਸ਼ੇਸ਼ ਰਾਜ ਦਾ ਮੁੱਦਾ ਅਜਿਹੇ ਸਮੇਂ ਚੁੱਕਿਆ ਹੈ, ਜਦ ਪਾਰਟੀ ਦੇ ਐੱਮ ਅੱੈਲ ਸੀ ਗੁਲਾਮ ਰਸੂਲ ਬਲਿਆਵੀ ਨੇ ਕਿਹਾ ਸੀ ਕਿ ਅੱੈਨ. ਡੀ ਏ ਨੇ 2019 ਵਿਚ ਸੱਤਾ ਵਿਚ ਆਉਣਾ ਹੈ ਤਾਂ ਨਿਤੀਸ਼ ਕੁਮਾਰ ਨੂੰ ਪ੍ਰਚਾਰ ਵਿਚ ਪ੍ਰਮੁੱਖਤਾ ਦੇਣੀ ਹੋਵੇਗੀ ਤੇ ਪ੍ਰਧਾਨ ਮੰਤਰੀ ਦਾ ਚਿਹਰਾ ਐਲਾਨਣਾ ਪਏਗਾ। ਹਾਲਾਂਕਿ ਉਨ੍ਹਾ ਦੇ ਇਸ ਬਿਆਨ ਨੂੰ ਤਿਆਗੀ ਨੇ ਇਕ ਤਰ੍ਹਾਂ ਨਾਲ ਖਾਰਜ ਕਰ ਦਿੱਤਾ। ਨਿਤੀਸ਼ ਕੁਮਾਰ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਅਜੇ ਤੱਕ ਨਹੀਂ ਦਿੱਤੀ। ਜਦਯੂ ਦੇ ਬਦਲੇ ਸੁਰ 'ਤੇ ਵਿਰੋਧੀ ਮਜ਼ੇ ਲੈ ਰਹੇ ਹਨ।
ਕਾਂਗਰਸ ਆਗੂ ਤੇ ਐੱਮ ਅੱੈਲ ਸੀ ਪ੍ਰੇਮ ਚੰਦਰ ਮਿਸ਼ਰਾ ਦਾ ਕਹਿਣਾ ਹੈ ਕਿ ਲਗਦਾ ਜਦਯੂ ਨੇ 23 ਮਈ ਦੀ ਸਥਿਤੀ ਭਾਂਪ ਲਈ ਹੈ, ਪਰ ਹੁਣ ਉਸ ਲਈ ਬਹੁਤ ਦੇਰ ਹੋ ਚੁੱਕੀ ਹੈ।

167 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper