Latest News
ਬੰਗਾਲ 'ਚ ਚੋਣ ਪ੍ਰਚਾਰ 'ਚ ਇਕ ਦਿਨ ਦੀ ਕਟੌਤੀ

Published on 15 May, 2019 11:18 AM.


ਨਵੀਂ ਦਿੱਲੀ : ਕੋਲਕਾਤਾ 'ਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਮੰਗਲਵਾਰ ਰੋਡ ਸ਼ੋਅ ਦੌਰਾਨ ਹੋਏ ਵਿਵਾਦ ਦੇ ਬਾਅਦ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ। ਕਮਿਸ਼ਨ ਨੇ ਪੱਛਮੀ ਬੰਗਾਲ ਵਿਚ ਚੋਣ ਪ੍ਰਚਾਰ ਵਿਚ ਇਕ ਦਿਨ ਦੀ ਕਟੌਤੀ ਕਰ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਵੀਰਵਾਰ ਰਾਤ 10 ਵਜੇ ਤੋਂ ਬਾਅਦ ਸੂਬੇ ਦੀਆਂ 9 ਸੀਟਾਂ ਲਈ ਕੋਈ ਪ੍ਰਚਾਰ ਨਹੀਂ ਹੋਵੇਗਾ। ਪਹਿਲਾਂ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ 5 ਵਜੇ ਖਤਮ ਹੋਣਾ ਸੀ।
ਕਮਿਸ਼ਨ ਨੇ ਮਹਾਨ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦਾ ਬੁੱਤ ਤੋੜੇ ਜਾਣ ਨੂੰ ਵੀ ਮੰਦਭਾਗਾ ਦੱਸਿਆ ਹੈ। ਘਟਨਾ 'ਤੇ ਐਕਸ਼ਨ ਲੈਂਦਿਆਂ ਕਮਿਸ਼ਨ ਨੇ ਏ ਡੀ ਜੀ (ਸੀ ਆਈ ਡੀ) ਤੇ ਪ੍ਰਿੰਸੀਪਲ ਸੈਕਟਰੀ (ਗ੍ਰਹਿ) ਨੂੰ ਵੀ ਹਟਾ ਦਿੱਤਾ ਹੈ।
ਕਮਿਸ਼ਨ ਨੇ ਆਪਣੇ ਆਦੇਸ਼ ਵਿਚ ਕਿਹਾ, 'ਪੱਛਮੀ ਬੰਗਾਲ ਵਿਚ ਕੁਝ ਦਿਨ ਪਹਿਲਾਂ ਹੋਈਆਂ ਘਟਨਾਵਾਂ, ਖਾਸ ਤੌਰ 'ਤੇ ਪਿਛਲੇ 24 ਘੰਟੇ ਵਿਚ ਜੋ ਵੀ ਹੋਇਆ, ਬਾਰੇ ਸਿਆਸੀ ਪਾਰਟੀਆਂ ਤੋਂ ਮਿਲੀ ਸ਼ਿਕਾਇਤ, ਪੱਛਮੀ ਬੰਗਾਲ ਚੋਣ ਕਮਿਸ਼ਨ ਦੇ ਡੀ ਆਈ ਸੀ ਦੀ ਰਿਪੋਰਟ ਅਤੇ ਸਪੈਸ਼ਲ ਅਬਜ਼ਰਵਰ ਅਜੈ ਨਾਇਕ ਤੇ ਵਿਵੇਕ ਦੂਬੇ ਦੀ ਸਾਂਝੀ ਰਿਪੋਰਟ ਦੇ ਆਧਾਰ ਉੱਤੇ ਅਜ਼ਾਦਾਨਾ, ਪਾਰਦਰਸ਼ੀ ਤੇ ਹਿੰਸਾ ਰਹਿਤ ਚੋਣਾਂ ਕਰਾਉਣ ਲਈ ਕੋਈ ਵੀ ਵਿਅਕਤੀ ਜਾਂ ਗਰੁੱਪ ਪਬਲਿਕ ਮੀਟਿੰਗ ਨਹੀਂ ਕਰ ਸਕਦਾ। ਇਸ ਦੇ ਇਲਾਵਾ ਵੀਰਵਾਰ ਰਾਤ 10 ਵਜੇ ਤੋਂ ਬਾਅਦ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕਦਾ।'
ਚੋਣ ਕਮਿਸ਼ਨ ਨੇ ਕਿਹਾ ਕਿ ਸ਼ਾਇਦ ਇਹ ਪਹਿਲਾ ਮੌਕਾ ਹੈ, ਜਦੋਂ ਕਮਿਸ਼ਨ ਨੇ ਧਾਰਾ 324 ਦੀ ਵਰਤੋਂ ਕੀਤੀ ਹੈ, ਪਰ ਅਮਨ-ਕਾਨੂੰਨ ਦੀ ਪਾਲਣਾ ਨਾ ਹੋਣ, ਹਿੰਸਾ ਹੋਣ ਤੇ ਚੋਣ ਜ਼ਾਬਤੇ ਦੀ ਉਲੰਘਣਾ ਹੋਣ 'ਤੇ ਇਹ ਕਦਮ ਉਠਾਇਆ ਜਾ ਸਕਦਾ ਹੈ। ਚੋਣ ਕਮਿਸ਼ਨ ਈਸ਼ਵਰ ਚੰਦਰ ਵਿਦਿਆਸਾਗਰ ਦਾ ਬੁੱਤ ਤੋੜੇ ਜਾਣ ਦੀ ਨਿੰਦਾ ਕਰਦਾ ਹੈ।

160 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper