Latest News
ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਈਆਂ ਜਾਣਗੀਆਂ : ਰਾਹੁਲ

Published on 15 May, 2019 11:19 AM.


ਬਰਗਾੜੀ, (ਬਖਤੌਰ ਢਿੱਲੋਂ/
ਅਲੈਗਜ਼ੈਂਡਰ ਡਿਸੂਜਾ)
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਇੱਥੇ ਐਲਾਨ ਕੀਤਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਨ ਤੇ ਕਰਵਾਉਣ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਈਆਂ ਜਾਣਗੀਆਂ। ਉਹ ਫਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸੇ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੋ ਬੇਗੁਨਾਹਾਂ ਦੀ ਇਲਾਕੇ ਦੇ ਲੋਕਾਂ ਦੇ ਸਲਾਹ-ਮਸ਼ਵਰੇ ਨਾਲ ਢੁਕਵੀਂ ਯਾਦਗਾਰ ਸਥਾਪਤ ਕੀਤੀ ਜਾਵੇਗੀ, ਜੋ ਬਹਿਬਲ ਕਲਾਂ ਵਿਖੇ ਪੁਲਸ ਦੀ ਗੋਲੀ ਨਾਲ ਸ਼ਹੀਦ ਹੋ ਗਏ ਸਨ।
ਇਸ ਨੂੰ ਇਤਫਾਕ ਕਿਹਾ ਜਾਵੇ ਜਾਂ ਗਿਣੀ-ਮਿਥੀ ਯੋਜਨਾਬੰਦੀ ਕਿ ਕਿਸੇ ਵੇਲੇ ਦੇ ਆਪਣੇ ਗੜ੍ਹ ਵਿੱਚੋਂ ਜਦੋਂ ਅਕਾਲੀ ਦਲ ਨੂੰ ਢੁਕਵਾਂ ਉਮੀਦਵਾਰ ਵੀ ਨਾ ਮਿਲ ਸਕਿਆ ਤਾਂ ਠੀਕ ਉਹਨਾਂ ਵੇਲਿਆਂ ਵਿੱਚ ਹੀ ਕਾਂਗਰਸ ਪਾਰਟੀ ਨੇ ਇਸ ਇਤਿਹਾਸਕ ਕਸਬੇ ਵਿਖੇ ਰੈਲੀ ਆਯੋਜਿਤ ਕੀਤੀ ਹੈ, ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀ ਵਜਾਹ ਕਾਰਨ ਜਿਸ ਦਾ ਦਾ ਨਾਂਅ ਸਮੁੱਚੀ ਦੁਨੀਆ ਦੇ ਹਰ ਪੰਜਾਬੀ ਦੀ ਜ਼ੁਬਾਨ 'ਤੇ ਚੜ੍ਹ ਚੁੱਕਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦੇਸ਼ ਦੀ ਆਰਥਿਕਤਾ ਨੂੰ ਮੁੜ ਪਟੜੀ 'ਤੇ ਚਾੜ੍ਹਣ ਲਈ ਜਿੱਥੇ ਆਪਣਾ ਨੀਤੀ ਪ੍ਰੋਗਰਾਮ ਪੇਸ਼ ਕਰਦਿਆਂ ਇਹ ਦੱਸਿਆ ਕਿ ਕੇਂਦਰ ਵਿੱਚ ਸਰਕਾਰ ਬਣਨ ਉਪਰੰਤ 25 ਕਰੋੜ ਨਾਗਰਿਕਾਂ 'ਤੇ ਅਧਾਰਤ ਪੰਜ ਕਰੋੜ ਗਰੀਬ ਪਰਵਾਰਾਂ ਦੇ ਖਾਤਿਆਂ ਵਿੱਚ ਨਿਆਂ ਯੋਜਨਾ ਤਹਿਤ ਪ੍ਰਤੀ ਸਾਲ ਬਹੱਤਰ-ਬਹੱਤਰ ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਉਹਨਾਂ ਦੀ ਆਰਥਕ ਹਾਲਤ ਬੇਹਤਰ ਬਣਾਈ ਜਾਵੇਗੀ, ਉੱਥੇ ਏਨੇ ਲੋਕਾਂ ਦੀ ਖਰੀਦ ਸ਼ਕਤੀ ਬਣਾ ਕੇ ਛੋਟੇ ਪੱਧਰ ਦੇ ਕਾਰੋਬਾਰਾਂ ਅਤੇ ਸਨਅਤ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ, ਨੋਟਬੰਦੀ ਤੇ ਜੀ ਐੱਸ ਟੀ ਦੇ ਮਾਧਿਅਮ ਰਾਹੀਂ ਜਿਸ ਨੂੰ ਬੁਰੀ ਤਰ੍ਹਾਂ ਬਰਬਾਦ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਕਰੋੜਾਂ ਦਾ ਵਾਧਾ ਕਰ ਦਿੱਤਾ ਸੀ।
ਅਕਤੂਬਰ 2015 ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਤੇ ਉਸ ਵਿਰੁੱਧ ਰੋਸ ਪ੍ਰਗਟਾ ਰਹੇ ਸਧਾਰਨ ਲੋਕਾਂ 'ਤੇ ਕੀਤੇ ਅੰਨ੍ਹੇ ਰਾਜਕੀ ਤਸ਼ੱਦਦ ਨੂੰ ਯਾਦ ਕਰਦਿਆਂ ਰਾਹੁਲ ਗਾਂਧੀ ਨੇ ਹਜ਼ਾਰਾਂ ਦੇ ਇਕੱਠ ਨੂੰ ਭਰੋਸਾ ਦਿਵਾਇਆ ਕਿ ਅਜਿਹਾ ਅਪਰਾਧ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਕਾਨੂੰਨ ਜ਼ਰੀਏ ਮਿਸਾਲੀ ਸਜ਼ਾਵਾਂ ਦਿਵਾਈਆਂ ਜਾਣਗੀਆਂ। ਇੱਥੇ ਇਹ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਅਜਿਹੀਆਂ ਦਰਦਨਾਕ ਘਟਨਾਵਾਂ 'ਤੇ ਹੋਏ ਤਿੱਖੇ ਜਨਤਕ ਰੋਹ ਦੀ ਵਜ੍ਹਾ ਕਾਰਨ ਜਦੋਂ ਸੀਨੀਅਰ ਅਕਾਲੀ ਲੀਡਰਸ਼ਿਪ ਆਪਣੇ ਘਰਾਂ ਤੱਕ ਸੀਮਤ ਹੋ ਕੇ ਰਹਿ ਗਈ ਸੀ, ਉਦੋਂ ਕਿਸੇ ਕੌਮੀ ਪਾਰਟੀ ਦੇ ਨੰਬਰ ਦੋ ਦੇ ਰੁਤਬੇ ਵਾਲਾ ਆਗੂ ਰਾਹੁਲ ਹੀ ਸੀ, ਜਿਸ ਨੇ ਪੀੜਤ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਤੋਂ ਇਲਾਵਾ ਇਲਾਕੇ ਦੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਪੈਦਲ ਯਾਤਰਾ ਵੀ ਕੀਤੀ ਸੀ।
ਇਸ ਦੁਖਦਾਇਕ ਘਟਨਾਕ੍ਰਮ ਬਦਲੇ ਵੇਲੇ ਦੀ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਦੇ ਇੰਚਾਰਜ ਮੰਤਰੀ ਨੂੰ ਕਟਹਿਰੇ ਵਿੱਚ ਖੜੇ ਕਰਦਿਆਂ ਕੈਪਟਨ ਨੇ ਕਿਹਾ ਕਿ ਇਹ ਸੰਭਵ ਹੀ ਨਹੀਂ ਪੁਲਸ ਵੱਲੋਂ ਜਾਪ ਕਰ ਰਹੇ ਆਮ ਲੋਕਾਂ ਉੱਪਰ ਢਾਏ ਕਹਿਰਾਂ ਦੇ ਤਸ਼ੱਦਦ ਅਤੇ ਦੋ ਬੇਗੁਨਾਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਉਹਨਾਂ ਨੂੰ ਜਾਣਕਾਰੀ ਹੀ ਨਾ ਹੋਵੇ। ਉਹ ਜਾਂ ਤਾਂ ਅਜਿਹੇ ਉੱਚ ਅਹੁਦਿਆਂ ਦੇ ਬਿਲਕੁਲ ਹੀ ਲਾਇਕ ਨਹੀਂ ਜਾਂ ਜਾਣਬੁੱਝ ਕੇ ਮਚਲਪੁਣਾ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਬਾਪ-ਬੇਟਾ ਅਜਿਹੇ ਬੱਜਰ ਗੁਨਾਹਾਂ ਦੀ ਵਜ੍ਹਾ ਕਾਰਨ ਨਾ ਸਿਰਫ ਹੁਣ ਆਮ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਰਹੇ ਹਨ, ਬਲਕਿ ਇਤਿਹਾਸ ਵਿੱਚ ਉਹਨਾਂ ਦਾ ਸਥਾਨ ਅਜਿਹੇ ਨਲਾਇਕਾਂ ਵਜੋਂ ਜਾਣਿਆ ਜਾਵੇਗਾ ਕਿ ਭਵਿੱਖ ਦੀਆਂ ਪੀੜ੍ਹੀਆਂ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ।
ਉਹਨਾ ਐਲਾਨ ਕੀਤਾ ਕਿ ਇਲਾਕੇ ਦੇ ਲੋਕਾਂ ਨਾਲ ਰਾਇ-ਮਸ਼ਵਰਾ ਕਰਕੇ ਬਹਿਬਲ ਕਲਾਂ ਵਿਖੇ ਪੁਲਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਯਾਦਗਾਰ ਸਥਾਪਤ ਕੀਤੀ ਜਾਵੇਗੀ। ਯਾਦਗਾਰ ਦੀ ਰੂਪ-ਰੇਖਾ ਤਿਆਰ ਕਰਨ ਵਾਸਤੇ ਇਲਾਕੇ ਦੇ ਮੋਹਤਬਰ ਸੱਜਣਾਂ 'ਤੇ ਅਧਾਰਤ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਦੀ ਸਿਫ਼ਾਰਸ਼ ਅਨੁਸਾਰ ਇਸ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇਗਾ।
ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਰਗਾੜੀ ਅਤੇ ਬੇਅਦਬੀ ਦੇ ਹੋਰ ਮਾਮਲਿਆਂ ਨੂੰ ਬੀਤੇ ਦੀ ਗੱਲ ਹੋਣ ਦੇ ਕੀਤੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਲੋਕ ਧਾਰਮਕ ਗ੍ਰੰਥਾਂ ਦੀ ਬੇਅਦਬੀ ਨੂੰ ਨਾ ਹੀ ਭੁੱਲੇ ਹਨ ਅਤੇ ਨਾ ਹੀ ਕਦੀ ਭੁੱਲਣਗੇ। ਉਨ੍ਹਾ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਨੂੰ ਇਹ ਸੁਝਾਅ ਦੇਣ ਵਾਸਤੇ ਸ਼ਰਮਸਾਰ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰਾ ਪਿਛਲੇ 500 ਸਾਲਾਂ ਦੌਰਾਨ ਆਪਣੇ ਕਿਸੇ ਵੀ ਮੈਂਬਰ ਵੱਲੋਂ ਦਿੱਤੇ ਗਏ ਬਲਿਦਾਨ ਨੂੰ ਨਹੀਂ ਭੁੱਲਿਆ ਅਤੇ ਉਹ ਇਸ ਨੂੰ ਵੀ ਨਹੀਂ ਭੁੱਲ ਸਕਦਾ। ਉਨ੍ਹਾ ਕਿਹਾ ਕਿ 93 ਸਾਲ ਉਮਰ ਹੋਣ ਦੇ ਬਾਵਜੂਦ ਬਾਦਲ ਇਸ ਸੱਚਾਈ ਨੂੰ ਨਹੀਂ ਜਾਣ ਸਕਿਆ, ਜਿਸ ਵਾਸਤੇ ਉਸ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੇ ਰਾਜ 'ਚ ਵਾਪਰੀਆਂ ਘਟਨਾਵਾਂ ਨੂੰ ਕੋਈ ਕਿਸ ਤਰ੍ਹਾਂ ਭੁੱਲ ਸਕਦਾ ਹੈ। ਉਨ੍ਹਾ ਕਿਹਾ ਕਿ ਇਕ ਜਾਂ ਦੋ ਨਹੀਂ, ਸਗੋਂ 58 ਗੁਰੂ ਗ੍ਰੰਥ ਸਾਹਿਬਾਨ ਦੀ ਬੇਅਦਬੀ ਹੋਈ ਹੈ। ਇਸ ਤੋਂ ਇਲਾਵਾ ਅਨੇਕਾਂ ਗੁਟਕਾ ਸਾਹਿਬ, ਭਗਵਤ ਗੀਤਾ, ਬਾਈਬਲ ਅਤੇ ਕੁਰਾਨ ਦੀ ਬੇਅਦਬੀ ਹੋਈ।
ਹਲਕਾ ਫਰੀਦਕੋਟ ਤੋਂ ਟਿਕਟ ਦੇਣ ਲਈ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਪ੍ਰਸਿੱਧ ਲੋਕ ਗਾਇਕ ਮੁਹੰਮਦ ਸਦੀਕ ਨੇ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਲੀਡਰ ਹੈ, ਜੋ ਆਪਣੀ ਆਖੀ ਹੋਈ ਗੱਲ 'ਤੇ ਅਮਲ ਹੀ ਯਕੀਨੀ ਨਹੀਂ ਬਣਾਉਂਦਾ, ਬਲਕਿ ਉਸ 'ਤੇ ਮੁਸਤੈਦੀ ਨਾਲ ਪਹਿਰਾ ਵੀ ਦਿੰਦਾ ਹੈ। ਗੁਣਾਂਤਮਕ ਤੇ ਗਿਣਾਂਤਮਕ ਪੱਖ ਤੋਂ ਇਸ ਸਫ਼ਲ ਚੋਣ ਰੈਲੀ ਨੂੰ ਸਰਵਸ੍ਰੀ ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਗੁਰਮੀਤ ਸਿੰਘ ਸੋਢੀ ਦੋਵੇਂ ਮੰਤਰੀ, ਹਰਜੋਤ ਕਮਲ ਤੇ ਦਰਸਨ ਸਿੰਘ ਬਰਾੜ ਦੋਵੇਂ ਵਿਧਾਇਕ ਨੇ ਵੀ ਸੰਬੋਧਨ ਕੀਤਾ। ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੇ ਕੋਆਰਡੀਨੇਟਰ ਰਣਇੰਦਰ ਸਿੰਘ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਸੁਖਦਰਸ਼ਨ ਸਿੰਘ ਮਰਾਹੜ, ਉਘੀ ਲੋਕ ਗਾਇਕਾ ਬੀਬੀ ਰਣਜੀਤ ਕੌਰ, ਜ਼ਿਲ੍ਹਾ ਕਾਂਗਰਸ ਫਰੀਦਕੋਟ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ, ਜ਼ਿਲ੍ਹਾ ਕਾਂਗਰਸ ਮੋਗਾ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਮੁਕਤਸਰ ਕਾਂਗਰਸ ਦੇ ਪ੍ਰਧਾਨ ਹਰਚਰਨ ਸਿੰਘ ਸੋਥਾ ਤੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ ਵੀ ਮੌਜੂਦ ਸਨ।

336 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper