Latest News
ਹਾਫਿਜ਼ ਸਈਦ ਦਾ ਸਾਲਾ ਮੱਕੀ ਗ੍ਰਿਫਤਾਰ

Published on 15 May, 2019 11:24 AM.


ਇਸਲਾਮਾਬਾਦ : ਪਾਕਿਸਤਾਨ ਨੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੇ ਸਾਲੇ ਤੇ ਮੁੰਬਈ ਹਮਲੇ ਵਿਚ ਮੋਸਟ ਵਾਂਟੇਡ ਦਹਿਸ਼ਦਗਰਦ ਅਬਦੁੱਲ ਰਹਿਮਾਨ ਮੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਦੇ ਗੁਜਰਾਂਵਾਲਾ ਤੋਂ ਮੱਕੀ ਦੀ ਗ੍ਰਿਫਤਾਰੀ ਜਮਾਤ-ਉਦ-ਦਾਵਾ, ਫਲਾਹ-ਇ-ਇਨਸਾਨੀਅਤ ਫਾਊਂਡੇਸ਼ਨ ਤੇ ਜੈਸ਼-ਇ-ਮੁਹੰਮਦ ਨਾਲ ਜੁੜੀਆਂ 11 ਜਥੇਬੰਦੀਆਂ ਉੱਤੇ ਪਾਬੰਦੀ ਦੇ ਕੁਝ ਦਿਨਾਂ ਬਾਅਦ ਹੋਈ ਹੈ। ਮੱਕੀ ਨੇ ਗੁੱਜਰਾਂਵਾਲਾ ਵਿਚ ਸਰਕਾਰ ਵੱਲੋਂ ਦਹਿਸ਼ਤਗਰਦ ਜਥੇਬੰਦੀਆਂ ਉੱਤੇ ਪਾਬੰਦੀ ਲਾਉਣ ਦੇ ਖਿਲਾਫ ਭਾਸ਼ਣ ਦਿੱਤਾ ਸੀ। ਉਸ ਨੇ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀਆਂ ਹਦਾਇਤਾਂ 'ਤੇ ਚੁੱਕੇ ਗਏ ਕਦਮਾਂ ਦੀ ਵੀ ਅਲੋਚਨਾ ਕੀਤੀ ਸੀ। (ਟਾਸਕ ਫੋਰਸ ਨੇ ਇਮਰਾਨ ਸਰਕਾਰ ਨੂੰ ਕਿਹਾ ਸੀ ਕਿ ਜੇ ਉਸ ਨੇ ਦਹਿਸ਼ਤਗਰਦ ਜਥੇਬੰਦੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਕੌਮਾਂਤਰੀ ਮਾਲੀ ਮਦਦ ਦੀ ਆਸ ਨਾ ਰੱਖੇ।) ਜਮਾਤ-ਉਦ-ਦਾਵਾ ਵਿਚ ਮੱਕੀ ਸੈਕਿੰਡ-ਇਨ-ਕਮਾਂਡ ਹੈ। ਉਹ ਭਾਰਤ ਖਿਲਾਫ ਜ਼ਹਿਰ ਉਗਲਣ ਲਈ ਵੀ ਜਾਣਿਆ ਜਾਂਦਾ ਹੈ। 2010 ਵਿਚ ਭਾਰਤ ਵਿਰੋਧੀ ਬਿਆਨ ਨੂੰ ਲੈ ਕੇ ਸੁਰਖੀਆਂ ਵਿਚ ਵੀ ਰਹਿ ਚੁੱਕਾ ਹੈ। ਉਸ ਨੇ ਪੁਣੇ ਵਿਚ ਜਰਮਨ ਬੇਕਰੀ ਵਿਚ ਧਮਾਕੇ ਤੋਂ 8 ਦਿਨ ਪਹਿਲਾਂ ਮੁਜ਼ੱਫਰਾਬਾਦ ਵਿਚ ਪੁਣੇ ਸਮੇਤ ਭਾਰਤ ਦੇ ਤਿੰਨ ਸ਼ਹਿਰਾਂ ਵਿਚ ਹਮਲੇ ਕਰਨ ਦੀ ਧਮਕੀ ਦਿੱਤੀ ਸੀ। ਭਾਰਤ ਦੀ ਮੰਗ 'ਤੇ ਅਮਰੀਕਾ ਨੇ ਉਸ ਨੂੰ ਦਹਿਸ਼ਤਗਰਦ ਐਲਾਨਿਆ ਸੀ।
ਮੱਕੀ ਇਕ ਵੀਡੀਓ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦਿਆਂ ਕਸ਼ਮੀਰ ਦੀ ਆਜ਼ਾਦੀ ਗੱਲ ਕਰਦਾ ਵੀ ਨਜ਼ਰ ਆਇਆ ਸੀ। ਉਸ ਦੇ ਸਿਰ 'ਤੇ ਕਰੀਬ 13 ਕਰੋੜ ਰੁਪਏ ਦਾ ਇਨਾਮ ਹੈ। ਉਹ ਤਾਲਿਬਾਨ ਸਰਗਨਾ ਮੁੱਲਾ ਉਮਰ ਤੇ ਅਲਕਾਇਦਾ ਸਰਗਨਾ ਅਲ ਜਵਾਹਰੀ ਦਾ ਵੀ ਬੇਹੱਦ ਕਰੀਬੀ ਰਿਹਾ ਹੈ।
ਨੈਸ਼ਨਲ ਐਕਸ਼ਨ ਪਲਾਨ ਤਹਿਤ ਪਾਕਿਸਤਾਨ ਸਰਕਾਰ ਹੁਣ ਤੱਕ ਜਮਾਤ-ਉਦ-ਦਾਵਾ ਤੇ ਫਲਾਹ-ਇ-ਇਨਸਾਨੀਅਤ ਫਾਊਂਡੇਸ਼ਨ ਦੀਆਂ ਪੰਜਾਬ ਵਿਚ 500 ਤੋਂ ਵੱਧ ਸੰਪਤੀਆਂ ਕਬਜ਼ੇ ਵਿਚ ਲੈ ਚੁੱਕੀ ਹੈ। ਇਨ੍ਹਾਂ ਵਿਚ 36 ਜ਼ਿਲ੍ਹਿਆਂ ਵਿਚ ਸਕੂਲ, ਕਾਲਜ, ਹਸਪਤਾਲ, ਡਿਸਪੈਂਸਰੀਆਂ, ਐਂਬੂਲੈਂਸ ਤੇ ਸਟਰੀਮਰ ਬੋਟ ਸ਼ਾਮਲ ਹਨ। ਗ੍ਰਹਿ ਮੰਤਰਾਲੇ ਮੁਤਾਬਕ ਦੋਵਾਂ ਜਥੇਬੰਦੀਆਂ ਦੀਆਂ ਸਾਰੀਆਂ ਸੰਪਤੀਆਂ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ।

269 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper