Latest News
ਗੋਲਡਨ ਦੇ ਹੱਕ 'ਚ ਗੁਰੂ ਹਰਸਹਾਏ ਦੇ ਬਾਜ਼ਾਰਾਂ 'ਚ ਮਾਰਚ

Published on 16 May, 2019 12:01 PM.


ਗੁਰੂ ਹਰਸਹਾਏ (ਨ ਜ਼ ਸ)
ਪੀ ਡੀ ਏ ਦੇ ਸਾਂਝੇ ਉਮੀਦਵਾਰ ਕਾਮਰੇਡ ਹੰਸ ਰਾਜ ਗੋਲਡਨ ਦੀ ਚੋਣ ਮੁਹਿੰਮ ਸਿਖਰਾਂ 'ਤੇ ਪੁੱਜ ਗਈ ਹੈ। ਵੀਰਵਾਰ ਪਿੰਡਾਂ ਵਿੱਚੋਂ ਜਲਸੇ ਕਰਨ ਤੋਂ ਬਾਅਦ ਗੁਰੂ ਹਰਸਹਾਏ ਮੰਡੀ ਦੇ ਬਜ਼ਾਰਾਂ ਵਿੱਚ ਦੁਕਾਨ ਤੋਂ ਦੁਕਾਨ ਮਾਰਚ ਕਰਕੇ ਵੋਟਾਂ ਮੰਗੀਆਂ ਗਈਆਂ। ਬਾਜ਼ਾਰਾਂ ਵਿੱਚ ਕਾਫ਼ਲਾ ਤੋਰਨ ਤੋਂ ਪਹਿਲਾਂ ਮਾਰਚ ਵਿੱਚ ਸ਼ਾਮਲ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਅਸਿਸਟੈਂਟ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਹੰਸ ਰਾਜ ਗੋਲਡਨ ਨੇ ਕਿਹਾ ਕਿ ਲੋਕ ਅਕਾਲੀ, ਬੀਜੇਪੀ ਅਤੇ ਕਾਂਗਰਸ ਪਾਰਟੀ ਤੋਂ ਅੰਤਾਂ ਦੇ ਦੁਖੀ ਹਨ ।ਲੋਕ ਚਾਹੁੰਦੇ ਹਨ ਕਿ ਪੰਜਾਬ ਵਿੱਚ ਤੀਜਾ ਬਦਲ ਪੀ ਡੀ ਏ ਕਾਮਯਾਬ ਹੋਵੇ। ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ ਵਿੱਚ ਮੁੱਖ ਮੰਗਾਂ ਹਨ ਕਿ ਦੇਸ਼ ਦੀ ਪਾਰਲੀਮੈਂਟ ਵਿੱਚ 18 ਤੋਂ 58 ਸਾਲ ਦੇ ਹਰੇਕ ਵਿਅਕਤੀ ਨੂੰ ਰੁਜ਼ਗਾਰ ਦੇਣ ਵਾਸਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਬਣਾਇਆ ਜਾਵੇਗਾ, ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣਗੇ, ਵਿੱਦਿਆ ਇੱਕਸਾਰ, ਧਰਮਨਿਰਪੱਖ, ਜਮਹੂਰੀ ਅਤੇ +2 ਤੱਕ ਮੁਫ਼ਤ ਤੇ ਲਾਜ਼ਮੀ ਦਿੱਤੀ ਜਾਵੇਗੀ, ਲੜਕੀਆਂ ਨੂੰ ਐੱਮ ਏ ਤੱਕ ਮੁਫ਼ਤ ਵਿੱਦਿਆ ਦਿੱਤੀ ਜਾਵੇਗੀ, ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਪਾਰਲੀਮੈਂਟ ਵਿੱਚ ਔਰਤਾਂ ਦੀਆਂ 33 ਫ਼ੀਸਦੀ ਪਾਰਲੀਮਾਨੀ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ ।ਮਾੜੀਮੇਘਾ ਅਤੇ ਗੋਲਡਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਵਾਅਦਾ ਇਹ ਸੀ ਕਿ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਪਰ ਪੰਜ ਸਾਲਾਂ ਵਿੱਚ ਰੁਜ਼ਗਾਰ ਨਹੀਂ ਦਿੱਤਾ ਗਿਆ ਸਗੋਂ ਲੋਕਾਂ ਨੂੰ ਕੰਮ ਤੋਂ ਫਾਰਗ ਕੀਤਾ ਹੈ। ਮੋਦੀ ਦੀ ਪਾਰਟੀ ਬੀ ਜੇ ਪੀ ਦੇਸ਼ ਵਿੱਚ ਫ਼ਿਰਕੂ ਜ਼ਹਿਰ ਘੋਲ ਰਹੀ ਹੈ। ਦੇਸ਼ ਵਿੱਚ ਘੱਟ ਗਿਣਤੀਆਂ ਸਹਿਮ ਵਿਚ ਜੀ ਰਹੀਆਂ ਹਨ। ਕੈਪਟਨ ਸਰਕਾਰ ਨੇ ਵੀ ਲੋਕਾਂ ਨਾਲ ਧੋਖਾ ਕੀਤਾ ਹੈ। ਵਾਅਦਾ ਇਹ ਸੀ ਕਿ ਪੰਜਾਬ ਵਿੱਚੋਂ ਜੀਵਨ ਘਾਤਕ ਨਸ਼ੇ ਖਤਮ ਕਰ ਦਿੱਤੇ ਜਾਣਗੇ ਪਰ ਨਸ਼ਾ ਖਤਮ ਹੋਣ ਦੀ ਥਾਂ ਜ਼ਿਆਦਾ ਵਧ ਗਿਆ ਹੈ। ਨੌਜਵਾਨਾਂ ਨੂੰ ਸਮਾਰਟਫੋਨ ਦੇਣਾ ਵੀ ਚੋਣ ਜੁਮਲਾ ਨਿਕਲਿਆ ਹੈ। ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਗਏ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਗਾਤਾਰ ਜਾਰੀ ਹਨ। ਮਾਰਚ ਵਿੱਚ ਕਾਮਰੇਡ ਭਗਵਾਨ ਦਾਸ ਬਹਾਦਰਕੇ, ਗੋਰਾ ਪਿਪਲੀ, ਭਜਨ ਸਿੰਘ, ਚਰਨਜੀਤ ਛਾਗਾਂਰਾਏ, ਸੁਸ਼ਮਾ ਗੋਲਡਨ, ਢੋਲਾ ਮਾਈ, ਹਰੀ ਚੰਦ, ਸਤਨਾਮ ਚੰਦ, ਪਿਆਰਾ ਮੇਘਾ, ਰਾਜ ਕੁਮਾਰ, ਬੀ ਐੱਸ ਪੀ ਦੇ ਆਗੂ ਬਿੱਟੂ, ਪੰਜਾਬ ਏਕਤਾ ਪਾਰਟੀ ਦੇ ਆਗੂ ਗੁਰਮੀਤ ਸਿੰਘ ਸੋਢੀ, ਕਰਮਵੀਰ ਬੱਧਨੀ, ਸੁਖਜਿੰਦਰ ਮਹੇਸ਼ਰੀ ਵੀ ਸ਼ਾਮਲ ਸਨ।

234 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper