Latest News
ਗੌਡਸੇ ਨੂੰ ਦੇਸ਼ਭਗਤ ਦੱਸਣ ਵਾਲੀ ਸਾਧਵੀ ਨੂੰ ਭੰਡਣ ਲਈ ਮਜਬੂਰ ਮੋਦੀ

Published on 17 May, 2019 10:30 AM.

ਨਵੀਂ ਦਿੱਲੀ : ਮਹਾਤਮਾ ਗਾਂਧੀ ਦੇ ਕਾਤਲ ਨਾਥੂ ਰਾਮ ਗੌਡਸੇ ਨੂੰ ਦੇਸ਼ ਭਗਤ ਦੱਸਣ ਵਾਲੇ ਸਾਧਵੀ ਪ੍ਰਗਿਆ ਠਾਕੁਰ ਦੇ ਬਿਆਨ ਨਾਲ ਆਖਰੀ ਗੇੜ ਦੀ ਪੋਲਿੰਗ ਦੌਰਾਨ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰਗਿਆ ਤੇ ਹੋਰ ਲੋਕ ਗੋਡਸੇ ਤੇ ਬਾਪੂ ਬਾਰੇ ਜੋ ਬਿਆਨਬਾਜ਼ੀ ਕਰ ਰਹੇ ਹਨ, ਉਹ ਖਰਾਬ ਹੈ। ਭਲੇ ਹੀ ਪ੍ਰਗਿਆ ਨੇ ਮੁਆਫੀ ਮੰਗ ਲਈ ਹੋਵੇ, ਪਰ ਉਹ ਦਿਲੋਂ ਉਸ ਨੂੰ ਮੁਆਫ ਨਹੀਂ ਕਰ ਸਕਣਗੇ।
ਮੋਦੀ ਨੇ ਇਕ ਨਿੱਜੀ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ, 'ਗਾਂਧੀ ਤੇ ਗੌਡਸੇ ਦੇ ਸੰਬੰਧ ਭਿਅੰਕਰ ਖਰਾਬ ਹਨ, ਘ੍ਰਿਣਾ ਦੇ ਲਾਇਕ ਹਨ, ਅਲੋਚਨਾ ਦੇ ਲਾਇਕ ਹਨ, ਸਭਿਆ ਸਮਾਜ ਵਿਚ ਅਜਿਹੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ। ਅਜਿਹਾ ਕਹਿਣ ਵਾਲਿਆਂ ਨੂੰ ਅੱਗੇ ਤੋਂ 100 ਵਾਰ ਸੋਚਣਾ ਪਏਗਾ।'
ਮੋਦੀ ਨੇ ਪ੍ਰਗਿਆ ਠਾਕੁਰ ਦੀ ਭੋਪਾਲ ਤੋਂ ਉਮੀਦਵਾਰੀ ਦੀ ਹਮਾਇਤ ਕੀਤੀ ਸੀ, ਪਰ ਹੁਣ ਉਸ ਦੇ ਬਿਆਨ ਨਾਲ ਪਾਰਟੀ ਬੈਕ ਫੁਟ 'ਤੇ ਹੈ। ਦੂਜੇ ਪਾਸੇ ਆਪੋਜ਼ੀਸ਼ਨ ਇਸ ਮਾਮਲੇ ਵਿਚ ਹਮਲਾਵਰ ਹੈ। ਉਸ ਦਾ ਕਹਿਣਾ ਹੈ ਕਿ ਮੋਦੀ ਨੂੰ ਪ੍ਰਗਿਆ ਦਾ ਵਿਰੋਧ ਪਹਿਲਾਂ ਕਰਨਾ ਚਾਹੀਦਾ ਸੀ।
ਮੋਦੀ ਤੋਂ ਪਹਿਲਾਂ ਗੌਡਸੇ ਬਾਰੇ ਭਾਜਪਾ ਆਗੂਆਂ ਸਾਧਵੀ ਪ੍ਰਗਿਆ, ਕੇਂਦਰੀ ਮੰਤਰੀ ਅਨੰਤ ਹੈਗੜੇ ਤੇ ਐੱਮ ਪੀ ਨਲਿਨ ਕਟੀਲ ਦੇ ਬਿਆਨਾਂ ਤੋਂ ਖਿਝੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਬਿਆਨ ਨਿੱਜੀ ਹਨ ਤੇ ਪਾਰਟੀ ਦਾ ਇਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਸ਼ਾਹ ਨੇ ਇਨ੍ਹਾਂ ਬਿਆਨਾਂ ਨੂੰ ਅਨੁਸ਼ਾਸਨ ਕਮੇਟੀ ਨੂੰ ਘੱਲਣ ਦੀ ਵੀ ਗੱਲ ਕਹੀ। ਅਨੁਸ਼ਾਸਨ ਕਮੇਟੀ ਇਨ੍ਹਾਂ ਆਗੂਆਂ ਤੋਂ ਸਫਾਈ ਲੈ ਕੇ 10 ਦਿਨਾਂ ਵਿਚ ਰਿਪੋਰਟ ਦੇਵੇਗੀ।
ਹੈਗੜੇ ਨੇ ਸਾਧਵੀ ਦੀ ਹਮਾਇਤ ਕਰਦਿਆਂ ਗੋਡਸੇ ਪ੍ਰਤੀ ਨਜ਼ਰੀਆ ਬਦਲਣ ਦੀ ਗੱਲ ਕਹੀ ਸੀ। ਦੱਖਣੀ ਕਰਨਾਟਕ ਤੋਂ ਐੱਮ ਪੀ ਨਲਿਨ ਕਟੀਲ ਨੇ 1984 ਦੀ ਸਿੱਖ ਵਿਰੋਧੀ ਹਿੰਸਾ ਦਾ ਹਵਾਲਾ ਦੇ ਕੇ ਟਵੀਟ ਕੀਤਾ ਸੀ ਕਿ ਗੌਡਸੇ ਨੇ ਤਾਂ ਇਕ ਬੰਦੇ ਨੂੰ ਮਾਰਿਆ, ਪਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 17 ਹਜ਼ਾਰ ਲੋਕਾਂ ਨੂੰ ਮਾਰਿਆ। ਰੌਲਾ ਪੈਣ 'ਤੇ ਕਟੀਲ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ।
ਗੌਡ-ਸੇ ਦੇ ਲਵਰਜ਼
ਸੋਲਨ : ਰਾਹੁਲ ਗਾਂਧੀ ਨੇ ਸਾਧਵੀ ਦੇ ਗੌਡਸੇ ਬਾਰੇ ਬਿਆਨ 'ਤੇ ਟਵੀਟ ਕੀਤਾ ਹੈ, 'ਮੈਨੂੰ ਹੁਣ ਪਤਾ ਲੱਗਿਆ ਕਿ ਭਾਜਪਾ ਤੇ ਆਰ ਅੱੈਸ ਐੱਸ ਕੀ ਹਨ। ਇਹ ਗੌਡ ਦੇ ਲਵਰਜ਼ ਨਹੀਂ, ਸਗੋਂ ਗੌਡ-ਸੇ ਦੇ ਲਵਰਜ਼ ਹਨ।'

175 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper