Latest News
ਪੱਚੀ-ਪਝੱਤਰ ਦੀ ਸਾਂਝ ਨੂੰ ਤੋੜਨਾ ਪੈਣਾ : ਸਿੱਧੂ

Published on 17 May, 2019 10:32 AM.

ਬਠਿੰਡਾ (ਬਖਤੌਰ ਢਿੱਲੋਂ)
ਇਸ ਵੱਕਾਰੀ ਸੀਟ ਦੀ ਚੋਣ ਮੁਹਿੰਮ ਸਿਖ਼ਰ 'ਤੇ ਪੁੱਜਣ ਦੇ ਨਾਲ ਹੀ ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਵੀ ਪੂਰੀ ਤਰ੍ਹਾਂ ਉੱਭਰ ਕੇ ਸਾਹਮਣੇ ਆ ਗਈ, ਕਿਉਂਕਿ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰ੍ਰੀ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਰਾਜਾ ਵੜਿੰਗ ਲਈ ਵੋਟਾਂ ਮੰਗੀਆਂ, ਉੱਥੇ ਇਹ ਵੀ ਐਲਾਨ ਕਰ ਦਿੱਤਾ ਕਿ ਪੱਚੀ ਪਝੱਤਰ ਦੀ ਸਾਂਝ ਦੇ ਚੱਲਦਿਆਂ ਜੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਜ਼ਿਕਰਯੋਗ ਹੈ ਕਿ ਕੱਲ੍ਹ ਵੱਖ-ਵੱਖ ਅਖ਼ਬਾਰਾਂ ਤੇ ਟੀ ਵੀ ਚੈਨਲਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੋਸ਼ ਦਾ ਖੰਡਨ ਕੀਤਾ ਸੀ ਕਿ ਨਵਜੋਤ ਸਿੱਧੂ ਦੀ ਪਤਨੀ ਦੀ ਟਿਕਟ ਕਟਵਾਉਣ ਵਿੱਚ ਕੋਈ ਭੂਮਿਕਾ ਹੈ, ਬਲਕਿ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਕਰਦਿਆਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਜੇਕਰ ਨਤੀਜੇ ਉਲਟ ਹੋਏ ਤਾਂ ਜ਼ੁੰਮੇਵਾਰੀ ਕਬੂਲਦਿਆਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਦੂਜੇ ਪਾਸੇ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾਉਣ ਲਈ ਇਸ ਲੋਕ ਸਭਾ ਹਲਕੇ ਦੇ ਦੌਰੇ 'ਤੇ ਆਏ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਲੰਬੀ ਤੇ ਫਿਰ ਬਠਿੰਡਾ ਸ਼ਹਿਰ ਵਿੱਚ ਦੋ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਜਿੱਥੇ ਆਮ ਲੋਕਾਂ ਨੂੰ ਰਾਜਾ ਵੜਿੰਗ ਨੂੰ ਜਿਤਾਉਣ ਲਈ ਅਪੀਲ ਕੀਤੀ, ਉੱਥੇ ਇਹ ਵੀ ਕਿਹਾ ਕਿ ਪਿਛਲੇ ਕਾਫ਼ੀ ਅਰਸੇ ਤੋਂ ਪੰਜਾਬ ਦੀ ਰਾਜਨੀਤੀ 'ਚ ਜੋ ਪੱਚੀ ਪਝੱਤਰ ਦੀ ਭਾਈਵਾਲੀ ਚੱਲ ਰਹੀ ਹੈ, ਉਸ ਨੂੰ ਤੋੜਨਾ ਵੀ ਸਮੇਂ ਦੀ ਲੋੜ ਹੈ। ਸ੍ਰੀ ਸਿੱਧੂ ਇੱਥੇ ਹੀ ਨਹੀਂ ਰੁਕੇ ਸਗੋਂ ਉਹਨਾਂ ਨੇ ਇਹ ਸੁਆਲ ਵੀ ਉਠਾਇਆ ਕਿ ਬੇਅਦਬੀ ਅਤੇ ਬਹਿਬਲ ਕਲਾਂ ਕਾਂਡਾਂ ਦੀ ਪੜਤਾਲ ਕਰਨ ਵਾਲੀ ਐੱਸ ਆਈ ਟੀ ਕੀ ਜਸਟਿਸ ਰਣਜੀਤ ਸਿੰਘ ਤੋਂ ਸੁਪਰੀਮ ਹੈ, ਜੇ ਨਹੀਂ ਤਾਂ ਬਾਦਲ ਪਰਵਾਰ ਦਾ ਨਾਂਅ ਲਏ ਤੋਂ ਵਗੈਰ ਕਿਹਾ ਕਿ ਸੱਤਾ ਦੇ ਸਿਖ਼ਰਲਿਆਂ ਖਿਲਾਫ ਫਿਰ ਐੱਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਗਈ?
ਵਗੈਰ ਨਾਂਅ ਲਏ ਤੋਂ ਹਾਰ ਦੀ ਸੂਰਤ ਵਿੱਚ ਅਸਤੀਫਾ ਦੇਣ ਦੀ ਕੈਪਟਨ ਵੱਲੋਂ ਕਹੀ ਗੱਲ 'ਤੇ ਚੁਟਕੀ ਲੈਂਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਸੀਟਾਂ ਨਾ ਆਈਆਂ ਤਾਂ ਪੱਚੀ ਪਝੱਤਰ ਵਾਲਿਆਂ ਨੇ ਤਾਂ ਭੱਜ ਹੀ ਜਾਣਾ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅਪਰਾਧੀਆਂ ਨੂੰ ਗ੍ਰਿਫਤਾਰ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਖ਼ੁਦ ਵੀ ਪੰਜਾਬ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਗੱਲ ਇੱਥੇ ਹੀ ਖਤਮ ਨਹੀਂ ਹੋਈ, ਬਲਕਿ ਸਿੱਧੂ ਹੋਰੀਂ ਦੂਹਰੇ ਅਰਥਾਂ ਵਾਲਾ ਇਹ ਵਾਕ ਵੀ ਬੋਲ ਗਏ, ''ਭੱਜ ਬਾਦਲਾ ਭੱਜ, ਕੁਰਸੀ ਖਾਲੀ ਕਰ ਸਿੱਧੂ ਆ ਰਿਹੈ।'' ਰਾਜਨੀਤਕ ਵਿਸ਼ਲੇਸ਼ਕ ਇਸ ਘਟਨਾਕ੍ਰਮ ਨੂੰ ਕਾਂਗਰਸ ਪਾਰਟੀ ਅੰਦਰਲੀ ਗੰਭੀਰ ਫੁੱਟ ਕਰਾਰ ਦਿੰਦੇ ਹੋਏ ਇਹ ਸਮਝਦੇ ਹਨ ਕਿ ਚੋਣ ਪ੍ਰਚਾਰ ਬੰਦ ਹੋਣ ਤੋਂ ਐਨ ਪਹਿਲਾਂ ਅਜਿਹਾ ਕੁੱਝ ਨਹੀਂ ਸੀ ਵਾਪਰਨਾ ਚਾਹੀਦਾ।

498 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper