Latest News
ਪੀ ਡੀ ਏ ਦਾ ਤਲਵੰਡੀ ਸਾਬੋ ਤੋਂ ਬਠਿੰਡਾ ਤੱਕ ਜ਼ਬਰਦਸਤ ਰੋਡ ਸ਼ੋਅ

Published on 17 May, 2019 10:34 AM.

ਤਲਵੰਡੀ ਸਾਬੋ (ਜਗਦੀਪ ਗਿੱਲ)
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਉਸ ਵਕਤ ਇੱਕ ਵੱਡਾ ਜਨਸਮੂਹ ਵੇਖਣ ਨੂੰ ਮਿਲਿਆ, ਜਦੋਂ ਮੋਟਰਸਾਈਕਲ, ਕਾਰਾਂ, ਜੀਪਾਂ ਅਤੇ ਹੋਰ ਹਜ਼ਾਰਾਂ ਵਾਹਨਾਂ 'ਤੇ ਸਵਾਰ ਉਸ ਦੇ ਸਮੱਰਥਕਾਂ ਵੱਲੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਬਠਿੰਡਾ ਜਾਣ ਵਾਸਤੇ ਰੋਡ ਸ਼ੋਅ ਕਰਦਿਆਂ ਚਾਲੇ ਪਾਏ ਗਏ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀਆਂ ਭਾਈਵਾਲ ਪਾਰਟੀਆਂ ਦੇ ਉੱਘੇ ਆਗੂ ਜਿਨ੍ਹਾਂ ਵਿੱਚ ਸਾਬਕਾ ਐੱਮ ਐੱਲ ਏ ਹਰਦੇਵ ਅਰਸ਼ੀ, ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਕਾਮਰੇਡ ਜਗਜੀਤ ਜੋਗਾ, ਬਹੁਜਨ ਸਮਾਜ ਪਾਰਟੀ ਦੇ ਮਾਸਟਰ ਜਗਦੀਪ ਗੋਗੀ ਅਤੇ ਜਗਦੇਵ ਸਿੰਘ ਕਮਾਲੂ ਐੱਮ ਐੱਲ ਏ ਹਲਕਾ ਮੌੜ ਤੋਂ ਇਲਾਵਾ ਹੋਰ ਵੀ ਅਨੇਕਾਂ ਆਗੂ ਜਿਹੜੇ ਕਿ ਇੱਕ ਮਿੰਨੀ ਬੱਸ ਦੀ ਛੱਤ ਉੱਪਰ ਹਲਕੇ ਦੇ ਲੋਕਾਂ ਦੀਆਂ ਸ਼ੁੱਭ ਇੱਛਾਵਾਂ ਕਬੂਲ ਰਹੇ ਸਨ, ਨੇ ਹੱਥ ਹਿਲਾ-ਹਿਲਾ ਕੇ ਤਲਵੰਡੀ ਸਾਬੋ ਤੋਂ ਬਠਿੰਡਾ ਤੱਕ ਲੋਕਾਂ ਦੀਆਂ ਸ਼ੁੱਭ ਕਾਮਨਾਵਾਂ ਕਬੂਲ ਕੀਤੀਆਂ। ਜ਼ਿਕਰਯੋਗ ਹੈ ਕਿ ਭਾਵੇਂ ਸਵੇਰ ਤੋਂ ਹੀ ਇੱਥੇ ਹੋਈ ਭਾਰੀ ਬਾਰਿਸ਼ ਤੇ ਖ਼ਰਾਬ ਮੌਸਮ ਦੇ ਚੱਲਦਿਆਂ ਆਉਣ-ਜਾਣ ਵਾਲੇ ਸਭ ਲੋਕਾਂ ਨੂੰ ਦਿੱਕਤ ਪੇਸ਼ ਆ ਰਹੀ ਸੀ, ਪਰ ਫਿਰ ਵੀ ਸਮੁੱਚੇ ਅਲਾਇੰਸ ਜਿਸ ਵਿੱਚ ਅੱਧੀ ਦਰਜਨ ਤੋਂ ਵੱਧ ਪਾਰਟੀਆਂ ਸ਼ਾਮਲ ਹਨ, ਦੇ ਵਰਕਰਾਂ ਅਤੇ ਕਾਰਕੁਨਾਂ ਦਾ ਡੁੱਲ੍ਹ-ਡੁੱਲ੍ਹ ਪੈਂਦਾ ਇਹ ਜੋਸ਼ ਹੀ ਸੀ, ਜਿਸ ਦੇ ਚੱਲਦਿਆਂ ਕਰੀਬ ਗਿਆਰਾਂ ਵਜੇ ਤੱਕ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਖਚਾਖਚ ਭਰ ਕੇ ਨੀਲੇ, ਲਾਲ ਅਤੇ ਪੰਜਾਬ ਏਕਤਾ ਪਾਰਟੀ ਦੇ ਕੇਸਰੀ ਝੰਡਿਆਂ ਦਾ ਨਜ਼ਾਰਾ ਪੇਸ਼ ਕਰ ਰਹੀ ਸੀ। ਇਸ ਮੌਕੇ ਪੀ ਡੀ ਏ ਦੇ ਉਮੀਦਵਾਰ ਸੁਖਪਾਲ ਖਹਿਰਾ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਆਪਣੇ ਸੰਖੇਪ ਭਾਸ਼ਣਾਂ ਵਿੱਚ ਜਿੱਥੇ ਵਿਸ਼ਾਲ ਜਨਸਮੂਹ ਨੂੰ ਤਰਤੀਬ ਵਿੱਚ ਚੱਲਣ ਦੀਆਂ ਲਗਾਤਾਰ ਅਪੀਲਾਂ ਕੀਤੀਆਂ, ਉੱਥੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਹਾਕਿਆਂ ਤੋਂ ਪੰਜਾਬ ਦੀ ਸੱਤਾ ਨੂੰ ਚਿੰਬੜੇ ਦੋ ਸਰਮਾਏਦਾਰ ਅਤੇ ਲੁਟੇਰੇ ਟੱਬਰਾਂ ਨੂੰ ਭਾਂਜ ਦੇਣ ਦਾ ਵਕਤ ਆ ਗਿਆ ਹੈ ।ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਅਤੇ ਸਮੁੱਚੇ ਪੰਜਾਬ ਵਿੱਚ ਪੀ ਡੀ ਏ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਪੰਜਾਬ ਦੀ ਜਵਾਨੀ ਕਿਸਾਨੀ ਨੂੰ ਬਚਾਉਣ ਸਮੇਤ ਲੋਕਾਂ ਨੂੰ ਦਰਪੇਸ਼ ਹਰ ਰੰਗ ਦੀਆਂ ਵੱਖ-ਵੱਖ ਅਲਾਮਤਾਂ ਦੇ ਖਿਲਾਫ ਲੜਿਆ ਜਾ ਸਕੇ।

594 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper