Latest News
ਵੋਟਾਂ ਪੈਣ ਤੱਕ ਅਤੇ ਇਸ ਤੋਂ ਬਾਅਦ

Published on 19 May, 2019 10:51 AM.

ਸੱਤਵੇਂ ਅਤੇ ਆਖਰੀ ਗੇੜ ਦੀਆਂ ਵੋਟਾਂ ਪਾਏ ਜਾਣ ਨਾਲ ਪਾਰਲੀਮੈਂਟ ਚੋਣਾਂ ਦੀ ਪ੍ਰਕਿਰਿਆ ਦਾ ਇੱਕ ਵੱਡਾ ਚੱਕਰ ਅੱਜ ਪੂਰਾ ਹੋ ਗਿਆ ਹੈ। ਚਾਰ ਦਿਨ ਉਡੀਕਣ ਦੇ ਬਾਅਦ ਨਤੀਜੇ ਵੀ ਆ ਜਾਣਗੇ। ਵੱਖ-ਵੱਖ ਚੈਨਲਾਂ ਵਾਲੇ ਕਿੱਦਾਂ ਦੇ ਚੋਣ ਸਰਵੇ ਪੇਸ਼ ਕਰਦੇ ਹਨ, ਇਨ੍ਹਾਂ ਨੂੰ ਅਸੀਂ ਬਹੁਤਾ ਮਹੱਤਵ ਨਹੀਂ ਦੇਣਾ ਚਾਹੁੰਦੇ। ਆਸਟਰੇਲੀਆ ਭਾਰਤ ਤੋਂ ਬਹੁਤ ਵੱਧ ਵਿਕਸਤ ਦੇਸ਼ ਹੈ ਤੇ ਸਿਰਫ ਇੱਕ ਦਿਨ ਪਹਿਲਾਂ ਓਥੇ ਹੋਈਆਂ ਪਾਰਲੀਮੈਂਟ ਚੋਣਾਂ ਬਾਰੇ ਉਸ ਦੇਸ਼ ਦੇ ਚੈਨਲਾਂ ਨੇ ਜਿੰਨੇ ਸਰਵੇਖਣ ਅਖੀਰਲੇ ਅੰਦਾਜ਼ੇ ਵਜੋਂ ਪੇਸ਼ ਕੀਤੇ ਸਨ, ਉਹ ਧਰੇ-ਧਰਾਏ ਰਹਿ ਗਏ ਤੇ ਲੋਕਾਂ ਦਾ ਫਤਵਾ ਹੋਰ ਨਿਕਲਿਆ ਹੈ। ਭਾਰਤ ਵਿੱਚ ਕਈ ਵਾਰ ਚੈਨਲਾਂ ਦੇ ਸਰਵੇਖਣਾਂ ਅਤੇ ਅਸਲ ਨਤੀਜਿਆਂ ਦਾ ਏਨਾ ਫਰਕ ਨਿਕਲ ਚੁੱਕਾ ਹੈ ਕਿ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਰਹੀ।
ਸਾਡੇ ਦੇਸ਼ ਦੇ ਲੋਕਾਂ ਲਈ ਵੱਡੀ ਗੱਲ ਇਹ ਹੈ ਕਿ ਪੱਛਮੀ ਬੰਗਾਲ ਵਿੱਚ ਅਖੀਰਲੇ ਦਿਨਾਂ ਵਿੱਚ ਹੋਈ ਹਿੰਸਾ ਮਾੜੀ ਸੀ ਤੇ ਹੋਣੀ ਨਹੀਂ ਸੀ ਚਾਹੀਦੀ, ਪਰ ਬਾਕੀ ਸਾਰੇ ਦੇਸ਼ ਵਿੱਚ ਮਾਹੌਲ ਚੋਣਾਂ ਦੌਰਾਨ ਲੱਗਭੱਗ ਸ਼ਾਂਤਮਈ ਰਿਹਾ ਸੀ। ਕੇਂਦਰ ਵਿੱਚ ਸ਼ਾਸਨ ਦੀ ਵਾਗ ਸੰਭਾਲ ਰਹੀ ਭਾਰਤੀ ਜਨਤਾ ਪਾਰਟੀ ਆਪਣੇ ਜਿੱਤ ਦੇ ਨਿਸ਼ਾਨੇ ਲਈ ਐਤਕੀਂ ਹਰ ਕਿਸਮ ਦੇ ਦਾਅ ਖੇਡਣ ਵੱਲ ਜਿਸ ਤਰ੍ਹਾਂ ਸਿੱਧੀ ਹੋ ਤੁਰੀ ਸੀ, ਉਸ ਨੇ ਚੰਗਾ ਪ੍ਰਭਾਵ ਨਹੀਂ ਛੱਡਿਆ। ਦੇਸ਼ ਦਾ ਚੋਣ ਕਮਿਸ਼ਨ ਅੱਗੋਂ-ਪਿੱਛੋਂ ਕਈ ਵਾਰ ਆਪੋ ਵਿੱਚ ਮੱਤਭੇਦਾਂ ਕਾਰਨ ਚਰਚਾ ਵਿੱਚ ਰਿਹਾ ਸੀ, ਪਰ ਕਦੇ ਚੱਲਦੀ ਚੋਣ ਦੌਰਾਨ ਇਸ ਤਰ੍ਹਾਂ ਦੇ ਮੱਤਭੇਦ ਜ਼ਾਹਰ ਨਹੀਂ ਸੀ ਹੋਏ, ਜਿਹੜੇ ਇਸ ਵਾਰੀ ਹੋ ਗਏ ਹਨ। ਬੀਤੇ ਸਾਲ ਅਸੀਂ ਇਹ ਵੇਖਿਆ ਸੀ ਕਿ ਸੁਪਰੀਮ ਕੋਰਟ ਦੇ ਚਾਰ ਸਭ ਤੋਂ ਸੀਨੀਅਰ ਜੱਜਾਂ ਨੇ ਪ੍ਰੈੱਸ ਕਾਨਫਰੰਸ ਲਾਈ ਤੇ ਸਾਰੇ ਆਪਣੇ ਅੰਦਰੂਨੀ ਮੱਤਭੇਦ ਦੇਸ਼ ਦੇ ਲੋਕਾਂ ਸਾਹਮਣੇ ਉਲੱਦ ਦਿੱਤੇ ਸਨ। ਇਸ ਵਾਰੀ ਇਹੋ ਕੁਝ ਚੋਣ ਕਮਿਸ਼ਨ ਦੇ ਵਿੱਚ ਵੀ ਹੋ ਗਿਆ ਹੈ। ਚੱਲਦੀ ਚੋਣ ਦੌਰਾਨ ਇੱਕ ਚੋਣ ਕਮਿਸ਼ਨਰ ਕੰਮ ਛੱਡ ਕੇ ਘਰ ਜਾ ਬੈਠਾ ਸੀ। ਉਸ ਨੇ ਰੋਸ ਵਜੋਂ ਮੁੱਖ ਚੋਣ ਕਮਿਸ਼ਨਰ ਨੂੰ ਇੱਕ ਬਾਕਾਇਦਾ ਪੱਤਰ ਵੀ ਲਿਖਿਆ, ਜਿਹੜਾ ਇਸ ਵੇਲੇ ਮੀਡੀਆ ਵਿੱਚ ਆ ਚੁੱਕਾ ਹੈ ਤੇ ਉਸ ਦੀ ਕਾਟ ਲਈ ਮੁੱਖ ਚੋਣ ਕਮਿਸ਼ਨਰ ਨੂੰ ਜਨਤਾ ਸਾਹਮਣੇ ਆਪਣਾ ਪੱਖ ਪੇਸ਼ ਕਰਨ ਦੀ ਲੋੜ ਪੈ ਗਈ ਹੈ।
ਵਿਰੋਧੀ ਪਾਰਟੀਆਂ ਨੇ ਇਹ ਮੁੱਦਾ ਪਹਿਲਾਂ ਸੁਪਰੀਮ ਕੋਰਟ ਤੱਕ ਵੀ ਪੁਚਾਇਆ ਸੀ ਕਿ ਚੋਣ ਕਮਿਸ਼ਨ ਨਿਰਪੱਖ ਨਹੀਂ ਚੱਲਦਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਆਈਆਂ ਸ਼ਿਕਾਇਤਾਂ ਬਾਰੇ ਬਹੁਤੀ ਚਿੰਤਾ ਨਹੀਂ ਕਰਦਾ। ਇਸ ਦੇ ਬਾਅਦ ਵੀ ਚੋਣ ਕਮਿਸ਼ਨ ਇਨ੍ਹਾਂ ਦੋਵਾਂ ਆਗੂਆਂ ਦੇ ਖਿਲਾਫ ਕੇਸਾਂ ਵਿੱਚ ਕਲੀਨ ਚਿੱਟ ਦੇਈ ਜਾਂਦਾ ਰਿਹਾ ਅਤੇ ਹੋਰ ਕੋਈ ਕਾਰਵਾਈ ਨਹੀਂ ਸੀ ਕਰਦਾ। ਇਸ ਨੁਕਤਾਚੀਨੀ ਦੀ ਚੋਣ ਕਮਿਸ਼ਨ ਨੇ ਪ੍ਰਵਾਹ ਨਹੀਂ ਸੀ ਕੀਤੀ। ਦੇਸ਼ ਦੀ ਕਿਸੇ ਵੀ ਚੋਣ ਵਿੱਚ ਅੱਜ ਤੱਕ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਚੋਣ ਕਮਿਸ਼ਨ ਅਸਲੋਂ ਹੀ ਇੱਕ ਤਰਫਾ ਚੱਲ ਕੇ ਉਸ ਹਾਲਤ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੋਵੇ, ਜਿਹੋ ਜਿਹੀ ਇਸ ਵਾਰੀ ਪੱਛਮੀ ਬੰਗਾਲ ਵਿੱਚ ਵੇਖੀ ਜਾ ਚੁੱਕੀ ਹੈ।
ਫਿਰ ਜਦੋਂ ਸਾਰੇ ਦੇਸ਼ ਵਿੱਚ ਆਖਰੀ ਪੜਾਅ ਦਾ ਚੋਣ ਪ੍ਰਚਾਰ ਬੰਦ ਹੋ ਚੁੱਕਾ ਸੀ, ਓਦੋਂ ਪ੍ਰਧਾਨ ਮੰਤਰੀ ਮੋਦੀ ਅਚਾਨਕ ਕੇਦਾਰਨਾਥ ਅਤੇ ਫਿਰ ਬਦਰੀਨਾਥ ਦੀ ਤੀਰਥ ਯਾਤਰਾ ਲਈ ਨਿਕਲ ਤੁਰੇ। ਪਹਿਲਾਂ ਅਸੀਂ ਇਹ ਵੇਖਿਆ ਸੀ ਕਿ ਚੋਣ ਕਮਿਸ਼ਨ ਵੱਲੋਂ ਤਿੰਨ ਦਿਨ ਚੋਣ ਪ੍ਰਚਾਰ ਤੋਂ ਲਾਂਭੇ ਰਹਿਣ ਦੇ ਹੁਕਮਾਂ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਗਲੇ ਦਿਨ ਮੰਦਰਾਂ ਦੇ ਦੌਰੇ ਕਰਨ ਨਿਕਲ ਪਏ ਸਨ ਤੇ ਨਾਲੋ-ਨਾਲ ਮੀਡੀਆ ਕਵਰੇਜ ਹੁੰਦੀ ਰਹੀ ਸੀ। ਫਿਰ ਇਹੋ ਕੁਝ ਉਸ ਪਾਰਟੀ ਦੀ ਭੋਪਾਲ ਤੋਂ ਉਮੀਦਵਾਰ ਸਾਧਵੀ ਪ੍ਰਗਿਆ ਨੇ ਕੀਤਾ ਸੀ ਕਿ ਚੋਣ ਕਮਿਸ਼ਨ ਦੀ ਪਾਬੰਦੀ ਦੌਰਾਨ ਉਹ ਮੰਦਰਾਂ ਵਿੱਚ ਸੰਗਤ ਦੇ ਸਾਹਮਣੇ ਹੱਥ ਜੋੜ ਕੇ ਨਿਕਲਦੀ ਜਾਂਦੀ ਤੇ ਨਾਲ ਤੁਰਿਆ ਜਾਂਦਾ ਮੀਡੀਏ ਦਾ ਕਾਫਲਾ ਅਣ-ਐਲਾਨਿਆ ਚੋਣ ਪ੍ਰਚਾਰ ਕਰਨ ਲੱਗਾ ਦਿਖਾਈ ਦੇਂਦਾ ਸੀ। ਇਸ ਵਾਰੀ ਪ੍ਰਧਾਨ ਮੰਤਰੀ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਕੇਦਾਰਨਾਥ ਅਤੇ ਬਦਰੀਨਾਥ ਦੇ ਦਰਸ਼ਨਾਂ ਲਈ ਨਿਕਲ ਤੁਰੇ ਤਾਂ ਮੀਡੀਆ ਚੈਨਲਾਂ ਨੂੰ ਇਸ ਦੀ ਕਵਰੇਜ ਕਰਨ ਲਈ ਅਗੇਤੇ ਹੀ ਓਥੇ ਪੁਚਾ ਦਿੱਤਾ ਗਿਆ ਤੇ ਵੋਟਾਂ ਪੈਣ ਦੇ ਸਮੇਂ ਦੌਰਾਨ ਵੀ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਲੋਕਾਂ ਅੱਗੇ ਪੇਸ਼ ਕਰ ਕੇ ਅਣ-ਐਲਾਨਿਆ ਪ੍ਰਚਾਰ ਹੁੰਦਾ ਰਿਹਾ ਸੀ ਤੇ ਚੋਣ ਕਮਿਸ਼ਨ ਨੇ ਕਿਸੇ ਤਰ੍ਹਾਂ ਦਾ ਕੋਈ ਦਖਲ ਹੀ ਨਹੀਂ ਸੀ ਦਿੱਤਾ। ਇਹ ਸਭ ਕੁਝ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕਰਦਾ ਹੈ।
ਜੋ ਵੀ ਹੋਇਆ ਹੋਵੇ, ਵੋਟਾਂ ਪੈਣ ਵਾਲਾ ਕੰਮ ਅੱਜ ਨਿਪਟ ਗਿਆ ਹੈ ਤੇ ਇਸ ਦੇ ਚਾਰ ਦਿਨ ਬਾਅਦ ਨਤੀਜੇ ਨਿਕਲਣ ਦੀ ਘੜੀ ਤੱਕ ਲੋਕਾਂ ਅੱਗੇ ਕਿਆਫੇ ਲਾਉਣ ਵਾਂਗ ਸਰਵੇਖਣ ਪੇਸ਼ ਹੁੰਦੇ ਰਹਿਣੇ ਹਨ। ਇਹ ਸ਼ੁਗਲ ਦੇ ਤੌਰ ਉੱਤੇ ਹੀ ਠੀਕ ਕਿਹਾ ਜਾ ਸਕਦਾ ਹੈ, ਇਸ ਨੂੰ ਬਹੁਤਾ ਨਹੀਂ ਗੌਲਣਾ ਚਾਹੀਦਾ। ਕਈ ਲੋਕ ਇਸ ਨਾਲ ਕਾਹਲੇ ਸਿੱਟੇ ਕੱਢ ਬਹਿੰਦੇ ਹਨ। ਸਰਕਾਰ ਕਿਹੜੀ ਪਾਰਟੀ ਦੀ ਬਣਨੀ ਹੈ, ਇਸ ਦਾ ਫੈਸਲਾ ਨਤੀਜਿਆਂ ਨੇ ਕਰਨਾ ਹੈ, ਸਰਵੇਖਣਾਂ ਨੇ ਨਹੀਂ ਕਰਨਾ। ਇਸ ਲਈ ਇਨ੍ਹਾਂ ਨਾਲ ਜਿੱਦਾਂ ਦਾ ਮਾਹੌਲ ਬਣਾਇਆ ਜਾਂਦਾ ਹੈ, ਉਹ ਇੱਕ ਖਾਸ ਤਰ੍ਹਾਂ ਦਾ ਅਰਥ ਰੱਖਦਾ ਹੈ। ਹਾਲ ਦੀ ਘੜੀ ਇਹ ਐਵੇਂ ਜਾਪ ਸਕਦਾ ਹੈ, ਪਰ ਸਮਾਂ ਪਾ ਕੇ ਇਹ ਸਰਵੇਖਣ ਗਲਤ ਸਿੱਟੇ ਵੀ ਕੱਢ ਸਕਦੇ ਹਨ। ਐਵੇਂ ਕਾਹਲੇ ਨਹੀਂ ਪੈਣਾ ਚਾਹੀਦਾ।
-ਜਤਿੰਦਰ ਪਨੂੰ

903 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper