Latest News
ਖੁਸ਼ਬਾਜ਼ ਜਟਾਣਾ ਨੇ ਫਿਰ ਚਾੜ੍ਹਿਆ ਚੰਦ

Published on 19 May, 2019 10:53 AM.


ਤਲਵੰਡੀ ਸਾਬੋ (ਜਗਦੀਪ ਗਿੱਲ)
ਅਮਨ-ਅਮਾਨ ਨਾਲ ਪੈ ਰਹੀਆਂ ਵੋਟਾਂ ਦੇ ਚੱਲਦਿਆਂ ਸਵੇਰ ਦੇ ਗਿਆਰਾਂ ਵਜੇ ਤੱਕ ਕਿਸੇ ਨੂੰ ਵੀ ਸ਼ਾਇਦ ਇਹ ਇਲਮ ਨਹੀਂ ਸੀ ਕਿ ਗੋਲੀਆਂ ਚੱਲਣ ਤੱਕ ਦੀ ਘਟਨਾ ਵਾਲਾ ਕੋਈ ਦੁਖਾਂਤ ਵਾਪਰਨ ਵਾਲਾ ਹੈ। ਬੂਥ ਨੰਬਰ 122 ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਥਿਤ ਸੀ, ਵਿਖੇ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦਾ ਸੇਵਾਦਾਰ ਕਿਹਾ ਜਾਂਦਾ ਖੁਸ਼ਬਾਜ ਸਿੰਘ ਜਟਾਣਾ ਆਪਣੇ ਲੱਠਮਾਰ ਟੋਲੇ ਸਮੇਤ ਕਈ ਗੱਡੀਆਂ ਦਾ ਕਾਫਲਾ ਲੈ ਕੇ ਉੱਥੇ ਪੁੱਜਾ। ਚਸ਼ਮਦੀਦਾਂ ਅਨੁਸਾਰ ਹਾਲੇ ਕੁਝ ਪਲ ਕਾਂਗਰਸ ਪਾਰਟੀ ਦੇ ਉੱਥੇ ਲੱਗੇ ਪੋਲਿੰਗ ਸਟੇਸ਼ਨ ਉੱਪਰ ਬੈਠਾ ਸੀ ਕਿ ਸਾਹਮਣੇ ਲੱਗੇ ਅਕਾਲੀ ਦਲ ਦੇ ਪੋਲਿੰਗ ਸਟੇਸ਼ਨ ਉੱਪਰ ਬੈਠੇ ਅਕਾਲੀ ਵਰਕਰਾਂ ਨਾਲ ਇਹ ਕਹਿੰਦਿਆਂ ਉਲਝ ਪਿਆ ਕਿ ਤੁਸੀਂ ਵੋਟਾਂ ਖਰੀਦ ਰਹੇ ਹੋ। ਅਕਾਲੀ ਵਰਕਰਾਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਜਲੌਰ ਸਿੰਘ ਸਾਬਕਾ ਐੱਮ ਸੀ ਅਤੇ ਬਹੁਤ ਸਾਰੇ ਹੋਰ ਅਕਾਲੀ ਵਰਕਰ ਮੌਜੂਦ ਸਨ, ਨੇ ਜਦੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਤਾਂ ਨਾ ਸਿਰਫ ਜਟਾਣਾ ਸਾਹਿਬ ਤਹਿਸ਼ ਵਿਚ ਆ ਗਏ, ਸਗੋਂ ਇਹ ਕਹਿੰਦਿਆਂ ਅਕਾਲੀ ਦਲ ਦੇ ਪੋਲਿੰਗ ਸਟੇਸ਼ਨ ਉੱਪਰ ਬੈਠੇ ਦਰਜਨਾਂ ਲੋਕਾਂ ਉੱਪਰ ਆਪਣੇ ਰਿਵਾਲਵਰ ਤੋਂ ਕਈ ਗੋਲੀਆਂ ਦਾਗ ਦਿੱਤੀਆਂ ਕਿ ਅਸੀਂ ਚਖਾਉਂਦੇ ਹਾਂ ਤੁਹਾਨੂੰ ਵੋਟਾਂ ਖਰੀਦਣ ਦਾ ਮਜ਼ਾ। ਬੱਸ ਫਿਰ ਕੀ ਸੀ, ਭੜਕੇ ਹੋਏ ਲੋਕਾਂ ਨੇ ਨਾ ਸਿਰਫ ਉੱਥੇ ਲੱਗੇ ਕਾਂਗਰਸ ਪਾਰਟੀ ਦੇ ਉਕਤ ਪੋਲਿੰਗ ਬੂਥ ਨੂੰ ਚਕਨਾਚੂਰ ਕਰ ਦਿੱਤਾ, ਸਗੋਂ ਪੱਥਰਬਾਜ਼ੀ ਕਰਦਿਆਂ ਹਮਲਾਵਰ ਧਿਰ ਦੀਆਂ ਕਈ ਗੱਡੀਆਂ ਦੇ ਟੁੱਟ ਜਾਣ ਦੀ ਵੀ ਖ਼ਬਰ ਹੈ। ਉੱਥੇ ਹੋਈ ਗੋਲੀਬਾਰੀ ਵਿੱਚ ਤਿੰਨ ਤੋਂ ਵੱਧ ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ਵਿੱਚੋਂ ਦੋ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਦਾਖਲ ਕੀਤਾ ਗਿਆ ਹੈ।ਮੌਕਾ ਏ ਵਾਰਦਾਤ ਉਪਰ ਖਿੰਡੇ ਪਏ ਅੱਧੀ ਦਰਜਨ ਤੋਂ ਵੱਧ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਨਾ ਸਿਰਫ਼ ਮੀਡੀਆ ਕਰਮੀਆਂ ਨੇ ਆਪਣੇ ਕੈਮਰਿਆਂ ਵਿੱਚ ਬੰਦ ਕੀਤੇ, ਸਗੋਂ ਪੁਲਸ ਦੇ ਉੱਚ ਅਧਿਕਾਰੀਆਂ ਨੇ ਵੀ ਉੱਥੇ ਆ ਕੇ ਨਾ ਸਿਰਫ ਚੱਲੇ ਕਾਰਤੂਸ ਕਬਜ਼ੇ ਵਿੱਚ ਲਏ, ਸਗੋਂ ਗੇਟਾਂ ਅਤੇ ਕੰਧਾਂ 'ਚ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਦਾ ਵੀ ਮੁਆਇਨਾ ਕੀਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਨਾ ਸਿਰਫ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਨੇਤਾ ਜੀਤ ਮਹਿੰਦਰ ਸਿੰਘ ਸਿੱਧੂ ਘਟਨਾ ਸਥਾਨ 'ਤੇ ਪੁੱਜ ਗਏ, ਸਗੋਂ ਉਨ੍ਹਾਂ ਉੱਥੇ ਵੱਡੀ ਗਿਣਤੀ ਅਕਾਲੀ ਵਰਕਰਾਂ ਨੂੰ ਨਾਲ ਲੈ ਕੇ ਸਰਕਾਰੀ ਸਕੂਲ ਜਿੱਥੇ ਵੋਟਾਂ ਪੈ ਰਹੀਆਂ ਸਨ, ਦੇ ਗੇਟ ਉੱਪਰ ਧਰਨਾ ਮਾਰਦਿਆਂ ਕਾਂਗਰਸ ਪਾਰਟੀ ਅਤੇ ਸਰਕਾਰੀ ਗੁੰਡਾਗਰਦੀ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ।ਲੋਕਾਂ ਵਿੱਚ ਫੈਲੀ ਦਹਿਸ਼ਤ ਅਤੇ ਚੱਲਦੇ ਰੋਹ ਦੇ ਕਾਰਨ ਕੁਝ ਸਮੇਂ ਲਈ ਪੋਲਿੰਗ ਬੰਦ ਕਰਕੇ ਮੌਕੇ ਉੱਪਰ ਮੌਜੂਦ ਅਧਿਕਾਰੀਆਂ ਨੂੰ ਸਕੂਲ ਦੇ ਗੇਟਾਂ ਤੱਕ ਨੂੰ ਬੰਦ ਕਰਨਾ ਪੈ ਗਿਆ ।ਇਸ ਹਮਲੇ ਵਿੱਚ ਜਲੌਰ ਸਿੰਘ ਸਾਬਕਾ ਐੱਮ ਸੀ ਦੇ ਬੇਟੇ ਗੁਰਸ਼ਰਨ ਸਿੰਘ ਦੇ ਸਿਰ ਵਿੱਚ ਗੰਭੀਰ ਜ਼ਖ਼ਮ ਹੋਇਆ, ਜਿਸ ਦੀ ਉਮਰ ਕੇਵਲ ਸਤਾਰਾਂ ਸਾਲ ਦੱਸੀ ਜਾ ਰਹੀ ਹੈ ਅਤੇ ਕਰਮ ਸਿੰਘ ਉਰਫ ਬਿੱਲੂ ਦੇ ਲੱਤ 'ਤੇ ਜ਼ਖਮ ਦਰਜ ਕੀਤਾ ਗਿਆ ਹੈ।
ਮੌਕਾ ਏ ਵਾਰਦਾਤ 'ਤੱ ਪੁੱਜੇ ਪੁਲਸ ਦੇ ਜ਼ਿਲ੍ਹਾ ਕਪਤਾਨ ਅਤੇ ਡੀ ਆਈ ਜੀ ਐੱਮ ਐੱਫ ਫਾਰੂਕੀ ਵੱਲੋਂ ਘਟਨਾ ਸਥਾਨ ਦਾ ਮੁਆਇਨਾ ਕਰਨ ਤੋਂ ਬਾਅਦ ਸਥਾਨਕ ਪੁਲਸ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਖੁਸ਼ਬਾਜ ਸਿੰਘ ਜਟਾਣਾ ਅਤੇ ਉਨ੍ਹਾਂ ਦੇ ਦਰਜਨਾਂ ਹੋਰਨਾਂ ਪਛਾਤੇ ਤੇ ਅਣਪਛਾਤੇ ਸਾਥੀਆਂ ਖਿਲਾਫ ਮੁਕੱਦਮਾ ਨੰਬਰ 138 ਦਰਜ ਕਰ ਲਿਆ ਹੈ, ਜਿਸ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 307-323-452-354-148-149 ਆਈ ਪੀ ਸੀ ਅਤੇ 25-27-54-59 ਆਰਮਜ਼ ਐਕਟ ਅਤੇ ਐੱਸ ਸੀ/ਐੱਸ ਟੀ ਐਕਟ 1989 ਤਹਿਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਇਹ ਦੱਸ ਦੇਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਜੇਕਰ ਪਿਛਲੇ ਦਿਨਾਂ ਦੀਆਂ ਕੁਝ ਮੀਡੀਆ ਅਤੇ ਕੁਝ ਸੋਸ਼ਲ ਮੀਡੀਆ ਰਿਪੋਰਟਾਂ ਨੂੰ ਸੱਚ ਮੰਨਿਆ ਜਾਵੇ ਤਾਂ ਉਕਤ ਮੁਕੱਦਮੇ ਵਿੱਚ ਆਇਆ ਖੁਸ਼ਬਾਜ ਸਿੰਘ ਜਟਾਣਾ ਨਾਂਅ ਦਾ ਇਹ ਉਹ ਹੀ ਸ਼ਖ਼ਸ ਹੈ, ਜਿਸ ਨੇ ਪਿਛਲੇ ਦਿਨੀਂ ਆਪਣੀ ਹੀ ਪਾਰਟੀ ਦੇ ਇੱਕ ਕੱਦਾਵਰ ਨੇਤਾ ਨੂੰ ਨਾ ਸਿਰਫ ਉਸ ਦੀ ਕੋਠੀ ਜਾ ਕੇ ਲਲਕਾਰਿਆ ਸੀ, ਸਗੋਂ ਉਸ ਦੇ ਪੁੱਤਰ ਵੱਲ ਰਿਵਾਲਵਰ ਕੱਢ ਲੈਣ ਤੱਕ ਦੀਆਂ ਵੀ ਖ਼ਬਰਾਂ ਆਈਆਂ ਸਨ।

281 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper