ਪੰਜਾਬ ਬਾਰੇ ਆਏ ਵੱਖ-ਵੱਖ ਐਗਜ਼ਿਟ ਪੋਲਾਂ ਰਾਹੀਂ ਕਾਂਗਰਸ ਨੂੰ 8 ਤੋਂ 9, ਅਕਾਲੀ-ਭਾਜਪਾ ਨੂੰ 3 ਤੋਂ 4 ਤੇ ਆਪ ਨੂੰ 0 ਤੋਂ 2 ਸੀਟਾਂ ਆਉਣ ਦੇ ਅਨੁਮਾਨ ਲਾਏ ਗਏ ਹਨ। ਕਿਸ ਪਾਰਟੀ ਨੂੰ ਕਿਹੜੀਆਂ ਸੀਟਾਂ ਆ ਸਕਦੀਆਂ ਹਨ, ਇਨ੍ਹਾਂ ਬਾਰੇ ਹਰ ਵਿਅਕਤੀ ਵੱਖੋ-ਵੱਖਰੇ ਅੰਦਾਜ਼ੇ ਲਾਈ ਜਾਂਦਾ ਹੈ। ਪਿਛਲਾ ਤਜਰਬਾ ਦੱਸਦਾ ਹੈ ਕਿ ਐਗਜ਼ਿਟ ਪੋਲ ਦੇ ਅੰਦਾਜ਼ੇ ਕਈ ਵਾਰ ਗਲਤ ਸਾਬਤ ਹੋ ਚੁੱਕੇ ਹਨ। ਸੰਨ 2004 ਵਿੱਚ ਐੱਨ ਡੀ ਏ ਦੀ ਸਰਕਾਰ ਦੀ ਵਾਪਸੀ ਦਾ ਅਨੁਮਾਨ ਲਾਇਆ ਗਿਆ ਸੀ, ਪਰ ਉਸ ਨੂੰ 189 ਸੀਟਾਂ ਮਿਲੀਆਂ ਸਨ ਤੇ ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿੱਚ ਯੂ ਪੀ ਏ ਦੀ ਸਰਕਾਰ ਬਣੀ ਸੀ। ਇਸੇ ਤਰ੍ਹਾਂ 2009 ਵਿੱਚ ਯੂ ਪੀ ਏ ਨੂੰ 199 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਸੀ, ਪਰ ਮਿਲੀਆਂ ਸਨ 262 ਤੇ ਮੁੜ ਕਾਂਗਰਸ ਦੀ ਅਗਵਾਈ ਵਿੱਚ ਡਾ. ਮਨਮੋਹਨ ਸਿੰਘ ਦੀ ਤਾਜਪੋਸ਼ੀ ਹੋ ਗਈ ਸੀ। ਇਸ ਲਈ ਹੁਣੇ ਹੀ ਅੰਦਾਜ਼ੇ ਲਾਈ ਜਾਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣ ਰਹੇ ਹਨ, ਕਿਸੇ ਤਰ੍ਹਾਂ ਵੀ ਵਾਜਬ ਨਹੀਂ।
ਹੁਣ ਲਈਏ ਪੰਜਾਬ ਦੀ ਗੱਲ। ਚੋਣਾਂ ਦੇ ਐਲਾਨ ਸਮੇਂ ਇਹ ਆਮ ਧਾਰਨਾ ਸੀ ਕਿ ਕਾਂਗਰਸ ਦਾ ਮੁਕਾਬਲਾ ਹੀ ਨਹੀਂ, ਵਿਰੋਧੀ ਧਿਰਾਂ ਪਾਟੀਆਂ ਹੋਈਆਂ ਹਨ, ਇਸ ਲਈ ਸਾਰੀਆਂ ਸੀਟਾਂ ਕਾਂਗਰਸ ਨੇ ਹੂੰਝ ਲਿਜਾਣੀਆਂ ਹਨ, ਪਰ ਜਿਉਂ-ਜਿਉਂ ਚੋਣ ਘੋਲ ਮਘਦਾ ਗਿਆ, ਹਰ ਹਲਕੇ ਵਿੱਚ ਨਵੇਂ ਸਮੀਕਰਨ ਬਣਦੇ ਗਏ। ਜੇਕਰ ਹਲਕਾਵਾਰ ਗੱਲ ਕਰੀਏ ਤਾਂ ਸਾਰੇ ਪੰਜਾਬ 'ਚੋਂ ਮਿਲੀਆਂ ਰਿਪੋਰਟਾਂ ਦੇ ਅਧਾਰ ਉੱਤੇ ਦੋ-ਚਾਰ ਸੀਟਾਂ ਨੂੰ ਛੱਡ ਕੇ ਮੁਕਾਬਲੇ ਬਹੁਕੋਨੇ ਹੋ ਗਏ ਸਨ।
ਗੁਰਦਾਸਪੁਰ ਵਾਲੀ ਸੀਟ ਬਾਰੇ ਕਿਹਾ ਜਾਂਦਾ ਸੀ ਕਿ ਉੱਥੇ ਭਾਜਪਾ ਨੂੰ ਕੋਈ ਉਮੀਦਵਾਰ ਨਹੀਂ ਲੱਭਾ, ਇਸ ਲਈ ਮੁੰਬਈ ਤੋਂ ਸੰਨੀ ਦਿਓਲ ਨੂੰ ਲਿਆ ਕੇ ਖੜਾ ਕਰਨਾ ਪਿਆ, ਪਰ ਆਖਰੀ ਰਿਪੋਰਟਾਂ ਇਹ ਦੱਸਦੀਆਂ ਹਨ ਕਿ ਉੱਥੇ ਸੁਨੀਲ ਜਾਖੜ ਲਈ ਰਾਹ ਸੁਖੇਰਾ ਨਹੀਂ ਰਿਹਾ। ਭਾਵੇਂ ਪੰਜਾਬ ਭਰ ਵਿੱਚ ਮੋਦੀ ਜਾਂ ਬਾਲਾਕੋਟ ਵਾਲੀ ਏਅਰ ਸਟ੍ਰਾਈਕ ਦਾ ਕੋਈ ਖਾਸ ਅਸਰ ਨਹੀਂ ਦਿਸਦਾ, ਪਰ ਪਠਾਨਕੋਟ, ਭੋਆ ਤੇ ਧਾਰ ਬਲਾਕ ਦੇ ਏਰੀਏ, ਜਿਹੜੇ ਜੰਮੂ ਤੇ ਹਿਮਾਚਲ ਨਾਲ ਲੱਗਦੇ ਹਨ, ਵਿੱਚ ਵਸਦੇ ਵੋਟਰਾਂ ਵਿੱਚ ਇਸ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ। ਸੰਨੀ ਦਿਓਲ ਨੌਜਵਾਨਾਂ ਨੂੰ ਆਪਣੇ ਨਾਲ ਤੋਰਨ ਵਿੱਚ ਵੀ ਕਾਮਯਾਬ ਹੋਏ ਹਨ। ਟੱਕਰ ਫਸਵੀਂ ਹੈ, ਬਾਜ਼ੀ ਕੋਈ ਵੀ ਮਾਰ ਸਕਦਾ ਹੈ।
ਅੰਮ੍ਰਿਤਸਰ ਸੀਟ ਉੱਤੇ ਵੀ ਭਾਜਪਾ ਨੇ ਦਿੱਲੀ ਤੋਂ ਲਿਆ ਕੇ ਹਰਦੀਪ ਪੁਰੀ 'ਤੇ ਦਾਅ ਖੇਡਿਆ ਹੈ ਤੇ ਕਾਂਗਰਸ ਵੱਲੋਂ ਗੁਰਜੀਤ ਸਿੰਘ ਔਜਲਾ ਮੁੜ ਕਿਸਮਤ ਅਜਮਾ ਰਹੇ ਹਨ। ਉਪਰੋਂ ਦੇਖਣ ਨੂੰ ਕਾਂਗਰਸ ਦਾ ਹੱਥ ਕਾਫ਼ੀ ਉੱਪਰ ਭਾਸਦਾ ਹੈ। ਅਕਾਲੀ ਵੋਟਾਂ ਕਈ ਹਿੱਸਿਆਂ ਵਿੱਚ ਵੰਡੀਆਂ ਹੋਈਆਂ ਹਨ। ਅੰਮ੍ਰਿਤਸਰ ਸ਼ਹਿਰ ਦੀਆਂ ਭਾਜਪਾ ਤੇ ਮੋਦੀ ਪੱਖੀ ਵੋਟਾਂ ਹਰਦੀਪ ਪੁਰੀ ਨੂੰ ਇਕੱਲਿਆਂ ਸ਼ਾਇਦ ਸਿਰੇ ਨਾ ਲਾ ਸਕਣ।
ਨਾਲ ਲੱਗਦੀ ਖਡੂਰ ਸਾਹਿਬ ਦੀ ਸੀਟ ਨੂੰ ਪੰਥਕ ਸੀਟ ਮੰਨਿਆ ਜਾਂਦਾ ਹੈ। ਇੱਥੇ ਲੜਾਈ ਤਿੰਨ ਧਿਰੀ ਸੀ। ਆਖ਼ਰੀ ਰਿਪੋਰਟਾਂ ਮੁਤਾਬਕ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੇ ਜਸਬੀਰ ਸਿੰਘ ਡਿੰਪਾ ਤੇ ਪੀ ਡੀ ਏ ਦੀ ਪਰਮਜੀਤ ਕੌਰ ਖਾਲੜਾ ਵਿਚਕਾਰ ਬਣ ਚੁੱਕਾ ਸੀ। ਅਕਾਲੀ ਦਲ ਦੀ ਬੀਬੀ ਜਗੀਰ ਕੌਰ ਤੀਜੇ ਥਾਂ ਪਛੜਦੀ ਦਿਖਾਈ ਦੇ ਰਹੀ ਸੀ।
ਜਲੰਧਰ ਸੀਟ ਕਾਂਗਰਸ ਦੀ ਸਭ ਤੋਂ ਸੁਰੱਖਿਅਤ ਸੀਟ ਸਮਝੀ ਜਾਂਦੀ ਹੈ, ਪਰ ਇਸ ਵਾਰ ਕਾਂਗਰਸ ਦੀ ਆਪਸੀ ਫੁੱਟ ਤੇ ਪੀ ਡੀ ਏ ਦੇ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਵੱਲੋਂ ਵੱਡੀ ਗਿਣਤੀ ਵੋਟਾਂ ਨੂੰ ਲਾਏ ਖੋਰੇ ਕਾਰਨ ਮੁਕਾਬਲਾ ਬੇਹੱਦ ਸਖ਼ਤ ਬਣ ਚੁੱਕਾ ਹੈ। ਅਕਾਲੀ ਦਲ ਬਾਦਲ ਦੇ ਚਰਨਜੀਤ ਸਿੰਘ ਅਟਵਾਲ ਜੇਕਰ ਬਾਜ਼ੀ ਮਾਰ ਜਾਣ ਤਾਂ ਇਹ ਅੱਤਕਥਨੀ ਨਹੀਂ ਹੋਵੇਗੀ। ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਦਾ ਦਾਰੋਮਦਾਰ ਇਸ ਗੱਲ ਉੱਤੇ ਹੈ ਕਿ ਜਲੰਧਰ ਸ਼ਹਿਰ ਦੇ ਚਾਰ ਹਲਕਿਆਂ ਤੇ ਲੋਹੀਆਂ ਵਿੱਚੋਂ ਉਹ ਆਪਣੀ ਲੀਡ ਨੂੰ ਕਿੱਥੋਂ ਤੱਕ ਪੁਚਾ ਚੁੱਕੇ ਹਨ।
ਹੁਸ਼ਿਆਰਪੁਰ ਵਿੱਚ ਕਾਂਗਰਸ ਦੇ ਰਾਜ ਕੁਮਾਰ ਤੇ ਭਾਜਪਾ ਦੇ ਸੋਮ ਪ੍ਰਕਾਸ਼ ਵਿਚਕਾਰ ਫਸਵਾਂ ਮੁਕਾਬਲਾ ਹੈ। ਭਾਜਪਾ ਨੂੰ ਵੀ ਇੱਥੇ ਸਾਂਪਲਾ ਹਮੈਤੀਆਂ ਦੀ ਨਰਾਜ਼ਗੀ ਭਾਰੀ ਪੈ ਸਕਦੀ ਹੈ। ਬੀਬੀ ਜਗੀਰ ਕੌਰ ਦੇ ਖੁਦ ਖਡੂਰ ਸਾਹਿਬ ਵਿੱਚ ਫਸੇ ਹੋਣ ਕਾਰਣ ਭੁਲੱਥ ਹਲਕੇ ਵਿੱਚ ਵੀ ਅਕਾਲੀ ਵੋਟ ਪੂਰੀ ਸਰਗਰਮ ਨਹੀਂ ਹੋਈ। ਇਸ ਸਥਿਤੀ ਵਿੱਚ ਰਾਜ ਕੁਮਾਰ ਦਾ ਹੱਥ ਉੱਪਰ ਜਾਪਦਾ ਹੈ।
ਆਨੰਦਪੁਰ ਸਾਹਿਬ ਵਿੱਚ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ ਵਿਰੋਧੀ ਧਿਰ ਦੇ ਤਿੰਨ ਮਹਾਂਰਥੀਆਂ: ਆਪਦੇ ਸ਼ੇਰਗਿੱਲ, ਬਸਪਾ ਦੇ ਸੋਢੀ ਤੇ ਟਕਸਾਲੀਆਂ ਦੇ ਬੀਰਦਵਿੰਦਰ ਦੇ ਖਿਲਾਰੇ ਕਾਰਨ ਫਾਇਦਾ ਪਹੁੰਚ ਸਕਦਾ ਹੈ। ਉਸ ਦਾ ਮੁੱਖ ਮੁਕਾਬਲਾ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਹੈ। ਜੇਕਰ ਬਸਪਾ ਦਾ ਸੋਢੀ ਵਿਕਰਮ ਸਿੰਘ ਕਾਂਗਰਸ ਦੀ ਵੋਟ ਨੂੰ ਵੱਡਾ ਖੋਰਾ ਲਾ ਦਿੰਦਾ ਹੈ ਤਾਂ ਮਨੀਸ਼ ਤਿਵਾੜੀ ਦਾ ਨੁਕਸਾਨ ਹੋ ਸਕਦਾ ਹੈ।
ਲੁਧਿਆਣਾ ਵਿੱਚ ਅਖੀਰਲੇ ਸਮੇਂ ਮੁੱਖ ਮੁਕਾਬਲਾ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੇ ਪੀ ਡੀ ਏ ਦੇ ਸਿਮਰਜੀਤ ਸਿੰਘ ਬੈਂਸ ਹੋ ਚੁੱਕਾ ਸੀ। ਸਿਮਰਜੀਤ ਸਿੰਘ ਨੂੰ ਪਿਛਲੀ ਵਾਰ ਦੀਆਂ ਹਰਵਿੰਦਰ ਸਿੰਘ ਫੂਲਕਾ ਵਾਲੀਆਂ ਵੋਟਾਂ ਦੇ ਸ਼ਿਫਟ ਹੋਣ ਦੀਆਂ ਖ਼ਬਰਾਂ ਬਿੱਟੂ ਲਈ ਮੁਸ਼ਕਲ ਖੜੀ ਕਰ ਸਕਦੀਆਂ ਹਨ।
ਫਤਿਹਗੜ੍ਹ ਸਾਹਿਬ ਹਲਕੇ ਵਿੱਚ ਪੀ ਡੀ ਏ ਦਾ ਮਨਵਿੰਦਰ ਸਿੰਘ ਗਿਆਸਪੁਰਾ ਕਾਂਗਰਸ ਦੇ ਡਾ. ਅਮਰ ਸਿੰਘ ਨਾਲ ਸਖ਼ਤ ਮੁਕਾਬਲੇ ਵਿੱਚ ਬਣਿਆ ਲੱਭਦਾ ਸੀ। ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਦਾ ਨਕੋਦਰ ਗੋਲੀ ਕਾਂਡ ਨੇ ਹੀ ਪਿੱਛਾ ਨਹੀਂ ਛੱਡਿਆ। ਗਿਆਸਪੁਰਾ ਨੂੰ ਹੋਂਦ ਚਿਲੜ ਦੇ ਕੇਸ ਨੂੰ ਉਠਾਉਣ ਦਾ ਲਾਭ ਪਿੰਡਾਂ 'ਚੋਂ ਮਿਲਦਾ ਦਿਖਾਈ ਦਿੰਦਾ ਹੈ।
ਫਰੀਦਕੋਟ ਵਿੱਚ ਤਿੰਨ ਧਿਰੀ ਲੜਾਈ ਵਿੱਚ ਕਾਂਗਰਸ ਦੇ ਮੁਹੰਮਦ ਸਦੀਕ ਬਾਜ਼ੀ ਮਾਰ ਸਕਦੇ ਹਨ। ਆਪ ਦੇ ਸਾਧੂ ਸਿੰਘ ਤੇ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਦੂਜੀ ਥਾਂ ਲਈ ਜੂਝਦੇ ਰਹੇ।
ਫਿਰੋਜ਼ਪੁਰ ਵਿੱਚ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਵਿੱਚ ਸ਼ੇਰ ਸਿੰਘ ਘੁਬਾਇਆ ਨੂੰ ਸਥਾਨਕ ਕਾਂਗਰਸੀਆਂ ਦਾ ਸਾਥ ਨਾ ਮਿਲਣਾ ਕਈ ਸੁਆਲ ਖੜੇ ਕਰਦਾ ਹੈ। ਕਈ ਕਾਂਗਰਸੀਆਂ ਦੀਆਂ ਨਜ਼ਰਾਂ ਸੁਖਬੀਰ ਦੀ ਜਲਾਲਾਬਾਦ ਵੀ ਸੀਟ ਉੱਤੇ ਟਿੱਕੀਆਂ ਹੋਈਆਂ ਸਨ। ਇਸ ਲਈ ਸੁਖਬੀਰ ਦੀ ਜਿੱਤ ਯਕੀਨੀ ਜਾਪਦੀ ਹੈ। ਬਠਿੰਡਾ ਵਿੱਚ ਅਕਾਲੀ ਦਲ ਦੀ ਹਰਸਿਮਰਤ ਕੌਰ ਤੇ ਕਾਂਗਰਸ ਦੇ ਰਾਜਾ ਵੜਿੰਗ ਵਿੱਚ ਫਸਵੀਂ ਲੜਾਈ ਸੀ। ਪੀ ਡੀ ਏ ਦੇ ਸੁਖਪਾਲ ਸਿੰਘ ਖਹਿਰਾ ਨੇ ਵੀ ਮੁਕਾਬਲੇ ਨੂੰ ਤਿਕੋਣਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜਿੱਤ ਦਾ ਅੰਦਾਜ਼ਾ ਮੁਸ਼ਕਲ ਹੈ, ਪਰ ਰਾਜਾ ਵੜਿੰਗ ਦਾ ਹੱਥ ਉੱਪਰ ਸੁਣੀਂਦਾ ਹੈ।
ਸੰਗਰੂਰ ਵਿੱਚ ਆਪ ਦੇ ਭਗਵੰਤ ਮਾਨ, ਕਾਂਗਰਸ ਦੇ ਕੇਵਲ ਸਿੰਘ, ਢਿੱਲੋਂ ਤੇ ਪਰਮਿੰਦਰ ਸਿੰਘ ਢੀਂਡਸਾ ਵਿੱਚ ਫਸਵਾਂ ਮੁਕਾਬਲਾ ਹੈ। ਭਗਵੰਤ ਮਾਨ ਵੱਲੋਂ ਸੀਟ ਕੱਢ ਲੈਣ ਦੇ ਵੱਧ ਚਰਚੇ ਹਨ, ਪਰ ਲੜਾਈ ਨੱਕੋ-ਨੱਕ ਹੈ।
ਪਟਿਆਲਾ ਵਾਲੀ ਸੀਟ ਉੱਤੇ ਮੁੱਖ ਮੁਕਾਬਲਾ ਕਾਂਗਰਸ ਦੀ ਪ੍ਰਨੀਤ ਕੌਰ ਤੇ ਪੀ ਡੀ ਏ ਦੇ ਡਾ. ਧਰਮਵੀਰ ਗਾਂਧੀ ਵਿੱਚ ਬਣ ਚੁੱਕਾ ਸੀ। ਕਾਂਗਰਸ ਦੀ ਸਰਕਾਰ ਹੋਣ ਦਾ ਲਾਭ ਪ੍ਰਨੀਤ ਕੌਰ ਨੂੰ ਮਿਲਦਾ ਲੱਭਦਾ ਹੈ। ਇਸ ਸਮੁੱਚੇ ਚੋਣ ਘੋਲ ਨੇ ਪੰਜਾਬ ਵਿੱਚ ਇੱਕ ਤੀਜੀ ਧਿਰ ਦੀ ਹੋਂਦ ਦਾ ਅਹਿਸਾਸ ਕਰਾਉਣ ਦਾ ਕੰਮ ਕੀਤਾ ਹੈ। ਇਹ ਪੰਜਾਬ ਦੇ ਭਵਿੱਖ ਲਈ ਇੱਕ ਸੁਖਾਵਾਂ ਮੋੜਾ ਹੋਵੇਗਾ।