Latest News
ਕਮਲਨਾਥ ਸਰਕਾਰ ਤੋੜਨ ਦੀ ਤਿਆਰੀ

Published on 20 May, 2019 11:32 AM.


ਭੋਪਾਲ : ਐਗਜ਼ਿਟ ਪੋਲ ਤੋਂ ਬਾਅਦ ਭਾਜਪਾ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੂੰ ਸੁੱਟਣ ਲਈ ਸਰਗਰਮ ਹੋ ਗਈ ਹੈ। ਇਸ ਦੇ ਆਗੂ ਗੋਪਾਲ ਭਾਰਗਵ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਵਿਧਾਨ ਸਭਾ ਦਾ ਅਜਲਾਸ ਸੱਦਣ ਦੀ ਮੰਗ ਕੀਤੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਕਾਂਗਰਸ ਸਰਕਾਰ ਬਹੁਮਤ ਵਿਚ ਹੈ ਕਿ ਨਹੀਂ।
ਭਾਜਪਾ ਆਗੂ ਲਗਾਤਾਰ ਕਹਿੰਦੇ ਆਏ ਹਨ ਕਿ ਮੋਦੀ ਸਰਕਾਰ ਮੁੜ ਬਣਦੀ ਹੈ ਤਾਂ ਕਮਲਨਾਥ ਸਰਕਾਰ ਸੰਕਟ ਵਿਚ ਆ ਜਾਏਗੀ। ਕੁਲ 230 ਸੀਟਾਂ ਵਾਲੀ ਵਿਧਾਨ ਸਭਾ ਦੀਆਂ 2018 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਨੂੰ ਬਹੁਮਤ ਲਈ ਲੋੜੀਂਦੀਆਂ 116 ਤੋਂ ਦੋ ਘੱਟ 114 ਸੀਟਾਂ ਮਿਲੀਆਂ ਸਨ, ਜਦਕਿ ਭਾਜਪਾ 109 ਸੀਟਾਂ ਜਿੱਤੀ ਸੀ। ਚਾਰ ਸੀਟਾਂ ਆਜ਼ਾਦ ਜਿੱਤੇ ਸਨ ਅਤੇ ਇਕ ਸਪਾ ਤੇ ਦੋ ਬਸਪਾ ਦੇ ਹੱਥ ਲੱਗੀਆਂ ਸਨ। ਸਪਾ, ਬਸਪਾ ਤੇ ਆਜ਼ਾਦਾਂ ਦੀ ਹਮਾਇਤ ਨਾਲ ਕਮਲਨਾਥ ਨੇ ਬਹੁਮਤ ਸਾਬਤ ਕਰ ਦਿੱਤਾ ਸੀ। ਸਰਕਾਰ ਬਣਨ ਤੋਂ ਬਾਅਦ ਸਪਾ ਤੇ ਬਸਪਾ ਵਿਧਾਇਕ ਕਾਂਗਰਸ ਨਾਲ ਨਾਰਾਜ਼ ਹੋ ਗਏ। ਇਸ ਤੋਂ ਬਾਅਦ ਭਾਜਪਾ ਦੇ ਵੱਡੇ ਆਗੂ ਸਰਕਾਰ ਤੋੜਨ ਦੇ ਬਿਆਨ ਦਿੰਦੇ ਰਹਿੰਦੇ ਹਨ। ਕੈਲਾਸ਼ ਵਿਜੇਵਰਗੀਯ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਜਿੱਦਣ ਉੱਪਰੋਂ ਆਦੇਸ਼ ਆਏਗਾ, ਉਸੇ ਦਿਨ ਸਰਕਾਰ ਡੇਗ ਦੇਵਾਂਗੇ। ਦਰਅਸਲ ਜਦੋਂ ਦੀ ਕਮਲਨਾਥ ਸਰਕਾਰ ਬਣੀ ਹੈ, ਉਹ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਰੜਕ ਰਹੀ ਹੈ। ਭਾਜਪਾ ਵੱਲੋਂ ਅਜਲਾਸ ਸੱਦ ਕੇ ਵਿਸ਼ਵਾਸ ਦਾ ਵੋਟ ਹਾਸਲ ਕਰਨ 'ਤੇ ਜ਼ੋਰ ਪਾਉਣ ਨਾਲ ਮੈਂਬਰਾਂ ਦੀ ਖਰੀਦੋ-ਫਰੋਖਤ ਦੀ ਸਿਆਸਤ ਸ਼ੁਰੂ ਹੋਣ ਵਾਲੀ ਹੈ। ਇਸ ਦਰਮਿਆਨ ਸੰਸਦੀ ਮਾਮਲਿਆਂ ਦੇ ਮੰਤਰੀ ਡਾ. ਗੋਵਿੰਦ ਸਿੰਘ ਨੇ ਕਿਹਾ ਕਿ ਉਹ ਬਹੁਮਤ ਸਾਬਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਭਾਜਪਾ ਸ਼ੇਖਚਿੱਲੀ ਦੇ ਸੁਫਨੇ ਦੇਖ ਰਹੀ ਹੈ। ਕਾਂਗਰਸ ਦੇ ਜਨਰਲ ਸੈਕਟਰੀ ਦੀਪਕ ਬਾਬਰੀਆ ਨੇ ਕਿਹਾ ਕਿ ਭਾਜਪਾ ਭ੍ਰਿਸ਼ਟ ਤਰੀਕਿਆਂ ਨਾਲ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਲੋਕਾਂ ਦੇ ਫਤਵੇ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸੂਬੇ ਦੇ ਲੋਕ ਉਸ ਨੂੰ ਮੁਆਫ ਨਹੀਂ ਕਰਨਗੇ।

253 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper