Latest News
ਮੋਦੀ ਨੂੰ ਰੋਕਣ ਲਈ ਆਪੋਜ਼ੀਸ਼ਨ ਸਰਗਰਮ

Published on 20 May, 2019 11:33 AM.


ਨਵੀਂ ਦਿੱਲੀ : ਹਾਲਾਂਕਿ ਐਗਜ਼ਿਟ ਪੋਲਾਂ ਨੇ ਮੋਦੀ ਸਰਕਾਰ ਦੀ ਵਾਪਸੀ ਦੀ ਭਵਿੱਖਬਾਣੀ ਕੀਤੀ ਹੈ ਆਪੋਜ਼ੀਸ਼ਨ ਪਾਰਟੀਆਂ ਨੂੰ ਅਜੇ ਵੀ ਉਮੀਦ ਹੈ ਕਿ 23 ਮਈ ਦੇ ਨਤੀਜੇ ਵੱਖਰੇ ਹੋਣਗੇ। ਇਸੇ ਦੇ ਮੱਦੇਨਜ਼ਰ ਉਨ੍ਹਾਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਆਪੋਜ਼ੀਸ਼ਨ ਆਗੂਆਂ ਦੀ ਕੋਸ਼ਿਸ਼ ਹੈ ਕਿ ਜੇ ਕਰੀਬੀ ਮਾਮਲਾ ਬਣਦਾ ਹੈ ਤਾਂ ਯੂ ਪੀ ਏ ਸਮੇਤ ਤੀਜੇ ਮੋਰਚੇ ਦੀ ਸੰਭਾਵਨਾ ਉੱਤੇ ਵੀ ਵਿਚਾਰ ਕੀਤਾ ਜਾਏ।
ਸੋਮਵਾਰ ਸਵੇਰੇ ਸਪਾ ਪ੍ਰਧਾਨ ਅਖਿਲੇਸ਼ ਲਖਨਊ ਵਿਚ ਬਸਪਾ ਸੁਪਰੀਮੋ ਮਾਇਆਵਤੀ ਨੂੰ ਮਿਲਣ ਪਹੁੰਚੇ। ਉਨ੍ਹਾਂ ਨਤੀਜਿਆਂ ਉੱਤੇ ਲੱਗਭੱਗ ਇਕ ਘੰਟਾ ਗੱਲਬਾਤ ਕੀਤੀ।
ਉਧਰ ਸ਼ਰਦ ਪਵਾਰ ਨੇ ਵੀ ਇਲਾਕਾਈ ਪਾਰਟੀਆਂ ਦੇ ਆਗੂਆਂ ਨਾਲ ਤਾਰਾਂ ਜੋੜੀਆਂ ਹੋਈਆਂ ਹਨ। ਪਵਾਰ ਨੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ। ਪਟਨਾਇਕ ਨੇ ਅਜੇ ਤੱਕ ਪੱਤੇ ਨਹੀਂ ਖੋਲ੍ਹੇ। ਭਾਜਪਾ ਨੇ ਪਟਨਾਇਕ ਪ੍ਰਤੀ ਪਹਿਲਾਂ ਹੀ ਨਰਮ ਰੁਖ ਅਪਣਾਇਆ ਹੋਇਆ ਹੈ। ਅਜਿਹੇ ਵਿਚ ਪਵਾਰ ਦੇ ਪਟਨਾਇਕ ਨਾਲ ਸੰਪਰਕ ਨੇ ਸਸਪੈਂਸ ਵਧਾ ਦਿੱਤਾ ਹੈ। ਪਵਾਰ ਆਂਧਰਾ ਵਿਚ ਵਾਈ ਅੱੈਸ ਆਰ ਕਾਂਗਰਸ ਦੇ ਆਗੂ ਜਗਨ ਮੋਹਨ ਰੈਡੀ ਦੇ ਵੀ ਸੰਪਰਕ ਵਿਚ ਹਨ। ਜਗਨ ਤੇ ਪਟਨਾਇਕ ਦਾ ਰੁਖ ਅਜੇ ਤਕ ਭਾਜਪਾ ਪ੍ਰਤੀ ਨਰਮ ਰਿਹਾ ਹੈ। ਭਾਜਪਾ ਨੇ ਪ੍ਰਚਾਰ ਦੌਰਾਨ ਇਨ੍ਹਾਂ 'ਤੇ ਜ਼ਿਆਦਾ ਹਮਲੇ ਨਹੀਂ ਕੀਤੇ ਸਨ। ਮੰਨਿਆ ਜਾ ਰਿਹਾ ਹੈ ਕਿ ਜੇ 23 ਮਈ ਨੂੰ ਅਸਲ ਨਤੀਜੇ ਥੋੜ੍ਹੇ ਵੱਖਰੇ ਆਉਂਦੇ ਹਨ ਤਾਂ ਭਾਜਪਾ ਨੂੰ ਦੂਰ ਰੱਖਣ ਲਈ ਆਪੋਜ਼ੀਸ਼ਨ ਪਾਰਟੀਆਂ ਸਾਂਝੀ ਸਰਕਾਰ ਬਣਾਉਣ ਦੀ ਰਣਨੀਤੀ ਅਪਨਾਉਣਗੀਆਂ। ਰਾਹੁਲ ਗਾਂਧੀ ਨੇ ਵੀ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਜਾਰੀ ਰੱਖਿਆ ਹੋਇਆ ਹੈ। ਮਮਤਾ ਬੈਨਰਜੀ ਨੇ ਕੋਲਕਾਤਾ ਵਿਚ ਕਿਹਾ ਕਿ ਉਸ ਦੀ ਅਖਿਲੇਸ਼ ਨਾਲ ਗੱਲ ਹੋਈ ਹੈ ਤੇ ਉਸ ਨੇ ਯੂ ਪੀ ਵਿਚ ਸਪਾ-ਬਸਪਾ ਵੱਲੋਂ 50 ਸੀਟਾਂ ਜਿੱਤਣ ਦੀ ਗੱਲ ਕਹੀ ਹੈ।
ਦੂਜੇ ਪਾਸੇ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕਜੁਟ ਕਰਨ ਵਿਚ ਲੱਗੇ ਆਂਧਰਾ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਮਮਤਾ ਨਾਲ ਸ਼ਾਮ ਨੂੰ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਹ ਐਤਵਾਰ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ, ਸੋਨੀਆ ਗਾਂਧੀ, ਸ਼ਰਦ ਪਵਾਰ ਤੇ ਸੀਤਾ ਰਾਮ ਯੇਚੁਰੀ ਨੂੰ ਮਿਲੇ ਸਨ। ਉਨ੍ਹਾ ਸ਼ਨੀਵਾਰ ਲਖਨਊ ਵਿਚ ਮਾਇਆਵਤੀ ਤੇ ਅਖਿਲੇਸ਼ ਨਾਲ ਮੁਲਾਕਾਤ ਕੀਤੀ ਸੀ। ਮਾਇਆਵਤੀ ਦੇ ਸੋਮਵਾਰ ਦਿੱਲੀ ਵਿਚ ਸੋਨੀਆ ਤੇ ਰਾਹੁਲ ਨਾਲ ਮਿਲਣ ਦੀਆਂ ਰਿਪੋਰਟਾਂ ਸਨ, ਪਰ ਐਨ ਮੌਕੇ 'ਤੇ ਉਨ੍ਹਾ ਪ੍ਰੋਗਰਾਮ ਰੱਦ ਕਰ ਦਿੱਤਾ। ਇਸ ਦਰਮਿਆਨ ਬੀਜੂ ਜਨਤਾ ਦਲ ਦੇ ਬੁਲਾਰੇ ਅਮਰ ਪਟਨਾਇਕ ਨੇ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਉਨ੍ਹਾਂ ਦੇ ਮੁੱਦੇ ਹੱਲ ਕਰਨ ਵਿਚ ਮਦਦ ਕਰੇਗੀ, ਪਾਰਟੀ ਉਸ ਦਾ ਹਿੱਸਾ ਬਣ ਸਕਦੀ ਹੈ। ਉਨ੍ਹਾ ਇਹ ਵੀ ਕਿਹਾ ਕਿ ਐਗਜ਼ਿਟ ਪੋਲ ਤੋਂ ਅੱੈਨ ਡੀ ਏ ਦੀ ਸਰਕਾਰ ਬਣਦੀ ਲੱਗਦੀ ਹੈ।

408 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper