Latest News
ਐਗਜ਼ਿਟ ਪੋਲਾਂ ਦਾ ਕੱਚ-ਸੱਚ

Published on 21 May, 2019 11:17 AM.


19 ਮਈ ਨੂੰ ਪਈਆਂ ਵੋਟਾਂ ਵਾਲੇ ਦਿਨ ਤੋਂ ਹੀ ਵੱਖ-ਵੱਖ ਐਗਜ਼ਿਟ ਪੋਲਾਂ ਰਾਹੀਂ ਕੀਤੇ ਗਏ ਸਰਵੇਖਣਾਂ ਦੀਆਂ ਰਿਪੋਰਟਾਂ ਸਭ ਟੀ ਵੀ ਚੈਨਲਾਂ ਉਤੇ ਪ੍ਰਸਾਰਤ ਹੋ ਰਹੀਆਂ ਹਨ। ਲੱਗਭੱਗ ਹਰ ਸਰਵੇਖਣ ਭਾਜਪਾ ਨੂੰ 300 ਦੇ ਅੰਕੜੇ ਤੱਕ ਪੁਚਾਉਂਦਿਆਂ ਨਰਿੰਦਰ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣ ਜਾਣ ਦੀ ਭਵਿੱਖਬਾਣੀ ਕਰੀ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਨ੍ਹਾਂ ਐਗਜ਼ਿਟ ਪੋਲਾਂ ਦੀ ਸੱਚਾਈ ਬਾਰੇ ਲਗਾਤਾਰ ਕਿੰਤੂ-ਪ੍ਰੰਤੂ ਹੋ ਰਹੇ ਹਨ। 'ਟਾਇਮਜ਼ ਨਾਓ' ਨੇ ਆਪਣੇ ਐਗਜ਼ਿਟ ਪੋਲ ਦੇ ਅੰਕੜੇ ਪੇਸ਼ ਕਰਦਿਆਂ ਉਤਰਾਖੰਡ ਵਿੱਚ ਆਮ ਆਦਮੀ ਪਾਰਟੀ ਨੂੰ 2.9 ਫ਼ੀਸਦੀ ਵੋਟ ਮਿਲਦੀ ਦਿਖਾਈ ਹੈ, ਜਦੋਂ ਕਿ ਉੱਥੇ ਆਮ ਆਦਮੀ ਪਾਰਟੀ ਵੱਲੋਂ ਕੋਈ ਉਮੀਦਵਾਰ ਹੀ ਖੜਾ ਨਹੀਂ ਸੀ ਕੀਤਾ ਗਿਆ। ਇਸ ਤੋਂ ਇਲਾਵਾ ਵੱਖੋ-ਵੱਖ ਐਗਜ਼ਿਟ ਪੋਲਾਂ ਦੇ ਦਾਅਵਿਆਂ ਵਿੱਚ ਏਨਾ ਫ਼ਰਕ ਹੈ ਕਿ ਯਕੀਨ ਕਰਨਾ ਔਖਾ ਹੈ। ਮਿਸਾਲ ਦੇ ਤੌਰ ਉੱਤੇ ਇੱਕ ਐਗਜ਼ਿਟ ਪੋਲ ਯੂ ਪੀ ਵਿੱਚ ਭਾਜਪਾ ਨੂੰ 15-20 ਸੀਟਾਂ ਦੇ ਰਿਹਾ ਹੈ ਅਤੇ ਦੂਜਾ 65 ਤੋਂ ਵੱਧ ਸੀਟਾਂ ਦੇ ਰਿਹਾ ਹੈ। ਇਸੇ ਤਰ੍ਹਾਂ ਇੱਕ ਪੋਲ ਯੂ ਪੀ 'ਚ ਮਹਾਂਗਠਬੰਧਨ ਨੂੰ 55 ਸੀਟਾਂ ਦੇ ਰਿਹਾ ਹੈ ਤੇ ਚਾਣਕਿਆ ਨਾਂਅ ਦਾ ਪੋਲ ਸਿਰਫ਼ 13 ਦੇ ਰਿਹਾ ਹੈ। ਜੇਕਰ ਨਤੀਜੇ ਐਗਜ਼ਿਟ ਪੋਲਾਂ ਦੇ ਅੰਦਾਜੇ ਮੁਤਾਬਕ ਹੀ ਨਿਕਲਣੇ ਹਨ ਤਾਂ ਫਿਰ ਏਨਾ ਅੰਤਰ ਕਿਉਂ?
ਐਗਜ਼ਿਟ ਪੋਲਾਂ ਦਾ ਸੱਚ ਜਾਨਣਾ ਹੈ ਤਾਂ ਸਾਨੂੰ ਸ਼ੇਅਰ ਬਜ਼ਾਰ ਵਿੱਚ ਹੋਈ ਹਲਚਲ ਵੱਲ ਵੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਐਗਜ਼ਿਟ ਪੋਲ ਆਉਣ ਤੋਂ ਬਾਅਦ ਸ਼ੇਅਰ ਬਜ਼ਾਰ ਨੇ 18 ਮਈ 2009 ਪਿੱਛੋਂ ਪਹਿਲੀ ਵਾਰ ਏਨੀ ਉੱਚੀ ਛਾਲ ਮਾਰੀ ਹੈ। ਸੈਂਸੈਕਸ 1422 ਅੰਕ ਦੀ ਛਲਾਂਗ ਲਗਾ ਕੇ 39353 ਉੱਤੇ ਬੰਦ ਹੋਇਆ ਅਤੇ ਨਿਫਟੀ 421 ਅੰਕ ਨਾਲ ਉੱਛਲ ਕੇ 11828 'ਤੇ ਪੁੱਜ ਗਿਆ। ਇਸ ਇੱਕੋ ਦਿਨ ਵਿੱਚ ਅਡਾਨੀਆਂ-ਅੰਬਾਨੀਆਂ ਵਰਗੇ ਪੂੰਜੀਪਤੀਆਂ ਦੀਆਂ ਤਜੌਰੀਆਂ ਵਿੱਚ ਅਰਬਾਂ ਰੁਪਏ ਦੇ ਵਾਰੇ-ਨਿਆਰੇ ਹੋ ਗਏ ਹਨ। ਸੈਂਸੈਕਸ ਹੇਠਲੇ ਸ਼ੇਅਰਾਂ ਦੀ ਪੂੰਜੀ ਵਿੱਚ 5 ਲੱਖ ਕਰੋੜ ਦਾ ਵਾਧਾ ਹੋ ਗਿਆ ਹੈ ਤੇ ਨਿਫਟੀ ਵਾਲੇ ਸ਼ੇਅਰਾਂ ਦੀ ਪੂੰਜੀ ਵਿੱਚ 43 ਹਜ਼ਾਰ ਕਰੋੜ ਰੁਪਏ ਹੋਰ ਜੁੜ ਗਏ ਹਨ। ਅਡਾਨੀ ਦੀ ਕੰਪਨੀ ਦੇ ਸ਼ੇਅਰ ਵਿੱਚ 17 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ, ਟਾਟਾ ਮੋਟਰਜ਼ ਤੇ ਯੈੱਸ ਬੈਂਕ ਦੇ ਸ਼ੇਅਰਾਂ ਵਿੱਚ 7 ਫ਼ੀਸਦੀ ਦਾ ਉਛਾਲ ਆ ਚੁੱਕਾ ਹੈ। ਅਡਾਨੀਆਂ, ਅੰਬਾਨੀਆਂ, ਟਾਟਿਆਂ ਤੇ ਬਿਰਲਿਆਂ ਦੀਆਂ ਪੌਂ ਬਾਰਾਂ ਹੋ ਗਈਆਂ ਹਨ। ਇਸ ਕਰਕੇ ਐਗਜ਼ਿਟ ਪੋਲਾਂ ਵਾਲਿਆਂ ਨੂੰ ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ 23 ਮਈ ਨੂੰ ਨਤੀਜੇ ਕੀ ਆਉਂਦੇ ਹਨ, ਉਨ੍ਹਾਂ ਨੂੰ ਤਾਂ ਕਾਰਪੋਰੇਟਾਂ ਵੱਲੋਂ ਜੋ ਗੱਫੇ ਮਿਲਣੇ ਸੀ, ਮਿਲ ਚੁੱਕੇ ਹਨ।
ਅਜਿਹਾ ਕੋਈ ਪਹਿਲੀ ਵਾਰ ਨਹੀਂ, ਪਹਿਲਾਂ ਵੀ ਹੁੰਦਾ ਰਿਹਾ ਹੈ। 2004 ਵਿੱਚ ਹੋਈਆਂ ਚੋਣਾਂ ਤੇ ਹੁਣ ਵਾਲੀਆਂ ਚੋਣਾਂ ਵਿੱਚ ਕਾਫ਼ੀ ਸਮਾਨਤਾ ਵੇਖਣ ਨੂੰ ਮਿਲ ਰਹੀ ਹੈ। ਉਸ ਸਮੇਂ ਵਾਜਪਾਈ ਦੀ ਸਰਕਾਰ ਸਮੇਂ ਕਾਰਗਿਲ ਦੀ ਜੰਗ ਜਿੱਤੀ ਗਈ ਸੀ ਤੇ ਇਸੇ ਕਾਰਨ ਵਾਜਪਾਈ ਨੇ ਸਮੇਂ ਤੋਂ 5 ਮਹੀਨੇ ਪਹਿਲਾਂ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਸੀ। ਇਸ ਵਾਰ ਵੀ ਮੋਦੀ ਬਾਲਾਕੋਟ ਦੀ ਏਅਰ ਸਟ੍ਰਾਈਕ ਨੂੰ ਮੁੱਦਾ ਬਣਾ ਕੇ ਚੋਣ ਲੜਦੇ ਨਜ਼ਰ ਆਏ ਹਨ।
ਉਸ ਚੋਣ ਵਿੱਚ ਭਾਜਪਾ ਆਗੂਆਂ ਨੇ ਵਾਜਪਾਈ ਦੇ ਮੁਕਾਬਲੇ ਸੋਨੀਆ ਗਾਂਧੀ ਨੂੰ ਵਿਦੇਸ਼ੀ ਮੂਲ ਹੋਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਸੀ। ਇਸ ਵਾਰ ਵੀ ਮੋਦੀ ਦੇ ਮੁਕਾਬਲੇ ਰਾਹੁਲ ਗਾਂਧੀ ਤੇ ਉਸ ਦੇ ਪਰਵਾਰ ਨੂੰ ਮੁੱਦਾ ਬਣਾ ਕੇ ਚੋਣ ਲੜੀ ਗਈ ਹੈ। ਉਸ ਸਮੇਂ ਵੀ ਵਿਰੋਧੀ ਪਾਰਟੀਆਂ ਨੇ ਆਰਥਿਕ ਖੇਤਰ ਵਿੱਚ ਸਰਕਾਰ ਦੀਆਂ ਨਾਕਾਮੀਆਂ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਮਹਿੰਗਾਈ ਤੇ ਗੁਜਰਾਤ ਦੰਗਿਆਂ ਨੂੰ ਆਪਣੇ ਚੋਣ ਮੁੱਦੇ ਬਣਾਇਆ ਸੀ। ਇਸ ਵਾਰ ਵੀ ਨੋਟਬੰਦੀ, ਜੀ ਐੱਸ ਟੀ, ਬੇਰੁਜ਼ਗਾਰੀ, ਕਿਸਾਨਾਂ ਦੀ ਹਾਲਤ ਵਿੱਚ ਨਿਘਾਰ ਅਤੇ ਸਮਾਜਿਕ ਤਣਾਅ ਨੂੰ ਆਪਣੇ ਮੁੱਦਿਆਂ ਵਿੱਚ ਸ਼ਾਮਲ ਕੀਤਾ ਸੀ।
ਉਸ ਸਮੇਂ ਵੀ ਜ਼ਿਆਦਾ ਖੇਤਰੀ ਪਾਰਟੀਆਂ ਐੱਨ ਡੀ ਏ ਦਾ ਹਿੱਸਾ ਸਨ। ਇਸ ਚੋਣ ਵਾਂਗ ਹੀ ਕੁਝ ਰਾਜਾਂ ਨੂੰ ਛੱਡ ਕੇ ਕਾਂਗਰਸ ਦੇਸ਼ ਪੱਧਰੀ ਗੱਠਜੋੜ ਬਣਾਉਣ ਵਿੱਚ ਨਾਕਾਮ ਰਹੀ ਸੀ। ਯੂ ਪੀ ਵਿੱਚ ਵੀ ਸਮਾਜਵਾਦੀ ਪਾਰਟੀ ਤੇ ਬਸਪਾ ਦੋਵਾਂ ਨੇ ਹੀ ਕਾਂਗਰਸ ਤੋਂ ਦੂਰੀ ਬਣਾ ਕੇ ਰੱਖੀ ਸੀ। ਕਮਿਊਨਿਸਟਾਂ ਨੇ ਵੀ ਪੱਛਮੀ ਬੰਗਾਲ, ਕੇਰਲਾ ਤੇ ਤ੍ਰਿਪੁਰਾ ਵਿੱਚ ਇਕੱਲਿਆਂ ਚੋਣਾਂ ਲੜੀਆਂ ਸਨ, ਇਸ ਵਾਰ ਵੀ ਇਹੋ ਹੋਇਆ ਹੈ।
2004 ਦੀਆਂ ਚੋਣਾਂ ਸਮੇਂ ਵੀ ਸਭ ਸਰਵੇਖਣ ਤੇ ਐਗਜ਼ਿਟ ਪੋਲ ਐੱਨ ਡੀ ਏ ਦੀ ਵਾਪਸੀ ਦੀ ਭਵਿੱਖਬਾਣੀ ਕਰ ਰਹੇ ਸਨ, ਪਰ ਜਦੋਂ 13 ਮਈ ਨੂੰ ਚੋਣ ਨਤੀਜੇ ਆਏ ਤਾਂ ਭਾਜਪਾ ਮੂਧੇ ਮੂੰਹ ਜਾ ਡਿੱਗੀ। ਉਸ ਨੂੰ 138 ਸੀਟਾਂ ਮਿਲੀਆਂ ਤੇ ਉਸ ਦੀ ਵਿਰੋਧੀ ਕਾਂਗਰਸ 141 ਤੱਕ ਜਾ ਪਹੁੰਚੀ। ਕਾਂਗਰਸ ਦੀ ਅਗਵਾਈ ਵਿੱਚ ਯੂ ਪੀ ਏ ਦੀ ਸਰਕਾਰ ਬਣੀ ਤੇ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ।
ਪਰ ਉਦੋਂ ਤੋਂ ਹੁਣ ਤੱਕ ਬਹੁਤ ਕੁਝ ਬਦਲ ਚੁੱਕਾ ਹੈ। ਵਾਜਪਾਈ ਇੱਕ ਸੁਲਝੇ ਹੋਏ ਨਿਮਰ ਵਿਅਕਤੀ ਸਨ ਤੇ ਮੋਦੀ ਦੀ ਛਵੀ ਇੱਕ ਧੱਕੜਸ਼ਾਹ ਵਾਲੀ ਹੈ। ਮੀਡੀਆ ਉਸ ਸਮੇਂ ਅੱਜ ਵਾਂਗ ਇੱਕ ਪਾਸੜ ਨਹੀਂ ਸੀ। ਚੋਣਾਂ ਵਿੱਚ ਸੋਸ਼ਲ ਮੀਡੀਆ ਦਾ ਦਖ਼ਲ, ਵਾਰ ਰੂਮ, ਪੰਨਾ ਪ੍ਰਮੁੱਖ ਤੇ ਕਾਰਪੋਰੇਟ ਮੈਨੇਜਮੈਂਟ ਆਦਿ ਉਸ ਸਮੇਂ ਹਾਲੇ ਸ਼ੁਰੂ ਨਹੀਂ ਸਨ ਹੋਈਆਂ। ਚੋਣ ਕਮਿਸ਼ਨ ਦੀ ਛਵੀ ਵੀ ਨਿਰਪੱਖ ਗਿਣੀ ਜਾਂਦੀ ਸੀ। ਇਸ ਲਈ ਉਨ੍ਹਾਂ ਚੋਣਾਂ ਤੇ ਅੱਜ ਦੀਆਂ ਚੋਣਾਂ ਵਿੱਚ ਬਹੁਤ ਅੰਤਰ ਹੈ। ਇਸ ਦੇ ਬਾਵਜੂਦ ਇਹ ਤਾਂ 23 ਤਰੀਕ ਨੂੰ ਆਉਣ ਵਾਲੇ ਨਤੀਜੇ ਹੀ ਦੱਸਣਗੇ ਕਿ ਇਹਨਾਂ ਗੱਲਾਂ ਦਾ ਚੋਣ ਨਤੀਜਿਆਂ ਉੱਤੇ ਕਿੰਨਾ ਤੇ ਕਿਸ ਤਰ੍ਹਾਂ ਦਾ ਅਸਰ ਪਿਆ ਹੈ।

849 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper