Latest News
ਪੰਜਾਬ ਕਾਂਗਰਸ ਦੇ ਅੰਦਰਲਾ 'ਐਗਜ਼ਿਟ-ਘੋਲ'’

Published on 22 May, 2019 11:21 AM.


ਐਨ ਓਦੋਂ, ਜਦੋਂ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਆਖਰੀ ਪੜਾਅ ਉੱਤੇ ਪੁੱਜਣ ਦੇ ਬਾਅਦ ਸਿਰਫ ਵੋਟਾਂ ਪੈਣ ਵਾਲਾ ਕੰਮ ਹੀ ਬਾਕੀ ਰਹਿੰਦਾ ਸੀ, ਪੰਜਾਬ ਦੀ ਕਾਂਗਰਸ ਪਾਰਟੀ ਵਿੱਚ ਖਹਿਬਾਜ਼ੀ ਨੇ ਸਭ ਦਾ ਧਿਆਨ ਖਿੱਚ ਲਿਆ। ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਰੀ ਦਿਨ ਜਿਹੜੀ ਤਕਰੀਰ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੰਬੀ ਵਿਧਾਨ ਸਭਾ ਹਲਕੇ ਵਿੱਚ ਕੀਤੀ, ਉਸ ਨਾਲ ਅਕਾਲੀ ਦਲ ਦਾ ਓਨਾ ਨੁਕਸਾਨ ਨਹੀਂ ਹੋਇਆ, ਜਿੰਨਾ ਪੰਜਾਬ ਦੀ ਕਾਂਗਰਸ ਦਾ ਹੋਇਆ ਮੰਨਿਆ ਜਾਂਦਾ ਹੈ। ਅਗਲੇ ਦਿਨ ਜਦੋਂ ਜਵਾਬ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਫਾਇਰ ਖੋਲ੍ਹ ਦਿੱਤਾ ਤਾਂ ਰਹਿੰਦੀ ਕਸਰ ਹੀ ਨਹੀਂ ਨਿਕਲ ਗਈ, ਅਗਲੇ ਭੇੜ ਦੇ ਲਈ ਵੀ ਮੈਦਾਨ ਤਿਆਰ ਹੋ ਗਿਆ ਸੀ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਗੱਲ ਕਾਫੀ ਅੱਗੇ ਵਧ ਚੁੱਕੀ ਹੈ।
ਪੰਜਾਬ ਕਾਂਗਰਸ ਇਸ ਵਕਤ ਦੋ ਬਰਾਬਰ ਦੇ ਕੈਂਪਾਂ ਵਿੱਚ ਵੰਡੀ ਪਈ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਕੈਂਪ ਹੈ, ਜਿਸ ਨੂੰ ਕੇਂਦਰ ਦੀ ਕਾਂਗਰਸ ਲੀਡਰਸ਼ਿਪ ਦਾ ਥਾਪੜਾ ਮੰਨਿਆ ਜਾਂਦਾ ਹੈ। ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੈਂਪ ਉਹੀ ਹੈ, ਜਿਹੜਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਕੇਂਦਰੀ ਕਮਾਨ ਤੋਂ ਖਿਝ ਕੇ ਇਸ ਪਾਰਟੀ ਤੋਂ ਵੱਖ ਹੋਣ ਤੇ ਇੱਕ ਨਵੀਂ ਪਾਰਟੀ ਬਣਾਉਣ ਦੇ ਨੇੜੇ ਪਹੁੰਚ ਗਿਆ ਸੀ। ਓਦੋਂ ਸਵਾਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਸੀ ਤੇ ਕੇਂਦਰ ਦੀ ਕਾਂਗਰਸ ਲੀਡਰਸ਼ਿਪ ਕਿਸੇ ਵੀ ਹਾਲਤ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੀ ਕਮਾਨ ਫੜਾਉਣ ਤੋਂ ਝਿਜਕਦੀ ਦੇਖੀ ਜਾ ਸਕਦੀ ਸੀ। ਇਹ ਗੱਲ ਓਦੋਂ ਆਮ ਕਹੀ ਜਾਂਦੀ ਸੀ ਕਿ ਕਾਂਗਰਸ ਲੀਡਰਸ਼ਿਪ ਨੂੰ ਇਸ ਗੱਲ ਦੀ ਖਾਸ ਚਿੰਤਾ ਨਹੀਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਿਵੇਂ ਜਿੱਤਣੀਆਂ ਹਨ, ਸਗੋਂ ਇਸ ਬਾਰੇ ਵੱਧ ਚਿੰਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜਸੀ ਕੱਦ ਲਗਾਤਾਰ ਵਧੀ ਜਾਂਦਾ ਹੈ ਤੇ ਉਸ ਦਾ ਹੋਰ ਵਧਣਾ ਕੇਂਦਰੀ ਲੀਡਰਸ਼ਿਪ ਨੂੰ ਸੁਖਾਉਂਦਾ ਨਹੀਂ ਸੀ। ਆਖਰ ਨੂੰ ਜਦੋਂ ਵੇਖਿਆ ਕਿ ਇਹ ਗਰੁੱਪ ਛੱਡ ਕੇ ਨਿਕਲ ਜਾਵੇ ਤਾਂ ਪਾਰਟੀ ਦਾ ਹਾਲ ਹੋਰ ਮੰਦਾ ਹੋਣ ਦਾ ਡਰ ਹੈ ਤਾਂ ਉਸ ਦੀ ਜ਼ਿੱਦ ਮੰਨ ਕੇ ਪ੍ਰਧਾਨਗੀ ਉਸ ਨੂੰ ਸੌਂਪ ਦਿੱਤੀ ਸੀ, ਪਰ ਪਾਰਟੀ ਲੀਡਰਸ਼ਿਪ ਨੇ ਕਦੀ ਵੀ ਆਪਣੀ ਸੋਚ ਬਦਲਣ ਦੀ ਲੋੜ ਨਹੀਂ ਸੀ ਸਮਝੀ।
ਫਿਰ ਵਿਧਾਨ ਸਭਾ ਚੋਣਾਂ ਹੋਈਆਂ ਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਬਣ ਗਈ। ਨਵਜੋਤ ਸਿੰਘ ਸਿੱਧੂ ਭਾਜਪਾ ਨੂੰ ਛੱਡ ਕੇ ਨਵਾਂ ਆਇਆ ਸੀ, ਪਰ ਉਸ ਦੀ ਜਨਤਕ ਅਪੀਲ ਦਾ ਅਸਰ ਕਿਸੇ ਵੀ ਹੰਢੇ-ਵਰਤੇ ਆਗੂ ਤੋਂ ਘੱਟ ਨਹੀਂ ਸੀ ਤੇ ਉਸ ਨਾਲ ਪਾਰਟੀ ਨੂੰ ਪੰਜਾਬ ਵਿੱਚ ਜਿੱਤਣ ਲਈ ਕਾਫੀ ਮਦਦ ਮਿਲੀ ਸੀ। ਭਾਜਪਾ ਛੱਡਣ ਪਿੱਛੋਂ ਆਮ ਆਦਮੀ ਪਾਰਟੀ ਨਾਲ ਮਿਲਣ ਬਾਰੇ ਗੱਲ ਚਲਾ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਆਖਰ ਵਿੱਚ ਜਦੋਂ ਕਾਂਗਰਸ ਵਿੱਚ ਜਾਣ ਦਾ ਐਲਾਨ ਕੀਤਾ ਤਾਂ ਇਹ ਚਰਚਾ ਵੀ ਚੱਲਣ ਲੱਗ ਪਈ ਕਿ ਉਸ ਨਾਲ ਚੋਣਾਂ ਪਿੱਛੋਂ ਉੱਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਖੁਦ ਕਦੇ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਭਾਵੇਂ ਨਹੀਂ ਸੀ ਕਹੀ, ਪਰ ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਕਰ ਰਹੇ ਸਨ, ਉਨ੍ਹਾਂ ਨੂੰ ਸਿੱਧੂ ਦੇ ਨੇੜਲੇ ਗਿਣਿਆ ਜਾਂਦਾ ਸੀ। ਕੈਪਟਨ ਅਮਰਿੰਦਰ ਸਿੰਘ ਸਾਫ ਕਹੀ ਜਾਂਦੇ ਸਨ ਕਿ ਏਦਾਂ ਦੀ ਕੋਈ ਗੱਲ ਨਹੀਂ ਹੋਈ। ਕੇਂਦਰੀ ਲੀਡਰਸ਼ਿਪ ਕਦੇ ਵੀ ਇਸ ਬਾਰੇ ਚੁੱਪ ਨਹੀਂ ਸੀ ਤੋੜ ਸਕੀ। ਸਰਕਾਰ ਬਣਾਏ ਜਾਣ ਵੇਲੇ ਪਤਾ ਲੱਗਾ ਕਿ ਇਹ ਗੱਲ ਨਹੀਂ ਹੋਣੀ।
ਇਸ ਦੇ ਬਾਅਦ ਕਈ ਮੌਕੇ ਹੋਰ ਆਏ, ਜਦੋਂ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਅਤੇ ਪੰਜਾਬ ਸਰਕਾਰ ਦਾ ਮੁਖੀ ਉਸ ਤੋਂ ਉਲਟ ਦੂਸਰੇ ਥਾਂ ਖੜਾ ਦਿਖਾਈ ਦੇਂਦੇ ਰਹੇ, ਪਰ ਇਸ ਮਾਮਲੇ ਵਿੱਚ ਕੇਂਦਰ ਦੀ ਲੀਡਰਸ਼ਿਪ ਨੇ ਕਦੇ ਵੀ ਦਖਲ ਦੇਣ ਜਾਂ ਕਿਸੇ ਇੱਕ ਲੀਡਰ ਨੂੰ ਰੋਕਣ-ਵਰਜਣ ਦਾ ਕੋਈ ਸੰਕੇਤ ਨਹੀਂ ਸੀ ਦਿੱਤਾ। ਫਿਰ ਪਾਰਲੀਮੈਂਟ ਚੋਣਾਂ ਆਈਆਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਕੇਂਦਰ ਦੇ ਸਟਾਰ ਪ੍ਰਚਾਰਕਾਂ ਵਿੱਚ ਸ਼ਾਮਲ ਕੀਤਾ ਗਿਆ, ਪਰ ਉਸ ਨੂੰ ਪੰਜਾਬ ਦੇ ਕਿਸੇ ਖਾਤੇ ਵਿੱਚ ਨਹੀਂ ਸੀ ਰੱਖਿਆ ਗਿਆ ਤੇ ਆਖਰ ਤੱਕ ਉਸ ਨੂੰ ਪੰਜਾਬ ਤੋਂ ਬਾਹਰ ਘੁੰਮਣਾ ਪਿਆ ਸੀ। ਆਖਰੀ ਦਿਨਾਂ ਵਿੱਚ ਉਹ ਜਦੋਂ ਆਇਆ ਤਾਂ ਇਕੱਲਾ ਨਹੀਂ ਸੀ, ਕੇਂਦਰੀ ਆਗੂ ਪ੍ਰਿਅੰਕਾ ਗਾਂਧੀ ਦੇ ਨਾਲ ਹੈਲੀਕਾਪਟਰ ਵਿੱਚ ਆਇਆ ਸੀ। ਇਸ ਤੋਂ ਉਸ ਦੇ ਪਾਰਟੀ ਵਿੱਚ ਰੁਤਬੇ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ ਤੇ ਨਾਲ ਵਿਵਾਦ ਵੀ ਵਧਣ ਲੱਗ ਪਏ। ਬਠਿੰਡੇ ਵਿੱਚ ਉਸ ਦੇ ਭਾਸ਼ਣ ਤੇ ਫਿਰ ਉਸ ਦੀ ਪਤਨੀ ਵੱਲੋਂ ਮੀਡੀਏ ਨਾਲ ਕੀਤੀਆਂ ਖੁੱਲ੍ਹੀਆਂ ਗੱਲਾਂ ਨੇ ਮਾਮਲਾ ਏਨਾ ਵਧਾ ਛੱਡਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪੈਣ ਵਾਲਾ ਦਿਨ ਵੀ ਲੰਘਾਉਣਾ ਔਖਾ ਹੋ ਗਿਆ ਤੇ ਉਨ੍ਹਾਂ ਨੇ ਕਹਿ ਦਿੱਤਾ ਕਿ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਲੋਕ ਵੋਟਾਂ ਪਾਉਣ ਦੇ ਲਈ ਲਾਈਨਾਂ ਵਿੱਚ ਲੱਗੇ ਹੋਏ ਸਨ ਤੇ ਪੰਜਾਬ ਦੇ ਮੰਤਰੀਆਂ ਦੀ ਇਸ ਗੱਲ ਵਾਸਤੇ ਲਾਈਨ ਲੱਗੀ ਪਈ ਸੀ ਕਿ ਮੁੱਖ ਮੰਤਰੀ ਦੇ ਪੱਖ ਵਿੱਚ ਅਤੇ ਸਿੱਧੂ ਦੇ ਖਿਲਾਫ ਬਿਆਨ ਦੇਣ ਲਈ ਮਹੂਰਤ ਨਾ ਲੰਘ ਜਾਵੇ। ਅੱਗੜ-ਪਿੱਛੜ ਇਸ ਤਰ੍ਹਾਂ ਬਿਆਨ ਦਾਗਣ ਦਾ ਸਿਲਸਿਲਾ ਚੱਲ ਪਿਆ, ਜਿਵੇਂ ਏਸੇ ਨਾਲ ਚੋਣ ਜਿੱਤਣੀ ਹੋਵੇ। ਏਦਾਂ ਕਾਂਗਰਸ ਦਾ ਜਲੂਸ ਨਿਕਲਦਾ ਵੇਖਿਆ ਗਿਆ।
ਤਾਜ਼ਾ ਸਥਿਤੀ ਇਹ ਹੈ ਕਿ ਕੱਲ੍ਹ ਨੂੰ ਚੋਣਾਂ ਦੇ ਨਤੀਜੇ ਆ ਜਾਣੇ ਹਨ। ਇਸ ਨਾਲ ਪੰਜਾਬ ਕਾਂਗਰਸ ਦੇ ਰਾਜਸੀ ਹਾਲਾਤ ਨੇ ਪਲਟਾ ਖਾਣਾ ਹੈ। ਸਮਝਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਕੇਂਦਰ ਵਿੱਚ ਕੁਝ ਮਜ਼ਬੂਤ ਹੋਈ ਤਾਂ ਉਸ ਨੇ ਨਵਜੋਤ ਸਿੰਘ ਸਿੱਧੂ ਨੂੰ ਹੋਰ ਅੱਗੇ ਵਧਣ ਦਾ ਇਸ਼ਾਰਾ ਕਰ ਦੇਣਾ ਹੈ ਤੇ ਜੇ ਉਹ ਪਹਿਲਾਂ ਵਾਂਗ ਜੈੱਕ ਉੱਤੇ ਖੜੀ ਗੱਡੀ ਵਾਂਗ ਆਪਣੇ ਸਪੀਡੋ ਮੀਟਰ ਵੱਲ ਵੇਖਦੀ ਰਹੀ ਤਾਂ ਚੜ੍ਹਤ ਕੈਪਟਨ ਅਮਰਿੰਦਰ ਸਿੰਘ ਦੀ ਹੋਵੇਗੀ। ਇਨ੍ਹਾਂ ਦੋਵਾਂ ਹਾਲਤਾਂ ਵਿੱਚ ਪੰਜਾਬ ਕਾਂਗਰਸ ਅੰਦਰ ਇੱਕ ਤਰ੍ਹਾਂ ਦਾ ਨਵਾਂ ਦੌਰ ਸ਼ੁਰੂ ਹੋਣ ਦੇ ਅੰਦਾਜ਼ੇ ਹਨ, ਜਿਸ ਦੇ ਨਤੀਜੇ ਵਜੋਂ ਦੋਵਾਂ ਲੀਡਰਾਂ ਵਿੱਚੋਂ ਇੱਕ ਨੂੰ ਬਸਤਾ ਚੁੱਕ ਕੇ ਤੁਰਨਾ ਪੈ ਸਕਦਾ ਹੈ। ਉਸ ਆਗੂ ਨੂੰ ਤੋਰਿਆ ਵੀ ਜਾ ਸਕਦਾ ਹੈ ਤੇ ਕੋਈ ਇੱਕ ਜਣਾ ਖਿਝ ਕੇ ਆਪੇ ਵੀ ਤੁਰ ਸਕਦਾ ਹੈ। ਏਦਾਂ ਦੀ ਸਥਿਤੀ ਨੂੰ ਚੋਣਾਂ ਪਿੱਛੋਂ ਪੇਸ਼ ਹੋਏ 'ਐਗਜ਼ਿਟ ਪੋਲ'’ ਤੋਂ ਬਾਅਦ ਵਿੱਚ ਇਸ ਪਾਰਟੀ ਦਾ 'ਐਗਜ਼ਿਟ ਘੋਲ'’ ਵੀ ਕਿਹਾ ਜਾ ਸਕਦਾ ਹੈ ਅਤੇ ਇਸ ਸਥਿਤੀ ਨੂੰ ਟਾਲਣਾ ਵੀ ਇਸ ਵੇਲੇ ਸੰਭਵ ਨਹੀਂ ਲੱਗਦਾ। ਪਤਾ ਨਹੀਂ ਕਾਂਗਰਸ ਲੀਡਰਸ਼ਿਪ ਕਰਨਾ ਕੀ ਚਾਹੁੰਦੀ ਹੈ!
-ਜਤਿੰਦਰ ਪਨੂੰ

832 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper