Latest News
ਹਿੰਦੂਤਵ ਦਾ ਤੋੜ ਸਿਰਫ਼ ਧਰਮ-ਨਿਰਪੱਖਤਾ

Published on 27 May, 2019 11:20 AM.


ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਸਾਲੀ ਜਿੱਤ ਮਿਲੀ ਹੈ। ਨਰਿੰਦਰ ਮੋਦੀ ਅਗਲੇ ਪੰਜ ਸਾਲਾਂ ਲਈ ਫਿਰ ਦੇਸ ਦੇ ਪ੍ਰਧਾਨ ਮੰਤਰੀ ਹੋਣਗੇ। ਨਤੀਜਿਆਂ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਨੇ ਫਿਰ 'ਸਭ ਕਾ ਸਾਥ-ਸਭ ਕਾ ਵਿਕਾਸ' ਦਾ ਨਾਅਰਾ ਦਿੱਤਾ ਹੈ ਤੇ ਇਸ ਨਾਲ ਇੱਕ ਹੋਰ ਵਾਕ 'ਸਭ ਕਾ ਵਿਸ਼ਵਾਸ' ਜੋੜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾ ਭਰੋਸਾ ਦਿੱਤਾ ਹੈ ਕਿ ਕੰਮ ਕਰਦਿਆਂ ਗਲਤੀ ਹੋ ਸਕਦੀ ਹੈ, ਪਰ ਨੀਅਤ ਅਤੇ ਇਰਾਦੇ ਮਾੜੇ ਨਹੀਂ ਹੋਣਗੇ। ਇਸ ਤੋਂ ਬਾਅਦ ਜਿਹੜੇ ਸ਼ਬਦ ਉਨ੍ਹਾ ਕਹੇ ਉਹ ਵਿਸ਼ੇਸ਼ ਧਿਆਨ ਮੰਗਦੇ ਹਨ। ਉਨ੍ਹਾ ਆਪਣੀ ਜਿੱਤ ਦਾ ਗੁਣਗਾਨ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਵਿਰੋਧੀ ਪਾਰਟੀ ਨੂੰ ਧਰਮ-ਨਿਰਪੱਖਤਾ ਦਾ ਬੁਰਕਾ ਪਹਿਨਣ ਦੀ ਹਿੰਮਤ ਤੱਕ ਨਹੀਂ ਹੋਈ। ਇਨ੍ਹਾਂ ਸ਼ਬਦਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਰਿੰਦਰ ਮੋਦੀ ਅਗਲੇ ਪੰਜ ਸਾਲ ਵੀ ਉਨ੍ਹਾਂ ਪਵਿੱਤਰ ਸੰਵਿਧਾਨਕ ਅਸੂਲਾਂ ਨੂੰ ਪੈਰਾਂ ਹੇਠ ਲਿਤਾੜਦੇ ਰਹਿਣਗੇ, ਜਿਹੜੇ ਸਾਡੇ ਲੋਕਤੰਤਰ ਦੀ ਜਿੰਦ-ਜਾਨ ਹਨ।
ਪ੍ਰਧਾਨ ਮੰਤਰੀ ਦੇ ਉਪਰੋਕਤ ਕਥਨ ਵਿੱਚ ਸੱਚਾਈ ਵੀ ਹੈ। ਦੇਸ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਜਦੋਂ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮੰਦਰਾਂ ਦੀ ਪ੍ਰਕਰਮਾ ਸ਼ੁਰੂ ਕੀਤੀ ਸੀ ਤਾਂ ਕੁਝ ਲੋਕਾਂ ਦਾ ਖਿਆਲ ਸੀ ਕਿ ਭਾਜਪਾ ਦੇ ਕੱਟੜ ਹਿੰਦੂਤਵ ਦਾ ਮੁਕਾਬਲਾ ਨਰਮ ਹਿੰਦੂਤਵ ਨਾਲ ਹੀ ਕੀਤਾ ਜਾ ਸਕਦਾ ਹੈ, ਪਰ ਇਹ ਗਲਤ ਸੀ। ਜਿਸ ਨੇ ਹਿੰਦੂਤਵ ਨੂੰ ਅਧਾਰ ਮੰਨ ਕੇ ਵੋਟ ਪਾਉਣੀ ਹੈ, ਉਹ 50 ਸਾਲਾਂ ਤੋਂ ਇਸ ਫ਼ਿਰਕੂ ਸਿਆਸਤ ਨਾਲ ਜੁੜਿਆਂ ਹੋਇਆਂ ਨੂੰ ਪਾਵੇਗਾ, ਚਾਰ ਸਾਲ ਤੋਂ ਹਿੰਦੂਤਵੀ ਮਖੌਟਾ ਧਾਰਨ ਕਰਨ ਵਾਲਿਆਂ ਨੂੰ ਤਾਂ ਉਹ ਪਾਖੰਡੀ ਸਮਝੇਗਾ। ਇਨ੍ਹਾਂ ਚੋਣਾਂ ਵਿੱਚ ਜੇਕਰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਤਾਂ ਇਹ ਦੇਸ ਦੇ ਧਰਮ-ਨਿਰਪੱਖ ਢਾਂਚੇ ਦਾ ਹੋਇਆ ਹੈ। ਇਸ ਲਈ ਜਿਨ੍ਹਾਂ ਸੱਜਣਾ ਨੂੰ ਇਹ ਆਸ ਹੈ ਕਿ ਭਾਜਪਾ ਨੂੰ ਮਿਲੀ ਏਨੀ ਵੱਡੀ ਜਿੱਤ ਲੋਕਤੰਤਰ ਵਿੱਚ ਉਸ ਦੀ ਆਸਥਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ ਤੇ ਉਸ ਦੇ ਆਗੂ ਨਿਮਰਤਾ ਵਾਲਾ ਵਿਹਾਰ ਕਰਨ ਲਈ ਮਜਬੂਰ ਹੋਣਗੇ, ਇਹ ਸਿਰਫ਼ ਸੁਫ਼ਨਾ ਸਾਬਤ ਹੋਣ ਵਾਲਾ ਹੈ।
ਪਿਛਲੇ ਪੰਜ ਸਾਲ ਘੱਟ ਗਿਣਤੀਆਂ ਤੇ ਦਲਿਤ ਜਾਤੀਆਂ ਨੇ ਅਥਾਹ ਜਬਰ ਝੱਲਿਆ ਹੈ। ਇਸ ਦੌਰਾਨ ਹਰ ਕਸਬੇ ਵਿੱਚ ਗਊ ਰੱਖਿਆ ਆਦਿ ਦੇ ਨਾਂਅ ਉੱਤੇ ਅਪਰਾਧੀ ਮਨੋਬ੍ਰਿਤੀ ਦੇ ਵਿਅਕਤੀਆਂ ਨੇ ਜਥੇਬੰਦ ਗਰੋਹ ਖੜੇ ਕਰ ਲਏ ਹਨ। ਕਿੱਤੇ ਇਹ ਬਜਰੰਗ ਦਲ ਦੇ ਨਾਂਅ ਉੱਤੇ ਜਥੇਬੰਦ ਹਨ ਤੇ ਕਿਤੇ ਹਿੰਦੂ ਵਾਹਿਨੀ ਦੇ ਨਾਂਅ ਉੱਤੇ। ਜਿਨ੍ਹਾਂ ਨੂੰ ਇਨ੍ਹਾਂ ਸੰਗਠਨਾਂ ਵਿੱਚ ਅਹੁਦਾ ਨਾ ਮਿਲਿਆ ਉਨ੍ਹਾਂ ਸ੍ਰੀ ਰਾਮ ਸੈਨਾ, ਹਨੂੰਮਾਨ ਸੈਨਾ, ਜੈ ਭਵਾਨੀ ਸੈਨਾ ਵਰਗੇ ਨਾਵਾਂ ਨਾਲ ਨਵੀਂਆਂ ਜਥੇਬੰਦੀਆਂ ਖੜੀਆਂ ਕਰ ਲਈਆਂ ਹਨ। ਲੋਕ ਸਭਾ ਚੋਣਾਂ ਵਿੱਚ ਮਿਸਾਲੀ ਜਿੱਤ ਨੇ ਇਨ੍ਹਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਇਨ੍ਹਾਂ ਲੋਕਾਂ ਲਈ ਕਾਨੂੰਨ ਦਾ ਰਾਜ ਕੋਈ ਮਾਅਨੇ ਨਹੀਂ ਰੱਖਦਾ।
ਨਰਿੰਦਰ ਮੋਦੀ ਨੇ ਹਾਲੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣੀ ਹੈ। ਇਹ ਜਥੇਬੰਦਕ ਗੁੰਡਾ ਗਰੋਹ ਜਿਹੜੇ ਚੋਣਾਂ ਦੌਰਾਨ ਭਾਜਪਾ ਦੀ ਚੋਣ ਮੁਹਿੰਮ ਵਿੱਚ ਰੁੱਝੇ ਹੋਏ ਸਨ, ਫਿਰ ਸਰਗਰਮ ਹੋ ਗਏ ਹਨ। ਬੇਗੂਸਰਾਏ ਵਿੱਚ ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਸੀ, ਤਾਂ ਹਿੰਦੂਤਵੀਆਂ ਦੀ ਭੀੜ ਨੇ ਕਨੱ੍ਹਈਆ ਕੁਮਾਰ ਦੇ ਦਫ਼ਤਰ ਉੱਤੇ ਹੱਲਾ ਬੋਲ ਕੇ ਤੋੜ-ਭੰਨ ਕਰ ਦਿੱਤੀ। ਇੱਕ ਹੋਰ ਘਟਨਾ ਵਿੱਚ ਕਨੱ੍ਹਈਆ ਕੁਮਾਰ ਦੇ ਇੱਕ ਸਮੱਰਥਕ ਨੂੰ ਗੋਲੀ ਮਾਰ ਦਿੱਤੀ ਹੈ।
ਮੱਧ ਪ੍ਰਦੇਸ਼ ਦੇ ਸ਼ਿਵਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਹਿੰਦੂ ਨੌਜਵਾਨ ਇੱਕ ਵਿਅਕਤੀ ਨੂੰ ਦਰੱਖਤ ਨਾਲ ਬੰਨ ਕੇ ਕੁੱਟ ਰਹੇ ਹਨ। ਉਸ ਦੇ ਨਾਲ ਇੱਕ ਔਰਤ ਹੈ, ਉਸ ਨੂੰ ਵੀ ਕੁੱਟਿਆ ਜਾ ਰਿਹਾ ਹੈ ਤੇ ਉਸ ਤੋਂ ਜੈ ਸ੍ਰੀ ਰਾਮ ਦੇ ਨਾਅਰੇ ਲਵਾਏ ਜਾ ਰਹੇ ਹਨ। ਇਸ ਗੁੰਡਾ ਗਰੋਹ ਦੀ ਅਗਵਾਈ ਸ੍ਰੀ ਰਾਮ ਸੈਨਾ ਦਾ ਪ੍ਰਧਾਨ ਸ਼ੁਭਮ ਬਘੇਲ ਕਰ ਰਿਹਾ ਹੈ। ਇਨ੍ਹਾਂ ਪੀੜਤਾਂ ਉੱਤੇ ਦੋਸ਼ ਇਹ ਲਾਇਆ ਗਿਆ ਹੈ ਕਿ ਉਹ ਗਊ ਮਾਸ ਲਿਜਾ ਰਹੇ ਸਨ। ਦੋਸ਼ੀ ਸ਼ੁਭਮ ਪਟੇਲ ਸਾਧਵੀ ਪ੍ਰਗਿਆ ਦਾ ਕਰੀਬੀ ਦੱਸਿਆ ਜਾਂਦਾ ਹੈ। ਪੁਲਸ ਨੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਸ਼ੁਭਮ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਿੱਚ ਸ਼ਾਮਲ ਸੀ ਤੇ ਉਸ ਨੂੰ ਫਰਵਰੀ ਵਿੱਚ ਜ਼ਿਲ੍ਹਾ ਬਦਰ ਕਰ ਦਿੱਤਾ ਗਿਆ ਸੀ।
ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਮੁਸਲਿਮ ਨੌਜਵਾਨ ਨੂੰ ਇਸ ਲਈ ਕੁੱਟਿਆ ਗਿਆ, ਕਿਉਂਕਿ ਉਸ ਨੇ ਮੁਸਲਿਮ ਟੋਪੀ ਪਹਿਨੀ ਹੋਈ ਸੀ। ਮੁਹੰਮਦ ਬਰਕਤ ਆਲਮ ਨਾਂਅ ਦੇ ਇਸ 25 ਸਾਲਾ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਰਾਤ 10 ਵਜੇ ਦੇ ਕਰੀਬ ਮਸਜਿਦ ਵਿੱਚ ਨਮਾਜ਼ ਅਦਾ ਕਰਕੇ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਅੱਧੀ ਦਰਜਨ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਕਿਹਾ ਕਿ ਇਸ ਏਰੀਏ ਵਿੱਚ ਅਜਿਹੀ ਟੋਪੀ ਪਾਉਣ ਦੀ ਮਨਾਹੀ ਹੈ। ਫਿਰ ਉਨ੍ਹਾਂ ਉਸ ਨੂੰ ਜੈ ਸ੍ਰੀ ਰਾਮ ਦੇ ਨਾਅਰੇ ਲਾਉਣ ਨੂੰ ਕਿਹਾ, ਉਸ ਦੇ ਇਨਕਾਰ ਕਰਨ ਉੱਤੇ ਉਸ ਦੀ ਮਾਰਕੁੱਟ ਕੀਤੀ ਗਈ। ਇਸ ਲਈ ਸਭ ਵਿਰੋਧੀ ਧਿਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਉਂਦੇ ਪੰਜ ਸਾਲ ਦਲਿਤਾਂ, ਘੱਟ ਗਿਣਤੀਆਂ ਤੇ ਧਰਮ-ਨਿਰਪੱਖਤਾ ਦੇ ਹਾਮੀਆਂ ਲਈ ਕਸ਼ਟ ਭਰੇ ਰਹਿਣ ਵਾਲੇ ਹਨ। ਇਨ੍ਹਾਂ ਦਾ ਮੁਕਾਬਲਾ ਹਿੰਦੂਤਵੀ ਫਾਰਮੂਲੇ ਨਾਲ ਨਹੀਂ ਸੰਵਿਧਾਨ ਦੀਆਂ ਮੂਲ ਧਾਰਨਾਵਾਂ ਤੇ ਧਰਮ-ਨਿਰਪੱਖਤਾ ਦੇ ਪਲੇਟਫਾਰਮ ਤੋਂ ਹੀ ਕੀਤਾ ਜਾ ਸਕਦਾ ਹੈ।

956 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper