ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਜਾ ਰਹੇ ਹਨ। ਪਹਿਲੀ ਵਾਰ 'ਸਬਕਾ ਸਾਥ ਸਬਕਾ ਵਿਕਾਸ' ਦੇ ਨਾਅਰੇ ਨਾਲ ਸੱਤਾ ਵਿੱਚ ਆਏ ਸਨ। ਐਤਕੀਂ ਮਿਲੀ ਜ਼ਬਰਦਸਤ ਜਿੱਤ ਦੇ ਬਾਅਦ ਉਹਨਾ ਇਸ ਨਾਅਰੇ ਨਾਲ 'ਸਬਕਾ ਵਿਸ਼ਵਾਸ' ਵੀ ਜੋੜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾ ਚੋਣਾਂ ਵਿੱਚ ਜਾਤਵਾਦੀ ਸਿਆਸਤ ਨੂੰ ਤਬਾਹ ਕਰ ਦੇਣ ਦਾ ਵੀ ਦਾਅਵਾ ਕੀਤਾ ਹੈ, ਪਰ ਚੋਣ ਪ੍ਰਚਾਰ ਤੇ ਨਤੀਜਿਆਂ ਦੇ ਦਰਮਿਆਨ 22 ਮਈ ਨੂੰ ਇੱਕ ਅਜਿਹੀ ਦੁਖਦਾਈ ਘਟਨਾ ਵਾਪਰੀ, ਜਿਹੜੀ ਇਹੀ ਦੱਸਦੀ ਹੈ ਕਿ ਜਾਤਵਾਦ ਦਾ ਜ਼ਹਿਰ ਸਮਾਜ 'ਚੋਂ ਖ਼ਤਮ ਨਹੀਂ ਹੋ ਰਿਹਾ।
ਇਹ ਮਾਮਲਾ ਮਹਾਰਾਸ਼ਟਰ ਦਾ ਹੈ, ਜਿਥੇ ਇੱਕ ਕੁੜੀ ਨੂੰ ਸਿਰਫ਼ ਇਸ ਕਰਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ, ਕਿਉਂਕਿ ਉਸ ਦੀ ਜਾਤ ਦੁਨੀਆ ਦੀ ਨਜ਼ਰ 'ਚ ਕਥਿਤ ਤੌਰ 'ਤੇ ਨੀਵੀਂ ਸੀ। ਅਜਿਹਾ ਵੀ ਨਹੀਂ ਕਿ ਇਹ ਦੁਖਦਾਈ ਘਟਨਾ ਪਿੰਡ ਵਿੱਚ ਰਹਿਣ ਵਾਲੇ ਕੱਟੜ ਜਾਤਵਾਦੀ ਲੋਕਾਂ ਦੇ ਕਾਰਨ ਵਾਪਰੀ। ਇੱਕ ਪੜ੍ਹੇ-ਲਿਖੇ ਵਰਗ ਦੇ ਲੋਕਾਂ ਨੇ ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ਦੀ ਰਹਿਣ ਵਾਲੀ ਪਾਇਲ ਤਾੜਵੀ ਨੂੰ ਖੁਦਕੁਸ਼ੀ ਕਰਨ ਵੱਲ ਧੱਕਿਆ। ਪਾਇਲ ਨੇ ਪੱਛਮੀ ਮਹਾਰਾਸ਼ਟਰ ਦੇ ਮੀਰਾਜ-ਸਾਂਗਲੀ ਤੋਂ ਐੱਮ ਬੀ ਬੀ ਐੱਸ ਦੀ ਪੜ੍ਹਾਈ ਕੀਤੀ ਸੀ ਤੇ ਪਿਛਲੇ ਸਾਲ ਉਸ ਨੇ ਪੋਸਟ ਗਰੈਜੂਏਸ਼ਨ ਕਰਨ ਲਈ ਮੁੰਬਈ ਦੇ ਬੀ ਵਾਈ ਐੱਲ ਨਾਇਰ ਹਸਪਤਾਲ ਦੇ ਟੌਪੀਕਲ ਨੈਸ਼ਨਲ ਮੈਡੀਕਲ ਕਾਲਜ ਵਿੱਚ ਗਾਇਨੋਕਾਲੋਜੀ ਐਂਡ ਆਬਸਟੇਟ੍ਰਿਕਸ ਵਿੱਚ ਦਾਖਲਾ ਲਿਆ ਸੀ। ਉਸ ਦਾ ਦਾਖ਼ਲਾ ਰਿਜ਼ਰਵੇਸ਼ਨ ਦੇ ਖਾਤੇ ਵਿੱਚ ਹੋਇਆ ਸੀ ਅਤੇ ਇਹੀ ਗੱਲ ਜਾਤਵਾਦੀ ਸਮਾਜ ਵਿੱਚ ਉਸ ਦੀ ਮੌਤ ਦੀ ਵਜ੍ਹਾ ਬਣੀ। ਇਲਜ਼ਾਮ ਹੈ ਕਿ ਮੈਡੀਕਲ ਕਾਲਜ ਦੀਆਂ ਤਿੰਨ ਸੀਨੀਅਰ ਰੈਜ਼ੀਡੈਂਟ ਡਾਕਟਰਨੀਆਂ ਉਸ ਨੂੰ ਜਾਤੀ ਸੂਚਕ ਬੋਲਾਂ ਨਾਲ ਜ਼ਲੀਲ ਕਰਦੀਆਂ ਸਨ। ਸੈਕੰਡ ਯੀਅਰ ਵਿੱਚ ਪੜ੍ਹਨ ਵਾਲੀ 26 ਸਾਲ ਦੀ ਪਾਇਲ ਦਾ ਵਿਆਹ 2016 ਵਿੱਚ ਡਾ. ਸਲਮਾਨ ਨਾਲ ਹੋਇਆ ਸੀ। ਸਲਮਾਨ ਮੁੰਬਈ ਦੇ ਹੀ ਬਾਲਾ ਸਾਹਿਬ ਠਾਕਰੇ ਮੈਡੀਕਲ ਕਾਲਜ 'ਚ ਅਸਿਸਟੈਂਟ ਪ੍ਰੋਫ਼ੈਸਰ ਹਨ। ਪਾਇਲ ਨੂੰ ਕਿਹਨਾਂ ਦਹਿਲਾ ਦੇਣ ਵਾਲੀਆਂ ਹਾਲਤਾਂ 'ਚੋਂ ਲੰਘਣਾ ਪਿਆ, ਉਨ੍ਹਾਂ ਬਾਰੇ ਡਾ. ਸਲਮਾਨ ਨਾਲੋਂ ਵੱਧ ਜਾਣੂ ਹੋਰ ਕੌਣ ਹੋ ਸਕਦਾ ਹੈ।
ਡਾ. ਸਲਮਾਨ ਨੇ ਦੱਸਿਆ ਕਿ ਦਸੰਬਰ 2018 ਦੀ ਇੱਕ ਸ਼ਾਮ ਡਿਨਰ ਦੇ ਬਾਅਦ ਅਸੀਂ ਦੋਨੋਂ ਇਕੱਠੇ ਸੀ। ਉਹ ਅਚਾਨਕ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਕਹਿਣ ਲੱਗੀ ਕਿ ਹੁਣ ਹੋਰ ਨਹੀਂ ਸਹਿ ਹੁੰਦਾ। ਮੈਂ ਉਸ ਨੂੰ ਕੁਝ ਦਿਨ ਹਸਪਤਾਲ ਨਹੀਂ ਜਾਣ ਦਿੱਤਾ। ਘਰ ਰਹਿ ਕੇ ਉਹ ਠੀਕ ਹੋ ਗਈ ਸੀ। ਕਰੀਬ ਇੱਕ ਹਫ਼ਤੇ ਬਾਅਦ ਉਸ ਦੇ ਨਾਲ ਹੈੱਡ ਆਫ਼ ਡਿਪਾਰਟਮੈਂਟ ਨੂੰ ਮਿਲਿਆ। ਅਸੀਂ ਉਸ ਨੂੰ ਸਾਰਾ ਮਾਮਲਾ ਦੱਸਿਆ। ਮੈਂ ਉਸ ਨੂੰ ਕਿਹਾ ਕਿ ਮੈਨੂੰ ਮੇਰੀ ਬੀਵੀ ਹੱਸਦੀ-ਖੇਡਦੀ ਚਾਹੀਦੀ ਹੈ, ਉਸ ਦਾ ਮਾਨਸਿਕ ਸੰਤੁਲਨ ਖ਼ਰਾਬ ਨਹੀਂ ਹੋਣਾ ਚਾਹੀਦਾ। ਇਸ ਦੇ ਬਾਅਦ ਉਸ ਨੇ ਪਾਇਲ ਨੂੰ ਇੱਕ ਕੋਰਸ ਲਈ ਦੂਜੇ ਯੂਨਿਟ 'ਚ ਭੇਜ ਦਿੱਤਾ। ਫਰਵਰੀ 2019 ਤੱਕ ਉਹ ਠੀਕ ਰਹੀ। ਉਸ ਦੇ ਬਾਅਦ ਨਵੇਂ ਸਮੈਸਟਰ ਵਿੱਚ ਮੁੜ ਪਹਿਲੇ ਯੂਨਿਟ ਵਿੱਚ ਆਉਣਾ ਪਿਆ। ਵਾਪਸ ਆਉਂਦਿਆਂ ਹੀ ਤਿੰਨਾਂ ਡਾਕਟਰਾਂ ਨੇ ਫਿਰ ਉਸ ਨੂੰ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਫਿਰ ਸ਼ਿਕਾਇਤ ਕੀਤੀ, ਪਰ ਇਸ ਵਾਰ ਜਿਹੜੀ ਪ੍ਰੋਫ਼ੈਸਰ ਪਹਿਲਾਂ ਪਾਇਲ ਨੂੰ ਸੁਲਝੀ ਹੋਈ ਤੇ ਸਮਝਦਾਰ ਦੱਸ ਰਹੀ ਸੀ, ਉਹ ਵੀ ਉਹਨਾਂ ਡਾਕਟਰਾਂ ਦੀ ਸਾਈਡ ਲੈਣ ਲੱਗੀ। ਅਸੀਂ ਪਾਇਲ ਨੂੰ ਸਮਝਾਇਆ ਕਿ ਨਵੇਂ ਦਾਖ਼ਲੇ ਦੌਰਾਨ ਨਵੇਂ ਜੂਨੀਅਰ ਆਉਣਗੇ ਤਾਂ ਇਨ੍ਹਾਂ ਡਾਕਟਰਾਂ ਤੋਂ ਉਸ ਦਾ ਖਹਿੜਾ ਛੁਟ ਜਾਏਗਾ, ਪਰ ਨਵਾਂ ਬੈਚ ਆਉਣ ਦੇ ਬਾਅਦ ਵੀ ਉਹਨਾਂ ਨੇ ਪਾਇਲ ਨੂੰ ਜੂਨੀਅਰਾਂ ਦੇ ਸਾਹਮਣੇ ਵੀ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ। ਮੈਂ ਪਾਇਲ ਨਾਲ ਜ਼ਿਆਦਾ ਸਮਾਂ ਬਿਤਾਉਣ ਲੱਗਾ। ਡਿਨਰ ਦੇ ਬਾਅਦ ਉਸ ਨਾਲ ਲੇਟ ਤੱਕ ਰੁਕਣ ਲੱਗਾ। ਹੋਸਟਲ ਵਾਲੇ ਪਾਸੇ ਕਮਰਾ ਵੀ ਲੈ ਲਿਆ, ਤਾਂ ਕਿ ਉਹ ਹੋਸਟਲ ਵਿੱਚ ਹੋਣ ਵਾਲੀ ਜ਼ਲਾਲਤ ਤੋਂ ਬਚੀ ਰਹੇ। ਅਸੀਂ ਇਸ ਦੌਰਾਨ ਜ਼ਬਾਨੀ ਸ਼ਿਕਾਇਤਾਂ ਹੀ ਕੀਤੀਆਂ, ਕਿਉਂਕਿ ਸਾਡਾ ਮਕਸਦ ਉਥੇ ਸੀਨੀਅਰ ਡਾਕਟਰਾਂ ਦਾ ਕੈਰੀਅਰ ਖ਼ਰਾਬ ਕਰਨਾ ਨਹੀਂ ਸੀ। ਅਸੀਂ ਸਿਰਫ਼ ਇਹੀ ਚਾਹੁੰਦੇ ਸੀ ਕਿ ਸਾਡੀ ਪਾਇਲ ਹਰਾਸਮੈਂਟ ਤੋਂ ਬਚ ਜਾਏ। ਡਾ. ਸਲਮਾਨ ਹੀ ਨਹੀਂ, ਪਾਇਲ ਦੀ ਮਾਂ ਆਬਿਦਾ ਤਾੜਵੀ ਨੇ ਵੀ ਆਪਣੀ ਧੀ ਨਾਲ ਹੁੰਦੇ ਵਿਤਕਰੇ ਨੂੰ ਅੱਖੀਂ ਤੱਕਿਆ, ਜਦੋਂ ਉਸ ਨੇ ਨਾਇਰ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਵਾਇਆ। ਉਹ ਤਾਂ ਇਸ ਦੀ ਸ਼ਿਕਾਇਤ ਵੀ ਕਰਨ ਚੱਲੀ ਸੀ, ਪਰ ਪਾਇਲ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਸ਼ਿਕਾਇਤ ਤੋਂ ਬਾਅਦ ਹੋਰ ਜ਼ਲੀਲ ਨਾ ਕਰਨ ਲੱਗ ਪੈਣ।
ਗ਼ਰੀਬ ਤੇ ਪੱਛੜੇ ਪਰਵਾਰ ਦੀ ਹੋਣ ਦੇ ਬਾਵਜੂਦ ਪਾਇਲ ਨੇ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ। ਉਹ ਆਦਿਵਾਸੀਆਂ ਦੀ ਸੇਵਾ ਕਰਨੀ ਚਾਹੁੰਦੀ ਸੀ। ਅਖੌਤੀ ਉੱਚੀ ਜਾਤ ਵਾਲਿਆਂ ਨੇ ਉਸ ਦੇ ਇਸ ਸੁਫ਼ਨੇ ਦਾ ਦੁਖਦ ਅੰਤ ਕਰ ਦਿੱਤਾ। ਕਾਲਜ ਨੇ ਤਿੰਨਾਂ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਜਾਂਚ ਬਿਠਾ ਦਿੱਤੀ ਹੈ। ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰੀ ਅਜੇ ਕਿਸੇ ਦੀ ਨਹੀਂ ਹੋਈ। ਕਾਲਜ ਪ੍ਰਸ਼ਾਸਨ ਇਹੀ ਕਹੀ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਲਿਖਤੀ ਜਾਂ ਜ਼ਬਾਨੀ ਸ਼ਿਕਾਇਤ ਨਹੀਂ ਕੀਤੀ। ਪਾਇਲ ਦੇ ਪਰਵਾਰ ਨੇ ਤਾਂ ਕਿਸੇ ਦਾ ਭਵਿੱਖ ਖ਼ਰਾਬ ਨਾ ਹੋਣ ਨੂੰ ਧਿਆਨ 'ਚ ਰੱਖਦਿਆਂ ਲਿਖਤੀ ਸ਼ਿਕਾਇਤ ਨਹੀਂ ਦਿੱਤੀ, ਜਦਕਿ ਜ਼ਬਾਨੀ ਤੌਰ 'ਤੇ ਸ਼ਿਕਾਇਤਾਂ ਕਰਦਾ ਰਿਹਾ। ਰੋਹਿਤ ਵੇਮੁੱਲਾ ਤੋਂ ਬਾਅਦ ਡਾ. ਪਾਇਲ ਦੀ ਖ਼ੁਦਕੁਸ਼ੀ ਨੇ ਫਿਰ ਦਰਸਾਇਆ ਹੈ ਕਿ ਪੜ੍ਹਿਆ-ਲਿਖਿਆ ਸਮਾਜ ਵੀ ਘੋਰ ਜਾਤਵਾਦੀ ਹੈ। ਡਾ. ਪਾਇਲ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਤੇ ਉਸ ਨੂੰ ਸਹੀ ਮਾਹੌਲ ਮੁਹੱਈਆ ਨਾ ਕਰਾਉਣ ਵਾਲਿਆਂ ਨੂੰ ਇਬਰਤਨਾਕ ਸਜ਼ਾਵਾਂ ਤਾਂ ਮਿਲਣੀਆਂ ਹੀ ਚਾਹੀਦੀਆਂ ਹਨ, ਇਸ ਦੇ ਨਾਲ ਹੀ ਜਾਤਵਾਦ ਦੇ ਖ਼ਿਲਾਫ਼ ਅੰਦੋਲਨ ਖੜ੍ਹਾ ਕਰਨਾ ਪੈਣਾ ਹੈ। ਜਾਤਵਾਦ ਦਾ ਖ਼ਾਤਮਾ ਕਿਸੇ ਕਾਨੂੰਨਾਂ ਨਾਲ ਨਹੀਂ ਹੋਣਾ, ਸਮਾਜ ਨੂੰ ਜਾਗ੍ਰਿਤ ਕਰ ਕੇ ਹੀ ਇਸ ਕੋਹੜ ਦਾ ਖਾਤਮਾ ਕੀਤਾ ਜਾ ਸਕਦਾ ਹੈ।