Latest News
ਓਜ਼ੋਨ ਪ੍ਰਦੂਸ਼ਨ ਦਾ ਖ਼ਤਰਾ

Published on 29 May, 2019 11:26 AM.


ਫੇਫੜਿਆਂ ਤੇ ਸਾਹ ਦੀ ਬੀਮਾਰੀ ਵਾਲੇ ਦਿੱਲੀ ਵਾਸੀਆਂ ਨੂੰ ਖ਼ਬਰਦਾਰ ਕਰ ਦਿੱਤਾ ਗਿਆ ਹੈ ਕਿ ਉਹ ਦੁਪਹਿਰੇ ਬਾਰਾਂ ਤੋਂ ਤਿੰਨ ਵਜੇ ਤੱਕ ਜ਼ਿਆਦਾ ਟ੍ਰੈਫ਼ਿਕ ਵਾਲੇ ਇਲਾਕਿਆਂ 'ਚ ਜਾਣ ਤੋਂ ਬਚਣ। ਹਵਾ ਦੀ ਕੁਆਲਿਟੀ ਅਤੇ ਮੌਸਮ ਦੀ ਭਵਿੱਖਬਾਣੀ ਤੇ ਖੋਜ ਬਾਰੇ ਜਥੇਬੰਦੀ ਨੇ ਇਸ ਦੀ ਵਜ੍ਹਾ ਧਰਾਤਲੀ ਓਜ਼ੋਨ ਪ੍ਰਦੂਸ਼ਣ ਦਾ ਵਧਣਾ ਦੱਸਿਆ ਹੈ। ਧਰਾਤਲੀ ਓਜ਼ੋਨ ਸੂਰਜੀ ਰੌਸ਼ਨੀ ਦੌਰਾਨ ਨਾਈਟਰੋਜ਼ਨ ਆਕਸਾਈਡ ਤੇ ਕਾਰਬਨ ਮੋਨੋਆਕਸਾਈਡ ਦੇ ਕੈਮੀਕਲ ਰਿਐਕਸ਼ਨ ਨਾਲ ਪੈਦਾ ਹੁੰਦੀ ਹੈ ਅਤੇ ਖੰਘ, ਗਲੇ ਵਿੱਚ ਦਰਦ ਤੇ ਸਾਹ ਲੈਣ ਵਿੱਚ ਔਖਿਆਈ ਪੈਦਾ ਕਰਦੀ ਹੈ। ਜਿਨ੍ਹਾਂ ਨੂੰ ਪਹਿਲਾਂ ਹੀ ਫੇਫੜਿਆਂ ਅਤੇ ਸਾਹ ਦੀ ਬੀਮਾਰੀ ਹੈ, ਉਨ੍ਹਾਂ ਨੂੰ ਹੋਰ ਪ੍ਰੇਸ਼ਾਨ ਕਰਦੀ ਹੈ। ਤਾਪਮਾਨ ਦੇ ਵਧਣ ਨਾਲ ਧਰਾਤਲੀ ਓਜ਼ੋਨ ਨੇ ਵਧਦੇ ਜਾਣਾ ਹੈ ਅਤੇ ਆਉਂਦੇ ਦੋ-ਤਿੰਨ ਦਿਨਾਂ ਵਿੱਚ ਤਾਪਮਾਨ ਤਿੰਨ ਡਿਗਰੀ ਵਧਣ ਦੀ ਸੰਭਾਵਨਾ ਹੈ।
ਆਮ ਤੌਰ 'ਤੇ ਦਿੱਲੀ ਵਿੱਚ ਪ੍ਰਦੂਸ਼ਣ ਦੀ ਚਰਚਾ ਸਿਆਲਾਂ ਵਿੱਚ ਹੁੰਦੀ ਹੈ, ਜਦੋਂ ਧੁੰਦ ਤੇ ਧੂੰਏਂ ਦਾ ਮਿਸ਼ਰਣ ਸਾਹ ਲੈਣਾ ਮੁਸ਼ਕਲ ਕਰ ਦਿੰਦਾ ਹੈ। ਸਕੂਲ ਤੱਕ ਬੰਦ ਕਰਨੇ ਪੈਂਦੇ ਹਨ ਅਤੇ ਕਾਰਾਂ ਵੀ ਕਲੀ-ਜੋਟੇ ਵਾਲੇ ਨੰਬਰਾਂ ਦੇ ਹਿਸਾਬ ਨਾਲ ਚਲਾਉਣ ਵਰਗੇ ਫ਼ੈਸਲੇ ਲੈਣੇ ਪੈਂਦੇ ਹਨ। ਓਜ਼ੋਨ ਦੀ ਸਮੱਸਿਆ ਮਈ ਮਹੀਨੇ ਵਿੱਚ ਹੀ ਆ ਗਈ ਹੈ। ਇਸ ਨੇ ਗਰਮੀਆਂ ਵਿੱਚ ਪ੍ਰੇਸ਼ਾਨ ਕਰਦੇ ਰਹਿਣਾ ਹੈ ਤੇ ਗਰਮੀਆਂ ਤੋਂ ਬਾਅਦ ਸਿਆਲਾਂ ਵਿੱਚ ਸਮੌਗ ਨੇ ਘੇਰ ਲੈਣਾ ਹੈ। ਇਹ ਰਿਪੋਰਟ ਤਾਂ ਸਿਰਫ਼ ਦਿੱਲੀ ਦੀ ਹੈ, ਮੁਲਕ 'ਚ ਹੋਰ ਵੀ ਕਈ ਸ਼ਹਿਰ ਹਨ, ਜਿਹੜੇ ਪ੍ਰਦੂਸ਼ਨ ਦੇ ਮਾਮਲੇ 'ਚ ਉਸ ਨਾਲੋਂ ਘੱਟ ਨਹੀਂ। ਲੁਧਿਆਣਾ ਤੇ ਗੋਬਿੰਦਗੜ੍ਹ ਵਰਗੇ ਪੰਜਾਬ 'ਚ ਵੀ ਹਨ। ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰਾਂ ਤੇ ਸਮਾਜ ਦਾ ਹੁੰਗਾਰਾ ਸੀਮਤ ਜਿਹਾ ਹੀ ਹੈ। ਜਾਣ ਕੇ ਹੈਰਾਨੀ ਹੋਵੇਗੀ ਕਿ ਪਰਿਆਵਰਣ, ਜੰਗਲਾਂ ਤੇ ਜਲਵਾਯੂ ਪਰਿਵਰਤਨ ਬਾਰੇ ਕੇਂਦਰੀ ਮੰਤਰਾਲੇ ਨੇ ਹਵਾ ਸਾਫ਼ ਰੱਖਣ ਲਈ ਨੀਤੀ ਜਨਵਰੀ ਵਿੱਚ ਹੀ ਘੜੀ ਹੈ।
'ਬਲੂਮਬਰਗ ਫਿਲੈਨਥਰੋਪੀਜ਼ ਤੇ 'ਦੀ ਐਨਰਜੀ ਐਂਡ ਰਿਸੋਰਸਿਜ਼ ਇੰਸਟੀਚਿਊਟ' ਨਾਂ ਦੀਆਂ ਜਥੇਬੰਦੀਆਂ ਨੇ 'ਨੈਸ਼ਨਲ ਏਅਰ ਕਲੀਨ ਪ੍ਰੋਗਰਾਮ' ਨੂੰ ਸਫ਼ਲ ਬਣਾਉਣ ਵਿੱਚ ਸਰਕਾਰ ਨੂੰ ਤਕਨੀਕੀ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ਇਹ ਦੋਨੋਂ ਜਥੇਬੰਦੀਆਂ ਪ੍ਰਦੂਸ਼ਨ ਦੇ ਸਰੋਤਾਂ ਦਾ ਪਤਾ ਲਾਉਣ ਤੇ ਧੂੰਆਂ ਘਟਾਉਣ ਵਿੱਚ ਸਹਿਯੋਗ ਦੇਣਗੀਆਂ। ਹੁਣ ਇਹ ਸਮਾਂ ਹੀ ਦੱਸੇਗਾ ਕਿ ਇਨ੍ਹਾਂ ਤਕਨੀਕੀ ਪਹਿਲਕਦਮੀਆਂ ਨਾਲ ਕਿੰਨਾ ਕੁ ਫ਼ਰਕ ਪੈਂਦਾ ਹੈ। ਦੁਨੀਆ ਦੇ ਪੱਧਰ 'ਤੇ ਹਵਾ ਦੀ ਕੁਆਲਿਟੀ ਸੁਧਾਰਨ ਲਈ ਪਹਿਲਾਂ ਵੀ ਕਈ ਤਕਨੀਕਾਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ। ਭਾਰਤ ਵਿੱਚ ਵੀ ਖੋਜੀ, ਉਦਮੀ ਅਤੇ ਪਰਿਆਵਰਣਵਾਦੀ ਸੈਂਸਰ ਅਧਾਰਤ ਮਾਨੀਟਰ, ਏਅਰ ਪਿਊਰੀਫਾਇਰ ਤੇ ਸਮੌਗ ਟਾਵਰਾਂ ਦੀ ਲੋੜ ਉੱਤੇ ਜ਼ੋਰ ਦਿੰਦੇ ਆ ਰਹੇ ਹਨ। ਤਕਨੀਕ ਦਾ ਫਾਇਦਾ ਤਾਂ ਹੁੰਦਾ ਹੈ, ਪਰ ਹਵਾ ਜਿੰਨੀ ਖ਼ਰਾਬ ਹੋ ਚੁੱਕੀ ਹੈ ਉਸ ਨੂੰ ਸੁਧਾਰਨ ਲਈ ਇਨ੍ਹਾਂ ਤਕਨੀਕਾਂ ਦੀ ਜਿੰਨੇ ਵੱਡੇ ਪੱਧਰ 'ਤੇ ਵਰਤੋਂ ਕਰਨੀ ਪਏਗੀ, ਉਸ ਲਈ ਖ਼ਰਚ ਹੋਣ ਵਾਲੀ ਊਰਜਾ ਨੇ ਉਲਟਾ ਪ੍ਰਦੂਸ਼ਨ ਵਧਾਉਣਾ ਸ਼ੁਰੂ ਕਰ ਦੇਣਾ ਹੈ। ਦਰਅਸਲ ਹਵਾ ਦਾ ਪ੍ਰਦੂਸ਼ਨ ਸਥਾਨਕ ਮੁੱਦਾ ਨਹੀਂ ਹੈ, ਜਿਹੜਾ ਘਰਾਂ ਵਿੱਚ ਏਅਰ ਪਿਊਰੀਫਾਇਰ ਲਾ ਕੇ ਹੱਲ ਹੋ ਸਕਦਾ ਹੈ। ਇਸ ਦੇਸ਼-ਵਿਆਪੀ ਸਮੱਸਿਆ ਲਈ ਠੋਸ ਕਦਮਾਂ, ਲੰਮ-ਮਿਆਦੀ ਯੋਜਨਾ ਅਤੇ ਧੂੰਆਂ ਫੈਲਾਉਣ ਵਾਲਿਆਂ ਦੇ ਖ਼ਿਲਾਫ਼ ਸਖਤਾਈ ਦੀ ਲੋੜ ਹੈ।
ਹਵਾ ਦੇ ਪ੍ਰਦੂਸ਼ਨ ਦੀ ਸਮੱਸਿਆ ਟੈਕਨਾਲੋਜੀ ਨਾਲ ਹੱਲ ਹੋਣ ਵਾਲੀ ਨਹੀਂ। ਇਹ ਸਮਾਜੀ ਮੁੱਦਾ ਹੈ। ਟੈਕਨਾਲੋਜੀ ਦੀ ਵਰਤੋਂ ਅਤੇ ਕਲੀਨ ਟਰਾਂਸਪੋਰਟ ਸਹੂਲਤਾਂ ਮੁਹੱਈਆ ਕਰਾਉਣ ਦੇ ਨਾਲ-ਨਾਲ ਸਰਕਾਰ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਪਏਗਾ ਕਿ ਪ੍ਰਦੂਸ਼ਨ ਫੈਲਾ ਰਹੇ ਕਾਰਖਾਨਿਆਂ ਨੂੰ ਬੰਦ ਕਰਨ ਨਾਲ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਲੱਤ ਵੱਜਣੀ ਹੈ। ਅਮੀਰਾਂ ਤੇ ਦਰਮਿਆਨੇ ਵਰਗ ਦੇ ਲੋਕਾਂ ਦੇ ਜੀਵਨ ਦੀ ਕੁਆਲਿਟੀ ਗਰੀਬਾਂ ਦੀ ਕੀਮਤ 'ਤੇ ਸੁਧਾਰਨੀ ਠੀਕ ਨਹੀਂ ਹੋਵੇਗੀ। ਇਸ ਹਕੀਕਤ ਨੂੰ ਅਮਰੀਕਾ, ਸਿੰਘਾਪੁਰ ਤੇ ਚੀਨ ਵਰਗੇ ਮੁਲਕਾਂ ਨੇ ਵੀ ਸਮਝਿਆ ਹੈ। ਉਨ੍ਹਾਂ ਨੇ ਹਵਾ ਦੇ ਪ੍ਰਦੂਸ਼ਨ ਦਾ ਹੱਲ ਲੋਕਾਂ ਨੂੰ ਠੀਕ ਬੈਠਦੇ ਢੰਗਾਂ ਨਾਲ ਕਰਨਾ ਸ਼ੁਰੂ ਕੀਤਾ ਹੈ, ਜਿਵੇਂ ਕਿ ਧੂੜ ਨੂੰ ਕੰਟਰੋਲ ਕਰਨਾ, ਜ਼ਮੀਨ ਦੀ ਸੰਭਾਲ ਤੇ ਚੌਗਿਰਦੇ ਦੀ ਮੁੜ ਬਹਾਲੀ। ਪ੍ਰਦੂਸ਼ਨ ਰੋਕਣ ਲਈ ਲੰਮ-ਮਿਆਦੀ ਹੱਲ ਹੀ ਲੱਭਣੇ ਪੈਣਗੇ ਤੇ ਇਹ ਸਿਆਸੀ ਇੱਛਾ-ਸ਼ਕਤੀ ਨਾਲ ਹੀ ਲੱਭੇ ਜਾਣਗੇ। ਹਵਾ ਦਾ ਪ੍ਰਦੂਸ਼ਨ ਮਾਨਵੀ ਸਮੱਸਿਆ ਹੈ। ਨੇਮ-ਕਾਨੂੰਨ ਬਣਾਉਂਦਿਆਂ ਤੇ ਤਕਨੀਕਾਂ ਦਾ ਇਸਤੇਮਾਲ ਕਰਦਿਆਂ ਇਸ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ। ਪੰਜਾਬ ਸਰਕਾਰ ਨੇ ਨਾੜ ਤੇ ਪਰਾਲੀ ਜਲਾਉਣ ਨਾਲ ਪੈਦਾ ਹੁੰਦੇ ਪ੍ਰਦੂਸ਼ਨ ਨੂੰ ਰੋਕਣ ਲਈ ਕਈ ਤਕਨੀਕਾਂ ਵਰਤੀਆਂ ਤੇ ਕਿਸਾਨਾਂ ਨੂੰ ਜੁਰਮਾਨੇ ਤੱਕ ਲਾਏ, ਪਰ ਸਮੱਸਿਆ ਵਿੱਚ ਸੁਧਾਰ ਉਦੋਂ ਹੋਣਾ ਸ਼ੁਰੂ ਹੋਇਆ, ਜਦੋਂ ਸਰਕਾਰ ਨੇ ਸਮਝਾਊ ਮੁਹਿੰਮ ਚਲਾਈ ਅਤੇ ਕਿਸਾਨਾਂ ਨੇ ਨਾੜ-ਪਰਾਲੀ ਸਾੜਨੀ ਘਟਾ ਦਿੱਤੀ।

947 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper