Latest News
ਪੰਜਾਬ ਸਰਕਾਰ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ

Published on 30 May, 2019 11:01 AM.


ਪੰਜਾਬ ਦੀ ਰਾਜਨੀਤੀ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ। ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਜਿੱਦਾਂ ਦੇ ਹਾਲਾਤ ਸਨ, ਉਹ ਇਸ ਵੇਲੇ ਨਹੀਂ ਰਹਿ ਗਏ। ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਪੂਰੀਆਂ ਤੇਰਾਂ ਲੋਕ ਸਭਾ ਸੀਟਾਂ ਜਿੱਤਣ ਤੋਂ ਤੁਰੀ ਅਤੇ ਮਸਾਂ ਅੱਠ ਸੀਟਾਂ ਜਿੱਤ ਸਕੀ ਹੈ। ਗੁਰਦਾਸਪੁਰ ਵਿੱਚ ਇਸ ਦੇ ਸੂਬਾ ਪ੍ਰਧਾਨ ਦੀ ਹਾਰ ਓਥੇ ਫਿਲਮ ਸਟਾਰ ਸੰਨੀ ਦਿਓਲ ਦੇ ਆਉਣ ਕਾਰਨ ਹੋਈ ਮੰਨੀ ਜਾ ਸਕਦੀ ਹੈ। ਫਿਰੋਜ਼ਪੁਰ ਵਿੱਚ ਕਾਂਗਰਸੀ ਉਮੀਦਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੇ ਮੁਕਾਬਲੇ ਬਹੁਤ ਛੋਟੇ ਸਿਆਸੀ ਕੱਦ ਦਾ ਹੋਣ ਕਾਰਨ ਹਾਰ ਹੋਈ ਹੈ। ਸੰਗਰੂਰ ਵਿੱਚ ਵੀ ਭਗਵੰਤ ਮਾਨ ਦਾ ਪੰਜ ਸਾਲਾਂ ਦਾ ਕੀਤਾ ਕੰਮ ਬੋਲਿਆ ਤੇ ਉਹ ਬਾਜ਼ੀ ਮਾਰ ਗਿਆ ਹੈ। ਫਿਰ ਵੀ ਉਸ ਸੀਟ ਤੋਂ ਕਾਂਗਰਸ ਦੀ ਹਾਰ ਦੇ ਪਿੱਛੇ ਪਾਰਟੀ ਦੇ ਇੱਕ ਗਰੁੱਪ ਦੀ ਅੰਦਰੋਂ ਲਾਈ ਢਾਹ ਦੀ ਚਰਚਾ ਹਰ ਪਾਸੇ ਹੋਈ ਜਾਂਦੀ ਹੈ। ਹੁਸ਼ਿਆਰਪੁਰ ਵਿੱਚ ਹੋਏ ਫਸਵੇਂ ਮੁਕਾਬਲੇ ਵਿੱਚ ਹਾਰ-ਜਿੱਤ ਦੋਵਾਂ ਦਾ ਸਬੱਬ ਬਣ ਸਕਦਾ ਸੀ ਤੇ ਕਾਂਗਰਸ ਦਾ ਹਾਰ ਜਾਣਾ ਕੋਈ ਵੱਡੇ ਅਰਥ ਨਹੀਂ ਰੱਖਦਾ। ਵੱਡੇ ਅਰਥ ਦੋ ਥਾਂ ਨਿਕਲੇ ਹਨ। ਇੱਕ ਤਾਂ ਜਲੰਧਰ ਵਿੱਚ ਕਾਂਗਰਸ ਉਮੀਦਵਾਰ ਦੀ ਜਿੱਤ ਵੀ ਹਾਰ ਵਰਗੀ ਬਣ ਗਈ ਜਾਂ ਪਾਰਟੀ ਦੇ ਕੁਝ ਲੀਡਰਾਂ ਨੇ ਹਰਾਉਣ ਵਾਸਤੇ ਏਨੀ ਵਾਹ ਲਾਈ ਰੱਖੀ ਸੀ ਕਿ ਹਾਰ ਵਰਗੀ ਜਿੱਤ ਵੀ ਮਸਾਂ ਨਸੀਬ ਹੋ ਸਕੀ ਹੈ। ਦੂਸਰਾ ਬਠਿੰਡੇ ਦਾ ਹਲਕਾ ਹੈ। ਓਥੇ ਕਾਂਗਰਸ ਜਿਹੜੇ ਚੜ੍ਹਾਅ ਵਿੱਚ ਸੀ, ਉਸ ਨੂੰ ਵੇਖਦੇ ਹੋਏ ਇਹ ਅੰਦਾਜ਼ੇ ਲੱਗਣ ਲੱਗੇ ਸਨ ਕਿ ਸੀਟ ਉਸ ਨੇ ਜਿੱਤ ਲੈਣੀ ਹੈ, ਪਰ ਆਖਰੀ ਦੋ ਦਿਨਾਂ ਵਿੱਚ ਪਾਰਟੀ ਦੇ ਵੱਡੇ ਲੀਡਰਾਂ ਨੇ ਖੁਦ ਹੀ ਇਹੋ ਜਿਹੀ ਢਾਹ ਲਾਈ ਕਿ ਸੀਟ ਹੱਥੋਂ ਨਿਕਲ ਗਈ ਹੈ।
ਅਕਾਲੀ ਦਲ ਦੀ ਲੀਡਰਸ਼ਿਪ ਇਸ ਗੱਲ ਲਈ ਖੁਸ਼ ਹੈ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਪਤਨੀ ਦੋਵਾਂ ਨੇ ਆਪੋ ਆਪਣੀ ਸੀਟ ਜਿੱਤ ਲਈ ਅਤੇ ਪਾਰਟੀ ਦਾ ਨੱਕ ਬਚਾਉਣ ਵਿੱਚ ਸਫਲ ਰਹੇ ਹਨ। ਬੇਸ਼ੱਕ ਉਨ੍ਹਾਂ ਨੱਕ ਬਚਾ ਲਿਆ ਹੈ, ਪਰ ਪਾਰਟੀ ਦਾ ਲੱਕ ਟੁੱਟਿਆਂ ਵਰਗਾ ਹੋਣ ਦੀ ਗੱਲ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੇ। ਭਾਜਪਾ ਇਸ ਰਾਜ ਤੋਂ ਪਹਿਲੀਆਂ ਦੋਵੇਂ ਸੀਟਾਂ ਫਿਰ ਜਿੱਤ ਗਈ ਹੈ, ਇਸ ਦੇ ਬਾਵਜੂਦ ਅਕਾਲੀ ਆਗੂ ਕਹਿੰਦੇ ਹਨ ਕਿ ਭਾਜਪਾ ਆਗੂ ਨਰਿੰਦਰ ਮੋਦੀ ਦੇ ਨਾਂਅ ਦੀ ਦੇਸ਼ ਭਰ ਵਿੱਚ ਚੱਲ ਰਹੀ ਲਹਿਰ ਪੰਜਾਬ ਵਿੱਚ ਨਹੀਂ ਚੱਲ ਸਕੀ, ਏਥੇ ਅਕਾਲੀ ਦਲ ਦੇ ਆਸਰੇ ਭਾਜਪਾ ਪਾਰ ਲੱਗੀ ਹੈ। ਇਹ ਉਨ੍ਹਾਂ ਦਾ ਵਹਿਮ ਹੈ। ਅਸਲ ਸਥਿਤੀ ਇਹ ਹੈ ਕਿ ਸਾਰੇ ਵੱਡੇ ਸ਼ਹਿਰਾਂ ਵਿੱਚੋਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਰਿੰਦਰ ਮੋਦੀ ਦੇ ਨਾਂਅ ਉੱਤੇ ਵੋਟਾਂ ਮਿਲ ਜਾਣ ਨਾਲ ਇੱਜ਼ਤ ਬਚ ਗਈ ਹੈ। ਭਾਜਪਾ ਇਸ ਗੱਲ ਤੋਂ ਜਾਣੂ ਹੈ ਤੇ ਏਸੇ ਲਈ ਉਸ ਪਾਸੇ ਤੋਂ ਇਹ ਬਿਆਨ ਸ਼ੁਰੂ ਕਰ ਦਿੱਤੇ ਗਏ ਹਨ ਕਿ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਪਹਿਲਾਂ ਵਾਂਗ ਤੇਈ ਸੀਟਾਂ ਵਾਲੇ ਕੋਟੇ ਤੱਕ ਸੀਮਤ ਨਹੀਂ ਰਹਿਣਾ, ਇਸ ਵਾਰੀ ਨਵੇਂ ਕੋਟੇ ਵਿੱਚ ਭਾਜਪਾ ਦੀਆਂ ਸੀਟਾਂ ਵਧਾਉਣ ਲਈ ਅਕਾਲੀ ਦਲ ਨੂੰ ਸਿੱਧੇ ਲਫਜ਼ਾਂ ਵਿੱਚ ਕਿਹਾ ਜਾ ਸਕਦਾ ਹੈ।
ਆਮ ਆਦਮੀ ਪਾਰਟੀ ਵਿੱਚ ਪਿਛਲੇਰੇ ਸਾਲ ਹੀ ਪਾਟਕ ਪੈ ਗਿਆ ਸੀ ਤੇ ਚੋਣਾਂ ਨੇੜੇ ਪਹੁੰਚ ਕੇ ਹੋਰ ਵੀ ਵਧਣ ਦੇ ਕਾਰਨ ਇਸ ਦਾ ਬਾਗੀ ਧੜਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਤੀਸਰੇ ਫਰੰਟ ਨਾਲ ਜਾ ਜੁੜਿਆ ਸੀ। ਤੀਸਰੇ ਫਰੰਟ ਦੇ ਲੋਕਾਂ ਨੂੰ ਆਸ ਸੀ ਕਿ ਇਹ ਧੜਾ ਏਸੇ ਤਰ੍ਹਾਂ ਉਨ੍ਹਾਂ ਨਾਲ ਜੁੜਿਆ ਰਹੇਗਾ, ਪਰ ਇਸ ਦੇ ਕੁਝ ਲੋਕਾਂ ਨੇ ਪੁਰਾਣੀ ਆਮ ਆਦਮੀ ਪਾਰਟੀ ਦੇ ਨਾਂਅ ਉੱਤੇ ਇਕੱਠੇ ਹੋਣ ਦੀ ਗੱਲ ਚਲਾ ਲਈ ਅਤੇ ਇਸ ਬਾਰੇ ਫੋਨ ਖੜਕਣ ਲੱਗੇ ਹਨ। ਅਜੇ ਤੱਕ ਕਹਿਣਾ ਬਹੁਤ ਔਖਾ ਹੈ ਕਿ ਇਹ ਇਕੱਠੇ ਹੋ ਜਾਣਗੇ ਜਾਂ ਨਹੀਂ, ਪਰ ਸਾਂਝੇ ਬੰਦੇ ਜਿਸ ਤਰ੍ਹਾਂ ਸਰਗਰਮ ਹੋਏ ਹਨ, ਉਸ ਨਾਲ ਲੱਗਦਾ ਹੈ ਕਿ ਖਹਿਰਾ ਧੜਾ ਤੀਸਰੇ ਫਰੰਟ ਦੇ ਪੈਂਤੜੇ ਤੋਂ ਪਾਸੇ ਵੀ ਹਟ ਸਕਦਾ ਹੈ। ਇਸ ਨਾਲ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਆ ਸਕਦਾ ਹੈ।
ਸਭ ਤੋਂ ਵੱਡੀ ਗੱਲ ਕਿ ਇਸ ਵਾਰੀ ਦਲਿਤ ਚੇਤਨਾ ਦੇ ਨਾਂਅ ਉੱਤੇ ਬੜੇ ਚਿਰਾਂ ਪਿੱਛੋਂ ਬਹੁਜਨ ਸਮਾਜ ਪਾਰਟੀ ਦੇ ਮਗਰ ਦਲਿਤ ਭਾਈਚਾਰੇ ਦਾ ਲਾਮਬੰਦ ਹੋਣਾ ਹਰ ਕੋਈ ਨੋਟ ਕਰਦਾ ਹੈ। ਉਨ੍ਹਾਂ ਨੇ ਜਲੰਧਰ ਜ਼ਿਲ੍ਹੇ ਦੀ ਆਦਮਪੁਰ ਅਤੇ ਨਵਾਂ ਸ਼ਹਿਰ ਦੀ ਬੰਗਾ ਵਿਧਾਨ ਸਭਾ ਸੀਟ ਉੱਤੇ ਹੋਰ ਸਾਰੇ ਉਮੀਦਵਾਰਾਂ ਤੋਂ ਅੱਗੇ ਨਿਕਲ ਕੇ ਅਤੇ ਕਈ ਥਾਂ ਦੂਸਰੇ ਨੰਬਰ ਉੱਤੇ ਰਹਿ ਕੇ ਦਿਖਾ ਦਿੱਤਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਜਿਸ ਨੇ ਵੀ ਇਨ੍ਹਾਂ ਨੂੰ ਅਣਗੌਲੇ ਕੀਤਾ, ਉਸ ਨੂੰ ਪਛਤਾਉਣਾ ਪਵੇਗਾ। ਇਹ ਹੀ ਨਹੀਂ, ਪੰਜਾਬ ਦੀ ਰਾਜਨੀਤੀ ਵਿੱਚ ਦੁਵੱਲੀ ਫਿਰਕੂ ਲਾਮਬੰਦੀ ਵੀ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਹੁੰਦੀ ਮਹਿਸੂਸ ਹੋਈ ਹੈ, ਜਿਸ ਦਾ ਪ੍ਰਭਾਵ ਅਗਲੇ ਸਮੇਂ ਵਿੱਚ ਪੰਜਾਬ ਦੇ ਸਮਾਜੀ ਹਾਲਾਤ ਉੱਤੇ ਵੀ ਪੈ ਸਕਦਾ ਹੈ ਅਤੇ ਅਮਨ-ਕਾਨੂੰਨ ਦੇ ਪੱਖੋਂ ਵੀ ਕੁਝ ਝਲਕ ਵੇਖਣੀ ਪੈ ਸਕਦੀ ਹੈ। ਬਹੁਤ ਸਾਰੇ ਲੋਕ ਅਜੇ ਇਨ੍ਹਾਂ ਪੱਖਾਂ ਬਾਰੇ ਸੋਚਣ ਨੂੰ ਤਿਆਰ ਨਹੀਂ, ਪਰ ਹਾਲਾਤ ਦਾ ਵਹਿਣ ਜਿੱਧਰ ਵੱਲ ਜਾ ਰਿਹਾ ਹੈ, ਓਥੇ ਬਹੁਤਾ ਚਿਰ ਇਹ ਪੱਖ ਅੱਖੋਂ-ਪਰੋਖੇ ਕੀਤੇ ਜਾ ਸਕਣੇ ਸੰਭਵ ਹੀ ਨਹੀਂ ਰਹਿਣੇ।
ਹੈਰਾਨੀ ਵਾਲੀ ਵੱਡੀ ਗੱਲ ਇਹ ਹੈ ਕਿ ਇਹੋ ਜਿਹੇ ਹਾਲਾਤ ਵਿੱਚ ਸਰਕਾਰੀ ਮਸ਼ੀਨਰੀ ਵੀ ਕੰਮ ਨਹੀਂ ਕਰਦੀ ਲੱਗਦੀ ਤੇ ਜਿਹੜੀ ਸਰਕਾਰ ਨੇ ਕੰਮ ਕਰਵਾਉਣਾ ਹੈ, ਉਸ ਦੀ ਹੋਂਦ ਵੀ ਨਹੀਂ ਰੜਕ ਰਹੀ। ਆਮ ਤੌਰ ਉੱਤੇ ਚੋਣਾਂ ਵਿੱਚ ਸਰਕਾਰ ਆਪਣੇ ਬਾਕੀ ਫਰਜ਼ ਛੱਡ ਕੇ ਸਿਰਫ ਵੋਟਾਂ ਖਿੱਚਣ ਦੇ ਕੰਮ ਰੁੱਝ ਜਾਇਆ ਕਰਦੀ ਹੈ, ਪਰ ਚੋਣਾਂ ਲੰਘਦੇ ਸਾਰ ਸਰਕਾਰ ਫਿਰ ਦਫਤਰਾਂ ਵਿੱਚ ਦਿਖਾਈ ਦੇਣ ਲੱਗਦੀ ਹੈ। ਇਸ ਵਾਰੀ ਏਦਾਂ ਨਹੀਂ ਹੋਇਆ ਲੱਗਦਾ। ਅੱਜ ਤੱਕ ਪੰਜਾਬ ਸਰਕਾਰ ਦੇ ਸੈਕਟਰੀਏਟ ਵਿੱਚ ਜਾਣ ਵਾਲੇ ਲੋਕਾਂ ਨੂੰ ਇਹ ਉਲਾਂਭਾ ਦੇਣ ਦਾ ਮੌਕਾ ਹਾਸਲ ਹੋ ਜਾਂਦਾ ਹੈ ਕਿ ਜਾਂਦੇ ਹਾਂ ਤਾਂ ਕੋਈ ਲੱਭਦਾ ਨਹੀਂ, ਸਰਕਾਰੀ ਕਾਰਿੰਦੇ ਵੀ ਆਪਣੇ ਆਪ ਨੂੰ ਅਜੇ ਤੱਕ ਛੁੱਟੀ ਉੱਤੇ ਸਮਝ ਰਹੇ ਹਨ। ਇਸ ਤਰ੍ਹਾਂ ਕੰਮ ਨਹੀਂ ਚੱਲਣਾ। ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਦੇ ਰੁਝੇਵਿਆਂ, ਖਾਸ ਕਰ ਕੇ ਦਿੱਲੀ ਵਿੱਚ ਪਾਰਟੀ ਦੀ ਕੌਮੀ ਪ੍ਰਧਾਨਗੀ ਵਾਲੀ ਖਿੱਚੋਤਾਣ ਤੋਂ ਵਕਤ ਕੱਢ ਕੇ ਆਪਣੀ ਸਰਕਾਰ ਦੇ ਮੰਤਰੀਆਂ ਤੇ ਹੋਰ ਕਾਰਿੰਦਿਆਂ ਦੀ ਵਾਗ ਖਿੱਚਣ। ਇਹੀ ਨਹੀਂ, ਉਹ ਇਹ ਗੱਲ ਚੈੱਕ ਕਰਨ ਦਾ ਵੀ ਵਕਤ ਕੱਢਣ ਕਿ ਜਿਹੜੇ ਹਲਕਿਆਂ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਦੇ ਖਿਲਾਫ ਆਮ ਲੋਕਾਂ ਨੇ ਚੋਣਾਂ ਵਿੱਚ ਜ਼ੋਰਦਾਰ ਗੁੱਸਾ ਭਰਿਆ ਹੋਣ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਦੇ ਪਰ ਕੁਤਰੇ ਜਾਣ ਅਤੇ ਇਹ ਕਹਿ ਦਿੱਤਾ ਜਾਵੇ ਕਿ ਇੱਕ ਵਾਰੀ ਹੋ ਗਿਆ ਤਾਂ ਹੋ ਗਿਆ, ਅੱਗੇ ਤੋਂ ਇਹੋ ਜਿਹਾ ਵਿਹਾਰ ਹੁੰਦਾ ਸੁਣਿਆ ਗਿਆ ਤਾਂ ਮੁਆਫੀ ਨਹੀਂ ਮਿਲ ਸਕਣੀ। ਕੁਝ ਮੰਤਰੀ ਕਾਂਗਰਸ ਦੀ ਕੇਂਦਰੀ ਕਮਾਨ ਦੇ ਨਾਲ ਸਿੱਧੀ ਅੱਖ ਮਿਲੀ ਹੋਣ ਦੇ ਪ੍ਰਭਾਵ ਹੇਠ ਆਪਣੇ ਹਲਕੇ ਜਾਂ ਸ਼ਹਿਰ ਵਿੱਚ ਏਦਾਂ ਦਾ ਮਾਹੌਲ ਬਣਾਈ ਬੈਠੇ ਹਨ ਕਿ ਗਲੀ-ਗਲੀ ਵਿੱਚ ਉਨ੍ਹਾਂ ਦੀ ਚਰਚਾ ਹੋਈ ਜਾਂਦੀ ਹੈ ਤੇ ਕੁਝ ਲੋਕਾਂ ਦਾ ਆਪਣਾ ਅਕਸ ਸਾਫ ਹੁੰਦਿਆਂ ਵੀ ਉਨ੍ਹਾਂ ਦੇ ਨਾਲ ਵਾਲੇ ਬੰਦਿਆਂ ਦੇ ਕਿਰਦਾਰ ਦੀ ਕਾਲਖ ਪਾਰਟੀ ਅਤੇ ਸਰਕਾਰ ਦੋਵਾਂ ਦਾ ਅਕਸ ਧੁੰਦਲਾ ਕਰੀ ਜਾ ਰਹੀ ਹੈ।
ਕਾਂਗਰਸ ਪਾਰਟੀ ਦਾ ਅਕਸ ਲੋਕਾਂ ਵਿੱਚ ਚੰਗਾ ਹੁੰਦਾ ਹੈ ਜਾਂ ਵਿਗਾੜ ਦੇ ਰਾਹ ਪਿਆ ਰਹਿੰਦਾ ਹੈ, ਇਹ ਕਾਂਗਰਸ ਲੀਡਰਾਂ ਦੇ ਸੋਚਣ ਦਾ ਕੰਮ ਹੈ, ਪਰ ਆਮ ਲੋਕਾਂ ਦੇ ਮਸਲਿਆਂ ਅਤੇ ਸਮੱਸਿਆਵਾਂ ਬਾਰੇ ਸੋਚਣਾ ਹਰ ਕਿਸੇ ਨੂੰ ਪੈਂਦਾ ਹੈ। ਲੋਕਾਂ ਵਿੱਚ ਇਹ ਰਾਏ ਬਣੀ ਚੰਗੀ ਨਹੀਂ ਕਿ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਹਾਲੇ ਦੂਰ ਦਿੱਸਦੀਆਂ ਹੋਣ ਕਾਰਨ ਕਿਸੇ ਦੀ ਚਿੰਤਾ ਨਹੀਂ। ਪਾਰਟੀ ਹੋਵੇ ਜਾਂ ਸਰਕਾਰ ਇਹ ਪ੍ਰਭਾਵ ਮਾੜਾ ਰਹਿੰਦਾ ਹੁੰਦਾ ਹੈ। ਸਰਕਾਰ ਨੂੰ ਸਰਕਾਰ ਦੇ ਫਰਜ਼ ਨਿਭਾਉਣੇ ਚਾਹੀਦੇ ਹਨ।
-ਜਤਿੰਦਰ ਪਨੂੰ

850 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper