Latest News
ਮਸ਼ਹੂਰ ਅਭਿਨੇਤਾ, ਨਾਟਕਕਾਰ ਗਿਰੀਸ਼ ਕਰਨਾਡ ਨਹੀਂ ਰਹੇ

Published on 10 Jun, 2019 11:28 AM.


ਬੈਂਗਲੁਰੂ (ਨਵਾਂ ਜ਼ਮਾਨਾ ਸਰਵਿਸ)
ਪ੍ਰਸਿੱਧ ਫ਼ਿਲਮ ਅਦਾਕਾਰ ਤੇ ਉੱਘੇ ਰੰਗਮੰਚ ਕਲਾਕਾਰ ਗਿਰੀਸ਼ ਕਰਨਾਡ ਦਾ ਅੱਜ ਸੋਮਵਾਰ ਸਵੇਰੇ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ, ਗਿਆਨਪੀਠ ਐਵਾਰਡ ਜੇਤੂ ਗਿਰੀਸ਼ ਕਰਨਾਡ ਲੇਖਕ ਤੇ ਨਿਰਦੇਸ਼ਕ ਵੀ ਸਨ। ਉਨ੍ਹਾਂ ਦਾ ਪੂਰਾ ਨਾਂਅ ਗਿਰੀਸ਼ ਰਘੂਨਾਥ ਕਰਨਾਡ ਸੀ। ਜਾਣਕਾਰੀ ਮੁਤਾਬਕ ਗਿਰੀਸ਼ ਕਰਨਾਡ ਦਾ ਦੇਹਾਂਤ ਉਨ੍ਹਾਂ ਦੇ ਬੰਗਲੌਰ ਸਥਿਤ ਆਪਣੇ ਘਰ ਵਿੱਚ ਹੋਇਆ। ਗਿਰੀਸ਼ ਕਰਨਾਡ ਦਾ ਜਨਮ 19 ਮਈ, 1938 ਨੂੰ ਮਹਾਰਾਸ਼ਟਰ ਦੇ ਸ਼ਹਿਰ ਮਾਥੇਰਾਨ ਵਿਖੇ ਹੋਇਆ ਸੀ। ਉਹ ਭਾਰਤ ਦੇ ਮੰਨੇ–ਪ੍ਰਮੰਨੇ ਲੇਖਕ, ਅਦਾਕਾਰ, ਫ਼ਿਲਮ ਡਾਇਰੈਕਟਰ ਤੇ ਨਾਟਕਕਾਰ ਸਨ। ਉਹ ਅੰਗਰੇਜ਼ੀ ਤੇ ਕੰਨੜ ਦੋਵੇਂ ਭਾਸ਼ਾਵਾਂ ਦੇ ਚੰਗੇ ਜਾਣਕਾਰ ਸਨ। ਉਨ੍ਹਾਂ ਨੂੰ 1998 'ਚ ਗਿਆਨਪੀਠ ਸਮੇਤ ਪਦਮਸ੍ਰੀ ਤੇ ਪਦਮਭੂਸ਼ਣ ਜਿਹੇ ਕਈ ਵੱਕਾਰੀ ਪੁਰਸਕਾਰਾਂ ਨਾਲ ਨਿਵਾਜ਼ਿਆ ਗਿਆ ਸੀ।
ਬਹੁਪੱਖੀ ਪ੍ਰਤਿਭਾ ਦੇ ਮਾਲਕ ਗਿਰੀਸ਼ ਕਰਨਾਡ ਨੇ ਆਪਣੀ ਪੜ੍ਹਾਈ ਗਣਿਤ, ਅਰਥ ਸਾਸ਼ਤਰ, ਰਾਜਨੀਤੀ ਸਾਸ਼ਤਰ, ਦਰਸ਼ਨ ਸਾਸ਼ਤਰ 'ਚ ਕੀਤੀ ਸੀ। ਉਨ੍ਹਾਂ ਦਾ ਬਚਪਨ ਤੋਂ ਝੁਕਾਅ ਰੰਗਮੰਚ ਅਤੇ ਲੇਖਣ ਵੱਲ ਹੋ ਗਿਆ ਸੀ ਅਤੇ ਬਾਅਦ 'ਚ ਵੀ ਏਨਾ ਵਧੀਆ ਕੈਰੀਅਰ ਤੋਂ ਬਾਅਦ ਵੀ ਉਨ੍ਹਾਂ ਨੇ ਸਭ ਕੁਝ ਛੱਡ ਕੇ ਲਿਖਣ ਨੂੰ ਆਪਣਾ ਜੀਵਨ ਸਮਰਪਤ ਕਰ ਦਿੱਤਾ। ਗਿਰੀਸ਼ ਨੇ ਧਾਰਵਾੜ ਦੇ ਕਰਨਾਟਕ ਆਰਟਸ ਕਾਲਜ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ ਉਹ ਇੰਗਲੈਂਡ 'ਚ ਆਕਸਫੋਰਡ ਤੋਂ ਫਿਲਾਸਫ਼ੀ, ਪਾਲੀਟਿਕਲ ਅਤੇ ਇਕਨਾਮਿਕਸ ਦੀ ਪੜ੍ਹਾਈ ਲਈ ਪਹੁੰਚੇ। ਉਹ 1963 'ਚ ਆਕਸਫੋਰਡ ਯੂਨੀਅਨ ਦੇ ਪ੍ਰਧਾਨ ਵੀ ਚੁਣੇ ਗਏ। ਉਥੇ ਕਰੀਬ 7 ਸਾਲ ਤੱਕ ਰਹੇ ਅਤੇ ਥੀਏਟਰ ਨਾਲ ਵੀ ਜੁੜੇ ਰਹੇ। ਬਾਅਦ 'ਚ ਉਹ ਅਮਰੀਕਾ ਚਲੇ ਗਏ ਅਤੇ ਯੂਨੀਵਰਸਿਟੀ ਆਫ਼ ਸ਼ਿਕਾਗੋ 'ਚ ਪੜ੍ਹਾਉਣ ਲੱਗੇ।
ਭਾਰਤ ਵਾਪਸ ਆਉਣ ਤੋਂ ਬਾਅਦ ਗਿਰੀਸ਼ ਨੇ ਚੇਨਈ ਦੀ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ 'ਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਉਹ ਲਿਖਣ ਅਤੇ ਥੀਏਟਰ ਨਾਲ ਵੀ ਜੁੜੇ ਰਹੇ। ਬਾਅਦ 'ਚ ਨੌਕਰੀ ਛੱਡ ਕੇ ਉਹ ਪੂਰੀ ਤਰ੍ਹਾਂ ਨਾਲ ਸਾਹਿਤ, ਫ਼ਿਲਮ ਅਤੇ ਰੰਗਮੰਚ ਦੇ ਨਾਲ ਜੁੜ ਗਏ। ਉਨ੍ਹਾਂ ਦੇ ਚਰਚਿਤ ਨਾਟਕਾਂ 'ਚੋਂ ਯਤਾਤੀ, ਤੁਗਲਕ, ਹਯਾਵਦਨ, ਅੰਜੂ ਮਲਿੱਗੇ, ਅਗਨਮਤੂ ਮਾਲੇ, ਨਗਾ ਮੰਡਲਾ ਜਿਹੇ ਨਾਟਕ ਸ਼ਾਮਲ ਹਨ। ਗਿਰੀਸ਼ ਦੇ ਨਾਟਕਾਂ ਦਾ ਕਈ ਭਾਸ਼ਾਵਾਂ 'ਚ ਅਨੁਵਾਦ ਹੋ ਚੁੱਕਾ ਹੈ।
ਗਿਰੀਸ਼ ਨੇ ਆਪਣਾ ਐਕਟਿੰਗ ਕੈਰੀਅਰ 1970 'ਚ ਆਈ ਫ਼ਿਲਮ 'ਸੰਸਕਾਰ' ਤੋਂ ਕੀਤਾ ਸੀ। ਇਸ ਫ਼ਿਲਮ ਦੀ ਗਿਰੀਸ਼ ਨੇ ਸਕਰੀਨਰਾਈਟਿੰਗ ਵੀ ਕੀਤੀ ਸੀ। ਇਸ ਤੋਂ ਉਨ੍ਹਾਂ ਨੇ ਕਈ ਹਿੰਦੀ ਅਤੇ ਖੇਤਰੀ ਭਾਸ਼ਾ ਦੀਆਂ ਫ਼ਿਲਮਾਂ ਲਈ ਕੰਮ ਕੀਤਾ। ਗਿਰੀਸ਼ ਕੇਵਲ ਥੀਏਟਰ ਅਤੇ ਫ਼ਿਲਮਾਂ ਤੱਕ ਹੀ ਸੀਮਤ ਨਹੀਂ ਰਹੇ। ਉਨ੍ਹਾਂ ਨੇ ਕਈ ਟੀ ਵੀ ਸੀਰੀਜ਼ 'ਚ ਵੀ ਕੰਮ ਕੀਤਾ। ਗਿਰੀਸ਼ ਨੇ ਦੂਰਦਰਸ਼ਨ ਦੇ ਮਸ਼ਹੂਰ ਸੀਰੀਅਲ 'ਮਾਲਗੁਡੀ ਡੇਜ' ਦੇ ਕੁਝ ਐਪੀਸੋਡ 'ਚ ਵੀ ਕੰਮ ਕੀਤਾ ਸੀ।
ਹਿੰਦੀ ਫ਼ਿਲਮਾਂ ਦੀ ਗੱਲ ਕਰੇ ਤਾਂ ਗਿਰੀਸ਼ ਕਰਨਾਡ ਨੇ ਨਿਸ਼ਾਂਤ, ਮੰਥਨ, ਪੁਕਾਰ, ਇਕਬਾਲ, ਡੋਰ, ਏਕ ਥਾ ਟਾਈਗਰ ਵਰਗੀਆਂ ਮਸ਼ਹੂਰ ਫ਼ਿਲਮਾਂ 'ਚ ਕੰਮ ਕੀਤਾ। ਗਿਰੀਸ਼ ਨੂੰ ਪਦਮਸ੍ਰੀ ਭੂਸ਼ਣ, ਗਿਆਨਪੀਠ, ਨੈਸ਼ਨਲ ਫ਼ਿਲਮ ਐਵਾਰਡ ਫਿਲਮ ਫੇਅਰ ਵਰਗੇ ਮਹਾਨ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

436 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper