Latest News
ਯੂ ਪੀ ਪੁਲਸ ਦਾ ਕਹਿਰ, ਤਿੰਨ ਥਾਈਂ ਵਰ੍ਹਾਈਆਂ ਲਾਠੀਆਂ

Published on 10 Jun, 2019 11:31 AM.


ਲਖਨਊ : ਉੱਤਰ ਪ੍ਰਦੇਸ਼ 'ਚ ਪੁਲਸ ਨੇ ਤਿੰਨ ਜ਼ਿਲ੍ਹਿਆਂ ਲਖਨਊ, ਸੀਤਾਪੁਰ ਅਤੇ ਮੇਰਠ 'ਚ ਲੋਕਾਂ 'ਤੇ ਜੰਮ ਕੇ ਲਾਠੀਆਂ ਚਲਾਈਆਂ। ਲਖਨਊ 'ਚ ਪੁਲਸ ਭਰਤੀ ਦੀ ਮੰਗ ਕਰ ਰਹੇ ਉਮੀਦਵਾਰਾਂ 'ਤੇ ਲਾਠੀਆਂ ਚਲਾਈਆਂ ਗਈਆਂ ਤਾਂ ਸੀਤਾਪੁਰ 'ਚ ਬਿਜਲੀ ਦੀ ਮੰਗ ਕਰ ਰਹੇ ਲੋਕਾਂ 'ਤੇ ਲਾਠੀਚਾਰਜ ਹੋਇਆ। ਇਸ ਤੋਂ ਇਲਾਵਾ ਮੇਰਠ 'ਚ ਦੋ ਕਿੱਨਰ ਗਰੁੱਪਾਂ ਦੀ ਲੜਾਈ ਸ਼ਾਂਤ ਕਰਾਉਣ ਲਈ ਪੁਲਸ ਨੇ ਕਿੱਨਰਾਂ ਨੂੰ ਤਿੱਤਰ-ਬਿੱਤਰ ਕਰਨ ਲਈ ਜੰਮ ਕੇ ਉਨ੍ਹਾਂ ਦੀ ਕੁਟਾਈ ਕੀਤੀ।
ਯੂ ਪੀ ਪੁਲਸ 'ਚ ਖਾਲੀ ਪਏ ਅਹੁਦਿਆਂ ਨੂੰ ਲੈ ਕੇ 2013 'ਚ ਖਾਲੀ ਅਸਾਮੀਆਂ ਕੱਢੀਆਂ ਗਈਆਂ ਸਨ। 11786 ਪੁਲਸ ਭਰਤੀ ਲਈ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ। ਉਨ੍ਹਾਂ ਦੀ ਪ੍ਰੀਖਿਆ ਹੋਈ ਅਤੇ ਨੌਂ ਮਹੀਨੇ ਪਹਿਲਾਂ ਉਮੀਦਵਾਰਾਂ ਦੀ ਮੈਡੀਕਲ ਜਾਂਚ ਵੀ ਹੋ ਗਈ, ਪਰ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲਿਆ। ਦਰਜਨਾਂ ਉਮੀਦਵਾਰ ਸੋਮਵਾਰ ਨੂੰ ਲਖਨਊ ਪਹੁੰਚੇ ਅਤੇ ਚਾਰਬਾਗ ਤੋਂ ਵਿਧਾਨ ਸਭਾ ਵੱਲ ਪ੍ਰਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਪੁਲਸ ਨੇ ਉਨ੍ਹਾਂ 'ਤੇ ਲਾਠੀਆਂ ਬਰਸਾਉਣੀਆਂ ਸ਼ੁਰੂ ਕਰ ਦਿੱਤੀਆਂ।
ਪ੍ਰਦਰਸ਼ਨ 'ਚ ਕਈ ਮਹਿਲਾ ਉਮੀਦਵਾਰ ਵੀ ਸ਼ਾਮਲ ਸਨ। ਪੁਲਸ ਦੀ ਲਾਠੀ ਨਾਲ ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਹਨ। ਪੁਲਸ ਦੇ ਇਸ ਵਹਿਸ਼ੀਪੁਣੇ 'ਤੇ ਉਮੀਦਵਾਰ ਰੋ ਪਏ। ਉਨ੍ਹਾ ਨੇ ਕਿਹਾ ਕਿ ਭਰਤੀ ਨੂੰ ਲੈ ਕੇ ਕੋਰਟ ਨੇ ਵੀ ਉਨ੍ਹਾਂ ਦੇ ਹੱਕ 'ਚ ਆਦੇਸ਼ ਕੀਤਾ ਹੈ, ਪਰ ਯੂ ਪੀ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਉਹ ਲੋਕ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਲਾਠੀਆਂ ਨਾਲ ਕੁੱਟਿਆ ਗਿਆ।
ਮੇਰਠ ਦੇ ਲਾਲ ਕੁਰਤੀ ਥਾਣੇ ਅੰਦਰ ਫੁਆਰਾ ਚੌਕ ਦੇ ਕੋਲ ਇੱਕ ਘਰ 'ਚ ਵਧਾਈ ਲੈਣ ਪਹੁੰਚੇ ਦੋ ਕਿੱਨਰ ਗੁੱਟਾਂ ਵਿਚਾਲੇ ਝਗੜਾ ਹੋ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਦੋਵੇਂ ਕਿੱਨਰ ਗਰੁੱਪਾਂ ਨੂੰ ਥਾਣੇ ਲਈ ਆਈ। ਇੱਥੇ ਦੋਵਾਂ ਦੇ ਵਿਚਾਲੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਝਗੜਾ ਸ਼ਾਂਤ ਨਹੀਂ ਹੋਇਆ। ਇਸ 'ਤੇ ਪੁਲਸ ਨੇ ਕਿੱਨਰਾਂ ਨੂੰ ਲਾਠੀਆਂ ਨਾਲ ਛੱਲੀਆਂ ਦੀ ਤਰ੍ਹਾਂ ਕੁੱਟਿਆ। ਕਈ ਕਿੱਨਰ ਜ਼ਮੀਨ 'ਤੇ ਡਿੱਗ ਪਏ, ਪਰ ਪੁਲਸ ਦੀ ਲਾਠੀ ਨਹੀਂ ਰੁਕੀ। ਪੂਰੇ ਥਾਣੇ 'ਚ ਕਿੱਨਰਾਂ ਨੂੰ ਭਜਾ ਕੇ ਯੂ ਪੀ ਪੁਲਸ ਨੇ ਕੁੱਟਿਆ। ਥਾਣੇ 'ਚ ਚੀਕ-ਚਿਹਾੜਾ ਮਚ ਗਿਆ। ਅੱਤ ਦੀ ਗਰਮੀ 'ਚ ਬਿਜਲੀ ਕਟੌਤੀ ਤੋਂ ਪ੍ਰੇਸ਼ਾਨ ਸੀਤਾਪੁਰ ਦੇ ਲੋਕ ਸੜਕ 'ਤੇ ਉਤਰ ਆਏ। ਦਰਜਨਾਂ ਲੋਕ ਮੁਸ਼ੀਗੰਜ ਚੌਰਾਹੇ 'ਤੇ ਇਕੱਠੇ ਹੋਏ ਅਤੇ ਬਿਜਲੀ ਕੱਟਣ ਦੇ ਖਿਲਾਫ਼ ਪ੍ਰਦਰਸ਼ਨ ਕਰਨ ਲੱਗੇ। ਉਪਭੋਗਤਾਵਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੂਰੀ ਬਿਜਲੀ ਦਿੱਤੀ ਜਾਵੇ। ਇੱਥੇ ਯੂ ਪੀ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਲਾਠੀਚਾਰਜ ਕਰ ਦਿੱਤਾ, ਜਿਸ 'ਚ ਕਈ ਲੋਕ ਜ਼ਖ਼ਮੀ ਹੋ ਗਏ।

259 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper